
ਮੇਰੇ ਵਰਗੇ ਬੜੇ ਘੱਟ ਲੋਕ ਹੋਣਗੇ ਜਿਹੜੇ ਅਖਬਾਰ ਦੀ ਹਾਰਡ ਕਾਪੀ ਵੀ ਪੜ੍ਹਦੇ ਹਨ ਅਤੇ ਅਨਲਾਈਨ ਸਬਸਕਰਾਈਬ ਵੀ ਕਰਦੇ ਹਨ। ਇਸਦੇ ਬਹੁਤ ਸਾਰੇ ਫਾਇਦੇ ਹਨ।
ਤੁਸੀਂ ਕਿਸੇ ਵੀ ਰਾਜ ਦਾ, ਯੂ.ਟੀ. ਦਾ, ਸ਼ਹਿਰ ਦਾ ਅਡੀਸ਼ਨ ਪੜ੍ਹ ਸਕਦੇ ਹੋ। ਇਕ ਕਲਿਕ ਨਾਲ ਕੋਈ ਵੀ ਪੁਰਾਣਾ ਅੰਕ ਸਕਿੰਟਾਂ ਵਿਚ ਤੁਹਾਡੇ ਸਾਹਮਣੇ ਖੁਲ੍ਹ ਜਾਏਗਾ। ਤੁਸੀਂ ਦੁਨੀਆਂ ਵਿਚ, ਧਰਤੀ ਦੇ ਕਿਸੇ ਵੀ ਕੋਨੇ ਵਿਚ ਬੈਠੇ ਅਖ਼ਬਾਰ ਪੜ੍ਹਨ ਦਾ ਆਨੰਦ ਲੈ ਸਕਦੇ ਹੋ। ਤੁਸੀਂ ਕਾਹਲੀ ਵਿਚ ਹੋ, ਪੜ੍ਹਨ ਦਾ ਸਮਾਂ ਨਹੀਂ ਹੈ, ਸਫ਼ਰ ਕਰ ਰਹੇ ਹੋ, ਸਫ਼ਰ ਕਰ ਰਹੇ ਹੋ, ਫਿਰ ਵੀ ਉੱਡਦੀ ਉੱਡਦੀ ਇਕ ਨਜ਼ਰ ਮਾਰ ਕੇ ਤਾਜ਼ਾ ਅਖ਼ਬਾਰ ਵੇਖ ਲੈਣ ਦਾ ਅਹਿਸਾਸ ਮਾਣ ਕਰਦੇ ਹੋ।
ਮੇਰਾ ਨਿੱਜੀ ਤਜ਼ਰਬਾ ਹੈ ਕਿ ਹੁਣ ਵੱਖ-ਵੱਖ ਸ਼ਹਿਰਾਂ, ਕਸਬਿਆਂ ਵਿਚੋਂ ਵੱਖ-ਵੱਖ ਥਾਵਾਂ ਤੋਂ ਅਖਬਾਰਾਂ ਨਹੀਂ ਮਿਲਦੀਆਂ। ਸਵੇਰ ਵੇਲੇ ਅਖ਼ਬਾਰਾਂ ਵੇਚਣ ਵਾਲੇ ਛੋਟੇ ਸਟਾਲ, ਛੋਟੀਆਂ-ਛੋਟੀਆਂ ਦੁਕਾਨਾਂ ਬੰਦ ਹੋ ਗਈਆਂ ਹਨ ਜਾਂ ਉਸੇ ਥਾਂ ’ਤੇ ਉਨ੍ਹਾਂ ਨੇ ਕੋਈ ਹੋਰ ਕੰਮ ਕਾਰ, ਕਾਰੋਬਾਰ ਆਰੰਭ ਕਰ ਲਿਆ ਹੈ। ਇਥੋਂ ਤੱਕ ਕਿ ਵੱਖ-ਵੱਖ ਸ਼ਹਿਰਾਂ ਕਸਬਿਆਂ ਦੇ ਬੱਸ ਅੱਡਿਆਂ ਤੋਂ ਵੀ ਹੁਣ ਅਖ਼ਬਾਰਾਂ, ਕਿਤਾਬਾਂ ਨਹੀਂ ਮਿਲਦੀਆਂ। ਕਿਉਂਕਿ ਕਾਰਪੋਰੇਸ਼ਨ ਜਾਂ ਸੰਬੰਧਤ ਮਾਲਕਾਂ, ਅਧਿਕਾਰੀਆਂ ਨੇ ਮਹੀਨਵਾਰ ਕਿਰਾਇਆ ਬਹੁਤ ਵਧਾ ਦਿੱਤਾ ਹੈ। ਜਿਹੜਾ ਅਖਬਾਰਾਂ, ਕਿਤਾਬਾਂ ਵੇਚਣ ਵਾਲਿਆਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਜਲੰਧਰ ਬੱਸ ਸਟੈਂਡ ‘ਤੇ ਅਖ਼ਬਾਰਾਂ, ਕਿਤਾਬਾਂ ਵੇਚਣ ਵਾਲੀਆਂ ਦੋ ਵੱਡੀਆਂ ਦੁਕਾਨਾਂ ਸਨ। ਉਪਰੋਕਤ ਕਾਰਨਾਂ ਕਰਕੇ ਦੋਵੇਂ ਬੰਦ ਹੋ ਗਈਆਂ ਹਨ।
ਇਸ ਸਥਿਤੀ ਵਿਚ ਮਨਪਸਦ ਅਖ਼ਬਾਰ ਨੂੰ ਸਬਸਕਰਾਈਬ ਕਰਨਾ ਬਿਹਤਰ ਬਦਲ ਹੈ। ਕਦੇ ਵੀ ਕਿਸੇ ਵੀ ਸਮੇਂ ਆਪਣੇ ਮੋਬਾਇਲ ‘ਤੇ, ਆਈਪੈਡ ‘ਤੇ, ਲੈਪਟਾਪ ‘ਤੇ ਖੋਲ੍ਹ ਕੇ ਪੜ੍ਹ ਸਕਦੇ ਹਾਂ। ਕੇ ਨਜ਼ਰ ਮਾਰ ਸਕਦੇ ਹਾਂ।
ਅਖਬਾਰਾਂ ਹੀ ਹਨ ਜਿੱਥੋਂ ਸਾਨੂੰ ਹਰੇਕ ਮੁੱਕੇ, ਮਸਲੇ ਅਤੇ ਖ਼ਬਰ ਬਾਰੇ ਵਿਸਥਾਰ ਵਿਚ ਸਹੀ ਜਾਣਕਾਰੀ, ਮਿਲਦੀ ਹੈ। ਗੁੰਝਲਦਾਰ ਵਿਸ਼ਿਆਂ ਬਾਰੇ ਮਾਹਿਰਾਂ ਦੀ ਰਾਏ ਵੀ ਅਖ਼ਬਾਰਾਂ ਹੀ ਮੁਹੱਈਆਂ ਕਰਦੀਆਂ ਹਨ। ਵੱਖ-ਵੱਖ ਵਿਸ਼ਿਆਂ ਬਾਰ ਜਿੰਨੀ ਸਮੱਗਰੀ ਅਖ਼ਬਾਰਾਂ ਦੇ ਸੰਪਾਦਕੀ ਪੰਨਿਆਂ ‘ਤੇ ਮਿਲਦੀ ਹੈ ਹੋਰ ਕਿਧਰੋਂ ਨਹੀਂ ਮਿਲ ਸਕਦੀ।
ਤੁਸੀਂ ਜਿੰਨਾ ਮਰਜ਼ੀ ਸੋਸ਼ਲ ਮੀਡੀਆ ‘ਤੇ ਘੁੰਮ ਲਓ, ਜੋ ਤਸੱਲੀ ਅਖ਼ਬਾਰ ਪੜ੍ਹ ਕੇ ਹੁੰਦੀ ਹੈ ਉਹ ਸੋਸ਼ਲ ਮੀਡੀਆ ਤੋਂ ਨਹੀਂ ਮਿਲ ਸਕਦੀ। ਸਥਾਪਿਤ ਅਖ਼ਬਾਰਾਂ ਦੀ ਇਕ ਭਰੋਸੇਯੋਗਤਾ ਹੁੰਦੀ। ਉਸੇ ਭਰੋਸੇਯੋਗਤਾ ਅਤੇ ਭਾਵਨਾਤਮਕ ਸਾਂਝ ਕਾਰਨ ਤੁਸੀਂ ਉਸ ਨਾਲ ਜੁੜਦੇ ਹੋ, ਉਸਨੂੰ ਪੜ੍ਹਦੇ ਹੋ।
ਬਹੁਤ ਸਾਰੇ ਪਾਠਕ ਹਨ ਜਿਨ੍ਹਾਂ ਨੇ ਇਕ ਤੋਂ ਵਧੇਰੇ ਅਖਬਾਰਾਂ ਦੀ, ਇਕ ਤੋਂ ਵਧੇਰੇ ਭਾਸ਼ਾਵਾਂ ਦੀਆਂ ਅਖ਼ਬਾਰਾਂ ਦੀ ਸਬਸਕ੍ਰਿਪਸ਼ਨ ਲਈ ਹੋਈ ਹੈ। ਭਾਵੇਂ ਹਰ ਰੋਜ਼ ਹਰੇਕ ਖ਼ਬਰ, ਹਰੇਕ ਆਰਟੀਕਲ ਨਹੀਂ ਪੜ੍ਹਿਆ ਜਾਂਦਾ ਪਰ ਹਰੇਕ ਪੰਨੇ ਦੀ ਹਰੇਕ ਸੁਰਖੀ ‘ਤੇ ਨਜ਼ਰ ਜ਼ਰੂਰ ਜਾਂਦੀ ਹੈ।
