ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੰਚ ਤੋਂ ਦਿੱਤਾ ਦੋਵਾਂ ਦੇਸ਼ਾਂ ‘ਚ ਸ਼ਾਂਤੀ ਸਥਾਪਨਾ ਦਾ ਸੁਨੇਹਾ

ਵਾਸ਼ਿੰਗਟਨ, 14 ਜੁਲਾਈ (ਰਾਜ ਗੋਗਨਾ ) – ਮਨਾਸਸ ਦੀ ਜੌਰਜ ਮੇਸਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਦੋਵਾਂ ਪੰਜਾਬਾਂ ਦੇ ਭਾਈਚਾਰੇ ਵਲੋਂ ਪਾਕਿਸਤਾਨੀ ਗਾਇਕ ਤੇ ਜੁਗਨੀ ਕਿੰਗ ਵਜੋਂ ਮਸ਼ਹੂਰ ਆਰਿਫ਼ ਲੋਹਾਰ ਦਾ ਸ਼ੋਅ ਕਰਵਾਇਆ ਗਿਆ। ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਸਰੋਤੇ ਆਰਿਫ਼ ਲੋਹਾਰ ਨੂੰ ਸੁਣਨ ਲਈ ਪੁੱਜੇ। ਇਸ ਮੌਕੇ ਉਸਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਆਪਣੀ ਜੋਸ਼ੀਲੀ ਅਤੇ ਸੁਰੀਲੀ ਗਾਇਕੀ ਨਾਲ ਲੋਹਾ ਮਨਵਾਇਆ। ਸ਼ੋਅ ਦਾ ਅਨੰਦ ਮਾਨਣ ਲਈ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਸਿੱਖਸ ਆਫ ਅਮੈਰਿਕਾ ਦੀ ਟੀਮ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਈ। ਇਸ ਮੌਕੇ ਮੈਰੀਲੈਂਡ ਦੇ ਗਵਰਨਰ ਵੈੱਸ ਮੋਰ ਨੇ ਆਰਿਫ਼ ਲੋਹਾਰ ਲਈ ਇਕ ਸਾਈਟੇਸ਼ਨ ਭੇਜੀ ਜੋ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਪੜ੍ਹ ਕੇ ਸੁਣਾਈ। ਅਤੇ ਪ੍ਰੀਤ ਟੱਕਰ ਵਲੋਂ ਆਰਿਫ ਲੋਹਾਰ ਨੂੰ ਭੇਂਟ ਕੀਤੀ ਗਈ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵਾਂ ਪੰਜਾਬਾਂ ਦੇ ਲੋਕ ਆਪਸ ਵਿਚ ਪਿਆਰ ਕਰਦੇ ਹਨ, ਇਸ ਲਈ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਦਾ ਸਥਾਪਿਤ ਹੋਣਾ ਬਹੁਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਉਹ ਜਿੱਥੇ ਅਕਾਲ ਪੁਰਖ ਅੱਗੇ ਦੋਵਾਂ ਦੇਸ਼ਾਂ ਵਿਚ ਸਬੰਧਾਂ ਦੇ ਸੁਧਰਨ ਦੀ ਅਰਦਾਸ ਕਰਦੇ ਹਨ ਉੱਥੇ ਦੋਵਾਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਭਵਿੱਖ ਵਿਚ ਸਿਆਸੀ ਨਫ਼ਰਤ ਨੂੰ ਘੱਟ ਕੀਤਾ ਜਾਵੇ। ਇਸ ਮੌਕੇ ਆਰਿਫ਼ ਲੋਹਾਰ ਨੇ ਵੀ ਹਾਮੀ ਭਰਦਿਆਂ ਦੋਵਾਂ ਮੁਲਕਾਂ ‘ਚ ਸ਼ਾਂਤੀ ਅਤੇ ਆਪਸੀ ਭਾਈਚਾਰੇ ਸਾਂਝ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੀ ਦੁਆ ਕੀਤੀ। ਅੰਤ ਵਿਚ ਆਰਿਫ਼ ਲੋਹਾਰ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਸ਼ੋਅ ਦਾ ਸਰੋਤਿਆਂ ਨੇ ਮੁਕੰਮਲ ਅਨੰਦ ਮਾਣਿਆ।