ਆਸਟ੍ਰੇਲੀਆ ਨੂੰ ਵੱਧ ਰਹੇ ਮੌਸਮੀ ਸੰਕਟਾਂ ਦੀ ਵੱਡੀ ਚੇਤਾਵਨੀ

ਆਸਟ੍ਰੇਲੀਆ ਨੂੰ ਵੱਧ ਰਹੇ ਮੌਸਮੀ ਸੰਕਟਾਂ ਦੀ ਵੱਡੀ ਚੇਤਾਵਨੀ

ਲੱਖਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ ‘ਚ

ਹਰਜੀਤ ਲਸਾੜਾ, ਬ੍ਰਿਸਬੇਨ, 16 ਸਤੰਬਰ)
ਆਸਟ੍ਰੇਲਿਆਈ ਸਰਕਾਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਾਲਾਂ ‘ਚ ਦੇਸ਼ ਨੂੰ ਬੇਹੱਦ ਖ਼ਤਰਨਾਕ ਮੌਸਮੀ ਤਬਦੀਲੀਆਂ ਦਾ ਸਾਹਮਣਾ ਕਰਨਾ ਪਵੇਗਾ। ਵੱਧਦੀ ਗਰਮੀ, ਭਿਆਨਕ ਬਾਰਸ਼ਾਂ, ਸਮੁੰਦਰੀ ਤੂਫ਼ਾਨ ਤੇ ਜੰਗਲਾਂ ਦੀਆਂ ਅੱਗਾਂ ਸਿਹਤ, ਖੇਤੀਬਾੜੀ, ਅਰਥਵਿਵਸਥਾ ਤੇ ਬੁਨਿਆਦੀ ਢਾਂਚੇ ਨੂੰ ਬੁਰੀ ਤਰਾਂ ਹਿਲਾ ਸਕਦੀਆਂ ਹਨ। ਜਲਵਾਯੂ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨੇ ਕਿਹਾ ਕਿ ਉੱਤਰੀ ਖੇਤਰ, ਦੂਰਦਰਾਜ਼ ਭਾਈਚਾਰੇ ਅਤੇ ਵੱਡੇ ਸ਼ਹਿਰਾਂ ਦੇ ਬਾਹਰੀ ਉਪਨਗਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਸਮੁੰਦਰੀ ਪੱਧਰ ਵਧਣ ਨਾਲ ਲੱਖਾਂ ਲੋਕਾਂ ਤੇ ਜੰਗਲੀ ਜੀਵਾਂ ਨੂੰ ਵੱਡੇ ਖ਼ਤਰੇ ਦਾ ਸਾਹਮਣਾ ਕਰਨਾ ਪਵੇਗਾ। ਇਸ ਰਿਪੋਰਟ ਅਨੁਸਾਰ ਸਿਡਨੀ ਵਿੱਚ ਹੀਟਵੇਵ ਕਾਰਨ ਮੌਤਾਂ ਦੀ ਗਿਣਤੀ 444% ਤੱਕ ਵਧ ਸਕਦੀ ਹੈ ਅਤੇ ਸਾਲ 2090 ਤੱਕ ਸਮੁੰਦਰੀ ਪੱਧਰ 54 ਸੈਂਟੀਮੀਟਰ ਵਧੇਗਾ, ਜਿਸ ਨਾਲ ਤੱਟੀ ਇਲਾਕਿਆਂ ਦੇ 30 ਲੱਖ ਤੋਂ ਵੱਧ ਲੋਕ ਹੜ੍ਹ ਦੇ ਖ਼ਤਰੇ ਵਿੱਚ ਆ ਜਾਣਗੇ। ਖਾਰੇ ਪਾਣੀ ਦਾ ਪ੍ਰਵੇਸ਼ ਤਾਜ਼ੇ ਪਾਣੀ ਦੀ ਸਪਲਾਈ ਪ੍ਰਭਾਵਿਤ ਕਰੇਗਾ ਅਤੇ ਤੱਟਵਰਤੀ ਭਾਈਚਾਰਿਆਂ ਦੇ 30 ਲੱਖ ਤੋਂ ਵੱਧ ਲੋਕਾਂ ਨੂੰ ਹੜ੍ਹਾਂ ਦੇ ਉੱਚ ਜੋਖਮ ਦਾ ਸਾਹਮਣਾ ਕਰਨਾ ਪਵੇਗਾ।

