
ਕੁਝ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਵਿੱਚ ਬਤੌਰ ਐਸ.ਪੀ. ਤਾਇਨਾਤ ਸੀ ਜਿਸ ਅਧੀਨ ਤਤਕਾਲੀ ਮੁੱਖ ਮੰਤਰੀ ਦਾ ਚੋਣ ਹਲਕਾ ਅਤੇ ਜੱਦੀ ਪਿੰਡ ਆਉਂਦਾ ਸੀ। ਮੁੱਖ ਮੰਤਰੀ ਮਹੀਨੇ ਵਿੱਚੋਂ 20 ਦਿਨ ਆਪਣੇ ਹਲਕੇ ਦਾ ਦੌਰਾ ਕਰਨ ਵਿੱਚ ਹੀ ਗੁਜ਼ਾਰਦਾ ਸੀ ਤੇ ਸਾਰੇ ਜਿਲ੍ਹੇ ਦੀ ਪੁਲਿਸ ਦਿਨ ਰਾਤ ਡਿਊਟੀ ‘ਤੇ ਚੜ੍ਹੀ ਰਹਿੰਦੀ ਸੀ। ਕੋਈ ਕਰਮਾਂ ਵਾਲਾ ਦਿਨ ਹੁੰਦਾ ਸੀ ਜਦੋਂ ਸਾਨੂੰ ਦਫਤਰ ਬੈਠਣ ਦਾ ਮੌਕਾ ਮਿਲਦਾ ਸੀ। ਮੈਨੂੰ ਲੱਗੇ ਨੂੰ ਅਜੇ ਦੋ ਕੁ ਹਫਤੇ ਹੀ ਹੋਏ ਸਨ ਕਿ 24 25 ਸਾਲ ਦਾ ਕੁਲਦੀਪ (ਕਾਲਪਨਿਕ ਨਾਮ) ਨਾਮਕ ਇੱਕ ਲੜਕਾ ਆਪਣੇ ਦੋਸਤ ਸੰਦੀਪ (ਕਾਲਪਨਿਕ ਨਾਮ) ਸਮੇਤ ਮੈਨੂੰ ਮਿਲਣ ਲਈ ਆ ਗਿਆ। ਜਦੋਂ ਮੈਂ ਕੰਮ ਪੁੱਛਿਆ ਤਾਂ ਉਸ ਨੇ ਮੈਨੂੰ ਆਪਣੀ ਦਰਦ ਕਹਾਣੀ ਕਹਿ ਸੁਣਾਈ।
ਉਸ ਨੇ ਦੱਸਿਆ ਕਿ ਚਾਰ ਕੁ ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਰਾਣੀ (ਕਾਲਪਨਿਕ ਨਾਮ) ਨਾਮਕ ਲੜਕੀ ਨਾਲ ਹੋਇਆ ਸੀ। ਛੇ ਕੁ ਮਹੀਨੇ ਤਾਂ ਵਧੀਆ ਲੰਘੇ ਪਰ ਬਾਅਦ ਵਿੱਚ ਪੂਜਾ ਨੇ ਉਸ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਅੱਜ ਤੋਂ ਦੋ ਕੁ ਸਾਲ ਪਹਿਲਾਂ ਪੂਜਾ ਇੱਕ ਰਾਤ ਘਰ ਛੱਡ ਕੇ ਗਾਇਬ ਹੋ ਗਈ। ਉਸ ਨੇ ਆਪਣੇ ਸਹੁਰਿਆਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਹੀ ਪੂਜਾ ਨੂੰ ਮਾਰ ਕੇ ਗਾਇਬ ਕੀਤਾ ਹੈ। ਉਨ੍ਹਾਂ ਨੇ ਕੁਲਦੀਪ ਦੇ ਖਿਲਾਫ ਸਬੰਧਿਤ ਥਾਣੇ ਵਿੱਚ ਇਸ ਸਬੰਧੀ ਦਰਖਾਸਤ ਦੇ ਦਿੱਤੀ। ਅਜੇ ਪੁਲਿਸ ਤਫਤੀਸ਼ ਕਰ ਹੀ ਰਹੀ ਸੀ ਕਿ ਮਹੀਨੇ ਕੁ ਬਾਅਦ ਇੱਕ ਔਰਤ ਦੀ ਗਲੀ ਸੜੀ ਲਾਸ਼ ਉਥੋਂ ਗੁਜ਼ਰਦੀ ਇੱਕ ਨਹਿਰ ਦੇ ਕਿਨਾਰੇ ਝਾੜੀਆਂ ਵਿੱਚ ਪਈ ਮਿਲ ਗਈ। ਜਦੋਂ ਉਸ ਦਾ ਸਹੁਰਾ ਪਰਿਵਾਰ ਮੌਕੇ ‘ਤੇ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਰੌਲਾ ਪਾ ਦਿੱਤਾ ਕਿ ਇਹ ਲਾਸ਼ ਪੂਜਾ ਦੀ ਹੀ ਹੈ ਤੇ ਉਸ ਦਾ ਕਤਲ ਕੁਲਦੀਪ ਨੇ ਕੀਤਾ ਹੈ। ਲਾਸ਼ ਪਛਾਨਣ ਯੋਗ ਨਹੀਂ ਸੀ ਪਰ ਪੂਜਾ ਦੇ ਪਿਉ ਦੇ ਬਿਆਨਾਂ ‘ਤੇ ਪੁਲਿਸ ਨੇ ਕੁਲਦੀਪ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਰੋਜ਼ਾਨਾ ਦੀਆਂ ਡਿਊਟੀਆਂ ਕਾਰਨ ਪੁਲਿਸ ਨੇ ਉਸ ਕੇਸ ਦੀ ਤਫਤੀਸ਼ ਜਿਆਦਾ ਚੰਗੇ ਢੰਗ ਨਾਲ ਨਾ ਕੀਤੀ ਤੇ ਇਥੋਂ ਤੱਕ ਕਿ ਲਾਸ਼ ਦਾ ਡੀ.ਐਨ.ਏ. ਟੈਸਟ ਵੀ ਨਾ ਕਰਵਾਇਆ। ਬੱਸ ਕੱਚਾ ਪੱਕਾ ਚਲਾਨ ਅਦਾਲਤ ਵਿੱਚ ਧੱਕ ਦਿੱਤਾ ਜਿਸ ਕਾਰਨ ਡੇਢ ਦੋ ਸਾਲ ਬਾਅਦ ਕੁਲਦੀਪ ਦੀ ਹਾਈ ਕੋਰਟ ਤੋਂ ਜ਼ਮਾਨਤ ਹੋ ਗਈ।
ਪਰ ਕੁਲਦੀਪ ਲਗਤਾਰ ਇਹ ਕਹਿੰਦਾ ਰਿਹਾ ਕੇ ਉਸ ਬੇਗੁਨਾਹ ਹੈ, ਸਿਰਫ ਉਸ ਨੂੰ ਫਸਾਉਣ ਖਾਤਰ ਉਸ ਦੇ ਸਹੁਰੇ ਨੇ ਉਸ ਲਾਸ਼ ਦੀ ਪੂਜਾ ਵਜੋਂ ਸ਼ਨਾਖਤ ਕੀਤੀ ਸੀ। ਜਦੋਂ ਮੈਂ ਸਬੰਧਿਤ ਥਾਣੇ ਦੇ ਐਸ.ਐਚ.ਉ. ਨੂੰ ਇਸ ਬਾਬਤ ਪੁੱਛਿਆ ਤਾਂ ਉਸ ਨੇ ਉਹੋ ਪੁਰਾਣੇ ਪੁਲਸੀਆ ਅੰਦਾਜ਼ ਵਿੱਚ ਕਿਹਾ ਕਿ ਜ਼ਨਾਬ ਇਹ ਤਾਂ ਐਵੇਂ ਬਕਵਾਸ ਕਰਦਾ ਹੈ। ਕਤਲ ਇਸੇ ਨੇ ਕੀਤਾ ਹੈ, ਜੇ ਪੂਜਾ ਜ਼ਿੰਦਾ ਹੁੰਦੀ ਤਾਂ ਹੁਣ ਤੱਕ ਮਿਲ ਨਾ ਜਾਂਦੀ। ਮੈਂ ਐਸ.ਐਚ.ਉ. ਨੂੰ ਪੁੱਛਿਆ ਕਿ ਤੁਸੀਂ ਪੂਜਾ ਨੂੰ ਲੱਭਣ ਲਈ ਹੁਣ ਤੱਕ ਕੀ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਉਸ ਨੇ ਕਿਹਾ ਕਿ ਸਰ ਜਦੋਂ ਉਹ ਮਰ ਚੁੱਕੀ ਹੈ ਤਾਂ ਕੋਸ਼ਿਸ਼ ਕੀ ਕਰਨੀ ਸੀ? ਐਸ.ਐਚ.ਉ. ਨਾਲ ਗੱਲ ਕਰਨ ਤੋਂ ਬਾਅਦ ਮੈਂ ਸਮਝ ਗਿਆ ਕਿ ਉਸ ਨੂੰ ਕੁਲਦੀਪ ਦੀ ਮਦਦ ਕਰਨ ਲਈ ਕਹਿਣਾ ਫਜ਼ੂਲ ਹੈ। ਕੁਲਦੀਪ ਦੀ ਸ਼ਰਾਫਤ ਵੇਖ ਕੇ ਮੈਨੂੰ ਲੱਗਣ ਲੱਗ ਪਿਆ ਕਿ ਇਹ ਬੰਦਾ ਬੇਗੁਨਾਹ ਹੈ।
ਮੈਂ ਉਸ ਨੂੰ ਸਪੱਸ਼ਟ ਦੱਸ ਦਿੱਤਾ ਕਿ ਥਾਣੇ ਦੀ ਪੁਲਿਸ ਤੈਨੂੰ ਕਾਤਲ ਮੰਨ ਚੁੱਕੀ ਹੈ ਇਸ ਲਈ ਤੈਨੂੰ ਆਪ ਹੀ ਹਿੰਮਤ ਕਰਨੀ ਪੈਣੀ ਹੈ। ਆਪਣੇ ਦੋਸਤਾਂ, ਵਾਕਿਫਕਾਰਾਂ ਤੇ ਰਿਸ਼ਤੇਦਾਰਾਂ ਦੀ ਮਦਦ ਲੈ। ਜਿੱਥੇ ਮੇਰੀ ਜਰੂਰਤ ਪਵੇ, ਭਾਵੇਂ ਰਾਤ ਦੇ ਬਾਰਾਂ ਵਜੇ ਫੋਨ ਕਰ ਦੇਵੀਂ, ਉਥੇ ਹੀ ਪੁਲਿਸ ਪਾਰਟੀ ਭੇਜ ਦਿਆਂਗਾ। ਮੇਰੀ ਗੱਲ ਸੁਣ ਕੇ ਉਸ ਦਾ ਹੌਂਸਲਾ ਵਧ ਗਿਆ ਤੇ ਉਹ ਧੰਨਵਾਦ ਕਰ ਕੇ ਚਲਾ ਗਿਆ। ਉਸ ਨੇ ਦੂਰ ਦੂਰ ਤੱਕ ਆਪਣੇ ਯਾਰਾਂ ਦੋਸਤਾਂ, ਵਾਕਿਫਾਂ ਅਤੇ ਰਿਸ਼ਤੇਦਾਰਾਂ ਨੂੰ ਪੂਜਾ ਦੀਆਂ ਫੋਟੋਆਂ ਭੇਜ ਦਿੱਤੀਆਂ। ਉਸ ਦਾ ਇੱਕ ਦੋਸਤ ਟੈਂਪੂ ‘ਤੇ ਸਮਾਨ ਢੋਣ ਦਾ ਕੰਮ ਕਰਦਾ ਸੀ। ਉਸ ਨੇ ਕੁਲਦੀਪ ਨੂੰ ਦੱਸਿਆ ਕਿ ਉਹ ਹਿਸਾਰ (ਹਰਿਆਣਾ) ਦੇ ਨਜ਼ਦੀਕ ਇੱਕ ਪਿੰਡ ਹਸਨਪੁਰ (ਕਾਲਪਨਿਕ ਨਾਮ) ਮਾਲ ਲੈ ਕੇ ਗਿਆ ਸੀ ਤਾਂ ਉਸ ਨੇ ਉਥੇ ਇੱਕ ਘਰ ਦੇ ਬਾਹਰ ਬਿਲਕੁਲ ਪੂਜਾ ਵਰਗੀ ਔਰਤ ਖੜ੍ਹੀ ਵੇਖੀ ਸੀ। ਕੁਲਦੀਪ ਫਟਾਫਟ ਮੇਰੇ ਕੋਲ ਆਇਆ ਤਾਂ ਮੈਂ ਉਸ ਨੂੰ ਸਮਝਾਇਆ ਕਿ ਉਹ ਪਹਿਲਾਂ ਆਪ ਪੱਕਾ ਕਰ ਲਵੇ ਕਿ ਉਹ ਔਰਤ ਪੂਜਾ ਹੀ ਹੈ।
