ਭਾਜਪਾ ਰਾਜ ’ਚ ਨਾ ਔਰਤਾਂ ਸੁਰੱਖਿਅਤ ਹਨ ਨਾ ਹੀ ਘੱਟ ਗਿਣਤੀ ਲੋਕ

ਭਾਜਪਾ ਦੇ ਰਾਜ ਕਾਲ ਦੌਰਾਨ ਔਰਤਾਂ ਅਸੁਰੱਖਿਅਤ ਹੋ ਜਾਂਦੀਆਂ ਹਨ ਅਤੇ ਘੱਟ ਗਿਣਤੀਆਂ ਨੂੰ ਖਤਮ ਕਰਨ ਦੀਆਂ ਸਾਜ਼ਿਸਾਂ ਵਧਦੀਆਂ ਹਨ। ਇਹ ਅੱਜ ਦੀ ਗੱਲ ਨਹੀਂ ਹੈ, ਦਹਾਕਿਆਂ ਤੋਂ ਹੀ ਅਜਿਹਾ ਚਲਦਾ ਆ ਰਿਹਾ ਹੈ। ਆਰ ਐੱਸ ਐੱਸ ਦਾ ਏਜੰਡਾ ਲਾਗੂ ਕਰਨ ਵਾਲੀ ਭਾਜਪਾ ਜੋ ਆਪਣਾ ਮੂਲ ਆਧਾਰ ਧਰਮ ਕਹਿੰਦਿਆਂ ਅਖੌਤੀ ਸਾਂਤੀ ਤੇ ਬਰਾਬਰਤਾ ਦਾ ਪ੍ਰਚਾਰ ਕਰਦੀ ਹੈ, ਅਮਲ ਵਿੱਚ ਉਹ ਹਿੰਦੂ ਰਾਜ ਸਥਾਪਤ ਕਰਨ ਲਈ ਦੂਜੇ ਧਰਮਾਂ ਨੂੰ ਨੇਸ ਤੋਂ ਨਾਬੂਦ ਕਰਨ ਦੀਆਂ ਸਾਜ਼ਿਸਾਂ ਨੂੰ ਅੰਜਾਮ ਦਿੰਦੀ ਹੈ ਅਤੇ ਕਰੂਰਤਾ ਪੱਖੋਂ ਉਹ ਮੁਗ਼ਲ ਬਾਦਸ਼ਾਹ ਔਰੰਗਜੇਬ ਦੇ ਸਮੇਂ ਨੂੰ ਵੀ ਮਾਤ ਪਾਉਂਦੀ ਰਹਿੰਦੀ ਹੈ। ਭਾਜਪਾ ਦਾ ਰਾਜ ਅਜਿਹਾ ਹੈ ਜਿਸ ਵਿੱਚ ਇੱਕ ਸਾਲ ਜਾਂ ਇਸਤੋਂ ਵੀ ਘੱਟ ਉਮਰ ਦੇ ਬੱਚਿਆਂ ਦਾ ਬੇਰਹਿਮੀ ਨਾਲ ਗੁੰਡਿਆਂ ਵੱਲੋਂ ਕਤਲ ਕੀਤਾ ਜਾਂਦਾ ਹੈ, ਗੈਂਗਰੇਪ ਕਰਨ ਸਮੇਂ ਗਰਭਵਤੀ ਔਰਤਾਂ ਨੂੰ ਵੀ ਬਖ਼ਸਿਆ ਨਹੀਂ ਜਾਂਦਾ। ਅਜਿਹੀਆ ਘਿਨਾਉਣੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਭਾਜਪਾ ਸਰਕਾਰ ਸ਼ਹਿ ਦਿੰਦੀ ਹੈ, ਉਹਨਾਂ ਦਾ ਬਚਾਅ ਕਰਦੀ ਹੈ ਅਤੇ ਸਨਮਾਨਿਤ ਕਰਦੀ ਹੈ। ਸਵਾਲ ਉੱਠਦਾ ਹੈ ਕਿ ਸੱਤਾ ਭੋਗਣ ਵਾਲੀ ਭਾਜਪਾ ਕੀ ਇਹ ਸਭ ਕੁੱਝ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਅਨੁਸਾਰ ਕਰਦੀ ਹੈ? ਕੀ ਇਹ ਹੀ ਰਾਮ ਰਾਜ ਦਾ ਸੰਕਲਪ ਹੈ? ਕੀ ਦੇਵੀ ਦੇਵਤਿਆਂ ਦੀ ਧਰਤੀ ਤੇ ਇਹ ਸਭ ਕੁੱਝ ਜ਼ਾਇਜ ਹੈ? ਕੀ ਔਰਤ ਨੂੰ ਦੇਵੀ ਦਾ ਰੂਪ ਕਹਿਣ ਵਾਲੇ ਭਾਜਪਾਈਆਂ ਦੇ ਰਾਜ ’ਚ ਬਲਾਤਕਾਰੀ ਗੁੰਡਿਆਂ ਨੂੰ ਸਹੂਲਤਾਂ ਤੇ ਰਿਆਇਤਾਂ ਦੇਣੀਆਂ ਦਰੁਸਤ ਹਨ?

