ਹਾਂ ਬਈ, ਸੱਜਣੋ, ਨਿੱਘੀ-ਨਿੱਘੀ, ਸਤ ਸ਼੍ਰੀ ਅਕਾਲ। ਅਸੀਂ ਇੱਥੇ ਗਜਰੇਲਾ ਖਾਂਦੇ ਅਤੇ ਯੱਕੜ ਮਾਰਦੇ ਚੜ੍ਹਦੀ ਕਲਾ ਵਿੱਚ ਹਾਂ। ਵਾਹਿਗੁਰੂ, ਤੁਹਾਨੂੰ, ਸਭ ਨੂੰ, ਵਧੀ ਫੀਸ ਅਤੇ ਖਰਚੇ ਵਿੱਚ ਵੀ ਹਰ ਮੈਦਾਨ ਫਤਹਿ ਬਖ਼ਸ਼ੇ। ਅੱਗੇ ਸਮਾਚਾਰ ਇਹ ਹੈ ਕਿ ਗਲੀ ਵਿੱਚ ਗਾਬਿਆਂ ਨੇ ਨਵੇਂ ਘਰ ਦੀ ਚੱਠ ਕੀਤੀ ਹੈ। ਸਰਦੀ ਚ, ਦਿਨ ਐਤਵਾਰ ਹੋਵੇ ਅਤੇ ਗੁਆਂਢ ਪ੍ਰੋਗਰਾਮ ਹੋਵੇ। ਸੋਨੇ ਉੱਤੇ ਸੁਹਾਗਾ ਹੁੰਦਾ ਹੈ, ਪੰਜਾਬੀਆਂ ਲਈ। ਲੈ ਬਈ, ਆਰਾਮ ਨਾਲ, ਗਰਮ ਪਾਣੀ ਦੇ ਸਣਕੇਸੀ ਇਸ਼ਨਾਨ ਕਰਕੇ ਜਮ੍ਹਾਂ ਐਨ ਭੋਗ ਦੇ ਮੌਕੇ ਉੱਤੇ ਪੁੱਜੇ। ਦਰਸ਼ਨ ਪਰਸ, ਪੰਜ-ਸੱਤ ਮਿੰਟ ਬੈਠਣਾ ਵੀ ਸਾਰਿਆਂ ਨੂੰ ਔਖਾ ਲੱਗ ਰਿਹਾ ਸੀ। ਭਾਈ ਸਾਹਿਬ ਨਿਰਪਾਲ ਸਿੰਘ ਜੀ ਦੇ ਜੱਥੇ ਨੇ ਮਿੱਠੀ ਆਵਾਜ਼ ਵਿੱਚ ‘ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰਿ ਕਰੇ
, ਸ਼ਬਦ ਉਚਾਰਿਆ ਤਾਂ ਸਾਰੇ ਹੀ ਝੂੰਮਣ ਲੱਗ ਪਏ।
ਫੁੱਲ ਆਵਾਜ਼ ਚ ਛੱਡੇ ਸਪੀਕਰ ਨੇ, ਕੰਨਾਂ ਦੇ ਕੀੜੇ ਕੱਢ ਦਿੱਤੇ। ਸ਼ੁਕਰ ਕਰੋ ਕਿ ਵਿਸਲ ਵੱਜਣ ਕਰਕੇ, ਆਵਾਜ਼ ਘੱਟ ਕੀਤੀ ਤਾਂ, ਤਬਲੇ ਦੀ ਧੱਕ, ਧਿਨ-ਧਾ ਅਤੇ ਵਾਜੇ ਦੀਆਂ ਉੱਚੀਆਂ ਸੁਰਾਂ ਦੀ ਸਮਝ ਆਈ। ਮੁੱਕਦੀ ਗੱਲ ਜੀ, ਇੱਕਦਮ ਹੀ ਸੰਗਤ, ਇਕੱਠੀ ਹੋ ਗਈ। ਨਿੱਘਾ ਕੜਾਹ ਪ੍ਰਸ਼ਾਦਿ ਛਕ, ਪਹਿਲਾਂ ਆ ਕੇ ਪੀਤੀ ਗਰਮ ਕਾਫ਼ੀ ਦਾ ਸੰਗਮ ਜਿਹਾ ਬਣ ਗਿਆ। ਬਾਹਰ ਮੇਜ਼ ਕੁਰਸੀਆਂ ਉੱਤੇ ਬੈਠ, ਸਟੈਂਡਿੰਗ ਲੰਗਰ ਦੇ ਨਾਂ ਤੇ ਲੰਚ ਦੀ ਫ਼ੀਲਿੰਗ ਲਈ। ਸਲਾਦ ਨੂੰ ਇੱਕ ਪੜ੍ਹੀ-ਲਿਖੀ ਮੈਡਮ, ਅੰਗਰੇਜ਼ੀ
ਚ ਲਵੇੜ ਕੇ ਸੈਲਡ ਕਹਿ ਰਹੀ ਸੀ। ਮਿੱਸੀਆਂ ਰੋਟੀਆਂ, ਮਿਕਸ ਸਬਜ਼ੀ, ਰਾਇਤਾ, ਦਾਲ ਮਖਣੀ, ਚਾਵਲ, ਰੱਜ-ਰੱਜ ਕੇ ਪੇਟ ਦੀਆਂ ਨੁੱਕਰਾਂ ਸਹੀ ਕੀਤੀਆਂ। ਸਵੀਟ ਡਿਸ਼ ਵਿੱਚ, ਖੀਰ ਵਿੱਚ ਗੁਲਾਬ-ਜਾਮਣ ਮਿਲਾ ਕੇ ਖਾਂਦਿਆਂ, ਚੋਣਾਂ, ਕੈਨੇਡਾ ਦੀਆਂ ਵਧੀਆਂ ਫ਼ੀਸਾਂ, ਪੰਜਾਬ ਸਰਕਾਰ ਦੀ ਨਾਕਾਮੀ ਤੋਂ ਲੈ ਕੇ ਪੀਤੇ ਕੀ ਚੋਰੀ ਵੱਢੀ ਬਰਸੀਮ ਤੱਕ ਦਾ ਚੀਰ-ਫਾੜ ਹੋਇਆ। ਪਹਿਨ-ਪੱਚਰ ਕੇ ਆਏ, ਸਾਰਿਆਂ ਨੇ ਖੁਸ਼ ਹੋ-ਹੋ ਮਿਲਣੀ ਕੀਤੀ।
ਹਾਲ-ਚਾਲ ਪੁੱਛਿਆ। ਕਈ ਸ਼ਹਿਰੀ ਆਏ ਚਮਕਦੇ ਗਿਫ਼ਟ ਵੀ ਦੇ ਰਹੇ ਸਨ। ਮਿੰਟਾਂ-ਸਕਿੰਟਾਂ ਚ ਖਾ-ਪੀ ਕੇ, ਨੈਪਕਿਨਾਂ ਦੀਆਂ ਤਹਿਆਂ ਖੋਲ੍ਹ, ਪਲੇਟਾਂ-ਕੱਪਾਂ ਨਾਲ, ਵੱਡੇ-ਵੱਡੇ ਢੋਲਾਂ ਦੀਆਂ ਤਹਿਆਂ ਵੀ ਲਾ-ਤੀਆਂ। ਖੈਰ, ਸਭ ਤੋਂ ਵਧੀਆ ਗੱਲ ਇਹ ਰਹੀ ਕਿ ਅਖੀਰ ਉੱਤੇ ਜਾਣ ਤੋਂ ਪਹਿਲਾਂ ਜਦੋਂ ਗਰਮ ਕਾਫ਼ੀ ਪੀ ਰਹੇ ਸਾਂ ਤਾਂ ਭਾਸ਼ੀ ਪਟਵਾਰੀ ਦਾ, ਪਲੇਟ ਭਰ ਕੇ ਜਾਂਦੀ ਘਰਵਾਲੀ ਨਿਰਮਲਾ ਨਾਲ ਸਾਹਮਣਾ ਹੋਇਆ ਤਾਂ ਦੋਹਾਂ ਦੀ ਮਿੱਠੀ ਮੁਸਕਰਾਹਟ ਕਹਿ ਰਹੀ ਸੀ, “ਖਾ ਲੌ, ਪੀ ਲੌ, ਕਿਹੜਾ ਬਿੱਲ ਦੇਣਾ ਹੈ।" ਹੋਰ, ਸੰਘਣੀ ਧੁੰਦ ਅਤੇ ਤਰੇਲ ਦਾ ਰਾਜ ਹੈ। ਦੁਆਬੇ ਇੱਕ ਪ੍ਰੋਗਰਾਮ