ਕੁਲਦੀਪ ਦਾ ਦੋਸਤ ਸੰਦੀਪ ਪੂਜਾ ਨੂੰ ਚੰਗੀ ਤਰਾਂ ਪਹਿਚਾਣਦਾ ਸੀ। ਉਸ ਨੇ ਭੇਸ ਬਦਲ ਲਿਆ ਤੇ ਹਸਨਪੁਰ ਵਿਖੇ ਰੇਹੜੀ ਰਾਹੀਂ ਸਬਜ਼ੀ ਆਦਿ ਵੇਚਣ ਲੱਗ ਪਿਆ। ਦਸ ਕੁ ਦਿਨਾਂ ਬਾਅਦ ਉਸ ਦੀ ਮਿਹਨਤ ਰੰਗ ਲਿਆਈ ਤੇ ਪੂਜਾ ਉਸ ਦੀ ਰੇਹੜੀ ‘ਤੇ ਸਬਜ਼ੀ ਖਰੀਦਣ ਲਈ ਘਰੋਂ ਬਾਹਰ ਆ ਗਈ। ਪੂਜਾ ਨੇ ਸੰਦੀਪ ਨੂੰ ਨਾ ਪਹਿਚਾਣਿਆਂ ਤੇ ਕੁਲਦੀਪ ਨੇ ਉਸੇ ਵੇਲੇ ਮੈਨੂੰ ਫੋਨ ਕਰ ਦਿੱਤਾ ਤੇ ਅਗਲੇ ਦਿਨ ਮੇਰੇ ਕੋਲ ਪਹੁੰਚ ਗਿਆ। ਕੁਲਦੀਪ ਦੇ ਥਾਣੇ ਦੇ ਐਸ.ਐਚ.ਉ. ਨਾਲ ਹੋਈ ਗੱਲ ਬਾਤ ਤੋਂ ਬਾਅਦ ਮੈਨੂੰ ਉਸ ‘ਤੇ ਕੋਈ ਭਰੋਸਾ ਨਹੀਂ ਸੀ। ਇਸ ਕਾਰਨ ਮੈਂ ਆਪਣੇ ਅਧੀਨ ਦੂਸਰੇ ਥਾਣੇ ਦੇ ਤੇਜ਼ ਤਰਾਰ ਐਸ.ਐਚ.ਉ. ਨੂੰ ਕੁਲਦੀਪ ਦੇ ਨਾਲ ਭੇਜ ਦਿੱਤਾ। ਉਨ੍ਹਾਂ ਨੇ ਹਿਸਾਰ ਸਦਰ ਥਾਣੇ ਦੀ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਹਸਨਪੁਰ ਰੇਡ ਕਰ ਦਿੱਤੀ ਤੇ ਪੂਜਾ ਨੂੰ ਪਕੜ ਲਿਆ। ਪਹਿਲਾਂ ਤਾਂ ਘਰ ਵਾਲਿਆਂ ਨੇ ਕੁਝ ਵਿਰੋਧ ਕੀਤਾ ਪਰ ਜਦੋਂ ਉਨ੍ਹਾਂ ਨੂੰ ਕੁਲਦੀਪ ਅਤੇ ਪੂਜਾ ਦੇ ਵਿਆਹ ਦੀ ਐਲਬਮ ਵਿਖਾਈ ਗਈ ਤਾਂ ਉਹ ਚੁੱਪ ਕਰ ਗਏ।
