ਇਹ ਜ਼ਿੰਦਗੀ ਇਨਸਾਨ ਨੂੰ ਕਈ ਰੰਗ ਦਿਖਾਉਂਦੀ ਹੈ। ਖਾਸ ਕਰਕੇ ਉਦੋਂ ਜਦੋਂ ਇਨਸਾਨ ਦੇ ਉੱਤੇ ਘੋਰ – ਗਰੀਬੀ ਦੇ ਘਣਘੋਰ ਬੱਦਲ ਛਾਏ ਪਏ ਹੋਣ ਤੇ ਅਜੇਹੀ ਬਿਪਤਾ ਦੇ ਸਮੇਂ ਨੇੜਿਓਂ – ਦੂਰੋਂ ਕੋਈ ਵੀ ਉਸਦੀ ਸਹਾਇਤਾ ਕਰਨ ਦੀ ਥਾਂ ਹਰ ਕੋਈ ਮੂੰਹ ਮੋੜ ਕੇ ਬੈਠ ਗਿਆ ਹੋਵੇ ਤੇ ਹਾਂ ! ਉੱਪਰੋਂ ਮਾਤਾ – ਪਿਤਾ ਦਾ ਕੋਈ ਆਸਰਾ , ਪਿਆਰ ਤੇ ਸਹਿਯੋਗ ਵੀ ਨਾ ਮਿਲ ਪਾ ਰਿਹਾ ਹੋਵੇ। ਇਹ ਘਟਨਾ ਮੇਰੇ ਜੀਵਨ ਦੀ ਸੰਨ 1993 ਦੀ ਸੱਚੀ ਹੱਡਬੀਤੀ ਘਟਨਾ ਹੈ , ਜੋ ਮੇਰੇ ਬਚਪਨ ਦੇ ਸੰਕਟ , ਬਿਪਤਾ ਤੇ ਲਾਚਾਰੀ ਦੀ ਤਸਵੀਰ ਪੇਸ਼ ਕਰਦੀ ਹੈ। ਮੈਂ ਉਦੋਂ ਅੱਠਵੀਂ ਜਮਾਤ ਵਿੱਚ ਪੜ੍ਹ ਰਿਹਾ ਸੀ। ਘਰੇਲੂ ਮਾਹੌਲ ਅਸ਼ਾਂਤ , ਅਣਸੁਖਾਵਾਂ ਤੇ ਡਰਾਵਣਾ ਹੋਣ ਕਰਕੇ ਮੇਰੀ ਪੜ੍ਹਾਈ ਦੇ ਉੱਤੇ ਇਸ ਦਾ ਕਈ ਵਾਰ ਮਾੜਾ ਪ੍ਰਭਾਵ ਵੀ ਪਿਆ। ਪਰ ਪਰਮਾਤਮਾ ਦੀ ਕਿਰਪਾ ਨਾਲ਼ ਮੈਂ ਜਲਦੀ ਹੀ ਇਸ ਸਭ ਨੂੰ ਭੁਲਾ ਕੇ ਇਸ ਤੋਂ ਬਾਹਰ ਨਿਕਲ ਕੇ ਪੜ੍ਹਾਈ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਲੈਂਦਾ ਰਿਹਾ। ਇੱਕ ਵਾਰ ਮੈਂ ਕਿਸੇ ਕਰਿਆਨਾ ਦੁਕਾਨਦਾਰ ਤੋਂ ਲਗਭਗ 250 ਰੁਪਏ ਤੱਕ ਦਾ ਘਰੇਲੂ ਵਰਤੋਂ ਲਈ ਕਰਿਆਨੇ ਦਾ ਸਮਾਨ ਇੱਕ – ਦੋ ਮਹੀਨੇ ਲੈ ਲਿਆ , ਪਰ ਉਸ ਦੌਰਾਨ ਕਿਸੇ ਪਾਸਿਓਂ ( ਦਿਹਾੜੀ ਕਰਕੇ ਜਾਂ ਮੇਰੇ ਨਾਨਕੇ ਵੱਲੋਂ ਕੀਤੀ ਜਾਂਦੀ ਮੱਦਦ ਰਾਹੀਂ ) ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਹੋਰ ਪਾ ਰਿਹਾ ਸੀ। ਮੇਰੀ ਤੇ ਮੇਰੀ ਮਾਤਾ ਦੀ ਚਿੰਤਾ ਵੀ ਵੱਧ ਰਹੀ ਸੀ।
ਉਸ ਦੁਕਾਨਦਾਰ ਕੋਲ ਆਉਣਾ – ਜਾਣਾ ਵੀ ਮੈਂ ਹੁਣ ਲਗਭਗ ਬੰਦ ਹੀ ਕਰ ਦਿੱਤਾ ਸੀ। ਇੱਕ – ਦੋ ਵਾਰ ਉਹ ਆਪਣੇ ਕਰਿਆਨੇ ਦੇ ਪੈਸੇ ਲੈਣ ਲਈ ਸਾਡੇ ਘਰ ਵੀ ਆਇਆ ਤੇ ਫਿਰ ਅਸੀਂ ਉਸਦਾ ਮਿੰਨਤ – ਤਰਲਾ ਕਰਕੇ ਉਸ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ। ਮੈਨੂੰ ਵੀ ਇਸ ਗੱਲ ਦੀ ਚਿੰਤਾ ਹੋਣ ਲੱਗ ਪਈ। ਉੱਪਰੋਂ ਮੇਰੇ ਅੱਠਵੀਂ ਜਮਾਤ ਦੇ ਬੋਰਡ ਦੇ ਪੇਪਰ ਵੀ ਨਜ਼ਦੀਕ ਆ ਰਹੇ ਸਨ। ਕੁਝ ਦਿਨਾਂ ਬਾਅਦ ਮੈਂ ਘਰੋਂ ਸਾਈਕਲ ‘ਤੇ ਜਾ ਕੇ ਆਪਣਾ ਸਟੇਸ਼ਨਰੀ ਦਾ ਸਮਾਨ ਲਿਆਉਣ ਬਾਜ਼ਾਰ ਵੱਲ ਗਿਆ ਤਾਂ ਅਚਾਨਕ ਉਸ ਕਰਿਆਨਾ ਦੁਕਾਨਦਾਰ ਨੇ ਮੈਨੂੰ ਜੋਰ ਦੀ ਆਵਾਜ਼ ਦੇ ਕੇ ਪੈਸੇ ਦੇਣ ਦੀ ਗੱਲ ਮੈਨੂੰ ਸੁਣਾਈ। ਮੈਂ ਉਸ ਸਮੇਂ ਉਸ ਦੁਕਾਨਦਾਰ ਤੋਂ ਬਹੁਤ ਘਬਰਾ ਗਿਆ। ਮੈਨੂੰ ਇਹ ਚਿੰਤਾ ਸੀ ਕਿ ਉਹ ਕਿੱਧਰੇ ਮੇਰੀ ਜੇਬ ਵਿੱਚ ਅੱਠਵੀਂ ਜਮਾਤ ਦੇ ਪੱਕੇ ਪੇਪਰਾਂ ਲਈ ਸਟੇਸ਼ਨਰੀ ਖਰੀਦਣ ਲਈ ਰੱਖੇ 10 – 12 ਰੁਪਏ ਹੀ ਮੇਰੇ ਪਾਸੋਂ ਨਾ ਖੋਹ ਲਏ। ਇਸੇ ਡਰ ਕਰਕੇ ਮੈਂ ਉੱਥੋਂ ਭੱਜ ਜਾਣ ਦੀ ਸੋਚ ਕੇ ਆਪਣੀ ਸਾਇਕਲ ਤੇਜ਼ ਭਜਾਉਣ ਲੱਗਾ ਕਿ ਉਹ ਦੁਕਾਨਦਾਰ ਮੇਰੇ ਵੱਲ ਅਚਾਨਕ ਤੇਜ਼ੀ ਨਾਲ਼ ਦੌੜਿਆ – ਦੌੜਿਆ ਆਇਆ ਤੇ ਬਿਨਾਂ ਕੁਝ ਕਹੇ – ਸੁਣੇ ਉਹ ਮੈਨੂੰ ਗਾਲੀ – ਗਲੋਚ ਕਰਨ ਲੱਗਾ ਤੇ ਉਹ ਬਾਜ਼ਾਰ ਵਿੱਚ ਮੇਰੇ ਚਪੇੜਾਂ ਮਾਰਨ ਲੱਗ ਪਿਆ।
ਆਖਰ ਉਸਨੇ ਮੇਰੀ ਜੇਬ ਵਿੱਚ ਪਏ 10 – 12 ਰੁਪਏ ਵੀ ਮੇਰੇ ਪਾਸੋਂ ਲੈ ਲਏ ਤੇ ਮੇਰੀ ਸਾਈਕਲ ਵੀ ਖੋਹ ਕੇ ਆਪਣੀ ਦੁਕਾਨ ‘ਤੇ ਜੰਦਰਾ ਲਗਾ ਕੇ ਰੱਖ ਲਈ। ਉਸਨੇ ਆਖਿਰ ਸਾਰਿਆਂ ਸਾਹਮਣੇ ਮੈਨੂੰ ਇਹ ਕਹਿ ਕੇ ਛੱਡਿਆ ਕਿ ਪੈਸੇ ਦੇ ਜਾਈਂ ਤੇ ਆਪਣਾ ਸਾਈਕਲ ਲੈ ਜਾਈੰ। ਜਦੋਂ ਘਰ ਜਾ ਕੇ ਪਿਤਾ ਜੀ ਨੇ ਸਾਈਕਲ ਬਾਰੇ ਮੈਨੂੰ ਪੁੱਛਿਆ ( ਮੇਰੇ ਪਿਤਾ ਜੀ ਬਹੁਤ ਸਖਤ ਸੁਭਾਅ ਦੇ ਮਾਲਕ ਰਹੇ ) ਤਾਂ ਡਰਦੇ – ਡਰਦੇ ਮੈਂ ਉਹਨਾਂ ਨੂੰ ਸਾਰੀ ਘਟਨਾ ਦੱਸੀ ; ਤਾਂ ਉਹਨਾਂ ਨੇ ਵੀ ਗੁੱਸੇ ‘ਚ ਆ ਕੇ ਮੇਰੇ ਚਪੇੜਾਂ ਮਾਰ ਦਿੱਤੀਆਂ ਤੇ ਕਿਹਾ ਕਿ ਤੂੰ ਸਾਈਕਲ ਛੱਡ ਕੇ ਕਿਵੇਂ ਇੱਥੇ ਘਰ ਆ ਗਿਆ ? ??? ਦੋਸਤੋ ! ਮੇਰੇ ਜੀਵਨ ਦੀ ਹਰ ਪਰਤ ਪਰਤ ਦਰ ਪਰਤ ਛੋਟੀਆਂ – ਵੱਡੀਆਂ ਕੌੜੀਆਂ – ਕੁਸੈਲੀਆਂ ਘਟਨਾਵਾਂ ਨਾਲ਼ ਭਰੀ ਪਈ ਹੈ ਤੇ ਕਈਆਂ ਨੂੰ ਤਾਂ ਇਹ ਸਭ ਕੁਝ ਪਰੀ – ਲੋਕ ਦੀ ਕਥਾ ਵਾਂਗ ਲੱਗਦਾ ਹੈ ਤੇ ਇਸ ਬਾਰੇ ਯਕੀਨ ਹੀ ਨਹੀਂ ਹੁੰਦਾ।
