ਅੱਜ ਦੀਆਂ ਕੁੜੀਆਂ ਦਾ ਰੋਲ ਮਾਡਲ-ਫੁਲਨ ਦੇਵੀ

ਕੀ ਹੋਵੇਗਾ ਦੋ-ਚਾਰ
ਮਰੀਆਂ ਜ਼ਮੀਰਾਂ ਨੂੰ ਫਾਹੇ ਲਾ
ਜਦੋਂ ਤੱਕ
ਕੁਝ ਆਦਮਖੋਰ
ਕੁਰਸੀਆਂ ਨੂੰ
ਆਪਣੀ ਰਖੇਲ ਬਣਾਈ ਬੈਠੇ ਨੇ
ਦਿਖਾਵੇ ਕਰਦੇ ਹਨ
ਧਰਮ ਦੇ
ਦੇਸ਼ ਦੇ
ਪਹਿਰੇਦਾਰ ਹੋਣ ਦਾ
ਪਰ ਅਸਲ ਵਿਚ
ਆਪਣੇ ਅੰਦਰ
ਸ਼ੈਤਾਨ ਛੁਪਾਈ ਬੈਠੇ ਨੇ।
ਆਪ ਤਾਂ ‘ਗਊ ਮੂਤਰ’ ਨਾਲ
ਪਵਿੱਤਰ ਹੋਣ ਦਾ
ਕਰਦੇ ਨੇ ਢੌਂਗ
ਪਰ ‘ਸ਼ੈਤਾਨੀ ਮੂਤਰ’ ਨਾਲ
ਗਰੀਬਾਂ ਦਾ
ਗਰੀਬੀ ਦਾ
ਮਜ਼ਾਕ ਉਡਾਉਂਦੇ ਨੇ
ਆਪਣੀ ਹੈਵਾਨੀਅਤ ਦੇ
ਝੰਡੇ ਝੁਲਾਉਂਦੇ ਨੇ
ਇਹਨਾਂ ਦੇ ਆਕਾ
ਗਰੀਬਾਂ ਦੇ ਪੈਰ ਧੋਣ ਦਾ
ਨਾਟਕ ਰਚਾਉੰਦੇ ਨੇ।
ਹੁਣ ਵੱਡੇ ਪਖੰਡੀ ਆਉਣ ਗੇ ਅੱਗੇ
ਲੈ ਮਗਰਮੱਛ ਦੇ ਹੰਝੂਆਂ ਦਾ ਸੈਲਾਬ
ਦੋਸ਼ੀਆਂ ਨੂੰ ਦੰਡ ਦੇਣ ਦਾ
ਨਾਹਰਾ ਲਾਉਣ ਗਏ
ਆਪਣੇ ਆਪ ਨੂੰ
‘ਵਿਸ਼ਵ ਗੁਰੂ ‘ ਹੋਣ ਦਾ
ਨਾਹਰਾ ਲਾਉਣ ਗੇ।
‘ਭਾਰਤ ਮਾਤਾ’ ਦੇ ਦੇਸ਼ ਦੀਆਂ ਬੇਟੀਆਂ ਦੀ ਤਕਦੀਰ ਹੀ ਸ਼ਾਇਦ
‘ਬਿਧ ਮਾਤਾ’ ਪੁਠੀ ਕਾਣੀ ਨਾਲ ਲਿਖੇ
ਕਦੇ ਵਿਦੇਸ਼ੀ ਹਮਲਵਾਰਾਂ ਤੋਂ
ਕਦੇ ਦੇਸ਼ ਦੇ ਰਾਖਸ਼ਾਂ ਤੋਂ
ਕਦੇ ਸੰਤਾਲੀ ਵਿਚ
ਧਰਮ ਦੇ ਜਨੂੰਨ ਹੇਠ
ਕਦੇ ‘ਚੁਰਾਸੀ’
‘ਦੁੱਧ ਚਿੱਟੇ’ ਕਪੜਿਆਂ ਦੀ ਆੜ ਵਿਚ
ਛੁਪੇ ਕਾਲੇ ਹੈਵਾਨ
‘ਸਬਕ ਸਿਖਾਊ’ ਅਭਿਆਨ ਵਿਚ
ਆਪਣੀ ਬਹਾਦਰੀ ਦਿਖਾਉਂਦੇ ਰਹੇ
ਕਦੇ ‘ਗੋਧਰਾ’ ਦੇ ਪਾਗਲਪਨ ਵਿਚ
‘ਭਗਵੀਆਂ ਟੋਪੀਆਂ’ ਵਾਲੇ
ਆਪਣੀ ਮਰਦਾਨਗੀ ਦਿਖਾਉਂਦੇ ਰਹੇ
ਅਤੇ ਪਤਾ ਨਹੀਂ
ਹੋਰ ਕਦੋਂ-ਕਦੋਂ
ਕਿੱਥੇ-ਕਿੱਥੇ
ਕਿਵੇਂ-ਕਿਵੇਂ
ਇਹ ਸਿਲਸਲਾ ਚਲਦਾ ਰਿਹਾ।
ਕਦੇ ਸਾਡੇ ਘਰਾਂ ਵਿਚ ਹੀ
‘ਰੱਬ ਤੋਂ ਬਾਅਦ ਦੂਜੇ ਰੱਬ’
ਵਾਲਿਆਂ ਦੇ ਜਲਾਦ ਘਰਾਂ ਵਿਚ
ਕੁੜੀਆਂ ਨੂੰ ਕੁੱਖਾਂ ਵਿਚ ਮਾਰਨ ਦਾ
ਸਿਲਸਲਾ ਚਲਦਾ ਰਿਹਾ
ਹੁਣ ਵੀ ਚੱਲ ਰਿਹਾ ਹੈ।
ਹੁਣ ਤਾਂ ਇਹ ਬਾਲੜੀਆਂ ਨੂੰ ਹੀ
ਬਾਹਾਂ ‘ਚੋਂ ਚੂੜੀਆਂ ਲਾਹ
ਹੱਥਾਂ ਵਿਚ ਹਥਿਆਰ ਲੈਣੇ ਪੈਣ ਗੇ
ਸਿਰ ਤੇ ਕਫਨ ਬਣਨਾ ਪਵੇਗਾ
ਜੋ ‘ਰੇਪ’ ਵਰਗੇ ਕਾਰਿਆਂ ਨੂੰ
ਸਭਿਆਚਾਰ ਦਾ ਹਿੱਸਾ ਮੰਨਦਿਆਂ ਹਨ
ਉਹਨਾਂ ਨੂੰ ਵੀ ਉਸੇ ਸਭਿਆਚਾਰ ਦੇ ਦਰਸ਼ਨ
ਕਰਵਾਉਣੇ ਪੈਣ ਗੇ।
‘ਇਨਸਾਫ ਦੇ ਮੰਦਰ’ ਦੇ ‘ਪੁਜਾਰੀਆਂ’ ਲਈ ਜਦ
‘ਤੁਰਤ-ਫੁਰਤ’ ਇਨਸਾਫ ਦੀ ਗੱਲ ਗੈਰ ਕਾਨੂੰਨੀ ਹੋਵੇ
ਇਨਸਾਫ ਨੂੰ ਆਪਣੇ ਹੱਥ ਲੈਣਾ
ਫੁਲਨ ਦੇਵੀ ਨੂੰ ਆਪਣਾ ਰੋਲ ਮਾਡਲ ਬਣਾਉਣਾ
ਜੁਰਮ ਨਹੀਂ ਹੋ ਸਕਦਾ।
ਜੁਰਮ ਨਹੀਂ ਹੋ ਸਕਦਾ।

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