ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ

ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ- ਸਹਿਜੇ ਆਪ ਪੜ੍ਹਨ ਦਾ ਯਤਨ ਕਰਨ ਲੱਗੇ। ਇਹ ਆਦਤ ਅੱਗੇ ਚੱਲ ਕੇ ਹੋਰ ਪੁਸਤਕਾਂ ਪੜ੍ਹਨ ਦੀ ਪੈ ਗਈ।

ਇਸ ਪੜ੍ਹਨ- ਪੜ੍ਹਾਉਣ ਦੀ ਆਦਤ ਕਰਕੇ ਕਿਤੇ ਕਹਾਣੀ ਪੜ੍ਹੀ ਸੀ। ਕਿਤਾਬ ਦਾ ਨਾਂਅ ਅਤੇ ਸੰਨ ਜਿ਼ਹਨ ‘ਚ ਨਹੀਂ। ਖ਼ੈਰ, ਕਹਾਣੀ ਇੰਝ ਆਉਂਦੀ ਹੈ; ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਬਾਹਰ ਘੱਲਿਆ। ਕਈ ਵਰ੍ਹਿਆਂ ਮਗ਼ਰੋਂ ਪੁੱਤਰ ਸਿੱਖਿਆ ਲੈ ਕੇ ਆਪਣੇ ਘਰ ਵੱਲ ਨੂੰ ਮੁੜਿਆ ਆ ਰਿਹਾ ਸੀ। ਸਵੇਰ ਦਾ ਵੇਲੇ ਸੀ। ਸੂਰਜ ਚੜ੍ਹ ਰਿਹਾ ਸੀ। ਸੂਰਜ ਦੀ ਰੋਸ਼ਨੀ ਵਿਚ ਪਿਤਾ ਨੇ ਦੇਖਿਆ; ਦੂਰ ਖੇਤਾਂ ਵਿੱਚੋਂ ਲੰਘਦਾ ਉਸਦਾ ਪੁੱਤਰ ਘਰ ਵੱਲ ਨੂੰ ਆ ਰਿਹਾ ਹੈ। ਪੁੱਤਰ ਦੀ ਚਾਲ ਦੇਖ ਕੇ ਪਿਤਾ ਉਦਾਸ ਹੋ ਗਿਆ। ਪਿਤਾ ਨੇ ਆਪਣੇ ਪੁੱਤਰ ਦੀ ਚਾਲ ਵਿਚੋਂ ਹੰਕਾਰ ਨੂੰ ਤੁਰਿਆ ਆਉਂਦਾ ਦੇਖ ਲਿਆ। ਹੰਕਾਰ ਦੀ ਕਮੀ ਹੁੰਦੀ ਹੈ ਕਿ ਉਹ ਆਪਣੇ ਆਉਣ ਤੋਂ ਪਹਿਲਾਂ ਆਪਣਾ ਪ੍ਰਗਟਾਵਾ ਕਰ ਦਿੰਦਾ ਹੈ/ ਆਪਣਾ ਅਹਿਸਾਸ ਕਰਵਾ ਦਿੰਦਾ ਹੈ। ਪੁੱਤਰ ਦੀ ਚਾਲ ਤੋਂ ਆਕੜ ਦਾ ਸਹਿਜੇ ਹੀ ਅੰਦਾਜ਼ਾ ਲਗਾ ਕੇ ਪਿਤਾ ਉਦਾਸੀ ਦੇ ਆਲਮ ਵਿਚ ਘਿਰ ਗਿਆ।

