
ਕਾਲੀਆਂ ਘਟਾਵਾਂ ਵਰਗੀ ਸਤ ਸ਼੍ਰੀ ਅਕਾਲ। ਅਸੀਂ ਇੱਥੇ ਬੱਦਲਾਂ ਸਾਹਮਣੇ ਉੱਡ ਰਹੇ ਚਿੱਟੇ ਬਗਲਿਆਂ ਵਰਗੇ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਸੱਚੇ ਪਾਤਸ਼ਾਹ ਤੋਂ ਸਦਾ-ਸੁਹਾਵਣੀ ਮੰਗਦੇ ਹਾਂ। ਚਾਰ-ਚੁਫੇਰੇ ਮੀਂਹ ਦੀਆਂ ਖ਼ਬਰਾਂ। ਕੱਟਾਂ ਅਤੇ ਵੱਟਾਂ ਤੋਂ ਰਾਹਤ ਹੈ। ਕਈ ਥਾਂ ਵਾਕੇ ਵੀ ਹੋ ਰਹੇ ਹਨ। ਮੱਠੀਆਂ, ਗੁਲਗੁਲਿਆਂ ਦੀ ਖੁਸ਼ਬੋ ਹੈ। ਟੈਸਟਾਂ, ਦਵਾਈਆਂ ਅਤੇ ਐਂਬੂਲੈਂਸਾਂ ਦਾ ਜੋਰ ਹੈ। ਛੱਪੜ, ਟੋਭੇ ਭਰ ਰਹੇ ਹਨ ਅਤੇ ਅੱਗੇ ਸਮਾਚਾਰ ‘ਜੋਲਾਂ ਵਾਲੀ ਛੱਪੜੀ ਦਾਵੀ, ਪਾਣੀ ਤੋਂ ਯਾਦ ਆ ਗਿਆ। ਪਿੰਡ
ਚ ਕਈ ਥਾਂਵਾਂ ਨਾਲ ‘ਲੋਕ ਬਾਤਾਂਵਰਗੀਆਂ ਘਟਨਾਵਾਂ ਜੁੜੀਆਂ ਹੁੰਦੀਆਂ ਹਨ। ‘ਜੋਲਾਂ ਵਾਲੀ ਛੱਪੜੀ
ਚਾਰ-ਪੰਜ, ਪਿੰਡਾਂ ਦੇ ਵਿਚਕਾਰ, ਕੁਦਰਤੀ ਢਾਬ ਸੀ। ਸਾਰਿਆਂ ਪਿੰਡਾਂ ਤੋਂ ਖਾਸੀ ਦੂਰ ਹੋਣ ਕਰਕੇ, ਇੱਥੇ ਪਾਣੀ ਦੀ ਵਰਤੋਂ ਘੱਟ ਸੀ। ਮੀਂਹਾਂ ਵੇਲੇ ਸਮੁੰਦਰ ਬਣ ਜਾਂਦੀ ਇਹ ਢਾਬ, ਆਪਣੇ ਦੁਆਲੇ ਸੰਘਣਾ ਜੰਗਲ ਪਾਲ ਰਹੀ ਸੀ। ਗਿੱਦੜ, ਲੂੰਬੜ, ਹਿਰਨ, ਖਰਗੋਸ਼, ਨਿਉਲੇ, ਸੱਪ, ਝਹੇ, ਸੇਹਾਂ ਅਤੇ ਹੋਰ ਅਨੇਕਾਂ ਜਾਨਵਰਾਂ, ਪੰਛੀਆਂ ਦਾ ਵਸੇਬਾ ਸੀ। ਡੂੰਘ ਕਰਕੇ ਸਾਰਾ ਸਾਲ ਪਾਣੀ ਅਤੇ ਹਰਿਆਲੀ ਕਾਇਮ ਰਹਿੰਦੀ। ਕੋਈ ਰਾਹ-ਖੈਹੜਾ ਤਾਂ ਨੇੜੇ ਨਹੀਂ ਸੀ। ਉਜਾੜਾਂ ਚੋਂ ਕਦੇ ਕੋਈ ਵਾਗੀ, ਇਕੱਠੇ ਹੋ ਕੇ ਮਾਲ-ਡੰਗਰ ਲੈ ਜਾਂਦੇ। ਏਥੇ ਭੂਤ-ਪ੍ਰੇਤ ਅਤੇ ਡਾਕੂਆਂ ਦੇ ਹੋਣ ਦੀਆਂ ਗੱਲਾਂ ਉੱਡਦੀਆਂ। ਬਾਬਾ ਥੰਮਣ ਦੱਸਦਾ ਹੁੰਦਾ ਸੀ ਬਈ “ਇਹ ਡਰਾਵੇ ਹੀ ਸਨ, ਅਸਲ
