ਪਿੰਡ, ਪੰਜਾਬ ਦੀ ਚਿੱਠੀ (216)

ਲਓ ਬਈ ਪੰਜਾਬੀਓ, ਵਿਖਾਈਏ ਤੁਹਾਨੂੰ ਪੰਚਾਇਤੀ ਵੋਟਾਂ ਦੇ ਰੰਗ, ਆ ਜੋ ਮੇਰੇ ਸੰਗ। ਆਪਣੇ ਪਿੰਡ ਐਤਕੀਂ, ਪਿਆਕੜਾਂ ਦਾ ਸੀਜ਼ਨ ਮਾਰਿਆ ਗਿਆ। ਗੱਲ ਇਉਂ ਵਾਪਰੀ ਕਿ ਪਿਛਲੇ ਗੇੜੇ ਗੋਰਾ ਅਤੇ ਕਾਲਾ ਸਰਪੰਚੀ ਚ ਭਿੜੇ ਤਾਂ ਖ਼ਬਰਾਂ ਛਪੀਆਂ ਸਨ ਕਿ ‘ਦੋਹਾਂ ਦਾ 50-50 ਲੱਖ ਲੱਗ ਗਿਆ। ਲਾਹਨ ਚ ਗਵਾਚੇ ਕਈ ਤਾਂ ਹਸਪਤਾਲ ਈ ਅੱਪੜ ਗਏ ਸਨ। ਵੋਟ-ਵਿਕੀ, ਬੋਲੀ ਲੱਗ ਕੇ। ਸਿਰ ਵੀ ਪਾਟੇ ਸੀ, ਥਾਣਾ ਵੀ ਗਰਮ ਹੋਇਆ ਅਤੇ ਕਚਹਿਰੀ ਵੀ ਗਰਮ। ਦੋਵੇਂ ਧਿਰਾਂ ਹੰਭ-ਗੀਆਂ। ਐਤਕੀਂ, ਕਰਨਲ ਤੇਜਾ ਸਿੰਹੁ ਨੇ ਛੀ ਮਹੀਨੇ ਪਹਿਲਾਂ ਹੀ ਸਰਬਸੰਮਤੀ ਦਾ ਹੋਕਾ ਦੇ-ਤਾ। ਘਰ-ਘਰ ਜਾ ਕੇ ਸਭ ਨੂੰ ਸਮਝਾਇਆ, ਮਿੰਨਤ ਵੀ ਕੀਤੀ। ਪੀਣ-ਖਾਣ ਆਲਿਆਂ ਨੂੰ ਵਰਜਿਆ ਵੀ। ਕਈ-ਵਾਰੀ ਇਕੱਠ ਮਾਰਿਆ। ਕਰਨਲ ਆਂਹਦਾ, “ਬਈ 5 ਲੱਖ ਦੇਊ ਸਰਕਾਰ, ਪੰਜ ਲੱਖ ਮੇਰਾ, ਹੁਣ ਜਿਸ ਨੇ ਸਰਪੰਚ ਬਣਨਾ ਉਹ ਦੇਵੇ ਬੋਲੀ ਦਾਨ ਦੀ।" ਲੈ ਬਈ ਕਈ ਦਿਨ ਬੜੀ ਘੀਰ-ਘੀਰ ਹੋਈ। ਜਿੰਨੇ ਮੂੰਹ ਓਨੀਆਂ ਗੱਲਾਂ। ਅਖੀਰ ਮਸਾਂ ਕਿਤੇ ਜਾ ਕੇ ਇਕਬਾਲ ਸਿੰਹੁ ਸ਼ਾਹ ਨੇ ਪੰਜ ਲੱਖ ਨਕਦ ਦਿੱਤਾ, ਲੱਖ-ਲੱਖ ਸਾਰੇ ਮੈਂਬਰਾਂ ਨੇ ਦੇਣਾ ਕਾਰਮਿਆਂ। ਮੁੱਕਦੀ ਗੱਲ, ਤੇਈ ਲੱਖ ਰੁਪੈ ਪਿੰਡ ਉੱਤੇ ਲਾਉਣ ਦਾ ਮਤਾ ਪਾਸ ਹੋ ਗਿਆ।