ਇੰਝ ਕਰਨ ਨਾਲ ਤੁਹਾਨੂੰ ਹੀ ਅਖ਼ਬਾਰ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਬਲਕਿ ਤੁਸੀਂ ਆਪਣੇ ਇਲਾਕੇ, ਆਪਣੇ ਸੂਬੇ, ਆਪਣੀ ਭਾਸ਼ਾ ਦੀ ਅਖਬਾਰ ਦੀ, ਪੱਤਰਕਾਰੀ ਦੀ ਮਦਦ ਵੀ ਕਰ ਰਹੇ ਹੁੰਦੇ ਹੋ।
ਜੇਕਰ ਕਿਸੇ ਕਾਰਨ ਇੰਟਰਨੈੱਟ ਸੇਵਾਵਾਂ ਵਿਚ ਰੁਕਾਵਟ ਪੈਦਾ ਹੋ ਜਾਵੇ ਫਿਰ ਵੀ ਜਿਹੜੀਆਂ ਅਖ਼ਬਾਰਾਂ ਨੂੰ ਤੁਸੀਂ ਸਬਸਕਰਾਈਬ ਕੀਤਾ ਹੁੰਦਾ ਹੈ ਉਹ ਉਪਲਬਧ ਰਹਿੰਦੀਆਂ ਹਨ।
ਅੱਜ ਕਲ੍ਹ ਆਪਣੀ ਖਬਰ, ਆਪਣਾ ਆਰਟੀਕਲ ਅੱਗੇ ਸੋਸ਼ਲ ਮੀਡੀਆ ਅਤੇ ਵੱਟਸਐਪ ਗਰੁੱਪਾਂ ਵਿਚ ਭੇਜਣ ਦਾ ਰੁਝਾਨ ਹੈ। ਆਨਲਾਈਨ ਅਖ਼ਬਾਰ ਵਿਚੋਂ ਅਜਿਹਾ ਝੱਟਪਟ ਅਤੇ ਗੁਣਵਤਾ ਸਹਿਤ ਕੀਤਾ ਜਾ ਸਕਦਾ ਹੈ।
ਬੀਤੇ ਦਿਨੀਂ ਪੰਜਾਬ ਪੁਲੀਸ ਨੇ ਸਵੇਰੇ-ਸਵੇਰੇ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕ ਲਿਆ। ਉਸ ਦਿਨ ਸੰਬੰਧਤ ਇਲਾਕਿਆਂ ਦੇ ਲੋਕਾਂ ਦੇ ਘਰਾਂ ਵਿਚ ਅਖ਼ਬਾਰਾਂ ਦੁਪਹਿਰ ਗਿਆਰਾਂ ਵਜੇ ਪੁੱਜੀਆਂ। ਜਿਹੜੇ ਪਾਠਕਾਂ ਨੇ ਆਪਣੀ-ਆਪਣੀ ਮਨਪਸੰਘ ਅਖਬਾਰ ਨੂੰ ਆਨਲਾਈਨ ਸਬਸਕਰਾਈਬ ਕੀਤਾ ਹੋਇਆ ਹੈ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਲਈ ਤਾਂ ਅਖਬਾਰ ਤੜਕੇ ਚਾਰ ਵਜੇ ਹੀ ਉਪਲਬਧ ਹੁੰਦੀ ਹੈ।
