ਲੰਮੀ ਉਮਰ ਵਾਲੀ ਹੁੰਜਾ ਵਾਦੀ

ਪਾਕਿਸਤਾਨ ਦੀ ਹੁੰਜਾ ਵਾਦੀ ਦੇ ਵਸਨੀਕਾਂ ਦੀ ਔਸਤਨ ਉਮਰ 120 ਸਾਲ ਹੈ। ਜਦ ਉਹ 70-80 ਸਾਲ ਦੇ ਬਜੁਰਗ ਹੋ ਜਾਂਦੇ ਹਨ ਤਾਂ ਉਹ ਕੇਵਲ 40-50 ਦੇ ਜਾਪਦੇ ਹਨ। ਉਥੇ ਹੁਣ ਤੱਕ ਵੱਧ ਤੋਂ ਵੱਧ ਉਮਰ 150 ਸਾਲ ਨੋਟ ਕੀਤੀ ਗਈ ਹੈ। ਸਿਹਤ-ਵਿਗਿਆਨੀਆਂ ਨੇ ਵਿਸ਼ੇਸ਼ ਤੌਰ ʼਤੇ ਜ਼ਿਕਰ ਕੀਤਾ ਕਿ ਐਨੀ ਉਮਰ ਉਹ ਬਿਨ੍ਹਾਂ ਕਿਸੇ ਗੰਭੀਰ ਬਿਮਾਰੀ ਦੇ ਬਿਤਾਉਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਹੁੰਜਾ ਵਾਦੀ ਵਿਚ ਇਕ ਵੀ ਕੈਂਸਰ ਦਾ ਮਰੀਜ਼ ਨਹੀਂ ਹੈ। ਸਿਹਤ ਅਤੇ ਲੰਮੀ ਉਮਰ ਪੱਖੋਂ ਇਸ ਇਲਾਕੇ ਦਾ ਸਮੇਂ ਸਮੇਂ ਜ਼ਿਕਰ ਛਿੜਦਾ ਰਿਹਾ ਹੈ। ਇਕ ਦੋ ਕਿਾਬਾਂ ਵੀ ਇਥੋਂ ਦੀ ਜੀਵਨ-ਸ਼ੈਲੀ ਅਤੇ ਵਿਸ਼ੇਸ਼ਤਾਵਾਂ ਬਾਰੇ ਲਿਖੀਆਂ ਗਈਆਂ ਪਰੰਤੂ ਫਿਰ ਵੀ ਇਹ ਵਾਦੀ ਦੁਨੀਆਂ ਦੀਆਂ ਨਜ਼ਰਾਂ ਤੋਂ ਬਚੀ ਰਹੀ।

ਦੁਨੀਆਂ ਨੂੰ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਉਦੋਂ ਪਤਾ ਲੱਗਾ ਜਦੋਂ 1984 ਵਿਚ ਇਥੋਂ ਦਾ ਇਕ ਵਿਅਕਤੀ ਇੰਗਲੈਂਡ ਦੇ ਸ਼ਹਿਰ ਲੰਡਨ ਦੇ ਹੀਥਰੋ ਹਵਾਈ ਅੱਡੇ ʼਤੇ ਉਤਰਿਆ ਅਤੇ ਹਵਾਈ ਅੱਡੇ ਦੇ ਅਧਿਕਾਰੀ ਉਸਦੇ ਦਸਤਾਵੇਜ਼ ਚੈੱਕ ਕਰਨ ਲੱਗੇ। ਦਸਤਾਵੇਜ਼ ਵੇਖਦਿਆਂ ਉਹ ਹੈਰਾਨ ਪ੍ਰੇਸ਼ਾਨ ਰਹਿ ਗਏ ਕਿਉਂ ਕਿ ਉਸ ਵਿਅਕਤੀ ਦੀ ਜਨਮ ਮਿਤੀ 1832 ਲਿਖੀ ਹੋਈ ਸੀ। ਉਹ ਜਨਮ ਮਿਤੀ ਨੂੰ ਗਲਤ ਮੰਨ ਕੇ ਵਾਰ ਵਾਰ ਚੈੱਕ ਕਰ ਰਹੇ ਸਨ। ਉਸ ਵਿਅਕਤੀ ਦਾ ਨਾਂ ਅਬਦੁਲ ਮੋਬਟ ਸੀ ਅਤੇ ਉਸਦੀ ਉਮਰ 152 ਸਾਲ ਸੀ। ਉਹ ਚੰਗਾ ਭਲਾ ਉਨ੍ਹਾਂ ਦੇ ਸਾਹਮਣੇ ਖੜਾ ਸੀ।
ਉਦੋਂ ਉਸ ਵਿਅਕਤੀ ਦੀ ਅਤੇ ਹੁੰਜਾ ਵਾਦੀ ਦੀ ਦੁਨੀਆਂ ਭਰ ਵਿਚ ਚਰਚਾ ਹੋਈ ਕਿਉਂ ਕਿ ਇਸ ਸੰਬੰਧ ਵਿਚ ਬਹੁਤ ਸਾਰੇ ਮੁਲਕਾਂ ਵਿਚ ਲੇਖ ਪ੍ਰਕਾਸ਼ਿਤ ਹੋ ਗਏ ਸਨ।

ਹੈਰਾਨੀ ਦੀ ਗੱਲ ਹੈ ਕਿ ਅਜੇ ਵੀ ਬਹੁਤੀ ਦੁਨੀਆਂ ਹੁੰਜਾ ਵਾਦੀ ਅਤੇ ਉਥੋਂ ਦੇ ਲੋਕਾਂ ਦੀਆਂ ਵਿਲੱਖਣਤਾਵਾਂ ਤੋਂ ਅਨਜਾਣ ਹੈ। ਪੰਜ ਬਲੂ ਜੋਨਾਂ ਬਾਰੇ ਤਾਂ ਲੰਮੀ ਉਮਰ ਦੇ ਪ੍ਰਸੰਗ ਵਿਚ ਸਾਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਬਾਰੇ ਢੇਰ ਸਾਰੀਆਂ ਕਿਤਾਬਾਂ ਮਿਲਦੀਆਂ ਹਨ। ਉਨ੍ਹਾਂ ਦੀਆਂ ਸਾਂਝੀਆਂ ਆਦਤਾਂ ਅਤੇ ਜੀਵਨ-ਸ਼ੈਲੀ ਸੰਬੰਧੀ ਅਨੇਕਾਂ ਖੋਜਾਂ ਹੋ ਚੁੱਕੀਆਂ ਹਨ ਅਤੇ ਬਕਾਇਦਾ ਲੰਮੀ ਉਮਰ ਦੇ ਪ੍ਰਸੰਗ ਵਿਚ ਉਨ੍ਹਾਂ ਨੂੰ ʽਬਲੂ ਜੋਨʼ ਘੋਸ਼ਿਤ ਕੀਤਾ ਗਿਆ ਹੈ।

ਆਓ ਅੱਜ ʽਹੁੰਜਾ ਵੈਲੀʼ ਦੇ ਵਸਨੀਕਾਂ ਦੀਆਂ ਆਦਤਾਂ ਅਤੇ ਜੀਵਨ-ਸ਼ੈਲੀ ਦੀ ਗੱਲ ਕਰਦੇ ਹਾਂ ਜਿਸ ਸਦਕਾ ਉਹ ਲੰਮੀ ਪ੍ਰਸੰਨ ਬਿਮਾਰੀ ਮੁਕਤ ਉਮਰ ਭੋਗਦੇ ਹਨ।

