ਅਨੁਵਾਦਿਤ ਕਹਾਣੀ, “ਉਹ ਅਸਲੀ ਇਨਸਾਨ ਹੈ”

ਅਨੁਵਾਦਿਤ ਕਹਾਣੀ, "ਉਹ ਅਸਲੀ ਇਨਸਾਨ ਹੈ"

ਉਹ ਮੇਰੇ ਪਿਤਾ ਨਾਲ ਗੱਲ ਕਰ ਰਿਹਾ ਲੀ। ਉਹ ਦੋਵੇਂ ਹੀ ਗਰੀਬੀ ਦੇ ਝੰਬੇ ਹੋਏ, ਆਪਣੀ ਜ਼ਿੰਦਗੀ ਦੀ ਕਸ਼ਮਕਸ਼ ਦੀਆਂ ਹੀ ਗੱਲਾਂ ਤੋਂ ਬਗੈਰ ਹੋਰ ਕੋਈ ਗੱਲ ਹੀ ਨਸ ਕਰਦੇ। ਮੈਂ ਅਕਸਰ ਹੀ ਉਹਨਾਂ ਨੂੰ ਕਿਸੇ ਨਾ ਕਿਸੇ ਮਸਲੇ ‘ਤੇ ਗੱਲਾਂ ਕਰਦੇ ਦੇਖਦਾ। ਪਿਤਾ ਜੀ ਉਸ ਨੂੰ ਥੋੜੀ-ਥੋੜੀ ਗੇਰ ਬਾਅਦ ਚਾਹ ਦਾ ਕੱਪ ਬਣਾ ਦਿੰਦੇ, ਬਿਨਾਂ ਕੋਈ ਪੈਸਾ ਲਏ। ਜਦੋਂ ਵੀ ਕੋਈ ਗਾਹਕ ਆ ਕੇ ਚਾਹ ਲਈ ਕਹਿੰਦਾ, ਉਸ ਨੂੰ ਵੀ ਗਾਹਕ ਦੇ ਨਾਲ ਹੀ ਚਾਹ ਮਿਲ ਜਾਂਦੀ।

ਮਾਂ ਕਈ ਬਾਰ ਕਈ ਬਾਰ ਟੋਕਦੀ ਹੋਈ ਕਹਿੰਦੀ, “ਇਹ ਠੀਕ ਨਹੀਂ। ਇਕ ਕੱਪ ਤਾਂ ਠੀਕ ਹੈ, ਪਰ ਬਾਰ-ਬਾਰ ਮੁਫ਼ਤ ਦੀ ਚਾਹ। ਆਖਰ ਕਾਰ, ਸਾਡੇ ਵੀ ਤਾਂ ਬੱਚੇ ਹਨ। ਜੇ ਮੁਫ਼ਤ ਵਾਲਾ ਇਹ ਕੰਮ ਜਾਰੀ ਰਿਹਾ ਤਾਂ ਬੱਚੇ ਕਿਵੇਂ ਪਲਣਗੇ?”