ਜਦ ਅਸੀਂ ਆਪਣੀ ਭਾਸ਼ਾ ਦੀਆਂ ਸੂਬਾਈ ਅਖ਼ਬਾਰਾਂ ਨੂੰ ਸਬਸਕਰਾਈਬ ਕਰਦੇ ਹਾਂ ਤਾਂ ਇਕ ਤਰ੍ਹਾਂ ਅਸੀਂ ਆਪਣੇ ਸ਼ਹਿਰ, ਆਪਣੇ ਰਾਜ, ਆਪਣੇ ਸ਼ਹਿਰ ਦੇ ਸਕੂਲਾਂ, ਅਦਾਲਤਾਂ, ਪੱਤਰਕਾਰੀ ਨੂੰ ਹੀ ਮਜ਼ਬੂਤ ਕਰ ਰਹੇ ਹੁੰਦੇ ਹਾਂ। ਇਸ਼ਤਿਹਾਰ ਕਾਰੋਬਾਰੀ ਲੋਕ ਅਤੇ ਸਰਕਾਰਾਂ ਦਿੰਦੀਆਂ ਹਨ। ਅਸੀਂ ਸਬਸਕ੍ਰਿਪਸ਼ਨ ਤਾਂ ਖਰੀਦ ਹੀ ਸਕਦੇ ਹਾਂ।
ਹਾਰਡ ਕਾਪੀ ਸਵੇਰ ਵੇਲੇ ਚਾਹ-ਕੌਫ਼ੀ ਦੇ ਕੱਪ ਦਾ ਆਨੰਦ ਵਧਾ ਦਿੰਦੀ ਹੈ। ਪਰ ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਬਦਲ ਰਿਹਾ ਹੈ। ਨਵੀਂ ਪੀੜ੍ਹੀ ਦੀ ਸਵੇਰ ਸਹਿਜ ਨਹੀਂ ਹੁੰਦੀ। ਸਮੇਂ ਦੀ ਘਾਟ ਹੈ। ਭੱਜ ਦੌੜ ਹੈ। ਅਕਸਰ ਉਨ੍ਹਾਂ ਦੀ 7-8 ਘੰਟੇ ਦੀ ਨੀਂਦ ਵੀ ਪੂਰੀ ਨਹੀਂ ਹੁੰਦੀ।
ਡਿਜ਼ੀਟਲ ਅਡੀਸ਼ਨ ਵਿਚ ਪਾਠਕਾਂ ਨੂੰ ਵੀਡੀਓ, ਆਡੀਓ, ਲਾਈਵ ਡਾਟਾ ਵੀ ਉਪਲਬਧ ਹੁੰਦਾ ਹੈ। ਤੁਸੀਂ ਹਫ਼ਤਾਵਾਰ ਅਡੀਸ਼ਨ ਵੀ ਖਰੀਦ ਸਕਦੇ ਹੋ।
ਅਖਬਾਰਾਂ ਨੇ ਮਹੀਨਾਵਾਰ, ਸਲਾਨਾ ਸਬਸਕ੍ਰਿਪਸ਼ਨ ਬੜੀ ਥੋੜ੍ਹੀ ਰੱਖੀ ਹੈ, 150-180 ਦਰਮਿਆਨ ਇਕ ਮਹੀਨੇ ਦੀ ਅਤੇ 1500-1800 ਤੱਕ ਇਕ ਸਾਲ ਦੀ। ਅੱਜ ਕਲ੍ਹ ਵੱਖ-ਵੱਖ ਬਰੈਂਡ ਦੀ ਕੌਫ਼ੀ ਦਾ ਮੱਘ 200-250 ਦਾ ਮਿਲਦਾ ਹੈ। ਆਪਾਂ ਬਜ਼ਾਰ ਜਾਂਦੇ ਹਾਂ ਤਾਂ ਖੜੇ ਖੜੇ 1500- 2000 ਰੁਪਏ ਦਾ ਫਾਸਟ ਫੂਡ ਖਾ ਸਕਦੇ ਹਾਂ। ਸਿਹਤ ਦਾ ਨੁਕਸਾਨ ਵੱਖਰਾ। ਆਓ ਅੱਜ ਹੀ ਆਪਣੀ ਮਨਪਸੰਦ ਅਖ਼ਬਾਰ ਨੂੰ ਸਬਸਕਰਾਈਬ ਕਰੀਏ।
ਪ੍ਰੋ. ਕੁਲਬੀਰ ਸਿੰਘ
9417153513