ਹੁੰਜ ਵਾਦੀ ਉੱਤਰੀ ਪਾਕਿਸਤਾਨ ਦੇ ਕਾਰਾਕੋਰਮ ਪਹਾੜਾਂ ਵਿਚ ਸਥਿਤ ਹੈ। ਇਨ੍ਹਾਂ ਨੂੰ ਹੁੰਜਕੂਟਸ ਜਾਂ ਬਰੂਸ਼ੋ ਭਾਈਚਾਰਾ ਵੀ ਆਖਿਆ ਜਾਂਦਾ ਹੈ। ਇਨ੍ਹਾਂ ਦੀ ਭਾਸ਼ਾ ਬੁਰੂਸ਼ਾਸਕੀ ਹੈ। ਇਨ੍ਹਾਂ ਦੀ ਵਸੋਂ 87 ਹਜ਼ਾਰ ਦੇ ਕਰੀਬ ਹੈ।

ਹੁਣ ਤੱਕ ਦੀਆਂ ਖੋਜਾਂ ਤੋਂ ਸਿੱਧ ਹੋ ਚੁੱਕਾ ਹੈ ਕਿ ਇਨ੍ਹਾਂ ਲੋਕਾਂ ਦੀ ਲੰਮੀ ਉਮਰ ਦਾ ਰਾਜ, ਇਨ੍ਹਾਂ ਦੀ ਸਿਹਤ ਦਾ ਸਬੱਬ ਇਨ੍ਹਾਂ ਦੀ ਵਿਸ਼ੇਸ਼ ਸਿਹਤਮੰਦ ਖੁਰਾਕ ਅਤੇ ਕੁਦਰਤੀ ਜੀਵਨ-ਸ਼ੈਲੀ ਹੈ। ਇਹ ਲੋਕ ਧੁੱਪ ਵਿਚ ਸੁਕਾਏ ਅਖਰੋਟ ਅਤੇ ਖੁਰਮਾਨੀ ਹਰ ਰੋਜ਼ ਖਾਂਦੇ ਹਨ। ਖੁਰਮਾਨੀ ਵਿਚ ਬੀ-17 ਵਿਟਾਮਿਨ ਵਧੇਰੇ ਮਾਤਰਾ ਵਿਚ ਹੁੰਦਾ ਹੈ ਜਿਹੜਾ ਐਂਟੀ-ਕੈਂਸਰ ਹੈ। ਇਹ ਲੋਕ ਵਧੇਰੇ ਕਰਕੇ ਫਲ੍ਹ, ਸਬਜ਼ੀਆਂ, ਅਨਾਜ, ਡਰਾਈ ਫਰੂਟ, ਦੁੱਧ ਅਤੇ ਪਨੀਰ ਦਾ ਸੇਵਨ ਕਰਦੇ ਹਨ। ਇਹ ਸੱਭ ਚੀਜ਼ਾਂ ਇਨ੍ਹਾਂ ਦੇ ਖੇਤਾਂ, ਬਾਗਾਂ ਅਤੇ ਘਰ ਵਿਚ ਕੁਦਰਤੀ ਢੰਗ ਨਾਲ, ਉਗਾਈਆਂ, ਤਿਆਰ ਕੀਤੀਆਂ ਹੁੰਦੀਆਂ ਹਨ।

ਵਿਸ਼ੇਸ਼ ਤੌਰ ਤੇ ਵੱਡੀ ਗੱਲ ਇਹ ਸਾਹਮਣੇ ਆਈ ਕਿ ਹੁੰਜਾ ਵਾਦੀ ਦੇ ਲੋਕ ਸਾਲ ਵਿਚ 2-3 ਮਹੀਨੇ ਭੋਜਨ ਨਹੀਂ ਖਾਂਦੇ। ਇਸ ਦੌਰਾਨ ਉਹ ਕੇਵਲ ਵੱਖ ਵੱਖ ਤਰ੍ਹਾਂ ਦਾ ਰਸ ਪੀਂਦੇ ਹਨ। ਵਧੇਰੇ ਕਰਕੇ ਉਹ ਦਿਨ ਵਿਚ ਦੋ ਵਾਰ ਖਾਣਾ ਖਾਂਦੇ ਹਨ। ਇਕ ਵਾਰ 11-12 ਵਜੇ ਅਤੇ ਦੂਸਰੀ ਵਾਰ ਸ਼ਾਮ 7- ਵਜੇ। ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰਦੇ ਹਨ ਅਤੇ ਥੋੜ੍ਹਾ ਖਾਂਦੇ ਹਨ।

