ਫਿਲਮ ਸਟਾਰ ਰੇਖਾ ਵਾਂਗ ਹਮੇਸ਼ਾਂ ਜਵਾਨ ਰਹਿਣ ਵਾਲੇ ਇਨਸਾਨ।

ਦੁਨੀਆਂ ਵਿੱਚ ਤਰਾਂ ਤਰਾਂ ਦੇ ਲੋਕ ਮਿਲਦੇ ਹਨ। ਫਿਕਰਾਂ ਦੇ ਮਾਰੇ ਕਈ ਬੰਦੇ ਤੇ ਜਨਾਨੀਆਂ ਭਰ ਜਵਾਨੀ ਵਿੱਚ ਹੀ ਬੁੱਢੇ ਲੱਗਣ ਲੱਗ ਜਾਂਦੇ ਹਨ ਤੇ ਕਈ 50 60 ਸਾਲ ਦੇ ਹੋ ਕੇ ਵੀ ਨੌਜਵਾਨ ਦਿਖਦੇ ਹਨ। 2002 2003 ਦੀ ਗੱਲ ਹੈ ਕਿ ਮੈਂ ਬਤੌਰ ਡੀ.ਐਸ.ਪੀ. ਮਜੀਠਾ ਸਬ ਡਵੀਜ਼ਨ ਵਿਖੇ ਤਾਇਨਾਤ ਸੀ। ਇੱਕ ਦਿਨ ਭਰੋਸੇ ਯੋਗ ਮੁਖਬਰ ਨੇ ਖਬਰ ਦਿੱਤੀ ਕਿ ਕਲ੍ਹ ਨੂੰ ਥਾਣੇ ਝੰਡੇਰ ਦੇ ਫਲਾਣੇ ਪਿੰਡ ਵਿੱਚ ਕਿਸੇ ਬੰਦੇ ਦਾ ਮੁੱਲ ਦੀ ਤੀਵੀਂ ਨਾਲ ਧੱਕੇ ਨਾਲ ਵਿਆਹ ਕੀਤਾ ਜਾ ਰਿਹਾ ਹੈ। ਮੈਂ ਪੁਲਿਸ ਪਾਰਟੀ ਭੇਜ ਕੇ ਲੜਕੇ ਅਤੇ ਲੜਕੀ ਨੂੰ ਬੁਲਾ ਲਿਆ। ਲੜਕੇ ਦੀ ਸੱਜੀ ਬਾਂਹ ਬਚਪਨ ਵਿੱਚ ਹੀ ਪੱਠੇ ਕੁਤਰਦੇ ਸਮੇਂ ਟੋਕੇ ਵਿੱਚ ਆਉਣ ਕਾਰਨ ਕੱਟੀ ਹੋਈ ਸੀ। ਉਸ ਪਿੰਡ ਦਾ ਸਰਪੰਚ ਮੇਰਾ ਚੰਗਾ ਵਾਕਿਫ ਸੀ ਤੇ ਉਹ ਅੱਠ ਦਸ ਮੋਹਤਬਰ ਬੰਦੇ ਲੈ ਕੇ ਉਨ੍ਹਾਂ ਦੇ ਪਿੱਛੇ ਪਿੱਛੇ ਹੀ ਮੇਰੇ ਦਫਤਰ ਪਹੁੰਚ ਗਿਆ।

ਸਰਪੰਚ ਨੇ ਦੱਸਿਆ ਕਿ ਜਿਸ ਲੜਕੇ ਦਾ ਵਿਆਹ ਹੋਣ ਜਾ ਰਿਹਾ ਹੈ, ਉਹ ਇਕਲੌਤਾ ਹੈ ਤੇ 5 6 ਏਕੜ ਜ਼ਮੀਨ ਦਾ ਮਾਲਕ ਹੈ। ਪਰ ਬਾਂਹ ਕੱਟੀ ਹੋਣ ਕਾਰਨ ਉਸ ਦਾ ਵਿਆਹ ਨਹੀਂ ਸੀ ਹੋ ਰਿਹਾ। ਇਸ ਵਿਆਹ ਵਿੱਚ ਧੱਕੇਸ਼ਾਹੀ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਲੜਕੀ ਤੋਂ ਇਸ ਸਬੰਧੀ ਦਰਿਆਫਤ ਕੀਤਾ ਜਾ ਸਕਦਾ ਹੈ। ਲੜਕੀ ਨੇ ਦੱਸਿਆ ਕਿ ਇਹ ਵਿਆਹ ਉਸ ਦੀ ਮਰਜ਼ੀ ਨਾਲ ਹੋ ਰਿਹਾ ਹੈ। ਜਦੋਂ ਉਸ ਦੇ ਪਰਿਵਾਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਅਬੋਹਰ ਲਾਗੇ ਕਿਸੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਸ ਦੇ ਮਾਪੇ ਬਚਪਨ ਵਿੱਚ ਹੀ ਮਰ ਗਏ ਸਨ। ਉਸ ਨੂੰ ਉਸ ਦੇ ਤਾਏ ਨੇ ਪਾਲਿਆ ਸੀ ਤੇ 2 ਕੁ ਸਾਲ ਪਹਿਲਾਂ ਇੱਕ ਟਰੱਕ ਡਰਾਈਵਰ ਨਾਲ ਵਿਆਹ ਦਿੱਤਾ ਸੀ ਜੋ ਬਾਅਦ ਵਿੱਚ ਸਿਰੇ ਦਾ ਅਮਲੀ ਪੋਸਤੀ ਨਿਕਲਿਆ। ਉਸ ਦੇ ਕੋਈ ਬੱਚਾ ਨਹੀਂ ਹੈ ਤੇ ਛੇ ਕੁ ਮਹੀਨੇ ਪਹਿਲਾਂ ਡਰਾਈਵਰ ਨਸ਼ੇ ਦੀ ਉਵਰਡੋਜ਼ ਕਾਰਨ ਮਰ ਚੁੱਕਾ ਹੈ।
15 ਕੁ ਦਿਨ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਤਰਨ ਤਾਰਨ ਵਿਖੇ ਮੱਸਿਆ ਦਾ ਮੇਲਾ ਵੇਖਣ ਆਈ ਹੋਈ ਸੀ ਤਾਂ ਇਸ ਲੜਕੇ ਦੇ ਸੰਪਰਕ ਵਿੱਚ ਆ ਗਈ। ਮੈਂ ਸੋਚਿਆ ਕਿ ਜਦੋਂ ਮੀਆਂ ਬੀਵੀ ਰਾਜ਼ੀ ਹਨ ਤਾਂ ਫਿਰ ਕਾਜ਼ੀ ਨੂੰ ਇਸ ਮਾਮਲੇ ਵਿੱਚ ਟੰਗ ਫਸਾਉਣ ਦੀ ਜਰੂਰਤ ਹੈ? ਜਦੋਂ ਪੰਚਾਇਤ ਨੇ ਸਾਰੇ ਮਾਮਲੇ ਦੀ ਲਿਖਤੀ ਜ਼ਿੰਮੇਵਾਰੀ ਲੈ ਲਈ ਤਾਂ ਮੈਂ ਵੀ ਇਹ ਸੋਚ ਕੇ ਕਿ ਚਲੋ ਅੰਗਹੀਣ ਲੜਕੇ ਦਾ ਘਰ ਵੱਸ ਰਿਹਾ ਹੈ, ਇਸ ਮਾਮਲੇ ਵਿੱਚ ਜਿਆਦਾ ਦਖਲ ਅੰਦਾਜ਼ੀ ਨਾ ਕੀਤੀ। ਇਸ ਦੌਰਾਨ ਲੜਕੇ ਨੇ ਆਪਣੀ ਉਮਰ 33 ਸਾਲ ਤੇ ਲੜਕੀ ਨੇ 24 ਸਾਲ ਦੱਸੀ। ਲੜਕੀ ਬਹੁਤ ਹੀ ਖੂਬਸੂਰਤ ਸੀ ਤੇ ਵਾਕਿਆ ਹੀ ਵੇਖਣ ਨੂੰ 24 25 ਸਾਲ ਤੋਂ ਵੱਧ ਨਹੀਂ ਸੀ ਲੱਗਦੀ। ਇਸ ਮਾਮਲੇ ਨੂੰ ਦੋ ਤਿੰਨ ਮਹੀਨੇ ਗੁਜ਼ਰ ਗਏ ਤੇ ਮੈਂ ਵੀ ਇਸ ਬਾਰੇ ਭੁੱਲ ਭਲਾ ਗਿਆ। ਵੈਸੇ ਵੀ ਹਰ ਦੋ ਚਾਰ ਦਿਨਾਂ ਬਾਅਦ ਪੁਲਿਸ ਨੂੰ ਅਜਿਹੇ ਗੰਭੀਰ ਮਾਮਲੇ ਨਜਿੱਠਣੇ ਪੈਂਦੇ ਹਨ ਕਿ ਇਹੋ ਜਿਹੇ ਛੋਟੇ ਮੋਟੇ ਮਾਮਲਿਆਂ ਦਾ ਚੇਤਾ ਹੀ ਨਹੀਂ ਰਹਿੰਦਾ। ਕਦੇ ਕਤਲ, ਕਦੇ ਡਾਕਾ ਚੋਰੀ ਤੇ ਕਦੇ ਕਿਸੇ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ। ਇੱਕ ਦਿਨ ਮੈਂ ਦਫਤਰ ਬੈਠਾ ਹੋਇਆ ਸੀ ਕਿ ਬਾਹਰ ਰੌਲਾ ਗੌਲਾ ਜਿਹਾ ਪੈਣ ਲੱਗ ਪਿਆ। ਮੈਂ ਅਰਦਲੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇੱਕ ਬੁੱਢਾ ਜਿਹਾ ਬੰਦਾ ਆਪਣੇ 4 5 ਬੱਚਿਆਂ ਨਾਲ ਆਇਆ ਹੋਇਆ ਹੈ। ਉਹ ਕਹਿ ਰਿਹਾ ਹੈ ਕਿ ਉਸ ਦੀ ਪਤਨੀ ਘਰੋਂ ਭੱਜ ਗਈ ਹੈ ਤੇ ਫਲਾਣੇ ਪਿੰਡ ਵਿੱਚ ਉਸ ਨੇ ਨਵਾਂ ਵਿਆਹ ਕਰਵਾ ਲਿਆ ਹੈ।

ਮੈਂ ਉਸ ਨੂੰ ਅੰਦਰ ਬੁਲਾ ਲਿਆ ਤੇ ਮਾਮਲੇ ਬਾਰੇ ਪੁੱਛਿਆ। ਉਸ ਨੇ ਉਪਰੋਕਤ ਗੱਲ ਦੱਸ ਕਿ ਕਿਹਾ ਕਿ ਉਹ ਗੁਰਦਾਸਪੁਰ ਨੇੜਲੇ ਕਿਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਭੇਡਾਂ ਬੱਕਰੀਆਂ ਪਾਲ ਕੇ ਗੁਜ਼ਾਰਾ ਕਰਦਾ ਹੈ। ਉਸ ਦੇ ਬੱਚੇ ਆਪਣੀ ਮਾਂ ਤੋਂ ਬਿਨਾਂ ਰੋ ਰੋ ਕੇ ਹਲਕਾਨ ਹੋਏ ਪਏ ਹਨ, ਮੇਹਰਬਾਨੀ ਕਰ ਕੇ ਉਸ ਦੀ ਪਤਨੀ ਵਾਪਸ ਦਿਵਾਈ ਜਾਵੇ। ਜਦੋਂ ਉਸ ਨੇ ਪਿੰਡ ਦਾ ਨਾਮ ਲਿਆ ਤਾਂ ਮੇਰਾ ਮੱਥਾ ਠਣਕਿਆ। ਮੈਂ ਉਸ ਨੂੰ ਕਿਹਾ ਕਿ ਤੂੰ ਤਾਂ 50 55 ਸਾਲ ਦਾ ਲੱਗਦਾ ਹੈਂ ਤੇ ਉਹ ਕੁੜੀ ਸਿਰਫ 24 – 25 ਸਾਲ ਦੀ ਹੈ, ਉਹ ਤੇਰੀ ਪਤਨੀ ਕਿਵੇਂ ਹੋ ਸਕਦੀ ਹੈ? ਜਰੂਰ ਤੇਰਾ ਦੂਸਰਾ ਵਿਆਹ ਹੋਵੇਗਾ। ਉਸ ਨੇ ਲੱਗਭਗ ਰੋਂਦੇ ਹੋਏ ਦੱਸਿਆ ਕਿ ਜ਼ਨਾਬ ਉਹ ਵੀ 45 46 ਸਾਲ ਦੀ ਹੈ, ਬੱਸ ਵੇਖਣ ਨੂੰ ਹੀ 24 – 25 ਸਾਲ ਦੀ ਲੱਗਦੀ ਹੈ। ਜਦੋਂ ਉਸ ਨੇ ਕੋਲ ਖੜ੍ਹੇ ਇੱਕ ਨੌਜਵਾਨ ਵੱਲ ਇਸ਼ਾਰਾ ਕਰ ਕੇ ਦੱਸਿਆ ਕਿ ਇਹ ਉਸ ਦਾ ਵੱਡਾ ਮੁੰਡਾ ਹੈ ਜੋ 22 ਸਾਲ ਦਾ ਹੈ ਤਾਂ ਸੁਣ ਕੇ ਮੇਰਾ ਦਿਮਾਗ ਚਕਰਾ ਗਿਆ। ਮੈਂ ਦੋਬਾਰਾ ਉਸ ਜੋੜੀ ਨੂੰ ਦਫਤਰ ਬੁਲਾ ਲਿਆ ਪਰ ਲੜਕੀ ਪੈਰਾਂ ‘ਤੇ ਪਾਣੀ ਨਾ ਪੈਣ ਦੇਵੇ ਕਿ ਉਹ ਤਾਂ ਇਨ੍ਹਾਂ ਨੂੰ ਜਾਣਦੀ ਹੀ ਨਹੀਂ। ਪਰ ਜਦੋਂ ਸਾਰੇ ਬੱਚੇ ਮੰਮੀ ਮੰਮੀ ਕਰਦੇ ਹੋਏ ਉਸ ਨੂੰ ਚੰਬੜ ਗਏ ਤਾਂ ਉਸ ਨੂੰ ਮੰਨਣਾ ਪਿਆ ਕਿ ਉਹ ਹੀ ਇਨ੍ਹਾਂ ਦੀ ਮਾਂ ਹੈ।
ਇਹ ਵੇਖ ਕੇ ਪੰਚਾਇਤ ਵਾਲਿਆਂ ਦੇ ਵੀ ਮੂੰਹ ਅੱਡੇ ਗਏ ਤੇ ਉਸ ਔਰਤ ਨੂੰ ਉਸ ਦੇ ਅਸਲੀ ਪਤੀ ਨਾਲ ਤੋਰਨ ਬਿਨਾਂ ਹੋਰ ਕੋਈ ਚਾਰਾ ਨਾ ਰਿਹਾ। ਦੋ ਕੁ ਮਹੀਨੇ ਬਾਅਦ ਉਹ ਬੰਦਾ ਫਿਰ ਮੇਰੇ ਦਫਤਰ ਆ ਗਿਆ ਤੇ ਦੱਸਿਆ ਕਿ ਕਲ੍ਹ ਉਹ ਆਪਣੀ ਪਤਨੀ ਸਮੇਤ ਗੁਰਦਾਸਪੁਰ ਘਰੇਲੂ ਸੌਦਾ ਪੱਤਾ ਲੈਣ ਲਈ ਗਿਆ ਤਾਂ ਉਹ ਉਸ ਨੂੰ ਝਕਾਨੀ ਦੇ ਕੇ ਦੋਬਾਰਾ ਫਰਾਰ ਹੋ ਗਈ ਹੈ। ਮੈਂ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਪ੍ਰੇਮੀ ਜੋੜਾ ਅਜੇ ਪਿੰਡ ਨਹੀਂ ਪਹੁੰਚਿਆ, ਲੱਗਦਾ ਕਿਤੇ ਦੂਰ ਹੀ ਨਿਕਲ ਗਏ ਹਨ। ਇਸ ਤੋਂ ਬਾਅਦ ਉਹ ਬੰਦਾ ਡੇਢ ਕੁ ਮਹੀਨਾ ਮੇਰੇ ਦਫਤਰ ਦੇ ਗੇੜੇ ਮਾਰਦਾ ਰਿਹਾ ਪਰ ਪ੍ਰੇਮੀ ਜੋੜਾ ਵਾਪਸ ਪਿੰਡ ਨਾ ਆਇਆ। ਕਿਉਂਕਿ ਜਨਾਨੀ ਬਾਲਗ ਸੀ, ਇਸ ਕਾਰਨ ਮੁਕੱਦਮਾ ਵੀ ਦਰਜ਼ ਨਹੀਂ ਸੀ ਹੋ ਸਕਦਾ। ਇਸ ਤੋਂ ਬਾਅਦ ਮੇਰੀ ਬਦਲੀ ਸਬ ਡਵੀਜ਼ਨ ਕਾਦੀਆਂ ਦੀ ਹੋ ਗਈ ਪਰ ਆਪਣੀ ਉਮਰ ਤੋਂ 20 25 ਸਾਲ ਛੋਟੀ ਦਿਖਣ ਵਾਲੀ ਉਸ ਜਨਾਨੀ ਦਾ ਹੈਰਾਨੀਜਨਕ ਕੇਸ ਮੈਨੂੰ ਅੱਜ ਵੀ ਯਾਦ ਹੈ।


ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿ)
ਪੰਡੋਰੀ ਸਿੱਧਵਾਂ 9501100062