ਗੱਲ ਬਣੀ ਜਿਹੀ ਨਹੀਂ।

ਸੰਨ 2000 ਵਿੱਚ ਮੈਂ ਪੁਲਿਸ ਜਿਲ੍ਹਾ ਖੰਨਾ ਦੀ ਸਬ ਡਵੀਜ਼ਨ ਪਾਇਲ ਵਿਖੇ ਬਤੌਰ ਡੀ.ਐਸ.ਪੀ. ਤਾਇਨਾਤ ਸੀ। ਪਾਇਲ ਲੁਧਿਆਣੇ ਦੇ ਨਜ਼ਦੀਕ ਹੈ ਤੇ ਇਥੇ ਕਈ ਵੱਡੀਆਂ ਕੰਪਨੀਆਂ ਦੀਆਂ ਫੈਕਟਰੀਆਂ ਹਨ ਜਿਸ ਕਾਰਨ ਇੱਕਾ ਦੁੱਕਾ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਅ ਰਹਿੰਦੀਆਂ ਸਨ। ਉਸ ਸਮੇਂ ਤੱਕ ਸੀ.ਸੀ. ਟੀਵੀ, ਮੋਬਾਇਲ ਲੋਕੇਸ਼ਨਾਂ ਅਤੇ ਮੁਜ਼ਰਿਮਾਂ ਨੂੰ ਲੱਭਣ ਵਾਲੀਆਂ ਹੋਰ ਸੂਖਮ ਤਕਨੀਕਾਂ ਦਾ ਜਿਆਦਾ ਵਿਕਾਸ ਨਹੀਂ ਸੀ ਹੋਇਆ ਤੇ ਸਾਰੀਆਂ ਵਾਰਦਾਤਾਂ ਤਫਤੀਸ਼ੀ ਅਫਸਰਾਂ ਦੀ ਕਾਬਲੀਅਤ ਅਤੇ ਮੁਖਬਰਾਂ ਦੇ ਸਿਰ ‘ਤੇ ਹੱਲ ਕੀਤੀਆਂ ਜਾਂਦੀਆਂ ਸਨ। ਜਨਵਰੀ ਮਹੀਨੇ ਦੀ ਗੱਲ ਹੈ, ਮੈਂ ਆਪਣੇ ਦਫਤਰ ਹਾਜ਼ਰ ਸੀ ਕਿ ਚੌਂਕੀ ਇੰਚਾਰਜ ਦੋਰਾਹਾ ਦਾ ਫੋਨ ਆਇਆ ਕਿ ਖੋਹ ਦੀ ਵਾਰਦਾਤ ਹੋ ਗਈ ਹੈ। ਦੋ ਸਕੂਟਰ ਸਵਾਰ ਲੁਟੇਰੇ ਇੱਕ ਟਰੱਕ ਡਰਾਈਵਰ ਤੋਂ 9 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਹਨ। ਉਸ ਸਮੇਂ 9 ਲੱਖ ਬਹੁਤ ਵੱਡੀ ਰਕਮ ਮੰਨੀ ਜਾਂਦੀ ਸੀ ਤੇ ਪਿੰਡਾਂ ਵਿੱਚ ਇੱਕ ਏਕੜ ਵਾਹੀਯੋਗ ਜ਼ਮੀਨ ਦੀ ਕੀਮਤ ਲੱਖ ਡੇਢ ਲੱਖ ਤੋਂ ਵੱਧ ਨਹੀਂ ਸੀ। ਵੈਸੇ ਵੀ ਚਿੱਟੇ ਦਿਨ ਭਾਰੀ ਟਰੈਫਿਕ ਵਾਲੇ ਜੀ.ਟੀ. ਰੋਡ (ਨੈਸ਼ਨਲ ਹਾਈਵੇਅ ਨੰਬਰ ਵੰਨ) ‘ਤੇ ਖੋਹ ਕਰਨੀ ਕਿਸੇ ਆਮ ਬਦਮਾਸ਼ ਦੇ ਵੱਸ ਦੀ ਗੱਲ ਨਹੀਂ ਹੁੰਦੀ। ਅਜਿਹੀ ਵਾਰਦਾਤ ਦੀ ਪੁੱਛ ਗਿੱਛ ਡੀ.ਜੀ.ਪੀ. ਲੈਵਲ ਤੱਕ ਹੁੰਦੀ ਹੈ।