ਵਾਪਸ ਆ ਕੇ ਜਦੋਂ ਪੂਜਾ ਦੇ ਪਰਿਵਾਰ ਨੂੰ ਬੁਲਾਇਆ ਤਾਂ ਉਸ ਦੀ ਮਾਂ ਧਾਹ ਮਾਰ ਕੇ ਉਸ ਦੇ ਗਲ ਲੱਗ ਕੇ ਰੋਣ ਲੱਗ ਪਈ। ਪਰ ਉਸ ਦਾ ਪਿਉ ਐਨਾ ਘਟੀਆ ਬੰਦਾ ਸੀ ਕਿ ਉਹ ਅਜੇ ਵੀ ਨਹੀਂ ਮੰਨ ਰਿਹਾ ਸੀ ਕਿ ਪੂਜਾ ਉਸ ਦੀ ਧੀ ਹੈ। ਜਦੋਂ ਨਾਲ ਆਏ ਰਿਸ਼ਤੇਦਾਰਾਂ ਨੇ ਫਿੱਟ ਲਾਹਨਤ ਕੀਤੀ ਤਾਂ ਉਸ ਦੀ ਵੀ ਸੁਰਤ ਟਿਕਾਣੇ ਆ ਗਈ। ਅਸਲ ਵਿੱਚ ਗੱਲ ਇਹ ਹੋਈ ਸੀ ਕਿ ਪੂਜਾ ਬਚਪਨ ਤੋਂ ਹੀ ਝਗੜਾਲੂ ਸੁਭਾਅ ਦੀ ਸੀ। ਕੁਲਦੀਪ ਬੱਚਾ ਚਾਹੁੰਦਾ ਸੀ ਪਰ ਪੂਜਾ ਇਸ ਦੇ ਖਿਲਾਫ ਸੀ। ਉਸ ਨੇ ਇੱਕ ਵਾਰ ਕੁਲਦੀਪ ਨੂੰ ਦੱਸੇ ਬਗੈਰ ਦੋ ਕੁ ਮਹੀਨੇ ਦਾ ਗਰਭ ਗਿਰਾ ਦਿੱਤਾ ਸੀ ਜਿਸ ਕਾਰਨ ਘਰ ਵਿੱਚ ਝਗੜਾ ਹੋਰ ਵੀ ਵਧ ਗਿਆ ਸੀ। ਐਨੇ ਨੂੰ ਉਹ ਸੋਸ਼ਲ ਮੀਡੀਆ ਰਾਹੀਂ ਹਸਨਪੁਰ ਵਾਲੇ ਵਿਅਕਤੀ ਦੇ ਇਸ਼ਕ ਵਿੱਚ ਫਸ ਗਈ ਤੇ ਇੱਕ ਰਾਤ ਚੁੱਪ ਚੁਪੀਤੇ ਉਸ ਨਾਲ ਫਰਾਰ ਹੋ ਗਈ। ਇਸ ਤੋਂ ਬਾਅਦ ਪੂਜਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਕਾਨੂੰਨੀ ਪ੍ਰਕਿਰਿਆ ਦੁਆਰਾ ਕੁਲਦੀਪ ਦੇ ਖਿਲਾਫ ਮੁਕੱਦਮਾ ਰੱਦ ਕਰਵਾਇਆ ਗਿਆ। ਕੇਸ ਖਤਮ ਹੋਣ ‘ਤੇ ਕੁਲਦੀਪ ਨੇ ਪੂਜਾ ਨੂੰ ਤਲਾਕ ਦੇ ਦਿੱਤਾ ਤੇ ਉਹ ਹਸਨਪੁਰ ਵਾਲੇ ਵਿਅਕਤੀ ਕੋਲ ਵਾਪਸ ਚਲੀ ਗਈ। ਪਰ ਜਿਸ ਲਾਸ਼ ਦੀ ਪੂਜਾ ਹੋਣ ਬਾਰੇ ਸ਼ਨਾਖਤ ਕੀਤੀ ਗਈ ਸੀ, ਉਸ ਬਾਰੇ ਮੈਂ ਪੰਜਾਬ ਅਤੇ ਹਰਿਆਣੇ ਦੇ ਸਾਰੇ ਥਾਣਿਆਂ ਨੂੰ ਸੂਚਿਤ ਕੀਤਾ ਪਰ ਕੋਈ ਸੁਰਾਗ ਨਾ ਲੱਗ ਸਕਿਆ। ਸ਼ਾਇਦ ਉਹ ਯੂ.ਪੀ. ਬਿਹਾਰ ਵਰਗੇ ਕਿਸੇ ਦੂਰ ਦੇ ਸੂਬੇ ਦੀ ਸੀ ਤੇ ਉਸ ਨੂੰ ਕਤਲ ਕਰ ਕੇ ਇਥੇ ਸੁੱਟ ਦਿੱਤਾ ਗਿਆ ਸੀ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062