ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ ‘ਰਸਦ’

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਵਿਚ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ, ਜਿਸਦਾ ਨਾਮ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਰੱਖਿਆ ਗਿਆ ਹੈ। ਹੁਣ ਪਾਕਿਸਤਾਨ ‘ਚ ਸਥਿਤ ਗੁਰਦਵਾਰਾ ਸ਼੍ਰੀਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਕਰੀਬ 7 ਕਿਲੋ ਪ੍ਰਤੀ ਵਿਅਕਤੀ ਲੰਗਰ ਦੇ ਸੇਵਾ ਲਈ ਸੁੱਕੀ ਰਸਦ ਲੈ ਜਾ ਸਕਣਗੇ।

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਸੇਵਾ ਕਰਨ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਖਰੀਦਣ ਦੀ ਲੋੜ ਨਹੀਂ ਪਵੇਗੀ। ਉਹ ਤੀਰਥ ਅਸਥਾਨ ਤੋਂ ਸਿਰਫ ਢਾਈ ਕਿਲੋਮੀਟਰ ਪਹਿਲਾਂ ਡੇਰਾਬਾਬਾ ਨਾਨਕ ਕੋਰੀਡੋਰ ਤੋਂ ਸਸਤੀ ਸਬਜ਼ੀਆਂ ਲੈ ਸਕਣਗੇ। ਇੱਥੇ ਧਾਰਮਿਕ ਵਸਤੂਆਂ ਵੀ ਮਿਲਣਗੀਆਂ। ਫਿਲਹਾਲ ਕੇਂਦਰੀ ਗ੍ਰਹਿ ਮੰਤਰਾਲੇ ਦੀ ਪਹਿਲਕਦਮੀ ‘ਤੇ ਇਸ ਸਭ ਲਈ ਇਕ ਸਟੋਰ ਖੋਲ੍ਹਿਆ ਗਿਆ ਹੈ, ਜਿੱਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰ ਕੇ ਸਮਾਨ ਸਰਹੱਦ ਪਾਰ ਲੈ ਗਏ।

ਮੰਗ ਅਨੁਸਾਰ ਸਰਕਾਰ ਨੇ ਟੈਂਡਰ ਜਾਰੀ ਕੀਤਾ ਸੀ ਅਤੇ ਉਸ ਟੈਂਡਰ ਨੂੰ ਰਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਭਰਿਆ ਗਿਆ। ਅੱਜ ਇਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਰਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿਚ ਰੱਖੀਆਂ ਸਬਜ਼ੀਆਂ ਵਿਚ ਟਮਾਟਰ, ਹਰੀ ਮਿਰਚ, ਲਸਣ, ਅਦਰਕ ਅਤੇ ਪਿਆਜ਼ ਸ਼ਾਮਲ ਹਨ ਜੋ ਪਾਕਿਸਤਾਨ ਵਿਚ ਬਹੁਤ ਮਹਿੰਗੇ ਹਨ। ਇਸ ਤੋਂ ਇਲਾਵਾ ਘਿਓ, ਚਾਹ ਪੱਤੀ, ਸੁੱਕਾ ਦੁੱਧ, ਚੌਲ, ਆਟਾ, ਖੰਡ ਅਤੇ ਹੋਰ ਸਮਾਨ ਸ਼ਾਮਿਲ ਹੈ।