ਮੈਂ ਐਸ.ਐਸ.ਪੀ. ਅਤੇ ਹੋਰ ਸੀਨੀਅਰ ਅਫਸਰਾਂ ਨੂੰ ਸੂਚਨਾ ਦੇ ਕੇ ਦਲ ਬਲ ਸਮੇਤ ਮਿੰਟੋ ਮਿੰਟੀ ਮੌਕਾ ਏ ਵਾਰਦਾਤ ‘ਤੇ ਪਹੁੰਚ ਗਿਆ। ਨੰਬਰ ਪਲੇਟ ‘ਤੇ ਚਿੱਕੜ ਮਲਿਆ ਹੋਣ ਕਾਰਨ ਸਕੂਟਰ ਦਾ ਨੰਬਰ ਤਮਾਸ਼ਬੀਨਾਂ ਕੋਲੋਂ ਨੋਟ ਨਹੀਂ ਸੀ ਕੀਤਾ ਜਾ ਸਕਿਆ। ਫਿਰ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਚੌਂਕੀ ਇੰਚਾਰਜ ਨੇ ਆਸ ਪਾਸ ਦੇ ਥਾਣਿਆਂ ਤੇ ਜਿਲ੍ਹਿਆਂ ਨੂੰ ਸਕੂਟਰ ਸਵਾਰਾਂ ਦੇ ਹੁਲੀਏ ਤੇ ਸਕੂਟਰ ਦੇ ਰੰਗ ਬਾਰੇ ਵਾਇਰਲੈੱਸ ਕਰਵਾ ਦਿੱਤੀ ਸੀ। ਮੇਰੀ ਕਿਸਮਤ ਚੰਗੀ ਸੀ ਕਿ ਐਸ.ਐਸ.ਪੀ. ਜ਼ਿਲੇ ਤੋਂ ਬਾਹਰ ਸੀ। ਉਹ ਸਿਰੇ ਦਾ ਵਹਿਮੀ ਆਦਮੀ ਸੀ ਤੇ ਜੇ ਕਿਤੇ ਮੌਕੇ ‘ਤੇ ਆ ਜਾਂਦਾ ਤਾਂ ਕੇਸ ਹੱਲ ਹੀ ਨਹੀਂ ਸੀ ਹੋਣਾ ਕਿਉਂਕਿ ਉਸ ਨੇ ਗਾਈਡ ਕਰਨ ਦੀ ਬਜਾਏ ਦਬਕੇ ਮਾਰੀ ਜਾਣੇ ਸਨ ਕਿ ਡਾਕਾ ਪਿਆ ਹੀ ਕਿਉਂ ਹੈ? ਖੈਰ ਚਲੋ ਜਦੋਂ ਮੈਂ ਵਾਰਦਾਤ ਵਾਲੀ ਥਾਂ ‘ਤੇ ਪਹੁੰਚਿਆ ਤਾਂ ਟਰੱਕ ਨਹਿਰ ਪੁਲ ਦੀ ਖੰਨਾ ਸਾਈਡ ‘ਤੇ ਜੀ.ਟੀ. ਰੋਡ ਤੋਂ ਥੋੜ੍ਹਾ ਹਟਵਾਂ ਕੱਚੀ ਸੜਕ ‘ਤੇ ਖੜਾ ਸੀ। ਡਰਾਈਵਰ ਦੀ ਸੱਜੀ ਬਾਂਹ ‘ਤੇ ਦੋ ਤਿੰਨ ਜ਼ਖਮ ਸਨ ਜੋ ਕਿਸੇ ਤੇਜ਼ਧਾਰ ਹਥਿਆਰ ਨਾਲ ਲੱਗੇ ਜਾਪਦੇ ਸਨ ਤੇ ਕਲੀਨਰ ਬਿਲਕੁਲ ਠੀਕ ਠਾਕ ਸੀ।

ਜਿਸ ਜਗ੍ਹਾ ‘ਤੇ ਖੋਹ ਹੋਈ ਸੀ, ਉਸ ਦੇ ਬਿਲਕੁਲ ਸਾਹਮਣੇ ਇੱਕ ਮੈਰਿਜ ਪੈਲੇਸ ਸੀ। ਅਸੀਂ ਡਰਾਈਵਰ ਤੇ ਕਲੀਨਰ ਨੂੰ ਉਥੇ ਲੈ ਗਏ ਤਾਂ ਜੋ ਸ਼ਾਂਤੀ ਨਾਲ ਪੁੱਛ ਗਿੱਛ ਕੀਤੀ ਜਾ ਸਕੇ। ਡਰਾਈਵਰ ਤੇ ਕਲੀਨਰ ਦੀ ਕਹਾਣੀ ਲਗਭਗ ਇੱਕੋ ਜਿਹੀ ਹੀ ਸੀ। ਉਹ ਮੰਡੀ ਗੋਬਿੰਦਗੜ੍ਹ ਦੀ ਇੱਕ ਸਟੀਲ ਮਿੱਲ ਤੋਂ ਸਰੀਆ ਲੱਦ ਕੇ ਲੁਧਿਆਣੇ ਵਿਖੇ ਕਿਸੇ ਵਪਾਰੀ ਦੇ ਗੁਦਾਮ ਵਿੱਚ ਲਾਹ ਕੇ ਆਏ ਸਨ ਅਤੇ ਅੱਜ ਦੀ ਤੇ ਪਹਿਲਾਂ ਭੇਜੇ ਮਾਲ ਦੀ ਕੁੱਲ 9 ਲੱਖ ਰੁਪਏ ਪੇਮੈਂਟ ਲੈ ਕੇ ਆ ਰਹੇ ਸਨ। ਉਹ ਟਰੱਕ ਮੰਡੀ ਗੋਬਿੰਦਗੜ੍ਹ ਵਾਲੀ ਫੈਕਟਰੀ ਵਾਲਿਆਂ ਦਾ ਆਪਣਾ ਸੀ। ਫੈਕਟਰੀ ਮਾਲਕ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਡਰਾਈਵਰ ਅਤੇ ਕਲੀਨਰ ਕਈ ਸਾਲਾਂ ਤੋਂ ਉਥੇ ਕੰਮ ਕਰ ਰਹੇ ਸਨ ਤੇ ਭਰੋਸੇਯੋਗ ਹੋਣ ਕਾਰਨ ਪਹਿਲਾਂ ਵੀ ਪੇਮੈਂਟਾਂ ਲੈ ਆਉਂਦੇ ਸਨ। ਡਰਾਈਵਰ ਦੀ ਪੁੱਛ ਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਪੁਲ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਸਕੂਟਰ ‘ਤੇ ਸਵਾਰ ਤਿੰਨ ਬਦਮਾਸ਼ਾਂ ਨੇ ਤਲਵਾਰ ਵਿਖਾ ਕੇ ਉਸ ਨੂੰ ਟਰੱਕ ਰੋਕਣ ਲਈ ਕਿਹਾ। ਜਦੋਂ ਉਹ ਨਾ ਰੁਕਿਆ ਤਾਂ ਇੱਕ ਬਦਮਾਸ਼ ਨੇ ਉਸ ਦੀ ਸੱਜੀ ਬਾਂਹ ‘ਤੇ ਤਲਵਾਰ ਨਾਲ ਤਿੰਨ ਚਾਰ ਵਾਰ ਕਰ ਦਿੱਤੇ। ਇਸ ਕਾਰਨ ਉਸ ਨੂੰ ਟਰੱਕ ਰੋਕਣਾ ਪਿਆ ਤੇ ਬਦਮਾਸ਼ ਪੈਸੇ ਲੈ ਕੇ ਫਰਾਰ ਹੋ ਗਏ।

ਉਸ ਦੀ ਕਹਾਣੀ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਪੰਜਾਬ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸਕੂਟਰ ਸਵਾਰ ਨੇ ਦਿਨ ਦਿਹਾੜੇ ਟਰੱਕ ਰੋਕ ਕੇ ਲੁੱਟ ਕੀਤੀ ਹੋਵੇ। ਮੈਂ ਉਸ ਨੂੰ ਪੁੱਛਿਆ ਕਿ ਤੂੰ ਟਰੱਕ ਰੋਕਿਆ ਕਿਉਂ? ਬਦਮਾਸ਼ ਨੂੰ ਫੇਟ ਮਾਰ ਕੇ ਪਰ੍ਹਾਂ ਸੁੱਟ ਦੇਣਾ ਸੀ। ਟਰੱਕ ਵਾਲੇ ਨੇ ਭੋਲਾ ਭਾਲਾ ਜਿਹਾ ਬਣ ਕੇ ਜਵਾਬ ਦਿੱਤਾ ਕਿ ਮੈਂ ਉਸ ਦੀ ਤਲਵਾਰ ਵੇਖ ਕੇ ਡਰ ਗਿਆ ਸੀ। ਮੈਰਿਜ ਪੈਲੇਸ ਦਾ ਮਾਲਕ ਧਰਮਪਾਲ ਧੰਮਾ (ਕਾਲਪਨਿਕ ਨਾਮ) ਸਾਡਾ ਵਧੀਆ ਵਾਕਿਫ ਸੀ ਤੇ ਕੋਲ ਹੀ ਬੈਠਾ ਸੀ। ਮੈਂ ਉਸ ਨੂੰ ਪੁੱਛਿਆ ਕਿ ਧਰਮਪਾਲ ਤੂੰ ਇਹ ਘਟਨਾ ਵੇਖੀ ਹੈ? ਧਰਮਪਾਲ ਨੇ ਜਵਾਬ ਦਿੱਤਾ ਕਿ ਉਸ ਨੇ ਸਾਰੀ ਘਟਨਾ ਆਪਣੀ ਅੱਖੀਂ ਵੇਖੀ ਹੈ। ਬਿਲਕੁਲ ਉਸੇ ਤਰਾਂ ਹੀ ਹੋਇਆ ਸੀ ਜਿਵੇਂ ਡਰਾਈਵਰ ਨੇ ਬਿਆਨ ਕੀਤਾ ਹੈ। ਉਹ ਮੈਰਿਜ ਪੈਲੇਸ ਵਿੱਚ ਜਿਸ ਜਗ੍ਹਾ ‘ਤੇ ਬੈਠਾ ਧੁੱਪ ਸੇਕ ਰਿਹਾ ਸੀ, ਉਥੋਂ ਸੜਕ ਬਿਲਕੁਲ ਸਾਫ ਦਿਖਾਈ ਦਿੰਦੀ ਸੀ। ਇਹ ਸੁਣ ਕੇ ਮੇਰਾ ਤੇ ਐਸ.ਐਚ.ਉ. ਦਾ ਜੋਸ਼ ਠੰਡਾ ਪੈ ਗਿਆ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਈ ਖੋਹ ਵਗੈਰਾ ਨਹੀਂ ਹੋਈ, ਬੱਸ ਪੈਸੇ ਹਜ਼ਮ ਕਰਨ ਲਈ ਡਰਾਈਵਰ ਕਲੀਨਰ ਨੇ ਕਹਾਣੀ ਬਣਾਈ ਹੈ। ਇੱਕ ਦੋ ਮਿੰਟ ਸੋਚ ਕੇ ਉਹ ਦੁਬਾਰਾ ਬੋਲਿਆ, “ਪਰ ਸਰ, ਖੋਹ ਵਾਲੀ ਗੱਲ ਬਣੀ ਜਿਹੀ ਨਹੀਂ।” ਮੈਂ ਖਿਝ੍ਹ ਕੇ ਕਿਹਾ ਜਿਵੇਂ ਖੋਹ ਧਰਮਪਾਲ ਨੇ ਕੀਤੀ ਹੋਵੇ, “ਇੱਕ ਪਾਸੇ ਤੂੰ ਕਹਿ ਰਿਹਾਂ ਕਿ ਤੇਰੇ ਸਾਹਮਣੇ ਖੋਹ ਹੋਈ ਆ, ਦੂਸਰੇ ਪਾਸੇ ਕਹਿ ਰਿਹਾਂ ਕਿ ਗੱਲ ਬਣੀ ਜਿਹੀ ਨਹੀਂ। ਜਦੋਂ ਖੋਹ ਈ ਹੋਗੀ ਤਾਂ ਗੱਲ ਹੋਰ ਕਿਵੇਂ ਬਣਨੀ ਸੀ, ਤੇਰੇ ਮੁਤਾਬਕ ਦੋ ਚਾਰ ਬੰਦੇ ਵੀ ਮਰਨੇ ਚਾਹੀਦੇ ਸੀ?”

