ਪਿੰਡ, ਪੰਜਾਬ ਦੀ ਚਿੱਠੀ (219)

ਸਾਰਿਆਂ ਨੂੰ ਸਤ ਸ਼੍ਰੀ ਅਕਾਲ ਜੀ। ਅਸੀਂ ਪਟਾਕਿਆਂ ਵਰਗੇ ਹਾਂ। ਰੱਬ ਤੁਹਾਨੂੰ ਵੀ ਸੁਖੀ ਕਰੇ। ਆਜੋ ਫੇਰ ਵੋਟਾਂ ਗਿਣੀਏ। ਥਾਂ-ਥਾਂ ਲੋਕੀਂ ਨਤੀਜਿਆਂ ਦੇ ਤਬਸਰੇ ਕਰ ਰਹੇ ਹਨ। ਸੁਖਦੇਵ ਸਿੰਘ ਝਹੇਡੀ ਨੇ ਬਿੱਕਰ ਮੰਬਰ ਨੂੰ ਛੇੜਿਆ, “ਯਾਰ ਤੇਰਾ ਸਰਪੰਚ ਵੋਟਾਂ ਦੀ ਗਿਣਤੀ ਤੋਂ ਨਨਕਾਰੀ ਕਿਉਂ ਹੋ ਗਿਆ ਸੀ?” “ਤਕੜੇ ਬੰਦੇ ਈ ਇਹ ਕੰਮ ਕਰ ਸਕਦੇ ਐ, ਤੈਂ-ਮੈਂ ਥੋੜਾ।” ਰੋਹਬ ਰੱਖ ਕੇ ਮੰਬਰ ਗੋਲ-ਗੱਲ ਕਰ ਗਿਆ। “ਮੈਂ ਤਾਂ ਸੁਣਿਆਂ ਬਈ ਉਹਨੂੰ ਭਰਮ ਸੀ ਕਿ ਜੇ ਵੋਟਾਂ ਪਾੜ ਦੇਈਏ ਤਾਂ ਚੋਣ ਦੋਬਾਰਾ ਹੁੰਦੀ ਹੈ, ਕਿਉਂ ਬਿੱਕਰਾ?” ਜਿੱਤੇ ਹੋਏ ਭਗਤ ਸਿੰਘ ਮੈਂਬਰ ਨੇ ਖਰੋਚਿਆ। “ਸਾਡੇ ਇਮਤਿਹਾਨ ਸੈਂਟਰ ਚੋਂਕੇਰਾਂ ਇੱਕ ਮੁੰਡਾ ਪੇਪਰ ਲੁਕੋ ਕੇ ਟੱਪ ਗਿਆ, ਫੜਿਆ ਗਿਆ ਤਾਂ ਉਸ ਨੇ ਦੱਸਿਆ ਕਿ ਜੇ ਪੇਪਰ ਨਾਂਹ ਥਿਆਵੇ ਤਾਂ ਪਾਸ ਕਰ ਦਿੰਦੇ ਹਨ। ਐਸਾ ਪਾਸ ਹੋਇਆ ਕਿ ਉਸ ਉੱਤੇ ਕੇਸ ਵੀ ਠੁਕ ਗਿਆ।” ਗੁਰਪ੍ਰੀਤ ਮਾਸਟਰ ਨੇ ਆਪਣੀ ਮਾਸਟਰੀ ਝਾੜੀ। “ਐਂਵੇਂ ਜਾਬੜਾਂ ਦਾ ਭੇੜ ਜਿੰਨ੍ਹਾਂ ਮਾਰ ਲੌ, ਮੇਰਾ ਨਾਂ ਨਾਂਹ ਲਿਓ, ਅੱਧ-ਪਚੱਧ ਤਾਂ ਤੁਹਾਨੂੰ ਵੀ ਪਤਾ ਹੀ ਹੋਊ? ਅਸਲ ਕਹਾਣੀ ਇਹ ਹੈ ਕਿ ਮੁਕਾਬਲਾ ਸੀ ਤਿੰਨੇ ਉਮੀਦਵਾਰਾਂ ਦਾ ਸਖਤ, ਪੈਸੇ ਲੱਗ ਗੇ ਥੱਬਾ-ਥੱਬਾ, ਕਈ ਨਾਲ ਫਿਰਨ ਆਲੇ ਵੀ ਮਾਂਠ-ਗੇ ਵਿਚਾਲੇ ਈ, ਸਾਰਿਆਂ ਨੂੰ ਸੀ ਕਿ ‘ਸਰਪੰਚੀ ਲੈ ਕੇ ਸਰਕਾਰੀ ਪੈਸਾ ਖਾਂਵਾਂਗੇ। ਸਾਰੇ ਮਾਵਾ ਖਾ ਕੇ ਦਿਨ-ਰਾਤ ਭੱਜ-ਭੱਜ ਵਿੰਗੇ ਹੋਏ ਪਏ ਸਨ। ਸਾਰਿਆਂ ਨੇ ਇੱਕ-ਇੱਕ ਵੋਟ ਢੋਹੀ, ਰੌਲੇ ਪਾ-ਪਾ ਪਵਾਈ। ਆਥਣੇ ਨ੍ਹੇਰਾ ਹੋਏ ਤੋਂ ਵੋਟਾਂ ਗਿਣਨ ਲੱਗੇ। ਵੋਟਾਂ ਪਹਿਲਾਂ ਮੈਂਬਰੀ ਦੀ ਛਾਂਟੀਆਂ, ਕੈਂਸਲ ਅੱਡ ਕੀਤੀਆਂ। ਫੇਰ ਇੱਕ-ਇੱਕ ਕਰਕੇ ਗਿਣੀਆਂ। ਅੱਧੀ ਰਾਤ ਹੋਗੀ। ਮੁਲਾਜ਼ਮਾਂ ਦੀ ਵੀ ਬੱਸ ਹੋਈ ਪਈ ਸੀ। ਜਦੋਂ ਸਰਪੰਚੀ ਦੀਆਂ ਵੋਟਾਂ ਅੱਡ-ਅੱਡ ਕੀਤੀਆਂ ਤਾਂ ਢੇਰੀਆਂ ਇੱਕੋ ਜਿਹੀਆਂ ਲੱਗਣ। ਫੇਰ ਵੋਟਾਂ ਕੈਂਸਲੀ ਉੱਤੇ ਰੌਲਾ ਪਿਆ। ਖੈਰ! ਅੱਡੋ-ਅੱਡੀ ਵੋਟਾਂ ਗਿਣ-ਮਿਣ, ਪੱਚੀ-ਪੱਚੀ ਦੀਆਂ ਗੁੱਟੀਆਂ ਬਣਾਈਆਂ। ਪਹਿਲਾਂ ਜੁਗੇ ਦੀਆਂ ਵੋਟਾਂ ਗਿਣੀਆਂ। ਉਹ ਖੁਸ਼ ਜਾ ਹੋ ਗਿਆ, ਫੇਰ ਫੀਲੇ ਦੀਆਂ। ਆਪਣਾ ਬੰਦਾ ਮਨ ਹੀ ਮਨ ਚ ਹਿਸਾਬ ਜਾ ਲਾਈ ਗਿਆ। ਰਾਂਦੀ ਦਾ ਜੀਅ ਘਟੀ ਜਾਵੇ। ਜਦੋਂ ਇਹਦੀਆਂ ਗਿਣੀਆਂ ਤਾਂ ਦਸਾਂ ਦਾ ਘਾਟਾ ਪੈ ਗਿਆ। ਕਹਿੰਦਾ ਦੋਬਾਰਾ ਗਿਣੋ, ਸਾਰਿਆਂ ਬਹੁਤ ਸਮਝਾਇਆ। ਤੀਹੋ ਕਾਲ ਇੱਕੋ ਨੰਨਾਂ। ਫੇਰ ਗਿਣੀਆਂ, ਉਨੀਆਂ ਹੀ। ‘ਕੈਂਸਲ ਦੋਬਾਰਾ ਵਿਖਾਓ। ਵੇਖੀਆਂ, ਪੂਰੀਆਂ। ਤੀਜੀ ਵਾਰੀ ਜਦੋਂ ਫੇਰ ਨਾ ਮੰਨਿਆਂ, ਅਫ਼ਸਰ ਨੇ ਹੋਰ ਫੋਰਸ ਮੰਗਾ ਲੀ। ਜਦੋਂ ਤੀਜੀ ਵਾਰੀ ਗਿਣਨ ਲੱਗੇ ਤਾਂ ਹਾਰਦਿਆਂ ਇਹਨੇ ਪਰਚੀਆਂ ਦੀ ਮੁੱਠ ਭਰੀ ਅਤੇ ਪਾੜ ਤੀਆਂ। ਪੁਲਸ ਆਲਿਆਂ ਉੱਥੇ ਈ ਫੜ ਲਿਆ। ਕੁੰਡੀਆਂ ਲੱਗੀਆਂ ਹੀ ਸਨ। ਵੱਡੇ ਅਫਸਰ ਆਏ। ਕੇਸ ਵੀ ਬਣਾ ਲਿਆ ਅਤੇ ਹਾਰ ਵੀ ਗਿਆ।” ਹਰਮੇਲ ਸਿੰਹੁ ਨੇ ਗੱਲ ਮੁਕਾਈ ਤਾਂ ਸਾਰੇ ਸਿਰ ਮਾਰਨ ਲੱਗ-ਪੇ।

ਹੋਰ, ਦੀਵਾਲੀ ਦੀਆਂ ਸਫ਼ਾਈਆਂ, ਮਿਠਿਆਈਆਂ ਅਤੇ ਖ਼ਰਚਾਈਆਂ ਸ਼ੁਰੂ ਹਨ। ਦੁਕਾਨਦਾਰ ਹਰ ਸਾਲ ਵਾਂਗੂੰ ਕਹਿ ਰਹੇ ਹਨ ‘ਮੰਦਾ ਹੈ। ‘ਚੰਗਾ ਮਾਸਟਰ, ਬਲਦੇਵ ਸਿੰਘ ਸੰਧੂ ਤੁਰ ਗਿਆ। ਡੇਂਗੂ ਮੱਛਰ, ਡੰਗ ਰਿਹਾ ਹੈ। ਪਟਾਕੇ, ਪਰਾਲੀ ਅਤੇ ਪ੍ਰਦੂਸ਼ਣ ਮੁੱਖ ਮੁੱਦੇ ਹਨ। ਪੇਂਡੂ ਟਿਕ-ਟਕਾ ਮਗਰੋਂ ਹੁਣ ਚਾਰ ਜ਼ਿਮਨੀ ਵੋਟਾਂ ਆ ਗਈਆਂ ਹਨ। ਹੁਣ ਪਿੰਡ ਵੀ ਕਸਬੇ ਬਣ ਗਏ ਹਨ। ਸੱਚ, ਛੱਪੜ ਹੁਣ ਗੰਦਾ ਟੋਬਾ ਬਣ ਗਿਆ ਹੈ। ਸਾਡੇ ਤਾਂ ਰੁੱਤ ਸਮਾਂਤਰ ਜਿਹੀ ਹੈ, ਤੁਹਾਡੀ ਬਰਫ਼ ਬਾਰੇ ਦੱਸਿਓ? ਡਿੱਗਣ ਤੋਂ ਬਚਿਓ। ਮਿਲਾਂਗੇ ਅਗਲੇ ਐਤਵਾਰ, ਇੱਕ ਹੋਰ ਦਰਬਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061