ਦਰਜਨਾਂ ਪੁਰਸਕਾਰ ਪ੍ਰਾਪਤ ਦੋ ਮਿੰਟ ਦੀ ਫ਼ਿਲਮ
ਦੁਨੀਆਂ ਭਰ ਵਿੱਚ ਮਨੋਰੰਜਨ ਲਈ ਫ਼ਿਲਮਾਂ ਬਣਦੀਆਂ ਹਨ ਅਤੇ ਵੇਖੀਆਂ ਜਾਂਦੀਆਂ ਹਨ। ਫ਼ਿਲਮ ਬਣਾਉਣ ਦਾ ਅਸਲ ਮਕਸਦ ਤਾਂ ਲੋਕਾਂ ਨੂੰ ਜਾਗਰਿਤ ਕਰਨਾ ਤੇ ਕੋਈ ਚੰਗਾ ਸੁਨੇਹਾ ਦੇਣਾ ਹੁੰਦਾ ਹੈ, ਪਰ ਅੱਜ ਕੱਲ ਸੁਨੇਹੇ ਵੱਲ ਘੱਟ ਧਿਆਨ ਦਿੱਤਾ ਜਾਦਾ ਹੈ ਸਗੋਂ ਉਸਨੂੰ ਦਿਲਚਸਪ ਬਣਾਉਣ ਵੱਲ ਵਧੇਰੇ ਧਿਆਨ ਕੇਂਦਰਤ ਕੀਤਾ ਜਾਂਦਾ ਹੈ। ਫ਼ਿਲਮ ਦੇ ਹੀਰੋ ਤੇ ਹੀਰੋਇਨ ਲਈ ਖੂਬਸੂਰਤ ਮਰਦ ਔਰਤ ਦੀ ਚੋਣ ਕੀਤੀ ਜਾਂਦੀ ਹੈ, ਉਹਨਾਂ ਦੇ ਸੁੰਦਰ ਪੁਸ਼ਾਕਾਂ ਪੁਆਈਆਂ ਜਾਂਦੀਆਂ ਹਨ। ਪਿਆਰ ਦੀਆਂ ਲੁਭਾਉਣੀਆਂ ਗੱਲਾਂ ਕਰਵਾਈਆਂ ਜਾਂਦੀਆਂ ਹਨ। ਇਸ ਤਰਾਂ ਫਿਲਮ ਅਸਲ ਮਕਸਦ ਤੋਂ ਪਾਸੇ ਹਟ ਜਾਂਦੀ ਹੈ। ਪਰ ਫ਼ਿਲਮਾਂ ਬਣਾਉਣ ਵਾਲਿਆਂ ਦੀ ਅਜਿਹਾ ਕਰਨ ਲਈ ਕੁੱਝ ਮਜਬੂਰੀ ਵੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਫ਼ਿਲਮ ਨੂੰ ਸਫ਼ਲ ਬਣਾ ਕੇ ਪੈਸਾ ਕਮਾਉਣਾ ਹੁੰਦਾ ਹੈ। ਦਰਸ਼ਕ ਜਿਹੋ ਜਿਹਾ ਚਾਹੁੰਦੇ ਹਨ, ਉਹੋ ਜਿਹਾ ਪਰੋਸਣਾ ਪੈਂਦਾ ਹੈ ਅਤੇ ਕਈ ਕਈ ਘੰਟੇ ਮਨੋਰੰਜਨ ਕਰਵਾਉਣਾ ਪੈਂਦਾ ਹੈ। ਭਾਰਤ ਵਿੱਚ ਤਾਂ ਤਿੰਨ ਘੰਟੇ ਕੀ ਕਈ ਫ਼ਿਲਮਾਂ ਤਾਂ ਕਈ ਕਈ ਹਿੱਸਿਆਂ ਵਿੱਚ ਵਿਖਾਈਆਂ ਜਾਂਦੀਆਂ ਹਨ, ਜਿਹਨਾਂ ਦਾ ਸਮਾਂ ਕਾਫ਼ੀ ਲੰਬਾ ਹੁੰਦਾ ਹੈ। ਨਾਟਕ ਤਾਂ ਮਹੀਨਿਆਂ ਬੱਝੀ ਚਲਦੇ ਰਹਿੰਦੇ ਹਨ ਤੇ ਦਰਸ਼ਕ ਕੰਮ ਛੱਡ ਕੇ ਉਹਨਾਂ ਦਾ ਆਨੰਦ ਮਾਣਦੇ ਹਨ। ਪਰ ਜੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ, ਮਨੋਰੰਜਨ ਤਾਂ ਜਰੂਰ ਹੋ ਜਾਂਦਾ ਹੈ ਪਰ ਜੀਵਨ ਨੂੰ ਚੰਗੇਰਾ ਬਣਾਉਣ ਜਾਂ ਸਮਾਜ ਦੇ ਸੁਧਾਰ ਲਈ ਚੰਗਾ ਸੁਨੇਹਾ ਘੱਟ ਹੀ ਮਿਲਦਾ ਹੈ। ਪੰਜਾਬੀ ਫ਼ਿਲਮਾਂ ਵਿੱਚ ਤਾਂ ਵਧੇਰੇ ਕਰਕੇ ਠਰਕੀ ਗੱਲਾਂਬਾਤਾਂ ਜਾਂ ਹਾਸਾ ਠੱਠਾ ਹੀ ਹੁੰਦਾ ਹੈ, ਅਜਿਹਾ ਕਈ ਵਾਰ ਸਮਾਜਿਕ ਹੱਦਾਂ ਵੀ ਟੱਪ ਜਾਂਦਾ ਹੈ ਤੇ ਜੇਕਰ ਪਿਓ ਧੀ, ਮਾਂ ਪੁੱਤ ਜਾਂ ਭੈਣ ਭਰਾ ਇਕੱਠੇ ਵੇਖ ਰਹੇ ਹੋਣ ਤਾਂ ਉਹਨਾਂ ਦੀ ਨੀਵੀਂ ਪੈ ਜਾਂਦੀ ਹੈ ਤੇ ਇੱਕ ਦੁਜੇ ਨਾਲ ਅੱਖ ਵੀ ਮਿਲਾਉਣ ਤੋਂ ਸੰਕੋਚ ਕਰਦੇ ਹਨ।
ਪਾਠਕ ਸੋਚ ਰਿਹਾ ਹੋਵੇਗਾ ਕਿ ਇਹ ਲਿਖਤ ਦਾ ਅਰਥ ਕੀ ਹੈ? ਹਾਂ ! ਇਹ ਤਾਂ ਲਿਖਤ ਦੀ ਭੂਮਿਕਾ ਹੀ ਹੈ ਕਿ ਅਸੀਂ ਕੀ ਵੇਖ ਰਹੇ ਹਾਂ। ਮੈਂ ਗੱਲ ਕਰਨੀ ਚਾਹੁੰਦਾ ਹਾਂ ਇੱਕ ਹੋਰ ਦੇਸ਼ ‘ਤੁਰਕੀ’ ਦੀ ਇੱਕ ਫ਼ਿਲਮ ਦੀ। ਇਹ ਫ਼ਿਲਮ ਪੂਰੇ ਦੋ ਮਿੰਟ ਦੀ ਵੀ ਨਹੀਂ, ਸਿਰਫ਼ ਇੱਕ ਮਿੰਟ ਛਪੰਜਾ ਸੈਕਿੰਡ ਦੀ ਹੈ। ਫ਼ਿਲਮ ਵਿੱਚ ਆਵਾਜ਼ ਨਹੀਂ ਹੈ, ਹੀਰੋ ਜਾਂ ਕਿਸੇ ਹੋਰ ਪਾਤਰ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਸਰੀਰਕ ਹਰਕਤ ਹੀ ਸਭ ਕੁੱਝ ਬਿਆਨ ਕਰਦੀ ਹੈ। ਇਸ ਫ਼ਿਲਮ ਨੂੰ ਵੇਖਣ ਵਾਲੇ ਦਰਸ਼ਕ ਦੀਆਂ ਅੱਖਾਂ ਚੋਂ ਪਾਣੀ ਨਿਕਲ ਆਉਂਦਾ ਹੈ, ਉਸਦਾ ਦਿਲ ਹਲੂਣਿਆਂ ਜਾਂਦਾ ਹੈ ਤੇ ਸੋਚਣ ਲਈ ਮਜਬੂਰ ਹੋ ਜਾਂਦਾ ਹੈ।
ਸੁਆਲ ਉੱਠਦੈ ਫ਼ਿਲਮ ਕੀ ਐ? ਸੁਣੋ! ਇੱਕ ਪਰਿਵਾਰ ਵਿੱਚ ਤਿੰਨ ਜੀਅ ਹਨ, ਘਰ ਦਾ ਮੁਖੀ, ਉਸਦੀ ਪਤਨੀ ਤੇ ਛੋਟਾ ਜਿਹਾ ਬੱਚਾ। ਘਰ ਚੰਗਾ ਸਰਦਾ ਪੁੱਜਦਾ ਲਗਦਾ ਹੈ। ਡਰਾਇੰਗ ਰੂਮ ਵਿੱਚ ਐੱਲ ਸੀ ਡੀ ਲੱਗੀ ਹੋਈ ਹੈ, ਸਾਹਮਣੇ ਸੋਫ਼ੇ ਲੱਗੇ ਹੋਏ ਹਨ। ਘਰ ਦਾ ਮੁਖੀ ਬਾਹਰੋਂ ਆਉਂਦਾ ਹੈ ਤੇ ਸੋਫ਼ੇ ਤੇ ਬੈਠ ਕੇ ਮਨ ਨੂੰ ਸਾਂਤ ਕਰਨ ਲਈ ਰਿਮੋਟ ਚੁੱਕ ਕੇ ਫ਼ਿਲਮ ਵੇਖਣ ਲਈ ਐੱਲ ਸੀ ਡੀ ਨੂੰ ਚਾਲੂ ਕਰਨ ਲਗਦਾ ਹੈ, ਪਰ ਉਹ ਚੱਲ ਨਹੀਂ ਰਹੀ। ਮੁਖੀ ਫੋਨ ਕਰਕੇ ਇੱਕ ਮਕੈਨਿਕ ਨੂੰ ਬੁਲਾ ਲੈਂਦਾ ਹੈ। ਜਦ ਘਰ ਦੇ ਮੁਖੀ ਦੇ ਸਾਹਮਣੇ ਮਕੈਨਿਕ ਉਸ ਐੱਲ ਸੀ ਡੀ ਨੂੰ ਠੀਕ ਕਰਨ ਲਈ ਪਿਛਲੇ ਪਾਸੇ ਤੋਂ ਖੋਹਲਦਾ ਹੈ, ਤਾਂ ਉਸ ਵਿੱਚ ਪਏ ਕਿਸੇ ਪਦਾਰਥ ਨੂੰ ਵੇਖ ਕੇ ਸੁੰਘਦਾ ਹੈ ਤੇ ਮਾਲਕ ਨੂੰ ਦਸਦਾ ਹੈ ਕਿ ਇਹ ਤਾਂ ਬਰੈੱਡ ਹਨ। ਇਸੇ ਕਰਕੇ ਐੱਲ ਸੀ ਡੀ ਨਹੀਂ ਚੱਲ ਰਹੀ। ਮਕੈਨਿਕ ਸਾਫ਼ ਕਰਕੇ ਚਲਾ ਜਾਂਦਾ ਹੈ।
ਘਰ ਦਾ ਮੁਖੀ ਤੇ ਉਸਦੀ ਪਤਨੀ ਸਮਝਦੇ ਹਨ, ਕਿ ਇਹ ਸਰਾਰਤ ਤਾਂ ਬੱਚਾ ਹੀ ਕਰ ਸਕਦਾ ਹੈ। ਉਹ ਆਪਣੇ ਬੱਚੇ ਨੂੰ ਬਿਠਾ ਕੇ ਪੁੱਛ ਪੜਤਾਲ ਕਰਦੇ ਹਨ। ਫਿਲਮ ਵਿੱਚ ਬੱਚਾ ਬਗੈਰ ਆਵਾਜ਼ ਦੇ ਹੀ ਤਸਵੀਰਾਂ ਰਾਹੀਂ ਦੱਸ ਰਿਹਾ ਹੈ ਕਿ ਘਟਨਾ ਕੀ ਹੈ। ਬੱਚਾ ਸੋਫ਼ੇ ਤੇ ਬੈਠਾ ਐੱਲ ਸੀ ਡੀ ਵੇਖ ਰਿਹਾ ਸੀ, ਐੱਲ ਸੀ ਡੀ ਤੇ ਚੱਲ ਰਹੀ ਫ਼ਿਲਮ ਵਿੱਚ ਭੁੱਖ ਨਾਲ ਤਰਾਹ ਤਰਾਹ ਕਰਕੇ ਕੁਪੋਸ਼ਣ ਦੇ ਮਾਰੇ ਬੱਚੇ ਵਿਲਕਦੇ ਵੇਖਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ ਟਪਕ ਪੈਂਦੇ ਹਨ। ਉਸਤੋਂ ਬੱਚਿਆਂ ਦੀ ਭੁੱਖ ਦਾ ਦੁੱਖ ਬਰਦਾਸਤ ਨਹੀਂ ਹੁੰਦਾ, ਪਰ ਉਸਨੂੰ ਇਹ ਇਲਮ ਨਹੀਂ ਕਿ ਇਹ ਅਸਲ ਬੱਚੇ ਨਹੀਂ ਬਲਕਿ ਤਸਵੀਰ ਹੈ। ਉਹ ਸੋਚਦਾ ਹੈ ਕਿ ਐੱਲ ਸੀ ਡੀ ਵਿੱਚ ਸੱਚ ਮੁੱਚ ਹੀ ਬੱਚੇ ਤੜਫ਼ ਰਹੇ ਹਨ। ਉਹ ਮੇਜ਼ ਤੋਂ ਬਰੈੱਡ ਚੁੱਕਦਾ ਹੈ ਤੇ ਐੱਲ ਸੀ ਡੀ ਦੇ ਪਿਛਲੇ ਪਾਸਿਉਂ ਗਲੀਆਂ ਮੋਰੀਆਂ ਰਾਹੀਂ ਬਰੈੱਡ ਅੰਦਰ ਸੁੱਟ ਦਿੰਦਾ ਹੈ। ਜਦ ਬੱਚੇ ਦੇ ਮਾਂ ਬਾਪ ਨੂੰ ਇਸ ਅਸਲੀਅਤ ਦਾ ਪਤਾ ਲੱਗਾ ਤਾਂ ਉਹਨਾਂ ਬੱਚੇ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੱਤਾ ਅਤੇ ਭਾਵੁਕ ਹੋ ਗਏ।
ਸਾਰੀ ਫ਼ਿਲਮ ਦੋ ਮਿੰਟ ਦੀ ਵੀ ਨਹੀਂ ਹੈ, ਪਰ ਸੁਨੇਹਾ ਬਹੁਤ ਵੱਡਾ ਹੈ। ਫ਼ਿਲਮ ਸਮਾਜ ਦੇ ਦੁੱਖੜੇ ਫਰਲੋਦੀ ਹੈ, ਗਰੀਬੀ ਤੇ ਭੁੱਖ ਦੇ ਦੁੱਖ ਨੂੰ ਪ੍ਰਗਟ ਕਰਦੀ ਹੈ, ਬੱਚੇ ਦੀ ਮਾਨਸਿਕਤਾ ਨੂੰ ਉਜਾਗਰ ਕਰਕੇ ਸਮਾਜ ਵਿਚਲੀ ਗਿਰਾਵਟ ਨੂੰ ਦੂਰ ਕਰਨ ਲਈ ਝੰਜੋੜਾ ਦਿੰਦੀ ਹੈ। ਮਾਂ ਬਾਪ ਵੀ ਬੱਚੇ ਦੇ ਖਿਆਲਾਂ ਤੋਂ ਪ੍ਰਭਾਵਿਤ ਹੁੰਦੇ ਹਨ। ਇਹ ਹੈ ਫ਼ਿਲਮ ਦਾ ਅਸਲ ਮਨੋਰਥ। ਇਹ ਫਿਲਮ 27 ਪੁਰਸਕਾਰ ਹਾਸਲ ਕਰ ਚੁੱਕੀ ਹੈ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913