“ਸਰ ਜੀ, ਬੀ.ਪੀ. ਹਾਈ ਨਾ ਕਰੋ ਤੇ ਠੰਡੇ ਮੱਤੇ ਨਾਲ ਮੇਰੀ ਗੱਲ ਸੁਣੋ। ਇਹ ਡਰਾਈਵਰ ਤਾਂ ਇਸ ਤਰਾਂ ਹੌਲੀ ਹੌਲੀ ਟਰੱਕ ਚਲਾ ਰਿਹਾ ਸੀ ਜਿਵੇਂ ਲੁਟੇਰਿਆਂ ਨੂੰ ਉਡੀਕ ਰਿਹਾ ਹੋਵੇ। ਬਦਮਾਸ਼ਾਂ ਨੇ ਦੋ ਚਾਰ ਵਾਰ ਤਲਵਾਰ ਬਾਰੀ ‘ਤੇ ਮਾਰੀ ਤਾਂ ਇਸ ਨੇ ਟਰੱਕ ਰੋਕ ਦਿੱਤਾ। ਮੈਨੂੰ ਤਾਂ ਲੱਗਦਾ ਖੋਹ ਨੂੰ ਸਹੀ ਠਹਿਰਾਉਣ ਵਾਸਤੇ ਇਹ ਮਾੜੀਆਂ ਮੋਟੀਆਂ ਸੱਟਾਂ ਇਹਨਾਂ ਨੇ ਆਪੇ ਈ ਮਰਵਾ ਲਈਆਂ ਨੇ। ਬਾਕੀ ਤੁਸੀਂ ਸਿਆਣੇ ਉ,” ਉਸ ਨੇ ਗੇਂਦ ਮੇਰੇ ਪਾਲੇ ਵੱਲ ਰੇੜ੍ਹ ਦਿੱਤੀ। ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਚੱਲਣਾ ਸ਼ੁਰੂ ਹੋ ਗਿਆ। ਸਾਡੇ ਕਹਿਣ ‘ਤੇ ਧਰਮਪਾਲ ਨੇ ਗੁਦਾਮ ਵਾਲਾ ਕਮਰਾ ਖੋਲ੍ਹ ਦਿੱਤਾ। ਸਿਰਫ ਦਸ ਕੁ ਮਿੰਟ ਦੀ ਤਫਤੀਸ਼ ਤੋਂ ਬਾਅਦ ਹੀ ਡਰਾਈਵਰ ਤੋਤੇ ਵਾਂਗ ਬੋਲਣ ਲੱਗ ਪਿਆ ਕਿ ਸਕੂਟਰ ‘ਤੇ ਕੋਈ ਬਦਮਾਸ਼ ਨਹੀਂ, ਬਲਕਿ ਮਿੱਲ ਮਾਲਕ ਦਾ ਮੈਨੇਜਰ ਤੇ ਉਸ ਦੇ ਭਰਾ ਸਨ। ਡਰਾਈਵਰ, ਕਲੀਨਰ ਤੇ ਮੈਨੇਜਰ ਨੇ ਮਿਲ ਕੇ ਪੈਸੇ ਹਜ਼ਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੋ ਤਿੰਨ ਘੰਟਿਆਂ ਵਿੱਚ ਸਾਰੇ ਪੈਸੇ ਵੀ ਬਰਾਮਦ ਹੋ ਗਏ ਤੇ ਨਵੇਂ ਬਣੇ ਬਦਮਾਸ਼ ਵੀ ਕਾਬੂ ਆ ਗਏ। ਉਹਨਾਂ ਨਾਲ ਉਹ ਹੋਈ ਕਿ ਪਹਿਲੀ ਚੋਰੀ ਤੇ ਮੌਤ ਦੀ ਸਜ਼ਾ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062