ਕੇਰਾਂ ਤਾਂ ਲਿਖ ਕੇ ਦੇਤਾ, ਪੰਚਾਇਤ ਅਫ਼ਸਰ ਨੂੰ ਸਾਰਿਆਂ ਨੇ ਦਸਤਖ਼ਤ ਕਰ ਦਿੱਤੇ। ਅਖ਼ਬਾਰਾਂ ਅਤੇ ਚੈਨਲਾਂ ਉੱਤੇ ਵੀ ਬੱਲੇ-ਬੱਲੇ ਹੋ ਗੀ। ਵੱਡੀ ਗੱਲ ਤਾਂ ਇਹ ਐ ਬਈ, ਸਾਰਾ ਪਿੰਡ ਲੜਾਈ-ਭੜਾਈ ਤੋਂ ਬਚ ਗਿਆ। ਦੁਸ਼ਮਣੀ ਘਟੀ। ਹਾਂ, ਪੀਣ ਆਲਿਆਂ ਦੇ ਔਸਰ ਮਾਰੇ ਗਏ ਹਨ, ਹੁਣ ਉਹ ਖੁਸ਼ਕੀ ਕੱਢਣ ਲਈ ਹੋਰ ਪਿੰਡਾਂ ਨੂੰ ਤੁਰ ਗਏ ਹਨ। ਪੰਦਰਾਂ ਅਕਤੂਬਰ ਮਗਰੋਂ ਪਿੰਡ ਚ ਹੋਰ ਉਗਰਾਹੀ ਕਰਕੇ ਸਾਰੇ ਪੈਸੇ ਲਾਉਣ ਦੀ ਵਿਉੱਤ ਬਣਾਉਣੀ ਹੈ। ਕੋਈ ਕੁਸ-ਬੋਲਦੈ, ਕੋਈ ਕੁਸ। ਪਰ ਕਰਨਲ ਤਾਂ ਸਕੂਲ ਜਾਂ ਹਸਪਤਾਲ ਦੀ ਹੀ ਸਕੀਮ ਬਣਾਈ ਬੈਠੈ। ਪੈਸਾ ਉਹਨੇ ਸਹੀ ਥਾਂ ਲਾਉਣੈ। ਉਮੀਦ ਹੈ ਆਪਣੇ ਪਿੰਡ ਦੇ ਵਿਕਾਸ ਦੀਆਂ ਵੀਡੀਓ ਵੀ ਬਨਣਗੀਆਂ, ‘ਅਗਾਂਹ ਵਧੂ ਪਿੰਡ, ਆਮੀਨ!
ਹੋਰ, ਐਤਕੀਂ ਸਰਬਸੰਮਤੀ ਦਾ ਰੁਝਾਨ ਹੈ। ਕਈ ਥਾਂਈਂ, ਪੁਰਾਣੀ-ਦੁਸ਼ਮਣੀ ਵੀ ਜਾਗ ਪਈ ਹੈ। ਝੋਨਾ ਅਤੇ ਵੋਟਾਂ ਰਲ-ਗੱਡ ਹੋ ਗਏ ਹਨ। ਕਈ ਪੂਛਾਂ-ਚੱਕ ਕੇ, ਭੱਮਤਰੇ ਫਿਰਦੇ ਹਨ। ਛੀ ਸਾਲਾਂ ਮਗਰੋਂ ਜਿਵੇਂ ਪਿੰਡ ਜਾਗ ਪਿਆ ਹੋਵੇ। ਲੋਕਾਂ ਦੀਆਂ ਆਸਾਂ-ਉਮੀਦਾਂ, ਸੁਪਨੇ ਲੈ ਰਹੀਆਂ ਹਨ। ਤੁਸੀਂ, ਭਾਈਚਾਰੇ-ਰਿਸ਼ਤੇਦਾਰਾਂ ਨੂੰ, ਸਿਆਣਪ ਦਾ ਛੱਟਾ ਮਾਰੋ। ਸੱਚ, ਧਾਰਮਿਕ ਥਾਂਵਾਂ ਉੱਤੇ ਸੁੱਖਾਂ-ਸੁੱਖੀਆਂ ਜਾ ਰਹੀਆਂ ਹਨ। ਚੰਗਾ, ਅਗਲੇ ਐਤਵਾਰ, ਪੰਚਾਇਤੀ-ਰੌਣਕਾਂ ਦੀ ਉਡੀਕ ਕਰਿਓ। ਵਾਹਿਗੁਰੂ ਸ਼ਾਂਤੀ ਰੱਖੇ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061