ਲੰਮੀ ਨੀਂਦ ਲੈਂਦੇ ਹਨ। ਸਾਰਾ ਦਿਨ ਸਰਗਰਮ ਰਹਿੰਦੇ ਹਨ। ਕੁਝ ਨਾ ਕੁਝ ਕਰਦੇ ਰਹਿੰਦੇ ਹਨ। ਇਧਰ ਓਧਰ ਤੋਰਾ ਫੇਰਾ ਚੱਲਦਾ ਰਹਿੰਦਾ ਹੈ। ਮੇਜ ਜੋਲ ਅਤੇ ਭਾਈਚਾਰਾ ਬਣਾ ਕੇ ਰੱਖਦੇ ਹਨ। ਇਕ ਦੂਸਰੇ ਦੀ ਮਦਦ ਕਰਦੇ ਹਨ। ਸੰਗੀਤ-ਨਾਚ ਦੇ ਸ਼ੌਕੀਨ ਹਨ। ਕੁਦਰਤੀ ਵਾਤਾਵਰਨ ਵਿਚ ਰਹਿੰਦੇ ਹਨ। ਹਰਬਲ ਪੌਦਿਆਂ ਦਾ ਪ੍ਰਯੋਗ ਕਰਦੇ ਹਨ। ਅਖਰੋਟ ਅਤੇ ਖੁਰਮਾਨੀ ਦੇ ਨਾਲ ਨਾਲ ਅਨਾਰ ਅਤੇ ਮੂਜੀ ਬੇਰੀ ਵੀ ਖੂਬ ਖਾਂਦੇ ਹਨ। ਛੋਟੀ ਇਲਾਇਚੀ ਵਾਹਵਾ ਵਰਤਦੇ ਹਨ।

ਜਦੋਂ ਮਾਹਿਰ ਹੋਰ ਗਹਿਰਾਈ ਵਿਚ ਖੋਜ-ਪੜਤਾਲ ਕਰਦੇ ਗਏ ਤਾਂ ਖੁਰਾਕ ਤੋਂ ਇਲਾਵਾ ਤਿੰਨ-ਚਾਰ ਹੋਰ ਪਹਿਲੂਆਂ ਨੇ ਉਨ੍ਹਾਂ ਦਾ ਧਿਆਨ ਖਿੱਚਿਆ। ਉਹ ਸਨ ਸਮਾਜਕ ਸਿਹਤ, ਰੂਹਾਨੀ ਸਿਹਤ, ਸ਼ਾਂਤਮਈ ਜੀਵਨ, ਮਜ਼ਬੂਤ ਇਮਿਊਨਿਟੀ ਅਤੇ ਕੁਦਰਤੀ ਪਾਣੀ।

