
(ਹਰਜੀਤ ਲਸਾੜਾ, ਬ੍ਰਿਸਬੇਨ 11 ਨਵੰਬਰ) ਆਸਟ੍ਰੇਲੀਆ ਭਰ ਵਿੱਚ 107ਵੇਂ ਰਿਮੈਂਬਰੈਂਸ ਡੇਅ ਮੌਕੇ ‘ਤੇ ਪ੍ਰਥਮ ਵਿਸ਼ਵ ਯੁੱਧ (1914-1918) ਸਮੇਤ ਵੱਖ-ਵੱਖ ਯੁੱਧਾਂ ਵਿੱਚ ਸ਼ਹੀਦ ਹੋਏ 60,000 ਤੋਂ ਵੱਧ ਆਸਟ੍ਰੇਲੀਅਨ ਸੈਨਿਕਾਂ ਨੂੰ ਸਵੇਰੇ ਠੀਕ 11 ਵਜੇ ਇੱਕ ਮਿੰਟ ਦੀ ਚੁੱਪ ਰੱਖ ਕੇ ਯਾਦ ਕੀਤਾ ਗਿਆ। ਇਸ ਮੌਕੇ ‘ਤੇ ਕੈਨਬਰਾ ਦੇ ਆਸਟ੍ਰੇਲੀਅਨ ਵਾਰ ਮੈਮੋਰੀਅਲ ਵਿਖੇ ਮੁੱਖ ਸਮਾਗਮ ਦੌਰਾਨ ਗਵਰਨਰ-ਜਨਰਲ ਸੈਮ ਮੋਸਟਿਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਫੌਜੀ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ। ਉਹ ਸਾਡੀ ਆਜ਼ਾਦੀ ਦੀ ਨੀਂਹ ਹਨ।” ਪੰਜਾਬੀ ਭਾਈਚਾਰੇ ਵੱਲੋਂ ਬ੍ਰਿਸਬੇਨ ਦੇ ਸਨੀ ਬੈਂਕ, ਸਿਡਨੀ ਦੇ ਹੈਰਿਸ ਪਾਰਕ ਅਤੇ ਮੈਲਬਾਰਨ ਦੇ ਡੈਂਡੇਨੌਂਗ ਵਿੱਚ ਆਪਣੇ ਸਥਾਨਕ ਵਾਰ ਮੈਮੋਰੀਅਲਾਂ ‘ਤੇ ਸ਼ਰਧਾਂਜਲੀ ਸਮਾਗਮ ਕੀਤੇ। ਇਹਨਾਂ ਸਮਾਰੋਹਾਂ ਦੌਰਾਨ ਵੱਖ ਵੱਖ ਭਾਈਚਾਰਿਆਂ ਵੱਲੋਂ ‘ਲਾਲ ਪੌਪੀ ਫੁੱਲ’ ਲਗਾ ਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਮਨ, ਸਹਿਯੋਗ ਤੇ ਮਨੁੱਖਤਾ ਦੇ ਸੁਨੇਹੇ ਨੂੰ ਦੁਹਰਾਇਆ। ਸਕੂਲਾਂ, ਦਫ਼ਤਰਾਂ ਅਤੇ ਰੇਲਵੇ ਸਟੇਸ਼ਨਾਂ ‘ਤੇ ਵੀ ਚੁੱਪ ਦਾ ਪਾਲਨ ਕੀਤਾ ਗਿਆ।
ਦੱਸਣਯੋਗ ਹੈ ਕਿ ਪਹਿਲੀ ਵਿਸ਼ਵ ਯੁੱਧ ਵਿੱਚ ਆਸਟ੍ਰੇਲੀਆ ਦੇ 416,000 ਨੌਜਵਾਨਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 60,000 ਮਾਰੇ ਗਏ ਅਤੇ 156,000 ਜ਼ਖ਼ਮੀ ਹੋਏ ਸਨ। ਗੈਲੀਪੋਲੀ, ਸੋਮ ਅਤੇ ਪਾਸ਼ੇਂਡੇਲ ਦੀਆਂ ਲੜਾਈਆਂ ‘ਚ ਆਸਟ੍ਰੇਲੀਅਨ ਫੌਜਾਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।