ਬੂਹੇ ਤੇ ਆ ਕੇ ਪੁੱਤਰ ਨੇ ਪਿਤਾ ਨੂੰ ਮੱਥਾ ਟੇਕਿਆ ਪਰ! ਅੰਦਰੋਂ ਨਹੀਂ ਝੁਕਿਆ। ਇਹੋ ਤਾਂ ਹੰਕਾਰ ਦਾ ਪ੍ਰਗਟਾਵਾ ਹੈ। ਬੰਦਾ ਆਪਣੇ- ਆਪ ਨੂੰ ਗਿਆਨੀ ਸਮਝਣ ਲੱਗ ਪੈਂਦਾ ਹੈ। ਜਿਵੇਂ ਸਭ ਕੁਝ ‘ਜਾਣ’ ਲਿਆ ਹੋਵੇ। ਅੰਦਰੋਂ ਖਾਲੀ ਬੰਦੇ ਅਕਸਰ ਹੀ ਭਰੇ ਹੋਣ ਦਾ ਦਿਖਾਵਾ ਵੱਧ ਕਰਦੇ ਹਨ। ਕੁਝ ਨਹੀਂ ਜਾਣਦਾ ਬੰਦਾ ਵੀ ਬਹੁਤ ਕੁਝ ਜਾਣਨ ਦਾ ਪ੍ਰਗਟਾਵਾ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਖ਼ੈਰ,

ਪਿਤਾ ਨੇ ਪੁੱਛਿਆ, ‘ਕੁਝ ‘ਜਾਣ’ ਕੇ ਆਇਐਂ?’

‘ਸਭ ਕੁਝ ਜਾਣ ਲਿਆ ਹੈ ਪਿਤਾ ਜੀ।’ ਪੁੱਤਰ ਨੇ ਹੰਕਾਰ ਵੱਸ ਕਿਹਾ।

ਸਭ ਕੁਝ?

‘ਜੀ, ਸਾਰੇ ਗ੍ਰੰਥ, ਸਾਰੀਆਂ ਕਿਤਾਬਾਂ, ਸਾਰੇ ਮੰਤਰ। ਮੈਂ ਸਭ ਕੁਝ ਜਾਣ ਗਿਆ ਹਾਂ।’ ਪੁੱਤਰ ਨੇ ਉਸੇ ਲਹਿਜੇ ਵਿਚ ਕਿਹਾ।

‘ਉਸ ‘ਇੱਕ’ ਨੂੰ ਜਾਣਿਆ?’ ਪਿਤਾ ਨੇ ਸਵਾਲ ਪੁੱਛਿਆ।

‘ਕਿਹੜੇ ਇੱਕ ਨੂੰ?’ ਪੁੱਤਰ ਹੈਰਾਨੀ ਨਾਲ ਬੋਲਿਆ।

ਆਪਣੇ- ਆਪ ਨੂੰ ।

‘ਨਹੀਂ । ਇਸ ਵਿਸ਼ੇ ਬਾਰੇ ਸਾਨੂੰ ਕੁਝ ਨਹੀਂ ਪੜ੍ਹਾਇਆ ਗਿਆ।’

‘ਫੇਰ ਤੂੰ ਕੁਝ ਵੀ ਪੜ੍ਹ ਕੇ ਨਹੀਂ ਆਇਆ। ਸਿਰਫ਼ ਕਿਤਾਬਾਂ/ ਗੰ੍ਰਥਾਂ/ ਮੰਤਰਾਂ ਨੂੰ ਰੱਟਾ ਮਾਰ ਕੇ ਆਇਆ ਹੈਂ। ਤੈਨੂੰ ਸਿੱਖਿਆ ਨਹੀਂ ਮਿਲੀ। ਤੈਨੂੰ ਸਹੀ ਅਰਥਾਂ ਵਿਚ ਗਿਆਨ ਨਹੀਂ ਹੋਇਆ ਬਲਕਿ ਗਿਆਨ ਦੀ ਇਵਜ਼ ਵਿਚ ਅਗਿਆਨਤਾ ਦਾ ਨਸ਼ਾ ਹੋ ਗਿਆ ਹੈ।

ਪੁੱਤਰ ਚੁੱਪਚਾਪ ਖ਼ੜਾ ਸੁਣਦਾ ਰਿਹਾ।

‘ਤੈਨੂੰ ਦੁਬਾਰਾ ਜਾਣਾ ਪੈਣਾ ਹੈ। ਤੇਰੀ ਸਿੱਖਿਆ ਅਧੂਰੀ ਹੈ। ਤੈਨੂੰ ਗਿਆਨ ਨਹੀਂ ਹੋਇਆ ਬਲਕਿ ਗਿਆਨ ਦਾ ਹੰਕਾਰ ਹੋ ਗਿਆ ਹੈ।’