ਜਿਸ ਨੇ ਆਪਣੇ ਪਿੰਡੇ ‘ਤੇ ਬਹੁਤ ਸਾਰਾ ਅਣਸੁਖਾਵਾਂ ਸੰਤਾਪ ਹੰਢਾਇਆ ਹੋਵੇ ਕੇਵਲ ਉਹੀ ਜਾਣਦਾ ਹੈ ਜਾਂ ਰੱਬ। ਪਰ ਬਹੁਤ ਡੂੰਘਿਆਈ ਨਾਲ਼ ਸੋਚਣ ਵਾਲੀ ਵਿਸ਼ੇਸ਼ ਗੱਲ ਇਹ ਹੈ ਕਿ ਉਸ ਸਮੇਂ ਮੇਰੀ ਉਮਰ 12 ਕੁ ਸਾਲ ਦੀ ਸੀ ਤੇ ਮੇਰੇ ਦਿਲੋ – ਦਿਮਾਗ ‘ਤੇ ਇਸ ਘਟਨਾ ਦਾ ਉਸ ਸਮੇਂ ਕੀ ਅਸਰ ਹੋਇਆ ਹੋਵੇਗਾ ???? ਜਿਸ 12 ਕੁ ਸਾਲ ਦੀ ਉਮਰ ਦੇ ਬੱਚੇ ਨੂੰ ਭਰੇ ਬਾਜ਼ਾਰ ਵਿੱਚ ਉਸਦੇ ਬਿਨ੍ਹਾਂ ਕਸੂਰ ਕੀਤਿਆਂ ਚਪੇੜਾਂ ਮਾਰੀਆਂ ਗਈਆਂ ਹੋਣ ਤੇ ਉਸ ਪਾਸੋਂ ਉਸਦੇ ਪੇਪਰਾਂ ਦੇ ਸਟੇਸ਼ਨਰੀ ਦੇ ਖਰਚ ਲਈ ਜੇਬ ਵਿੱਚ ਰੱਖੇ 10 – 12 ਰੁਪਏ ਅਤੇ ਉਸਦਾ ਸਾਈਕਲ ਵੀ ਖੋਹ ਲਿਆ ਗਿਆ ਹੋਵੇ , ਉਸ ਬੱਚੇ ਨੇ ਉਸ ਨਿੱਕੀ ਮਾਸੂਮ ਜ਼ਿੰਦਗੀ ਵਿੱਚ ਜਦੋਂ ਹੱਸਣਾ – ਖੇਡਣਾ ਸੀ , ਅਜਿਹੀ ਦੁੱਖਦਾਈ ਅਤੇ ਸੰਤਾਪ ਭਰੀ ਅਵਸਥਾ ਤੋਂ ਹੀ ਨਿਰੰਤਰ ਥੱਕੇ – ਠੇਡੇ ਖਾ ਕੇ ਤੇ ਸੰਘਰਸ਼ ਕਰਦੇ – ਕਰਦੇ ਉਹ ਕਿਵੇਂ ਸਰਕਾਰੀ ਅਧਿਆਪਕ ਦੀ ਨੌਕਰੀ ਤੱਕ ਪਹੁੰਚਿਆ ਹੋਵੇਗਾ ??? ਇਸ ਬਾਰੇ ਕੁਝ ਪਲ ਗੌਰ ਜ਼ਰੂਰ ਕਰਿਓ ! ਸੱਚਮੁੱਚ ! ਬੁਰੇ ਹਾਲਾਤ , ਮਜਬੂਰੀ , ਲਾਚਾਰੀ ਤੇ ਗਰੀਬੀ ਬੰਦੇ ਨੂੰ ਤੋੜ ਕੇ ਰੱਖ ਦਿੰਦੀ ਹੈ। ਰੱਬ ਕਰੇ ! ਕਿਸੇ ‘ਤੇ ਵੀ ਅਜਿਹੇ ਦਿਨ ਨਾ ਆਉਣ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਸ਼੍ਰੀ ਅਨੰਦਪੁਰ ਸਾਹਿਬ ) ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
9478561356