ਚ ਕੁਸ ਨੀ ਸੀ।” ਹਾਂ, ਸੰਤਾਲੀ ਦੇ ਰੌਲੇ ਵੇਲੇ ਕਈ ਬੇਦੋਸੇ ਇੱਥੇ ਲੁਕੇ ਅਤੇ ਬਚੇ ਵੀ। ਬਾਬਾ ਕੌਰ ਸਿੰਹੁ ਦਿਆਲੂ ਸੀ, ਉਹਨੇ ਕਈ ਪਿੰਡਾਂ ਦੇ ਮੁਸਲਮਾਨਾਂ ਪਰਿਵਾਰਾਂ ਨੂੰ ਪੜਗਾਹ ਦੇ ਕੇ ਮਗਰੋਂ ਬਾਰਡਰ ਪਾਰ ਕਰਾਇਆ। ਜਾਨਵਰਾਂ ਦੇ ਕਰੰਗ ਪਏ ਹੋਣ ਕਰਕੇ, ਕਈ ਇਹਨੂੰ ‘ਕੁਰੰਗਾਂ ਆਲੀ ਛੱਪੜੀਵੀ ਆਖਦੇ ਪਰ ਮਸ਼ਹੂਰ ਇਹ ਜੋਲਾਂ ਵਾਲੀ ਹੀ ਰਹੀ। ਉਂਜ ‘ਜੋਲਾਂ
ਨਾਂ ਕਿਉਂ ਪਿਆ। ਇਸਦੀ ਕਹਾਣੀ ਵੀ ਗੋਲ-ਮੋਲ ਹੀ ਹੈ। ਹੌਲੀ-ਹੌਲੀ ਨਹਿਰਾਂ-ਸੂਏ ਆਉਣ ਨਾਲ, ਇਹ ਇਲਾਕਾ ਖੇਤੀ ਥੱਲੇ ਆ ਗਿਆ।
ਮੁਰੱਬੇ-ਬੰਦੀ ਵੇਲੇ ਰਾਹ ਬਣੇ, ਫੇਰ ਸੜਕ। ਜੰਗਲ ਕੱਟਿਆ ਗਿਆ। ਇਹ ਥਾਂ ਅਜੇ ਵੀ ਕਾਫ਼ੀ ਨੀਵਾਂ ਹੈ। ਇੱਕ-ਦੋ ਦਰਖ਼ਤਾਂ ਦਾ ਅੰਦਾਜਾ ਲਾ ਅਸੀਂ ਰੁਕੇ ਤਾਂ ਉੱਥੇ ਕਿਸਾਨ ਨੇ ਦੱਸਿਆ, “ਆਹੀ ਆ ਜੀ ਉਹ ਛੱਪੜੀ ਆਲਾ ਥਾਂ, ਕਦੇ-ਕਦੇ ਥੱਲਿਉਂ, ਤੌੜਿਆਂ ਦੀਆਂ ਠੀਕਰੀਆਂ ਜੀਹੀਆਂ ਨਿਕਲ ਆਂਉਂਦੀਆਂ, ਹੋ ਸਕਦੈ, ਖਵਰੇ ਕਦੇ ਕਬਰਾਂ ਹੋਣ।” ਮੈਂ ਸਮੇਂ ਦੇ ਉਸ ਦੌਰ ਚ ਗਵਾਚ ਗਿਆ, ‘ਜਦੋਂ ਏਥੇ ਝਿੜੀ
ਚ ਸੈਂਕੜੇ ਜਾਨਵਰ ਰਹਿੰਦੇ ਹੋਣਗੇ, ਸੁੰਨਸਾਨ, ਪਾਣੀ ਹੋਵੇਗਾ, ਦਿਨੇ ਵੀ ਰਾਤ ਹੋਵੇਗੀ ਅਤੇ ਰਾਤ ਪਤਾ ਨਹੀਂ ਕਿਹੜੀ ਬਾਤ ਪਾਂਉਂਦੀ ਹੋਵੇਗੀ।ਅਜੇਹੀਆਂ ਕਿੰਨੀਆਂ ਹੀ ਢਾਬਾਂ, ਛੱਪੜੀਆਂ, ਝਿੜੀਆਂ ਅਤੇ ਰੋਹੀਆਂ ਨੂੰ ‘ਤਰੱਕੀ ਦੀ ਵਾਢ
ਖਾ ਗਈ। ਮੇਰੀ ਸੋਚ ਉਦੋਂ ਟੁੱਟੀ ਜਦੋਂ ਨਾਲ ਦੇ ਨੇ ਹਲੂਣਿਆ, “ਆ ਜਾ ਚੱਲੀਏ, ਬਾਹਲਾ ਨਾ ਸੋਚਿਆ ਕਰ, ਦੁਨੀਆਂ ਆਂਏਂ ਈ ਚੱਲਦੀ ਐ!” ਗੱਲ ਪਤਾ ਨਹੀਂ ਕਿੰਨੀ ਠੀਕ ਹੈ? ਚੱਲੋ!
ਬਾਕੀ ਅਗਲੇ ਐਤਵਾਰ…..
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061