ਪਿੰਡ, ਪੰਜਾਬ ਦੀ ਚਿੱਠੀ (265)

ਪਿੰਡ, ਪੰਜਾਬ ਦੀ ਚਿੱਠੀ (265)

ਸਾਰੇ ਜੇਤੂ ਪੰਜਾਬੀਆਂ ਨੂੰ ਸਤ ਸ਼੍ਰੀ ਅਕਾਲ, ਅਸੀਂ ਏਥੇ ਹੌਂਸਲੇ ਵਿੱਚ ਹਾਂ, ਤੁਹਾਡੀ ਤਰੱਕੀ ਲਈ ਦੁਆ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਹਰ ਪਾਸੇ ਹੜ੍ਹ ਦੀ ਤਬਾਹੀ ਅਤੇ ਸੇਵਾ ਦੇ ਹੜ੍ਹ ਦੀਆਂ ਖ਼ਬਰਾਂ ਹਨ। ਫ਼ੋਨ ਦੀਆਂ ਫੋਟੋਆਂ, ਵੀਡੀਓ, ਬਿਆਨ, ਵਿਚਾਰ ਅਤੇ ਘਟਨਾਵਾਂ ਦਾ ਦੌਰ ਜਾਰੀ ਹੈ। ਪੰਜਾਬ ਦੇ ਪਿੰਡ-ਪਿੰਡ ਤੋਂ ਸੇਵਾ ਲਈ ਟਰਾਲੀਆਂ ਗਈਆਂ ਹਨ। ਯੂ.ਪੀ., ਐਮ.ਪੀ., ਹਰਿਆਣਾ ਅਤੇ ਰਾਜਸਥਾਨ ਦੇ ਝੁਨਝਨੂੰ ਤੱਕ ਸੇਵਾ ਆਈ ਹੈ। ਗਾਇਕਾਂ, ਕਲਾਕਾਰਾਂ ਅਤੇ ਪ੍ਰਵਾਸੀਆਂ ਨੇ ਢੇਰ ਲਾ ਦਿੱਤੇ ਹਨ। ਲੀਡਰਾਂ ਦੇ ਹਵਾਈ ਗੇੜੇ ਵੀ ਹਵਾ ਹੋ ਰਹੇ ਹਨ। ਆਪਣੇ ਪਿੰਡੋਂ ਟਰਾਲੀ ਲੈ ਕੇ ਗਏ ਮੁਕਨੇ ਕੇ ਭੂਰੇ ਨੇ ਕਈ ਦਿਨਾਂ ਮਗਰੋਂ, ਕੱਲ੍ਹ ਵਾਪਸੀ ਕੀਤੀ ਹੈ। ਦਮ ਮਾਰ ਕੇ ਅੱਜ ਸੱਥ ਚ ਆਇਆ ਤਾਂ ਸਾਰੇ ਉਹਦੇ ਵੱਲ ਔਹਲੇ। ਖੰਗਰੀ ਪੈਰਾਂ ਆਲਾ ਕੀਪਾ ਆਂਹਦਾ, “ਕਿਵੇਂ ਰਿਹਾ ਫਿਰ ਜਥੇਦਾਰਾ, ਤੇਰੀ ਟੀਮ ਦਾ ਦੌਰਾ?" “ਬਹੁਤ ਵੱਡਾ ਨੁਕਸਾਨ ਹੋਇਐ, ਅਸੀਂ ਕਾਂਵਾਂ ਆਲੇ ਪੱਤਣ ਤੋਂ ਇੱਕ ਦਿਨ ਹੀ ਲੰਘ ਕੇ ਗਏ ਸਾਂ, ਫੇਰ ਪਾਣੀ ਵੱਧ ਗਿਆ। ਪੁਲ ਬੰਦ, ਮਗਰੋਂ ਬੇੜੀਆਂ ਆਸਰੇ ਸੀ। ਉਰ੍ਹੇ ਆ ਕੇ ਸੇਵਾ ਕੀਤੀ। ਬੰਨ੍ਹ ਵੀ ਬੰਨ੍ਹਾਇਆ। ਪਾਣੀ ਸ਼ੂਕੇ। ਹੁਣ ਕੁਸ ਉਤਰਿਆ।" ਭੂਰੇ ਨੇ ਮੋਟਾ-ਮੋਟਾ ਦੱਸਿਆ। “ਫ਼ੋਟੋਆਂ ਤਾਂ ਲੀਡਰ ਪਾਈ ਜਾਂਦੇ ਐ, ਇਹ ਕੀ ਕੌਤਕ ਐ?" ਪਾਲੇ ਕੌਤਕੀ ਨੇ ਪੁੱਛਿਆ। “ਕੁਸ ਵੰਡਦੇ ਵੀ ਐ, ਕੁਸ ਡਰਾਮੇ ਐ, ਅਸਲੀ ਤਾਂ ਪ੍ਰਸ਼ਾਸਨ ਨਾਲ ਰਲ ਕੇ ਆਮ ਲੋਕ ਹੀ ਸੰਭਾਲ ਰਹੇ ਐ ਦਿਨ-ਰਾਤ।" ਭੂਰੇ ਦੀ ਥਾਂ ਉਸ ਦੇ ਨਾਲ ਗਏ, ਜੀਟਰ ਟਰੈਕਟਰ ਲਾਭੇ ਨੇ ਗੱਲ ਨਿਬੇੜੀ।" ਐਨੀ ਦੁਨੀਆਂ ਟਰਾਲੇ ਲਿਆਈ ਜਾਂਦੀ ਐ ਫੇਰ ਵੰਡਦੇ ਕਿਵੇਂ ਐ? ਛੁੱਟੀਆਂ ਆਲੇ ਪ੍ਰਦੁੱਮਣ ਸਿੰਹੁ ਮਾਸਟਰ ਨੇ ਕੰਮ ਦੀ ਗੱਲ ਪੁੱਛੀ। “ਆਪਾ-ਧਾਪੀ ਜੀ ਐ, ਲੋਕ ਆਪ ਹੱਥੀਂ ਵੰਡਣਾ ਚਾਹੁੰਦੇ ਐ, ਕੈਂਪਾਂ ਅਤੇ ਕਈ ਥਾਂਵਾਂ ਉੱਤੇ ਸਹੀ ਵੀ ਅੱਪੜਦਾ, ਕਈ ਲਾਲਚੀ ਵਾਧੂ ਵੀ ਲੈ ਜਾਂਦੇ ਐ। ਸੇਵਾ ਵਾਲੀਆਂ ਸੰਸਥਾਂਵਾਂ, ਮੁਲਾਜ਼ਮਾਂ ਨਾਲ ਰਲ ਕੇ, ਬਰਾਬਰ ਵੰਡਣ ਦਾ ਯਤਨ ਕਰਦੇ ਐ, ਊਂ ਜਿੱਥੇ ਔਰਤਾਂ ਡੀ.ਸੀ. ਐ, ਉੱਥੇ ਬਾਕੀਆਂ ਨਾਲੋਂ ਪ੍ਰਬੰਧ ਚੰਗੈ", ਭੂਰੇ ਨੇ ਤਜਰਬਾ ਦੱਸਿਆ। “ਰਾਤ ਨੂੰ ਤੁਸੀਂ ਕਿੱਥੇ ਸੌਂਦੇ ਸੀ?" ਕਰਮ ਸਿੰਹੁ ਐਸ਼ੀ ਨੂੰ ਬੇਚੈਨੀ ਹੋਈ। “ਵੈਸੇ ਤਾਂ ਸੇਵਾ ਕਰਦਿਆਂ, ਬਾਬੇ ਨਾਨਕ ਦੀ ਫ਼ੌਜ, ਦਿਨ-ਰਾਤ ਵੇਖਦੀ ਹੀ ਨਹੀਂ। ਨਸ਼ਾ ਜਾ ਹੀ ਹੋ ਜਾਂਦੈ। ਆਪਣੀ ਭੂਆ ਦਾ ਮੁੰਡਾ ਹੁੰਦਾ ਸੀ ਨਾਲ, ਰਾਤ ਨੂੰ ਉਨ੍ਹਾਂ ਦੇ ਪਿੰਡ ਆ ਜਾਂਦੇ ਸਾਂ।" ਲਾਭੇ ਨੇ ਸੇਵਾ ਦਾ ਨਕਸ਼ਾ ਖਿੱਚਿਆ। ਠਰ੍ਹੰਮਾਂ ਹੋਏ ਤੋਂ ਮੌਕਾ ਵੇਖ ਕਾਮਰੇਡ ਜੀਤ ਸਿੰਹੁ ਬੋਲਿਆ। “ਹੜ੍ਹ ਹੋਵੇ, ਕਿਸਾਨ ਅੰਦੋਲਨ ਸੀ ਜਾਂ ਕਰੋਨਾ, ਇਤਿਹਾਸ ਗਵਾਹ ਹੈ, ਲੋਕ ਹੀ ਜਥੇਬੰਦ ਹੋ ਕੇ ਦੁਨੀਆਂ ਨੂੰ ਬਚਾਂਉਂਦੇ ਐ, ਧਰਮ-ਜਾਤ ਤੋਂ ਉੱਪਰ ਉੱਠ ਕੇ, ਐਤਕੀਂ ਵੀ ਮਨੁੱਖਤਾ ਦਿਸੀ ਹੈ। ਲੀਡਰਾਂ, ਅਫ਼ਸਰਾਂ ਉੱਤੇ ਜਨਤਾ ਨੂੰ ਇਤਬਾਰ ਨਹੀਂ ਰਿਹਾ। ਪਾਣੀ ਜਾਣ ਮਗਰੋਂ, ਖੇਤ ਵੀ ਗੁਆਂਢੀ ਹੀ ਠੀਕ ਕਰਨਗੇ। ਜਮਹੂਰੀਅਤ ਲਈ ‘ਕਿਸਾਨ-ਮਜਦੂਰ ਇੱਕ ਹੋ ਜਾਣ…..” ਕਾਮਰੇਡ ਦਾ ਪ੍ਰਚਾਰ ਲੰਮਾ ਹੁੰਦਾ ਵੇਖ, ਕਈ ਹੌਲੀ-ਹੌਲੀ ਖਿਸਕਣ ਲੱਗੇ।
ਸ਼ਬਦ : ਰਵਦੜ-ਮਿੱਟੀ, ਜੀਰਨਾਂ, ਨੋਚ, ਮੁਸਾਮ ਬੰਦ, ਖੰਘਰ, ਮੈਗਾ ਬੈਗ, ਰਾਸ਼ਨ, ਗੰਡੋਏ ਮਿੱਟੀ, ਮਕੌੜਾ ਪੱਤਣ, ਬਾਊਪੁਰ, ਸਸਰਾਲੀ, ਬੇੜਾ।
ਬਾਕੀ ਅਗਲੇ ਐਤਵਾਰ…..

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061