ਜੇਕਰ ਰਾਜ ਭਾਗ ਚਲਾਉਣ ਵਾਲੀਆਂ ਪਾਰਟੀਆਂ ਤੇ ਉਹਨਾਂ ਦੇ ਆਗੂ, ਗੁੰਡਿਆਂ ਬਲਾਤਕਾਰੀਆਂ ਅਪਰਾਧੀਆਂ ਨੂੰ ਰਿਆਇਤਾਂ ਸਹੂਲਤਾਂ ਦੇਣ ਲੱਗ ਜਾਣ ਤਾਂ ਲੋਕ ਉਹਨਾਂ ਤੋਂ ਸੁਰੱਖਿਆ ਦੀ ਕੀ ਆਸ ਰੱਖ ਸਕਦੇ ਹਨ। ਅਜਿਹੇ ਹਾਲਾਤਾਂ ਵਿੱਚ ‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ’ ਦੀ ਕਹਾਵਤ ਅਨੁਸਾਰ ਗੁੰਡੇ ਅਨਸਰ ਆਪਣਾ ਗੁੱਸਾ ਔਰਤਾਂ ਦੇ ਸਰੀਰ ਨੋਚ ਨੋਚ ਕੇ ਹੀ ਕੱਢਦੇ ਰਹਿਣਗੇ। ਪਾਠਕ ਸੋਚਦੇ ਹੋਣਗੇ, ਕਿ ਸਰਕਾਰਾਂ ਤੇ ਝੂਠਾ ਦੋਸ਼ ਮੜਿਆ ਜਾ ਰਿਹਾ ਹੈ, ਸਰਕਾਰਾਂ ਕਦੇ ਬਲਾਤਕਾਰੀਆਂ ਤੇ ਅਪਰਾਧੀਆਂ ਨੂੰ ਸ਼ਹਿ ਨਹੀਂ ਦਿੰਦੀਆਂ। ਪਰ ਸਬੂਤ ਪਰਤੱਖ ਹਨ। ਮਈ 2002 ਵਿੱਚ ਗੁਜਾਰਾਤ ਵਿੱਚ ਦੰਗੇ ਹੋਏ। ਉਸ ਸਮੇਂ ਉੱਥੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੁੱਖ ਮੰਤਰੀ ਸਨ। ਦੰਗਾਕਾਰੀਆਂ ਨੂੰ ਮੁਸਲਮਾਨਾਂ ਤੇ ਗੁੱਸਾ ਠੰਢਾ ਕਰਨ ਦੀ ਛੋਟ ਦਿੱਤੀ ਗਈ, ਇਹਨਾਂ ਦੰਗਿਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਹਿੰਦੂ ਗੁੰਡਿਆਂ ਨੇ ਇੱਕ ਮੁਸਲਮਾਨ ਬਸਤੀ ਤੇ ਹਮਲਾ ਕੀਤਾ ਤਾਂ ਤੁਰੰਤ ਬਸਤੀ ਖਾਲੀ ਹੋ ਗਈ। ਜੋ ਗੁੰਡਿਆਂ ਦੇ ਹੱਥ ਆਇਆ ਕੋਹ ਕੋਹ ਕੇ ਮਾਰ ਸੁੱਟਿਆ। ਇਸ ਪਰਿਵਾਰ ਵਿੱਚ ਮਿਲਣ ਆਈ ਬਿਲਕੀਸ ਬਾਨੋ ਆਪਣੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਬਸਤੀ ਚੋਂ ਨਿਕਲ ਕੇ ਖੇਤਾਂ ਵਿੱਚ ਭੱਜ ਗਈ। ਉਹ ਉਸ ਸਮੇਂ ਪੰਜ ਮਹੀਨੇ ਦੀ ਗਰਭਵਤੀ ਸੀ, ਉਸਦੇ ਨਾਲ ਨੌਂ ਮਹੀਨੇ ਦੀ ਗਰਭਵਤੀ ਸ਼ਮੀਮ, ਸੁਦਾਮ ਤੇ ਇੱਕ ਸਾਲ ਦੀ ਬੱਚੀ ਸਮੇਤ ਨੌਂ ਜੀਅ ਸਨ। ਗੁੰਡਿਆਂ ਨੇ ਉਹਨਾਂ ਦਾ ਪਿੱਛਾ ਕਰਦਿਆਂ ਖੇਤਾਂ ਵਿੱਚ ਉਹਨਾਂ ਨੂੰ ਘੇਰ ਲਿਆ, ਗਰਭਵਤੀ ਬਿਲਕੀਸ ਨਾਲ ਗੈਂਗਰੇਪ ਕੀਤਾ ਗਿਆ, ਉਸਦੀ ਢਾਈ ਸਾਲ ਦੀ ਪੁੱਤਰੀ, ਸ਼ਮੀਮ ਦੀ ਇੱਕ ਸਾਲ ਦੀ ਬੱਚੀ ਸਮੇਤ ਪਰਿਵਾਰ ਦੇ ਛੇ ਮੈਂਬਰ ਮਾਰ ਮੁਕਾਏ। ਦੁੱਖ ਭੋਗਣ ਲਈ ਬਿਲਕੀਸ ਬਚ ਗਈ, ਪਰ ਉਸਨੇ ਹੌਂਸਲਾ ਕਰਦਿਆਂ ਨਿਆਂ ਲੈਣ ਲਈ ਲੜਾਈ ਲੜੀ। ਉਸਦੀ ਮਿਹਨਤ ਰੰਗ ਲਿਆਈ ਤੇ ਗੈਂਗਰੇਪ ਕਰਨ ਵਾਲੇ ਗਿਆਰਾਂ ਗੁੰਡਿਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਕੇਂਦਰ ਵਿੱਚ ਭਾਜਪਾ ਦੀ ਮੋਦੀ ਸਰਕਾਰ ਸਥਾਪਤ ਹੋਈ ਤਾਂ ਕੈਦ ਭੁਗਤ ਰਹੇ ਬਲਾਤਕਾਰੀਆਂ ਨੂੰ ਅਗੇਤੀ ਰਿਹਾਈ ਦੀ ਰਿਆਇਤ ਦਿੱਤੀ ਗਈ। ਉਹ ਜੇਲ ਚੋਂ ਬਾਹਰ ਆਏ ਤਾਂ ਭਾਜਪਾ ਤੇ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਉਹਨਾਂ ਨੂੰ ਪਬਲਿਕ ਤੌਰ ਤੇ ਸਨਮਾਨਿਤ ਕੀਤਾ। ਜਦੋਂ ਸਰਕਾਰ ਇਸ ਤਰਾਂ ਬਲਾਤਕਾਰੀਆਂ ਨੂੰ ਸ਼ਹਿ ਦੇਵੇ ਤਾਂ ਉਸਦਾ ਨਤੀਜਾ ਕੀ ਹੋਵੇਗਾ, ਇਹ ਥੋੜੀ ਬਹੁਤੀ ਸੂਝ ਰੱਖਣ ਵਾਲੇ ਵੀ ਸਮਝ ਸਕਦੇ ਹਨ।

ਦੂਜਾ ਕੇਸ਼ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿਘ ਦਾ ਹੈ, ਉਸਨੂੰ ਡੇਰੇ ਵਿੱਚ ਰਹਿੰਦੀਆਂ ਆਪਣੀਆਂ ਸਰਧਾਲੂ ਲੜਕੀਆਂ ਨਾਲ ਮੁਆਫ਼ੀ ਦੇਣ ਦੇ ਨਾਂ ਹੇਠ ਬਲਾਤਕਾਰ ਕਰਨ ਦੇ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ। ਅਜਿਹੀਆਂ ਕਰਤੂਤਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਛਤਰਪਤੀ ਤੇ ਰਣਜੀਤ ਸਿੰਘ ਦੇ ਕਤਲਾਂ ਵਿੱਚ ਵੀ ਸਜ਼ਾ ਹੋ ਚੁੱਕੀ ਹੈ। ਇਸਤੋਂ ਇਲਾਵਾ ਮਰਦਾਂ ਨੂੰ ਨਾਮਰਦ ਬਣਾਉਣ ਅਤੇ ਸਾੜਫੂਕ ਤੇ ਕਤਲ ਆਦਿ ਦੇ ਕਈ ਮੁਕੱਦਮੇ ਅਜੇ ਸੁਣਵਾਈ ਅਧੀਨ ਹਨ। ਉਹ ਹਰਿਆਣਾ ਦੀ ਸੁਨਾਰੀਆ ਜੇਲ ਵਿੱਚ ਸਜ਼ਾ ਭੁਗਤ ਰਿਹਾ ਹੈ। ਹਰਿਆਣਾ ਵਿੱਚ ਹੁਣ ਭਾਜਪਾ ਦੀ ਸਰਕਾਰ ਹੈ ਤੇ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਨ। ਇੱਕ ਇੱਕ ਕਤਲ ਵਿੱਚ ਸਜ਼ਾ ਭੁਗਤਣ ਵਾਲੇ ਹਜ਼ਾਰਾ ਲੋਕ ਦਹਾਕਿਆਂ ਤੋਂ ਜੇਲਾਂ ਵਿੱਚ ਬੰਦ ਹਨ, ਉਹਨਾਂ ਕਦੇ ਆਪਣੇ ਘਰ ਦਾ ਮੂੰਹ ਨਹੀਂ ਵੇਖਿਆ। ਪਰ ਭਾਜਪਾ ਨੇ ਆਪਣੀ ਸਵੱਛ ਨੀਤੀ ਸਦਕਾ ਇਸ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਗੁਰਮੀਤ ਸਿੰਘ ਨੂੰ ਸੱਤ ਵਾਰ ਪੈਰੋਲ ਤੇ ਜੇਲ ਤੋਂ ਬਾਹਰ ਜਾਣ ਦੀ ਸਹੂਲਤ ਦਿੱਤੀ ਹੈ। ਇਹ ਵੀ ਬਲਾਤਕਾਰੀਆਂ ਨੂੰ ਹੌਂਸਲਾ ਦੇਣ ਵਾਲੀ ਤੇ ਇਸ ਰਾਹ ਤੋਰਨ ਵਾਲੀ ਨੀਤੀ ਦਾ ਹੀ ਹਿੱਸਾ ਹੈ।

ਤੀਜੀ ਘਟਨਾ ਮਹਿਲਾ ਪਹਿਲਵਾਨ ਲੜਕੀਆਂ ਨਾਲ ਸਬੰਧਤ ਹੈ, ਜਿਹਨਾਂ ਕੁਸਤੀ ਰਾਹੀਂ ਦੁਨੀਆਂ ਭਰ ਵਿੱਚ ਭਾਰਤ ਦਾ ਨਾਂ ਰੌਂਸ਼ਨ ਕੀਤਾ। ਭਾਰਤੀ ਕੁਸਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ਤੇ ਪਹਿਲਵਾਨ ਕੁੜੀਆਂ ਨੇ ਜਿਨਸੀ ਛੇੜਛਾੜ ਕਰਨ ਦੇ ਦੋਸ਼ ਲਾ ਕੇ ਉਸਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ। ਲੜਕੀਆਂ ਨੇ ਛੇੜਛਾੜ ਕਰਦੇ ਹੋਏ ਦੀਆਂ ਤਸਵੀਰਾਂ ਪੇਸ਼ ਕੀਤੀਆਂ, ਰਿਕਾਰਡਿੰਗ ਸੁਣਾਈ ਪਰ ਸਰਕਾਰ ਨੇ ਛੇੜਛਾੜ ਕਰਨ ਵਾਲੇ ਕਥਿਤ ਦੋਸ਼ੀ ਦਾ ਪੱਖ ਪੂਰਦਿਆਂ ਪਹਿਲਵਾਨਾਂ ਦੀ ਕੋਈ ਗੱਲ ਨਾ ਸੁਣੀ। ਪਹਿਲਵਾਨਾਂ ਨੇ ਦਿੱਲੀ ਧਰਨਾ ਦਿੱਤਾ, ਸਮੁੱਚੇ ਭਾਰਤੀ ਉਹਨਾਂ ਦੀ ਮੱਦਦ ਤੇ ਆਏ ਤਾਂ ਬਿ੍ਰਜ ਭੂਸ਼ਣ ਤੇ ਮੁਕੱਦਦਮਾ ਦਰਜ ਕੀਤਾ ਗਿਆ। ਪਰ ਕੇਂਦਰ ਨੇ ਉਸਨੂੰ ਜੇਲ ਦੀ ਦਹਿਲੀਜ਼ ਟੱਪਣ ਤੋਂ ਫੇਰ ਵੀ ਬਚਾ ਲਿਆ। ਇਹ ਵੀ ਜਿਨਸੀ ਛੇੜਛਾੜ ਕਰਨ ਲਈ ਰਾਹ ਖੋਹਲਦੀ ਘਟਨਾ ਹੈ।

ਹੁਣ ਗੱਲ ਮੌਜੂਦਾ ਮਾਮਲੇ ਮਨੀਪੁਰ ਵਿਖੇ ਵਾਪਰੀ ਘਟਨਾ ਦੀ ਕਰੀਏ। ਮਨੀਪੁਰ ਸੂਬੇ ਵਿੱਚ ਮੈਤੇਈ ਤੇ ਕੁੱਕੀ ਭਾਈਚਾਰਿਆਂ ਦਾ ਝਗੜਾ ਚਲਦਾ ਰਹਿੰਦਾ ਹੈ। 4 ਮਈ 2023 ਨੂੰ ਮੈਤੇਈ ਲੋਕਾਂ ਨੇ ਕੁੱਕੀ ਭਾਈਚਾਰੇ ਦੀਆਂ ਦੋ ਆਦਿਵਾਸੀ ਔਰਤਾਂ ਨੂੰ ਫੜ ਕੇ ਉਹਨਾਂ ਨੂੰ ਅਲਫ਼ ਨੰਗੀਆਂ ਕੀਤਾ ਅਤੇ ਉਹਨਾਂ ਪਾਸੋਂ ਪਰੇਡ ਕਰਵਾਈ। ਇੱਥੇ ਹੀ ਬੱਸ ਨਹੀ ਸਰੇਆਮ ਬਲਾਤਕਾਰ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ। ਮਨੀਪੁਰ ਵਿੱਚ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਹੈ ਤੇ ਬੀਰੇਨ ਸਿੰਘ ਮੁੱਖ ਮੰਤਰੀ ਹਨ। ਉੱਥੇ ਵਾਪਰੀ ਘਟਨਾ ਨੂੰ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਸਰਕਾਰਾਂ ਨੇ ਇਸ ਮਾਮਲੇ ਦੀ ਭਾਫ਼ ਨਹੀਂ ਨਿਕਲਣ ਦਿੱਤੀ। ਬੀਤੇ ਦਿਨ ਲੋਕ ਸਭਾ ਦਾ ਸਮਾਗਮ ਸੁਰੂ ਹੁੰਦਿਆਂ ਹੀ ਨਗਨ ਔਰਤਾਂ ਦੀ ਪਰੇਡ ਕਰਾਉਣ ਵਾਲੀ ਵੀਡੀਓ ਵਾਇਰਲ ਹੋ ਗਈ, ਤਾਂ ਸਮੁੱਚੇ ਭਾਰਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਲੋਕ ਕਹਿਣ ਲੱਗੇ ਕਿ ਇਹ ਭਾਜਪਾ ਦਾ ਰਾਮ ਰਾਜ ਦੇ ਪ੍ਰਚਾਰ ਵਾਲਾ ਰਾਜ ਹੈ? ਇਹ ਭਾਰਤ ਦੇ ਧਰਮ ਨਿਰਪੱਖਤਾ ਵਾਲੇ ਸੰਵਿਧਾਨ ਅਨੁਸਾਰ ਹੀ ਹੋ ਰਿਹੈ?

ਮਨੀਪੁਰ ਦੀ ਇਹ ਘਟਨਾ ਦੇਸ਼ ਦੇ ਸੰਵਿਧਾਨ ਅਤੇ ਮਨੁੱਖੀ ਹੱਕਾਂ ਦੀ ਸਰੇਆਮ ਉਲੰਘਣਾ ਹੈ, ਕਿਸੇ ਵੀ ਕੀਮਤ ਤੇ ਇਸ ਅੱਤਿਆਚਾਰ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ। ਸਤਾਰਵੀਂ ਸਦੀ ਵਿੱਚ ਮੁਗ਼ਲ ਬਾਦਸ਼ਾਹ ਰਾਜਕੁਮਾਰੀਆਂ ਤੇ ਰਾਣੀਆਂ ਨੂੰ ਨਗਨ ਅਵਸਥਾ ਵਿੱਚ ਨਚਾਇਆ ਕਰਦੇ ਸਨ, ਉਹ ਵੀ ਲੋਕਾਂ ਤੋਂ ਪਰਦੇ ਅਧੀਨ ਆਪਣੇ ਕੁੱਝ ਲੋਕਾਂ ਸਾਹਮਣੇ ਅਜਿਹਾ ਕਰਦੇ ਸਨ। ਭਾਜਪਾ ਰਾਜ ਵਿੱਚ ਆਮ ਲੋਕਾਂ ਮੂਹਰੇ ਉਹਨਾਂ ਔਰਤਾਂ ਨੂੰ ਨਗਨ ਕਰਕੇ ਪਰੇਡ ਕਰਵਾਈ, ਜਿਹਨਾਂ ਨੂੰ ਭਾਜਪਾਈ ਦੇਵੀ ਦਾ ਰੂਪ ਕਹਿੰਦੇ ਰਹਿੰਦੇ ਹਨ। ਕੀ ਦੇਵੀ ਨਾਲ ਅਜਿਹਾ ਕੀਤਾ ਜਾ ਸਕਦਾ ਹੈ? ਇਹ ਵੀ ਆਪਣੇ ਆਪ ਵਿੱਚ ਵੱਡਾ ਸੁਆਲ ਹੈ। ਇਸ ਘਿਨਾਉਣੀ ਘਟਨਾ ਦਾ ਪਰਦਾਫਾਸ਼ ਹੋਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਾਗ ਦਿੱਤਾ ਹੈ ਕਿ ‘ਮਨੀਪੁਰ ਦੀ ਘਟਨਾ ਨੇ 140 ਕਰੋੜ ਭਾਰਤੀਆਂ ਨੂੰ ਸ਼ਰਮਸਾਰ ਕੀਤਾ ਹੈ।’ ਮਨੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਨੇ ਬਹੁਤ ਵੱਡਾ ਐਲਾਨ ਕਰ ਵਿਖਾਇਆ ਹੈ ਕਿ ‘ਇਸ ਘਟਨਾ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।’

ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਬਿਆਨ ਲੋਕ ਸਭਾ ਸੈਸਨ ਸੁਰੂ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮਾਮਲਾ ਉਠਾਏ ਜਾਣ ਤੋਂ ਬਾਅਦ ਆਏ ਹਨ। ਇਸ ਘਟਨਾ ਵਾਪਰੀ ਨੂੰ ਢਾਈ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਇਸ ਸਮੇਂ ਦੌਰਾਨ ਕੀ ਉਹਨਾਂ ਨੂੰ ਮਾਮਲੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ ਜਾਂ ਕੀ ਉਹ ਆਪਣੇ ਆਦਮੀਆਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ। ਭਾਜਪਾ ਦੀ ਇਹ ਪੁਰਾਣੀ ਪਿਰਤ ਹੈ, ਉਹਨਾਂ ਆਪਣੀ ਪੁਰਾਣੀ ਨੀਤੀ ਤੇ ਪਹਿਰਾ ਦਿੱਤਾ ਹੈ। ਲੱਗਭੱਗ ਅਜਿਹੀ ਨੀਤੀ ਹੀ ਭਾਜਪਾ ਦੀ ਘੱਟ ਗਿਣਤੀਆਂ ਪ੍ਰਤੀ ਹੈ, ਜਿਹਨਾਂ ਨੂੰ ਬਗੈਰ ਕਿਸੇ ਕਸੂਰ ਤੋਂ ਝੂਠੇ ਦੋਸ਼ ਮੜ ਕੇ ਜੇਲੀ ਸੁੱਟਣ ਜਾਂ ਮਾਰ ਮੁਕਾਉਣ ਲਈ ਉਤਸਾਹਿਤ ਕਰਦੀ ਰਹਿੰਦੀ ਹੈ। ਇੱਥੇ ਹੀ ਬੱਸ ਨਹੀਂ ਜਿਹੜਾ ਪੱਤਰਕਾਰ, ਸਾਹਿਤਕਾਰ ਜਾਂ ਮਨੁੱਖੀ ਅਧਿਕਾਰਾਂ ਦਾ ਹਾਮੀ ਆਵਾਜ਼ ਬੁਲੰਦ ਕਰਦਾ ਹੈ, ਉਸਨੂੰ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਗੋਲੀ ਮਾਰ ਦਿੱਤੀ ਜਾਂਦੀ ਹੈ।
‘‘ਸੌ ਹੱਥ ਰੱਸਾ ਸਿਰੇ ਤੇ ਗੰਢ’’ ਇਹ ਪਰਤੱਖ ਹੈ ਕਿ ਭਾਜਪਾ ਦੇ ਰਾਜ ਭਾਗ ਵਿੱਚ ਨਾ ਔਰਤਾਂ ਸੁਰੱਖਿਅਤ ਰਹਿ ਸਕਦੀਆਂ ਹਨ ਅਤੇ ਨਾ ਹੀ ਘੱਟ ਗਿਣਤੀ ਦੇ ਲੋਕ। ਬਾਕੀ ਫੈਸਲਾ ਲੋਕਾਂ ਦੇ ਹੱਥ ਹੈ, ਉਹ ਕੀ ਚਾਹੁੰਦੇ ਹਨ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913