ਪਿਤਾ ਜੀ ਇਸ ਬਾਰੇ ਕੁਝ ਨਹੀਂ ਸੀ ਕਹਿਣਾ ਚਾਹੁੰਦੇ। ਉਹ ਬੱਸ ਇਹੋ ਕਹਿੰਦੇ, “ਮੈਂ ਕੌਣ ਹੁੰਦਾ ਹਾਂ ਆਪਣੇ ਬੱਚਿਆਂ ਨੂੰ ਪਾਲਣ ਵਾਲਾ ? ਰੱਬ ਸਾਰਿਆਂ ਨੂੰ ਦੇਖਦਾ ਹੈ। ਉਹੀ ਸਭ ਕੁਝ ਕਰੇਗਾ। ਇਕ ਗੱਲ ਹੋਰ, ਕੇਸੂ ਕੋਈ ਕੀੜਾ-ਮਕੌੜਾ ਤਾਂ ਹੈ ਨਹੀਂ। ਉਹ ਆਪਣੀ ਦੁਕਾਨ ਦੇ ਕਈ ਛੋਟੇ-ਮੋਟੇ ਕੰਮਾਂ ਵਿਚ ਬਹੁਤ ਸਹਾਇਤਾ ਕਰਦਾ ਹੈ. ਆਲੂ ਅਤੇ ਪਿਆਜ਼ ਛਿਲਦਾ ਹੈ, ਕੱਟਦਾ ਹੈ, ਬਾਲਣ ਲਈ ਲੱਕੜਾਂ ਲੈ ਕੇ ਆਉਂਦਾ ਹੈ ਅਤੇ ਹੋਰ ਕਈ ਕੁਝ ਕਰਦਾ ਹੈ।“

ਮੈਨੂੰ ਪਤਾ ਹੈ ਪਿਤਾ ਜੀ ਨੇ ਅਜਿਹਾ ਜਵਾਬ ਕਿਉਂ ਦਿੱਤਾ। ਇਕ ਦਿਨ ਮੈਂ ਅੱਖਾਂ ਵਿਚ ਮਾਸੂਮੀਅਤ ਭਰ ਕੇ ਪਿਤਾ ਜੀ ਨੂੰ ਕਿਹਾ, “ਕੀ ਅਸੀਂ ਸ਼ੁਰੂ ਤੋਂ ਹੀ ਇਸੇ ਤਰਾਂ ਗਰੀਬ ਹਾਂ?”

ਉਹਨਾਂ ਨੇ ਇਕ ਡੂੰਘਾ ਸਾਹ ਲਿਆ ਅਤੇ ਬੜੇ ਹੀ ਦੁੱਖ ਭਰੇ ਲਹਿਜੇ ਵਿਚ ਆਪਣੀ ਕਹਾਣੀ ਸੁਣਾਈ। ਕਹਾਣੀ ਸੁਣਾਉਂਦੇ ਹੋਏ ਉਹਨਾਂ ਦੇ ਚਿਹਰੇ ‘ਤੇ ਚਿੰਤਾ ਅਤੇ ਉਦਾਸੀ ਰਹੀ। ਅਸੀਂ ਦੋਵੇਂ ਹੀ ਮੰਜੇ ‘ਤੇ ਪਏ ਸੀ। ਉਹ ਅਕਸਰ ਸੌਣ ਤੋਂ ਪਹਿਲਾਂ ਮੈਨੂੰ ਕਹਾਣੀਆਂ ਸੁਣਾਉਂਦੇ, ਪਰ ਜਿਹੜੀ ਕਹਾਣੀ ਉਹ ਹੁਣ ਸੁਣਾਉਣ ਲੱਗੇ ਸੀ, ਉਸ ਨੇ ਉਹਨਾਂ ਨੂੰ ਉਦਾਸ ਅਤੇ ਗੰਭੀਰ ਕਰ ਦਿੱਤਾ। ਮੈਨੂੰ ਨਹੀਂ ਪਤਾ ਕਿਉਂ?

“ਬੇਟਾ, ਕੀ ਤੈਨੂੰ ਪਤਾ ਹੈ ਮੈਂ ਪਹਿਲਾਂ ਐਨਾ ਗਰੀਬ ਨਹੀਂ ਸੀ, ਜਿੰਨਾ ਤੂੰ ਸੋਚਦਾ ਹੈਂ ਕਿ ਮੈਂ ਅੱਜ ਹਾਂ। ਮੇਰੀ ਬਹੁਤ ਵੱਢੀ ਦੁਕਾਨ ਹੁੰਦੀ ਸੀ। ਮੈਂ ਵੀ ਟੈਕਸ ਭਰਦਾ ਸੀ। ਉਹਨਾਂ ਦਿਨਾਂ ਵਿਚ ਹਰ ਦੁਕਾਨਦਾਰ ਦਾ ਇਹ ਸੁਪਨਾ ਹੁੰਦਾ ਸੀ ਕਿ ਉਸ ਕੋਲ ਸੀ ਐਸ ਟੀ ਨੰਬਰ ਹੋਵੇ। ਮੇਰੇ ਕੋਲ ਉਹ ਨੰਬਰ ਸੀ.” ਮੈਂ ਸਿਰਫ ਹਾਂ ਵਿਚ ਆਪਣਾ ਸਿਰ ਹੀ ਹਿਲਾਇਆ ਜਿਵੇਂ ਮੈਨੂੰ ਸੀ ਐਸ ਟੀ ਬਾਰੇ ਕੁਝ ਪਤਾ ਨਾ ਹੋਵੇ। ਉਹਨਾਂ ਦਿਨਾਂ ਵਿਚ ਦੁਕਾਨਦਾਰ ਆਪਣਾ ਸਮਾਨ ਹੁਸ਼ਿਆਰਪੁਰ ਤੋਂ ਮੰਗਵਾਉਂਦੇ ਸੀ। ਸਮਾਨ ਖੱਚਰਾਂ ‘ਤੇ ਆਉਂਦਾ। ਫੇਰ ਉਹਨਾਂ ਨੇ ਦੱਸਿਆ ਕਿ ਸਾਡਾ ਪਰਿਵਾਰ ਕਿਵੇਂ ਕੰਗਾਲ ਹੋਇਆ. “ਮੈਂ ਕਈ ਬਾਰ ਤੇਰੇ ਚਾਚੇ ਨੂੰ ਬੈਂਕ ਵਿਚ ਪੈਸੇ ਜਮਾ ਕਰਵਾਉਣ ਦੀ ਜ਼ਿੰਮੇਵਾਰੀ ਦੇ ਦੇਣੀ?, ਜਿਹੜੇ ਮੈਂ ਥੋਕ ਦੇ ਸਮਾਨ ਵਾਲੇ ਨੂੰ ਦੇਣੇ ਹੁੰਦੇ ਸੀ। ਆਈ ਬਾਰ ਉਹੀ ਵਪਾਰ ਦੇ ਕਿਸੇ ਨਾ ਕਿਸੇ ਕੰਮ ਹੁਸ਼ਿਆਰਪੁਰ ਜਾਂਦਾ। ਮੈਂ ਉਸ ਨੂੰ ਉਹ ਰਕਮ ਦੇ ਦੇਣੀ ਜੋ ਮੈਂ ਸ਼ਾਹੂਕਾਰ ਨੂੰ ਦੇਣੀ ਹੁੰਦੀ। ਉਸ ਨੇ ਮੈਨੂੰ ਧੋਖਾ ਦਿੱਤਾ ਅਤੇ ਜੋ ਮੈਨੂੰ ਸਮਾਨ ਭੇਜਦੇ ਸੀ, ਉਹਨਾਂ ਨੂੰ ਰਕਮ ਹੀ ਨਾ ਦੇਣੀ। ਜਿਸ ਦਿਨ ਥੋਕ ਵਾਲੇ ਨੇ ਮੈਨੂੰ ਆਪ ਦੱਸਿਆ ਅਤੇ ਪੈਸੇ ਦੇਣ ਨੂੰ ਕਿਹਾ ਤਾਂ ਉਹ ਮੇਰੇ ਲਈ ਕਿਆਮਤ ਦਾ ਦਿਨ ਸੀ। ਮੈਂ ਇਕਦਮ ਉਸ ਨੂੰ ਐਨੀ ਵੱਡੀ ਰਕਮ ਕਿਵੇਂ ਦਿੰਦਾ? ਉਸ ਦੀ ਗੱਲ ਮੰਨਣ ਤੋਂ ਸਿਵਾ ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਮੇਰੇ ਕੋਲ ਦੁਕਾਨ, ਖੇਤ, ਇਥੋਂ ਤੱਕ ਘਰ ਜੋ ਵੀ ਸੀ, ਸਭ ਕੁਝ ਵੇਚਣਾ ਪਿਆ। ਘਰ, ਮੇਰੇ ਮਾਤਾ-ਪਿਤਾ ਦੀ ਆਖ਼ਰੀ ਨਿਸ਼ਾਨੀ ਸੀ ਜੋ ਮੈਨੂੰ ਵਿਰਸੇ ਵਿਚ ਮਿਲਿਆ ਸੀ। ਚਾਰ ਬੱਚਿਆਂ ਨਾਲ ਕਿਥੇ ਜਾਂਦਾ? ਜਦੋਂ ਹਰ ਪਾਸੇ ਹੀ ਨਿਰਾਸ਼ਾ ਦਾ ਮਾਹੌਲ ਹੋਵੇ ਤਾਂ ਇਨਸਾਨ ਕਿਵੇਂ ਜਿੰਦਾ ਰਹਿ ਸਕਦਾ ਹੈ?