ਗਰਮ ਤੇ ਸੁੱਕਾ ਮੌਸਮ ਖੇਤੀਬਾੜੀ, ਫਸਲਾਂ ਅਤੇ ਪਸ਼ੂ ਪਾਲਣ ਉੱਤੇ ਭਾਰੀ ਦਬਾਅ ਪਾਵੇਗਾ ਜਿਸ ਨਾਲ ਸਿਹਤ, ਐਮਰਜੈਂਸੀ ਸੇਵਾਵਾਂ ਤੇ ਪੁਨਰਨਿਰਮਾਣ ਦੀ ਲਾਗਤ ਵਿੱਚ ਵੱਡਾ ਵਾਧਾ ਹੋਵੇਗਾ, ਜਦਕਿ ਜਾਇਦਾਦਾਂ ਦੇ ਮੁੱਲ ਡਿੱਗਣ ਦਾ ਖ਼ਤਰਾ ਹੈ। ਬੋਵੇਨ ਨੇ ਐਲਾਨ ਕੀਤਾ ਕਿ ਸਰਕਾਰ ਜਲਦੀ ਹੀ 2035 ਲਈ ਨਵੇਂ ਨਿਕਾਸ ਟੀਚੇ ਦਾ ਖੁਲਾਸਾ ਕਰੇਗੀ। ਯਾਦ ਰਹੇ ਕਿ ਆਸਟ੍ਰੇਲੀਆ ਦਾ ਮੌਜੂਦਾ ਟੀਚਾ 2030 ਤੱਕ ਕਾਰਬਨ ਨਿਕਾਸ ਨੂੰ 43% ਘਟਾਉਣਾ ਅਤੇ 2050 ਤੱਕ ਸ਼ੁੱਧ-ਜ਼ੀਰੋ ਨਿਕਾਸ ਹਾਸਲ ਕਰਨਾ ਹੈ। ਇਹ ਵੀ ਧਿਆਨਯੋਗ ਹੈ ਕਿ ਸਰਕਾਰ ਨੇ ਹਾਲ ਹੀ ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਤਰਲ ਕੁਦਰਤੀ ਗੈਸ ਪਲਾਂਟ ਨੂੰ 2070 ਤੱਕ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ। ਜਿਸਦੀ ਵਾਤਾਵਰਣ। ਸੰਗਠਨਾਂ ਅਤੇ ਯੂਨੀਅਨਾਂ ਵੱਲੋਂ ਕੜੀ ਆਲੋਚਨਾ ਹੋ ਰਹੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਆਸਟ੍ਰੇਲੀਆ ਦੀ ਅਰਥਿਕਤਾ, ਵਾਤਾਵਰਣ ਅਤੇ ਸਮਾਜ ਤਿੰਨੇ ਹੀ ਗੰਭੀਰ ਸੰਕਟ ਵਿੱਚ ਫਸ ਜਾਣਗੇ। ਸਭ ਤੋਂ ਵੱਧ ਖ਼ਤਰਾ ਬਜ਼ੁਰਗਾਂ ਅਤੇ ਬੱਚਿਆਂ ਨੂੰ ਰਹੇਗਾ ਜੋ ਗਰਮੀ ਦੀਆਂ ਲਹਿਰਾਂ ਦੇ ਸਿੱਧੇ ਨਿਸ਼ਾਨੇ ‘ਤੇ ਹੋਣਗੇ।

ਵਾਤਾਵਰਣੀ ਸੰਗਠਨਾਂ ਦੀ ਮੰਗ ਹੈ ਕਿ ਸਰਕਾਰ ਗ੍ਰੀਨਹਾਊਸ ਗੈਸਾਂ ਦੀ ਕਟੌਤੀ ਲਈ ਹੋਰ ਸਖ਼ਤ ਤੇ ਸਾਰਥਕ ਕਦਮ ਚੁੱਕੇ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਸ ਵੱਡੇ ਸੰਕਟ ਤੋਂ ਬਚਾਇਆ ਜਾ ਸਕੇ।