ਸਮਾਜਕ ਮੇਲ ਜੋਲ ਉਨ੍ਹਾਂ ਨੂੰ ਭਾਵਨਾਤਮਕ ਤੌਰ ʼਤੇ ਸੰਤੁਸ਼ਟ ਤੇ ਖੁਸ਼ ਰੱਖਦਾ ਹੈ। ਭਾਈਚਾਰੇ ਨਾਲ ਸ਼ਾਂਤ ਤੇ ਨਿੱਘੇ ਸੰਬੰਧ ਉਨ੍ਹਾਂ ਦਾ ਜੀਵਨ ਲੰਮੇਰਾ ਕਰਨ ਵਿਚ ਸਹਾਈ ਹੁੰਦੇ ਹਨ। ਅਰਥ ਭਰਪੂਰ ਸਿਹਤਮੰਦ ਤਾਲਮੇਲ, ਮਦਦ ਲੈਣ ਅਤੇ ਮਦਦ ਕਰਨ ਦੀ ਭਾਵਨਾ ਤੇ ਉਤਸ਼ਾਹ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਸਹੀ ਰੱਖਣ ਵਿਚ ਯੋਗਦਾਨ ਪਾਉਂਦੇ ਹਨ। ਖੋਜਾਂ ਦੱਸਦੀਆਂ ਹਨ ਕਿ ਇਕੱਲੇ ਤੇ ਅਲੱਗ ਥਲੱਗ ਰਹਿਣ ਨਾਲ ਮਨੁੱਖ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।

ਸਿਹਤ-ਵਿਗਿਆਨੀਆਂ ਨੇ ਲੰਮੀਆਂ ਖੋਜਾਂ ਉਪਰੰਤ ਸਮਝਿਆ ਅਤੇ ਸਿੱਟਾ ਕੱਢਿਆ ਕਿ ਰੂਹਾਨੀਅਤ ਦਾ ਸਿਹਤ ʼਤੇ ਹਾਂ-ਪੱਖੀ ਪ੍ਰਭਾਵ ਪੈਂਦਾ ਹੈ। ਵਿਅਕਤੀ ਆਪਣੀਆਂ ਜੜ੍ਹਾਂ ਨਾਲ ਆਪਣੀ ਧਰਤੀ ਨਾਲ, ਆਪਣੇ ਆਲੇ ਦੁਆਲੇ ਨਾਲ ਜੁੜਿਆ ਮਹਿਸੂਸ ਕਰਦਾ ਹੈ। ਵਰਤਮਾਨ ਵਿਚ ਜਿਉਂਦਾ ਹੈ। ਇਕਾਗਰਤਾ ਵੱਧਦੀ ਹੈ। ਅਮਰੀਕਾ ਦੇ ਸਿਹਤ-ਵਿਗਿਆਨੀਆਂ ਨੇ ਖੋਜ ਦੌਰਾਨ ਨੋਟ ਕੀਤਾ ਕਿ ਅਜਿਹੇ ਵਿਅਕਤੀਆਂ ਨੂੰ ਦਿਲ ਦੇ ਦੌਰੇ ਅਤੇ ਸਟਰੋਕ ਦੀ ਘੱਟ ਸੰਭਾਵਨਾ ਹੁੰਦੀ ਹੈ।

ਸ਼ਾਂਤਮਈ ਜੀਵਨ ਅਤੇ ਮਨ ਦੀ ਸ਼ਾਂਤੀ ਉਨ੍ਹਾਂ ਨੂੰ ਮਾਨਸਿਕ ਤੌਰ ʼਤੇ ਤੰਦਰੁਸਤ ਰੱਖਦੀ ਹੈ। ਭਾਵਨਾਵਾਂ ਤੇ ਸਥਿਤੀਆਂ ਇਸ ਵਿਚ ਵੱਡਾ ਰੋਲ ਨਿਭਾਉਂਦੀਆਂ ਹਨ। ਚਿੰਤਾ ਅਤੇ ਤਣਾਅ ਜੀਵਨ ਦੀ ਲੰਬਾਈ ਘਟਾਉਂਦੇ ਹਨ। ਜੀਵਨ ਦੇ ਕੁਦਰਤੀ ਵਹਾਅ ਵਿਚ ਵਹਿੰਦੇ ਹੁੰਜਾ ਵਾਸੀ ਇਨ੍ਹਾਂ ਤੋਂ ਬਚੇ ਰਹਿੰਦੇ ਹਨ।

