ਪਿੰਡ, ਪੰਜਾਬ ਦੀ ਚਿੱਠੀ (227)

ਸਾਰਿਆਂ ਨੂੰ ਸਤ ਸ਼੍ਰੀ ਅਕਾਲ। ਅਸੀਂ ਠੀਕ ਹਾਂ। ਰੱਬ ਤੁਹਾਨੂੰ ਵੀ ਠੀਕ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਦੀਵਾਨਾਂ ਦੇ ਬਾਗ ਵਿੱਚ ਰਹਿੰਦਾ ਯੋਗੇਸ਼ ਬਿਹਾਰੀ, ਆਵਦੇ ਦੇਸ ਚਲਾ ਗਿਆ ਹੈ। ਉਹ ਕਹਿ ਕੇ ਤਾਂ ਗਿਆ, ‘ਮੁੜ ਆਵਾਂਗਾਪਰ ਸਾਰੇ ਲੱਖਣ ਲਾਂਉਂਦੇ ਹਨ ਕਿ ਉਹ ਡਰਦਾ ਭੱਜ ਗਿਆ ਹੈ। ਇਹ ਖ਼ਬਰ ਸੱਥਚ ਅੱਪੜੀ ਤਾਂ ਬੰਟੀ ਨੇ ਦੀਵਾਨ ਦਿਲਾ ਰਾਮ ਦੇ ਪੋਤੇ ਕਿਰਪੇ ਨੁੰ ਪੁੱਛਿਆ, “ਓਏ ਕੀਪੂ, ਕਹਿੰਦੇ ਥੋਡਾ ਰਾਖਾ ਭੱਜ ਗਿਆ ਓਏ?” ਕੀਪੂ ਹੌਲੀ-ਹੌਲੀ ਬਰੇਕ ਲਾਂਉਂਦਾ ਖੁੱਲਿਆ, “ਯਾਰ ਕੀ ਕਰਦਾ, ਦੂਜੀ ਵਾਰ ਬਾਗ ਚ ਓਹਤੋਂ ਨਸ਼ੇੜੀ ਪੈਸੇ ਲੁੱਟ ਕੇ ਲੈ ਗਏ। ਮੰਡੀ ਉਹਦੇ ਭਰਾ ਤੋਂ, ਸਬਜ਼ੀ ਮੰਡੀ ਜਾਂਦੇ ਤੋਂ ਖੋਹ ਕਰ ਲੀ, ਅਸਲਚ ਉਹ ਹੌਂਸਲਾ ਹਾਰ ਗਿਆ।” “ਲੁੱਟਾਂ-ਖੋਹਾਂ ਤਾਂ ਖੇਡ ਈ ਬਣਗੀ ਹੁਣ, ਮਹੌਲ ਖ਼ਰਾਬ ਕਰ ਤਾ ਸਾਰਿਆਂ ਰਲ ਕੇ, ਪੁਲਸ ਵੀ ਕੁਸ ਨੀ ਕਰਦੀ”, ਬਿੱਲੂ ਡਰਾਈਵਰ ਨੇ ਥੁੱਕ ਸਿੱਟਦਿਆਂ ਆਖਿਆ। “ਪੁਲਸ ਕੀ ਕਰੇ, ਜੇ ਅਸੀਂ ਕੁੱਟਦੇ-ਮਾਰਦੇ ਆਂ ਤਾਂ, ਟੁੰਨ ਹੋਏ ਅਮਲੀ ਦੇ ਮਰਨ ਦਾ ਖ਼ਤਰਾ ਹੁੰਦਾ, ਉੱਤੋਂ ਲੀਡਰਾਂ ਦੇ ਫੋਨ, ਗੈਂਗ ਦੀਆਂ ਧਮਕੀਆਂ। ਅਸੀਂ ਤਾਂ ਪੱਲਿਓਂ ਨਸ਼ਾ ਖਵਾ, ਜ਼ਮਾਨਤ ਲੈ ਮਗਰੋਂ ਲਾਹੁਣੇਂ ਆਂ। ਅਸੀਂ ਵੀ ਬੱਚੇ ਪਾਲਣੇਂ ਐ।” ਨੇੜੇ ਆ ਕੇ ਖੜੇ ਹੈਵੀ ਹੌਲਦਾਰ ਨੇ ਦੰਦ ਕਿਰਚਦਿਆਂ ਸਫ਼ਾਈ ਪੇਸ਼ ਕੀਤੀ। “ਫੇਰ ਤਾਂ ਬਾਈ ਸਰ ਗਿਆ, ਡਿਊਟੀ ਤਾਂ ਪੂਰੀ ਕਰਨੀ ਚਾਹੀਦੀ ਐ, ਲੋਕ ਕੀ ਕਰਨਗੇ, ਤੁਹਾਡੇ ਇਸ ਚਾਲੇ ਤੋਂ। ਆਂਏਂ ਤਾਂ ਅਸੀਂ ਦੋ ਸਾਲਾਂ ਤੋਂ ਕੂਕੀ ਅਤੇ ਨਾਂਗਿਆਂ ਦੀ ਘੁਰ-ਘੁਰ ਚ, ਲੱਗੇ ਹੋਏ ਹਾਂ। ਪਹਿਲਾਂ ਤਿੰਨ ਸਾਲ ਕਸ਼ਮੀਰ, ਵਰ੍ਹਦੇ-ਬੰਬਾਂਚ ਰਹੇ ਹਾਂ। ਸਾਨੂੰ ਆਪੋ-ਆਪਣੀ, ਲੜਾਈ-ਲੜਦੇ ਫ਼ਰਜ਼ ਪੂਰਾ ਕਰਨਾ ਚਾਹੀਦਾ। ਬੱਚੇ ਤਾਂ ਸਾਡੇ ਵੀ ਐ। ਏਸੇ ਲਈ, ਇਹ ਅੱਗ ਭਾਂਬੜ ਬਣ ਜਾਂਦੀ ਐ।” ਨਾਗਾਲੈਂਡ ਤੋਂ ਛੁੱਟੀ ਆਏ ਕਰਮਵੀਰ ਸਿੰਘ ਅਗਨੀਵੀਰ ਨੇ ਦਲੇਰੀ ਦਿਖਾਈ। ਸਿਰ ਤੇ ਪਏ ਅਜੇਹੇ ਵਾਰ ਤੋਂ ਪੁਲਸੀਏ ਨੂੰ, ਕੋਈ ਜਵਾਬ ਨਾ ਔਹੜਿਆ ਤਾਂ ਅਮਰੀਕਾ ਆਲੇ ਮਿੰਦੂ ਨੇ ਮੌਕਾ ਸੰਭਾਲਿਆ, “ਰੌਲਾ ਸ਼ੁਰੂ ਹੀ ਐਥੋਂ ਹੁੰਦਾ, ਪੰਜਾਬ ਦੇ ਅੱਤਵਾਦ ਤੋਂ ਸੰਸਾਰ ਜੰਗ ਤੱਕ, ਕਾਰਣ ਇੱਕੋ ਹੁੰਦੇ ਐ। ਮੁੱਠੀ ਭਰ ਲੋਕ, ਕਾਨੂੰਨ ਹੱਥ ਚ ਲੈਂਦੇ ਐ। ਇੱਕ ਦਾ ਨੁਕਸਾਨ ਹੁੰਦਾ, ਬਾਕੀ ਅਸੀਂ ਘਰਾਂਚ ਬੇਠ ਕੇ, ਤਮਾਸ਼ਾ ਵੇਖਦੇ ਆਂ। ਵਿਰੋਧ ਨਹੀਂ ਕਰਦੇ। ਅਖੀਰ, ਵਿਗੜੇ ਲੋਕਾਂ ਨਾਲ, ਲਾਲਚੀ, ਡਰਪੋਕ, ਲੀਡਰ, ਰਾਖੇ ਅਤੇ ਸਵਾਰਥੀ ਰਲਦੇ ਜਾਦੇ ਹਨ। ਪੈਦਾ ਹੋਏ ਰਾਮਰੌਲੇ ਚ ਜਦੋਂ ਤੁਸੀਂ ਵੀ ਵੱਢੇ ਜਾਦੇ ਹੋ, ਉਸ ਵੇਲੇ ਤੁਹਾਡੀ ਮੱਦਦ ਵਾਲਾ ਕੋਈ ਬਚਦਾ ਹੀ ਨਹੀਂ, ਕਿਆ ਸਮਝੇ?" ਜਵਾਨ ਦੀ ਬਹੁਤ ਬਰੀਕ ਬਾਤ ਸੁਣ ਕੇ ਸਾਰੇ ਡੂੰਘੇ ਵਹਿਣਚ, ਵਹਿ ਗਏ।
ਹੋਰ, ਉੱਗਦੀ ਕਣਕ ਨੂੰ ਸੁੰਡੀ ਪੈ ਗਈ ਹੈ। ਠੰਡ ਨੇ ਕੁੰਗੜਨ ਲਾ ਤੇ, ਰਜਾਈਆਂ ਪੇਟੀਉਂ ਬਾਹਰ ਆ ਗਈਆਂ ਹਨ। ਖੇਸੀਆਂ, ਭੁੰਗੀਆਂ ਅਤੇ ਜੈਕਟਾਂ ਦੀ ਪੁੱਛ-ਗਿੱਛ ਹੈ। ਪਾਨ ਵਾਲਾ ਪਿੰਕੀ, ਸ਼ੇਰਗੜ੍ਹ ਵਾਲਾ ਸ਼ੇਰਾ ਅਤੇ ਮਾਨੀ ਵਾਲਾ ਮੰਦਰ ਠੀਕ ਹਨ। ਫੋਟੋਆਂ ਖਿਚਾਉਣ ਵਾਲੀਆਂ ਖ਼ਬਰਾਂ, ਵੱਧ ਗਈਆਂ ਹਨ। ਸਾਗ, ਪਾਲਕ, ਮੇਥੀ, ਬਾਥੂ ਦੀ ਰੁੱਤ ਸ਼ੁਰੂ ਹੈ। ਪੰਜਾਬੀਆਂ ਦੇ ਮੋਰਚੇ ਕਾਇਮ ਹਨ। ਹਮਾਤੜ-ਧਮਾਤੜ ਅਜੇ ਵੀ ਲਮਕ ਰਹੇ ਹਨ। ਨਵੀਆਂ ਪੰਚਾਇਤਾਂ ਬਣ ਕੇ, ਅਜੇ ਚਮਕੀਆਂ ਨਹੀਂ। ਕੋਰ੍ਹੇ ਨੇ ਆਲੂ ਸਿੱਟ ਲਏ ਹਨ। ਮਿੰਦੀ, ਵੀਰੋ, ਪਾਖਰ, ਠੁੱਲੂ, ਜੂਪਾ ਅਤੇ ਕਾਕਾ ਰਾਜੀ ਹਨ। ਸੱਚ, ਠੋਲੂ ਕਾ ਭੋਲੂ ਮੁਤਾੜਿਆ ਗਿਆ ਹੈ। ਚੰਗਾ, ਤੁਸੀਂ ਬਰਫ਼ ਚ ਤਿਲਕਣ ਤੋਂ ਬਚਿਓ। ਮਿਲਾਂਗੇ ਅਗਲੇ ਐਤਵਾਰ, ਜਿੰਦਾਬਾਦ ਸੰਸਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061