ਖ਼ੈਰ, ਗੱਲ ਕੀ।

ਪੁੱਤਰ ਵਾਪਸ ਚਲਾ ਗਿਆ।

ਵਕਤ ਲੰਘਦਾ ਰਿਹਾ। ਕਈ ਵਰ੍ਹਿਆਂ ਮਗ਼ਰੋਂ ਪੁੱਤਰ ਫੇਰ ਮੁੜ ਆਇਆ। ਹੁਣ ਚਾਲ ਵਿਚ ਨਿਮਰਤਾ ਸੀ। ਅੱਖਾਂ ਵਿਚ ਗਿਆਨ ਦੀ ਚਮਕ ਸੀ। ਮਨ ਦੇ ਅੰਦਰੋਂ ਹਉਮੈ ਦੂਰ ਹੋ ਚੁਕੀ ਸੀ। ਅੱਖਾਂ ਵਿਚ ਜਿੱਥੇ ਚਮਕ ਸੀ ਉੱਥੇ ਹੀ ਪਹਿਲਾਂ ਕੀਤੇ ਗੁਨਾਂਹ ਲਈ ਪਛਤਾਵੇ ਦੇ ਹੰਝੂ ਸਨ। ਆਉਂਦਿਆਂ ਪਿਤਾ ਤੇ ਪੈਰਾਂ ਤੇ ਸਿਰ ਰੱਖ ਦਿੱਤਾ। ਹੁਣ ਗਿਆਨ ਦਾ ਅਹੰਕਾਰ ਨਹੀਂ ਸੀ ਬਲਕਿ ਸਹੀ ਅਰਥਾਂ ਵਿਚ ਗਿਆਨ ਦਾ ਪ੍ਰਗਟਾਵਾ ਸੀ। ਪੁੱਤਰ ਦਾ ਜਿੱਥੇ ਸਿਰ ਝੁੱਕਿਆ ਹੋਇਆ ਸੀ ਉੱਥੇ ਹੀ ਅੰਦਰਲਾ ਸਖ਼ਸ਼ ਵੀ ਝੁੱਕਿਆ ਹੋਇਆ ਸੀ। ਪਿਤਾ ਨੇ ਪੁੱਤਰ ਚੁੱਕ ਕੇ ਸੀਨੇ ਨਾਲ ਲਗਾ ਲਿਆ ਅਤੇ ਕਿਹਾ,

‘ਹੁਣ ਮੈਨੂੰ ਕੁਝ ਪੁੱਛਣ ਦੀ ਜ਼ਰੂਰਤ ਨਹੀਂ ਅਤੇ ਤੈਨੂੰ ਕੁਝ ਦੱਸਣ ਦੀ।’ ਹੰਕਾਰ ਜਿੱਥੇ ਆਪਣੇ ਮੌਜੂਦਗੀ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਹੀ ਗਿਆਨ ਵੀ ਆਪਣੇ ਮੌਜੂਦਗੀ ਦਾ ‘ਪ੍ਰਗਟਾਵਾ’ ਕਰ ਦਿੰਦਾ ਹੈ। ਆਪਣੀ ਹੋਂਦ ਨੂੰ ਪ੍ਰਤੱਖ ਕਰ ਦਿੰਦਾ ਹੈ।

ਗਿਆਨ ਵਿਚ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ ਅਤੇ ਹੰਕਾਰ ਵਿਚ ਆਕੜ ਅਤੇ ਹਉਮੈ। ਖ਼ੈਰ,