ਹੁੰਜਾ ਵਾਸੀ ਮਜ਼ਬੂਤ ਇਮਿਊਨਿਟੀ ਦੇ ਮਾਲਕ ਹਨ। ਇਸ ਲਈ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ ਅਤੇ ਵੱਡੀ ਉਮਰ ਵਿਚ ਵੀ ਇਹੀ ਮਜ਼ਬੂਤ ਇਮਿਊਨਿਟੀ ਸਿਸਟਮ ਉਨ੍ਹਾਂ ਦੇ ਕੰਮ ਆਉਂਦਾ ਹੈ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਵਡੇਰੀ ਉਮਰ ਵਿਚ ਮਨੁੱਖ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੀਆਂ ਬਿਮਾਰੀਆਂ ਮਾਰਦੀਆਂ ਵੀ ਨਹੀਂ ਅਤੇ ਜ਼ਿੰਦਗੀ ਦੀ ਗੁਣਵਤਾ ਵੀ ਖੋਹ ਲੈਂਦੀਆਂ ਹਨ। ਅਜਿਹਾ ਕਮਜ਼ੋਰ ਇਮਿਉਨਿਟੀ ਕਾਰਨ ਵਾਪਰਦਾ ਹੈ।

ਹੁੰਜਾ ਵਾਦੀ ਦੁਨੀਆਂ ਦੇ ਉਨ੍ਹਾਂ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਹੈ ਜਿਹੜੇ ਲੰਮਾ ਸਿਹਤਮੰਦ ਜੀਵਨ ਜਿਊਣਾ ਚਾਹੁੰਦੇ ਹਨ। ਉਹ ਉਸ ਖੋਰਾਕ, ਉਸ ਜੀਵਨ-ਸ਼ੈਲੀ, ਉਸ ਵਹਾਅ ਨੂੰ ਅਪਨਾਉਣਾ ਲੋਚਦੇ ਹਨ।

ਊਬੜ-ਖਾਬੜ ਭੂਗੋਲਿਕ ਬਣਤਰ ਕਾਰਨ ਉਥੋਂ ਦੇ ਲੋਕਾਂ ਦੀ ਰੋਜ਼ਾਨਾ ਸਖ਼ਤ ਕਸਰਤ ਹੋ ਜਾਂਦੀ ਹੈ। ਉੱਚੇ-ਨੀਵੇਂ ਰਾਹ-ਰਸਤੇ, ਉੱਚੀਆਂ-ਤਿੱਖੀਆਂ ਉਚਾਣਾਂ ਢੁਲਾਣਾਂ ਅਤੇ ਖੇਤਾਂ ਘਰਾਂ ਤੱਕ ਪਹੁੰਚਣ ਲਈ ਲੰਮੀਆਂ ਵਾਟਾਂ। ਇਹ ਕਸਰਤ ਉਨ੍ਹਾਂ ਦੀ ਸਿਹਤ ਦੀ ਕੁੰਜੀ ਹੈ। ਤੋਰੇ-ਫੇਰੇ ਅਤੇ ਸਰੀਰਕ ਸਰਗਰਮੀ ਕਾਰਨ ਮਾਸ ਅਤੇ ਹੱਢੀਆਂ ਮਜ਼ਬੂਤ ਰਹਿੰਦੀਆਂ ਹਨ।

ਆਨੰਦ ਪ੍ਰਦਾਨ ਕਰਨ ਵਾਲੀਆਂ ਮਨੋਰੰਜਕ ਸਰਗਰਮੀਆਂ ਅਤੇ ਆਦਤਾਂ ਉਨ੍ਹਾਂ ਨੂੰ ਹਲਕਾ-ਫੁਲਕਾ ਅਤੇ ਤਰੋ-ਤਾਜ਼ਾ ਰੱਖਦੀਆਂ ਹਨ।

ਪ੍ਰੋ. ਕੁਲਬੀਰ ਸਿੰਘ