ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੇ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਵਿਭਿੰਨ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਹ ਐਤਵਾਰ ਨੂੰ ਸਿੱਖ ਸਲਾਹਕਾਰ ਬੋਰਡ (ਐਸ.ਏ.ਬੀ.) ਦੀ 75ਵੀਂ ਵਰ੍ਹੇਗੰਢ ਮੌਕੇ ਆਯੋਜਿਤ ਰਾਤਰੀ ਭੋਜ ਵਿਚ ਬੋਲ ਰਹੇ ਸਨ। ਉਨ੍ਹਾਂ ਇਕੱਠ ਨੂੰ ਕਿਹਾ ਕਿ “ਤੁਸੀਂ ਸਾਰਿਆਂ ਨੇ ਆਪਣੇ-ਆਪਣੇ ਕਿੱਤੇ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ… ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਿੱਖਾਂ ਨੇ ਸਿੰਗਾਪੁਰ ਵਿੱਚ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਬਰਕਰਾਰ ਰੱਖਦੇ ਹੋਏ ਇਹ ਸਭ ਕੁਝ ਕੀਤਾ ਹੈ।
ਉਨ੍ਹਾਂ ਕਿਹਾ ਕਿ “ਭਾਵੇਂ ਸਿਵਲ ਸਰਵਿਸ ਹੋਵੇ ਜਾਂ ਸੁਰੱਖਿਆ ਬਲ, ਨਿਆਂਪਾਲਿਕਾ, ਵਪਾਰ, ਖੇਡਾਂ ਜਾਂ ਕੋਈ ਹੋਰ ਕਿੱਤਾ, ਸਭ ਵਿਚ ਸਿੱਖਾਂ ਚੰਗੀ ਪ੍ਰਤੀਨਿਧਤਾ ਕਰ ਰਹੇ ਹਨ। ਉਹ ਉੱਤਮ ਪ੍ਰਦਰਸ਼ਨ ਕਰ ਰਹੇ ਹਨ ਅਤੇ ਲੀਡਰਸ਼ਿਪ ਦੀ ਭੂਮਿਕਾ ਨਿਭਾ ਰਹੇ ਹਨ।” ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਭਾਈਚਾਰੇ ਨਾਲ ਇਸ ਨਜ਼ਦੀਕੀ ਸਾਂਝੇਦਾਰੀ ਦੀ ਕਦਰ ਕਰਦੇ ਹਾਂ ਅਤੇ ਇਸ ਨੂੰ ਮਹੱਤਵ ਦਿੰਦੇ ਹਾਂ। ਦੂਜੇ ਭਾਈਚਾਰਿਆਂ ਦੇ ਮੁਕਾਬਲੇ ਤੁਹਾਡੀ ਗਿਣਤੀ ਘੱਟ ਹੋ ਸਕਦੀ ਹੈ, ਪਰ ਸਿੰਗਾਪੁਰ ਵਿੱਚ ਤੁਹਾਡਾ ਯੋਗਦਾਨ ਬਹੁਤ ਜ਼ਿਆਦਾ ਹੈ।” ਵੋਂਗ ਨੇ ਤਿੰਨ ਸਾਲ ਪਹਿਲਾਂ 2020 ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੇਸ਼ ਵਿੱਚ ਵਧੀਆਂ ਨਸਲੀ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਥਿਤੀ ਹੁਣ ਸੁਧਰ ਰਹੀ ਹੈ ਅਤੇ ਹਾਲਾਤ ਹੁਣ ਸਥਿਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿੰਗਾਪੁਰ ਵਿੱਚ ਸਿੱਖਾਂ ਦੀ ਗਿਣਤੀ 13,000 ਦੇ ਕਰੀਬ ਹੈ।