ਚ ਨਾਗਰਾ ਭਰਾਵਾਂ ਦੇ ਮੇਲੇ ਹੋਏ। ਚੱਘੜ ਸਿੰਹੁ ਫੁੱਫੜ ਦੀਆਂ 14 ਰੋਟੀਆਂ ਖਾਣੀਆਂ, ਹੁਣ ਲੋਕ ਕਹਾਣੀ ਹੀ ਲੱਗਦੀ ਹੈ।
ਮਹਾਂ-ਮਾਰਗਾਂ ਨੇ, ਵਪਾਰੀਆਂ ਅਤੇ ਲਾਚਾਰੀਆਂ ਕਰਕੇ ਉਪਜਾਊ ਭੌਂ ਖਾ ਲਈ ਹੈ। ਪ੍ਰਵਾਸ ਹੋ ਜਾਣ ਕਰਕੇ ਦੁਆਬੇ ਵਿੱਚ, ਮਾਲਵੇ ਨਾਲੋਂ ਫ਼ਸਲਾਂ ਦੇ ਠੇਕੇ ਘੱਟ ਹਨ। ਖਹਿਰਿਆਂ ਦੇ ਜਠੇਰਿਆਂ ਦਾ ਮੇਲਾ ਬਹੁਤ ਭਰਿਐ। ਟੂਰ ਉੱਤੇ ਗਿਆਂ ਨੂੰ, ਜਸਵਿੰਦਰ, ਗੁਰਮੀਤ ਮਾਨ, ਪਰਮਿੰਦਰ ਬੈਂਸ ਅਤੇ ਗੁਰਪ੍ਰੀਤ ਚੀਮਾ ਨਾਲ ਰੌਣਕ ਲਾਈ। ਪਿੰਡ ਦੇ ਤਲੰਗੇ, ਮਲੰਗੇ, ਲਫੰਗੇ ਸਭ, ਠਰ ਰਹੇ ਹਨ। ਵੱਡੀ ਉਮਰ ਦੇ ਕੁਟਕੀ, ਕੰਗਨੀ ਅਤੇ ਕੋਧਰਾ ਖਾਣ ਵੱਲ ਰੁਚਿਤ ਹਨ। ਸਟੰਟ ਦੇ ਕਰੰਟ ਲੱਗ ਰਹੇ ਹਨ। ਬਦਲਦੇ ਪ੍ਰਵਾਸ ਨਿਯਮਾਂ ਦੀ ਚਰਚਾ ਹੈ। ਸੱਚ, ਟਿੰਡੀ, ਨਿੰਮੀ, ਕੀੜਾ, ਭੂੰਡੀ, ਮਿੱਡੀ, ਸੀਬੋ, ਮਿੱਟੀ, ਮਰੋ ਅਤੇ ਸੀਰੋ ਠੀਕ ਹਨ। ਚੰਗਾ, ਪੋਹ ਦੀ ਠੰਡ ਤੋਂ ਬਚਿਓ, ਥੋਡੇ ਬਰਫ਼ ਦੇ ਢੇਰ, ਵੇਖ ਡਰ ਜਾਈਦੈ। ਦੁਨੀਆਂ ਉੱਤੇ ਅਮਨ ਹੋਵੇ। ਅਗਲੇ ਐਤਵਾਰ ਫੇਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061