ਇਹ ਕਹਾਣੀ ਪੜ੍ਹ ਕੇ ਲੱਗਿਆ ਕਿ ਜਿਵੇਂ ਇਹ ਅੱਜ ਦੇ ਸਮਾਜ ਵਿਚ ਵਿਚਰ ਰਹੇ ਹਰ ਸਖ਼ਸ਼ ਦੀ ਆਪਣੀ ਕਹਾਣੀ ਹੈ। ਅੱਜ ਹਰ ਖ਼ੇਤਰ ਵਿਚ 99 ਫ਼ੀਸਦੀ ਲੋਕ ਗਿਆਨੀ ਨਹੀਂ ਹੁੰਦੇ ਬਲਕਿ ਗਿਆਨ ਦੇ ‘ਹੰਕਾਰ’ ਵਿਚ ਅਗਿਆਨੀ ਬਣੇ ਤੁਰੇ ਫਿਰਦੇ ਹਨ। ਅਜਿਹੇ ਲੋਕ ਗਿਆਨ ਦੀ ਇਵਜ਼ ਵਿਚ ਅਗਿਆਨਤਾ ਦਾ ਪ੍ਰਚਾਰ- ਪ੍ਰਸਾਰ ਕਰਦੇ ਹਨ।

ਪਰ! ਗਿਆਨੀ ਵਿਅਕਤੀ ਦੀ ਪਛਾਣ ਨਿਮਰਤਾ ਅਤੇ ਮਿੱਠਾਪਣ ਹੁੰਦਾ ਹੈ। ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿੱਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨ੍ਹੇਰੇ ਵਿਚ ਗੁਆਚੇ ਫਿਰਦੇ ਹਨ / ਭਟਕਦੇ ਫਿਰਦੇ ਹਨ। ਗਿਆਨ ਦਾ ਮੁੱਢਲਾ ਸਬਕ ਖ਼ੁਦ ਨੂੰ ਜਾਣ ਲੈਣਾ ਹੈ। ਜਿਹੜਾ ਮਨੁੱਖ ਖ਼ੁਦ ਨੂੰ ਜਾਣ ਗਿਆ ਉਸਨੂੰ ਫਿਰ ਕੁਝ ਹੋਰ ਜਾਣਨ ਦੀ ਜ਼ਰੂਰਤ ਨਹੀਂ ਹੁੰਦੀ/ ਕੁਝ ਹੋਰ ਪ੍ਰਾਪਤ ਕਰਨ ਦੀ ਜ਼ਰੂਰਤ ਨਹੀਂ ਹੁੰਦੀ।

ਆਖ਼ਰ ਵਿਚ ਅੱਜ ਦੇ ਮਨੁੱਖ ਨੂੰ ਸਹੀ ਅਰਥਾਂ ਵਿਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ ਨਾ ਕਿ ਹੰਕਾਰ ਨਾਲ ਲਬਰੇਜ਼ ਸਖ਼ਸ਼ੀਅਤ; ਜਿਹੜੀ ਮਣਾਂ – ਮੂੰਹੀਂ ‘ਗਿਆਨਤਾ’ ਦਾ ਭਾਰ ਆਪਣੇ ਮੋਢਿਆਂ ਉੱਪਰ ਚੁੱਕੀ ਫਿਰਦੀ ਆਮ ਲੋਕਾਂ ਲਈ ਦੁੱਖ ਅਤੇ ਤਕਲੀਫ਼ ਦਾ ਕਾਰਨ ਬਣਦੀ ਹੈ। ਗਿਆਨ ਜਿੱਥੇ ਸਹਿਜ ਹੁੰਦਾ ਹੈ ਅਗਿਆਨ ਉੱਥੇ ਅਸਹਿਜ। ਗਿਆਨ ਦਿਖਾਵੇ ਤੋਂ ਪਰ੍ਹੇ ਹੁੰਦਾ ਹੈ ਅਤੇ ਗਿਆਨਤਾ ਦੀ ਪਛਾਣ ਹੀ ਦਿਖਾਵੇ ਅਤੇ ਭੇਖ ਵਿਚ ਹੁੰਦੀ ਹੈ। ਇਸ ਲਈ ਮਨੁੱਖ ਨੂੰ ਸਹੀ ਅਰਥਾਂ ਵਿਚ ਗਿਆਨਵਾਨ ਬਣਨ ਲਈ ਯਤਨ ਕਰਨੇ ਚਾਹੀਦੇ ਹਨ।

ਡਾ: ਨਿਸ਼ਾਨ ਸਿੰਘ ਰਾਠੌਰ
1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ : 90414-98009