ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਂਦੀ ਰਾਹਤ ਸਮੱਗਰੀ ’ਤੇ ਜੀ.ਐਸ.ਟੀ. ਮੁਆਫ਼ ਕੀਤੀ ਜਾਵੇ – ਪਵਨ ਦੀਵਾਨ

ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਂਦੀ ਰਾਹਤ ਸਮੱਗਰੀ ’ਤੇ ਜੀ.ਐਸ.ਟੀ. ਮੁਆਫ਼ ਕੀਤੀ ਜਾਵੇ – ਪਵਨ ਦੀਵਾਨ

ਕੇਂਦਰੀ ਵਿੱਤ ਮੰਤਰੀ ਨੂੰ ਚਿੱਠੀ ਲਿੱਖ ਕੇ ਕੀਤੀ ਮੰਗ

ਨਿਊਯਾਰਕ/ਲੁਧਿਆਣਾ, 12 ਸਤੰਬਰ (ਰਾਜ ਗੋਗਨਾ)- ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ (ਲੁਧਿਆਣਾ) ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੂੰ ਇੱਕ ਪੱਤਰ ਲਿਖ ਕੇ ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਾਲ ਹੀ ਵਿੱਚ ਆਈਆਂ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਲਈ ਜੀ.ਐਸ.ਟੀ. ਵਿੱਚ ਖ਼ਾਸ ਰਾਹਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਦੀਵਾਨ ਨੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਰਜਿਸਟਰਡ ਐਨ.ਜੀ.ਓ., ਸਮਾਜਿਕ ਸੰਸਥਾਵਾਂ ਅਤੇ ਰਾਹਤ ਕਾਰਜ ਕਰ ਰਹੀਆਂ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਨੂੰ ਮੁਫ਼ਤ ਵੰਡੀਆਂ ਜਾਣ ਵਾਲੀਆਂ ਸਾਰੀਆਂ ਵਸਤਾਂ ਅਤੇ ਸਮੱਗਰੀਆਂ ਉਪਰ ਜੀ.ਐਸ.ਟੀ. ਪੂਰੀ ਤਰ੍ਹਾਂ ਮੁਆਫ਼ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ, ਦੀਵਾਨ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਕੇਂਦਰ ਸਰਕਾਰ ਤਿੰਨ ਮਹੀਨਿਆਂ ਜਾਂ ਉਸ ਤੋਂ ਵੱਧ ਸਮੇਂ ਲਈ ਅਸਥਾਈ “ਰਾਸ਼ਟਰੀ ਆਪਦਾ ਸੈੱਸ” ਲਗਾਉਣ ’ਤੇ ਵਿਚਾਰ ਕਰੇ। ਇਸ ਸੈੱਸ ਤੋਂ ਪ੍ਰਾਪਤ ਰਕਮ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ, ਪੁਨਰਵਾਸ ਅਤੇ ਪੁਨਰਨਿਰਮਾਣ ਲਈ ਹੀ ਵਰਤਿਆ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੀਮੈਂਟ, ਸਟੀਲ, ਇੱਟਾਂ ਅਤੇ ਹੋਰ ਜ਼ਰੂਰੀ ਨਿਰਮਾਣ ਸਮੱਗਰੀਆਂ ਉਪਰ ਵੀ ਖਾਸ ਤੌਰ ਤੇ ਹੜ੍ਹ ਪੀੜਤਾਂ ਦੇ ਘਰਾਂ ਅਤੇ ਬੁਨਿਆਦੀ ਢਾਂਚੇ ਦੇ ਪੁਨਰਨਿਰਮਾਣ ਲਈ ਜੀ.ਐਸ.ਟੀ. ਮੁਆਫ਼ ਕੀਤਾ ਜਾਣਾ ਚਾਹੀਦਾ ਹੈ। ਦੀਵਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਹੜ੍ਹ ਪੀੜਤ ਪਰਿਵਾਰਾਂ ਅਤੇ ਰਾਹਤ ਕਾਰਜ ਵਿਚ ਲੱਗੀਆਂ ਸੰਸਥਾਵਾਂ ’ਤੇ ਆਰਥਿਕ ਬੋਝ ਘੱਟ ਹੋਵੇਗਾ ਅਤੇ ਪੁਨਰਵਾਸ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਇਹ ਸਰਕਾਰ ਦੀ ਸੰਵੇਦਨਸ਼ੀਲ ਅਤੇ ਹਮਦਰਦੀ ਭਰੀ ਨੀਤੀ ਨੂੰ ਵੀ ਦਰਸਾਉਣਗੇ।