“ਤੇਰੇ ਚਾਚਾ-ਚਾਚੀ ਨੇ ਸਾਡਾ ਮਜ਼ਾਕ ਉਡਾਉਂਦੇ ਕਿਹਾ,”ਤੁਸੀਂ ਸਾਡੇ ਨਾਲ ਕਿਉਂ ਨਹੀਂ ਰਹਿ ਲੈਂਦੇ? ਅਸੀਂ ਨੌਕਰਾਂ ਨੂੰ ਵੀ ਪੈਸੇ ਦਿੰਦੇ ਹਾਂ, ਤੁਹਾਨੂੰ ਦੇ ਦਿਆਂਗੇ।“

“ਇਹ ਭੈੜੇ ਸ਼ਬਦਾਂ ਨੇ”, ਪਿਤਾ ਜੀ ਨੇ ਬੋਲਣਾ ਜਾਰੀ ਰੱਖਿਆ, “ਤੇਰੀ ਮਾਂ ਦਾ ਦਿਲ ਤੋੜ ਦਿੱਤਾ ਅਤੇ ਉਹ ਰੋਣ ਲੱਗੀ। ਮੈਂ ਉਸ ਨੂੰ ਹੌਂਸਲਾ ਦਿੰਦੇ ਕਿਹਾ ਕਿ ਜੋ ਹੋ ਚੁਕਿਆ ਹੈ, ਉਹ ਤਾਂ ਹੁਣ ਠੀਕ ਨਹੀਂ ਹੋ ਸਕਦਾ। ਵਾਹਿਗੁਰੂ ਵਿਚ ਭਰੋਸਾ ਰੱਖ, ਉਹੀ ਸਭ ਠੀਕ ਕਰੇਗਾ। ਮੈਂ ਕਿਸੇ ਤਰਾਂ ਇਕ ਬੈਲ ਗੱਡੀ ਕਿਰਾਏ ‘ਤੇ ਲੈ ਕੇ ਉਸ ਵਿਚ ਬਚਿਆ-ਖੁਚਿਆ ਸਮਾਨ ਰੱਖਿਆ ਅਤੇ ਆਪਾਂ ਵੀ ਛੇ ਜਾਣੇ ਉਸ ਵਿਚ ਬੈਠ ਗਏ।”

“ਬਾਹਰ ਬਹੁਤ ਹਨੇਰਾ ਸੀ। ਬੈਲ ਗੱਡੀ ਤੇ ਲਮਕਦੀ ਲਾਲਟੈਣ ਹੌਲੀ-ਹੌਲੀ ਝੂਲਦੀ ਰਹੀ । ਤੁਹਾਨੂੰ ਬਚਿਆਂ ਨੂੰ ਕਿਸੇ ਨੂੰ ਨਹੀਂ ਸੀ ਪਤਾ ਕਿ ਕੀ ਹੋ ਰਿਹਾ ਹੈ ਅਤੇ ਉਹਨਾਂ ਦੇ ਪਿਤਾ ਨੂੰ ਇਸ ਤਰਾਂ ਇਥੋਂ ਜਾਣ ਲਈ ਕਿਸ ਗੱਲ ਨੇ ਮਜਬੂਰ ਕੀਤਾ? ਤੇਰੀ ਮਾਂ, ਤੇਰੀ ਛੋਟੀ ਭੈਣ ਨੂੰ ਦੁੱਧ ਪਿਆਉਂਦੀ ਹੋਈ ਰੋਂਦੀ ਹੋਈ ਨਿਰਾਸ਼ ਹੋ ਕੇ ਮੈਨੂੰ ਪੁੱਛਦੀ ਕਿ ਹੁਣ ਜੀਉਣ ਲਈ ਕੀ ਕਰਾਂਗੇ? ਬਲਦਾਂ ਦੇ ਗਲਾਂ ਵਿਚ ਲਟਕਦੀਆਂ ਟੱਲੀਆਂ ਦੀ ਆਵਾਜ਼ ਡਰਾਉਣੀ ਰਾਤ ਨੂੰ ਹੋਰ ਵੀ ਡਰਾਉਣੀ ਬਣਾ ਰਹੀ ਸੀ । ਇਸ ਤਰਾਂ ਲੱਗ ਰਿਹਾ ਸੀ ਜਿਵੇਂ ਰਾਹ ਦੇ ਦਰਖ਼ਤ ਸਾਨੂੰ ਪੁੱਛ ਰਹੇ ਹੋਣ ਕਿ ਅਸੀਂ ਉਹਨਾਂ ਦੇ ਅਰਾਮ ਵਿਚ ਖਲਣ ਕਿਉਂ ਪਾ ਰਹੇ ਹਾਂ। ਨੇੜੇ ਹੀ ਵਹਿ ਰਿਹਾ ਛੋਟਾ ਦਰਿਆ ਐਨੀ ਤੇਜੀ ਨਾਲ ਵਹਿ ਰਿਹਾ ਸੀ ਜਿਵੇਂ ਸਾਰਾ ਗਲੇਸ਼ੀਅਰ ਇਕੋ ਵਾਰੀ ਪਿਘਲ ਗਿਆ ਹੋਵੇ। ਦੂਰ ਕਿਤੋਂ ਆ ਰਹੀ ਉੱਲੂ ਦੀ ਆਵਾਜ਼ ਸਾਰਿਆਂ ਨੂੰ ਡਰਾ ਰਹੀ ਸੀ। ਇਕ ਜਗਾ ਤੇ ਆ ਕੇ ਬਲਦ ਇਕੋ ਝਟਕੇ ਨਾਲ ਰੁਕ ਗਏ।”
ਮੈਂ ਮੰਜੇ ‘ਤੇ ਪਿਆ ਡਰ ਗਿਆ ਅਤੇ ਆਪਣੇ ਪਿਤਾ ਜੀ ਨਾਲ ਚਿੰਬੜ ਗਿਆ। ਮੇਰੀਆਂ ਅੱਖਾਂ ਵਿਚ ਡਰ ਅਤੇ ਗੁੱਸਾ ਸੀ। ਬੱਤੀ ਕਿਉਂ ਕਿ ਬੁਝੀ ਹੋਈ ਸੀ, ਇਸ ਲਈ ਪਿਤਾ ਜੀ ਬਾਰ-ਬਾਰ ਮੇਰੀਆਂ ਅੱਖਾਂ ਨੂੰ ਟੋਹ ਕੇ ਦੇਖ ਲੈਂਦੇ ਕਿ ਮੈਂ ਸੌਂ ਤਾਂ ਨਹੀਂ ਗਿਆ। ਉਹਨਾਂ ਨੇ ਆਪਣਾ ਪਿਆਰ ਭਰਿਆ ਹੱਥ ਮੇਰੇ ਸਿਰ ‘ਤੇ ਧਰਿਆ ਅਤੇ ਇਕ ਡੂੰਘਾ ਸਾਹ ਲੈ ਕੇ ਬੋਲਣਾ ਜਾਰੀ ਰੱਖਿਆ, “ਸਾਡੇ ਰੌਂਗਟੇ ਖੜੇ ਹੋ ਗਏ। ਅਸੀਂ ਡਰ ਨਾਲ ਇਕ ਦੂਜੇ ਵੱਲ ਦੇਖਣ ਲੱਗੇ। ਬੈਲ ਗੱਡੀ ਚਲਾਉਣ ਵਾਲੇ ਨੇ ਦੱਸਿਆ ਕਿ ਚਮਚੜਿਕ ਇਕ ਬਲਦ ਨਾਲ ਟਕਰਾ ਗਈ ਸੀ, ਜਿਸ ਕਰਕੇ ਉਹ ਇਕੋ ਦਮ ਰੁਕ ਗਏ। ਦੂਰੋਂ ਗਿਦੜਾਂ ਦੀਆਂ ਆ ਰਹੀਆਂ ਆਵਾਜ਼ਾਂ ਨਾਲ ਹੋਰ ਡਰ ਪੈਦਾ ਹੋ ਰਿਹਾ ਸੀ। ਨੇੜੇ ਹੀ ਕੁਝ ਚਮਚੜਿਕਾਂ ਨੇ ਆਪਣੇ ਪਰ ਫੜਫੜਾਏ । ਬੈਲ ਗੱਡੀ ਦੇ ਪਹੀਆਂ ਵਿਚੋਂ ਇਹੋ ਜਿਹੀਆਂ ਆਵਾਜਾਂ ਆ ਰਹੀਆਂ ਸੀ, ਜਿਵੇਂ ਕੋਈ ਵੱਡੇ ਪੱਥਰ ਉਹਨਾਂ ਨਾਲ ਘਿਸਰ ਰਹੇ ਹੋਣ। ਮੈਂ ਇਕ ਬੀੜੀ ਲਾਈ ਅਤੇ ਦੂਜੀ ਬੈਲ ਗੱਡੀ ਵਾਲੇ ਨੂੰ ਦਿੱਤੀ। ਅਸੀਂ ਬੀੜੀਆਂ ਪੀਂਦੇ ਰਹੇ ਤਾਂ ਜੋ ਭੂਤ-ਪਰੇਤ ਸਾਡੇ ਤੋਂ ਦੂਰ ਹੀ ਰਹਿਣ। ਇਹ ਕਹਿੰਦੇ ਹਨ ਕਿ ਭੈੜੀਆਂ ਰੂਹਾਂ ਅੱਗ ਕੋਲ ਨਹੀਂ ਆਉਂਦੀਆਂ। ਰਾਤ ਬਹੁਤ ਲੰਬੀ, ਥਕਾਉਣ ਵਾਲੀ ਅਤੇ ਤਕਲੀਫ਼ ਵਾਲੀ ਲੱਗ ਰਹੀ ਸੀ। ਭੁੱਖ ਸਾਰਿਆਂ ਨੂੰ ਸਤਾ ਰਹੀ ਸੀ। ਮੇਰੇ ਕੋਲ ਬੱਚਿਆਂ ਅਤੇ ਤੁਹਾਡੀ ਮਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਤਾਂ ਜੋ ਤੁਸੀਂ ਆਪਣੀ ਭੁੱਖ ਮਿਟਾ ਸਕੋ। ਆਪਾਂ ਕੋਲ ਤਾਂ ਪੀਣ ਨੂੰ ਪਾਣੀ ਦੀ ਇਕ ਘੁੱਟ ਵੀ ਨਹੀਂ ਸੀ। ਮੇਰੀ ਬੇਬਸੀ ਮੈਨੂੰ ਪਰੇਸ਼ਾਨ ਕਰ ਰਹੀ ਸੀ । ਆਪਾਂ ਤੁਹਾਡੇ ਮਾਮੇ ਦੇ ਘਰ ਜਾ ਰਹੇ ਸੀ। ਮੈਨੂੰ ਡਰ ਸੀ ਕਿ ਉਹ ਸਾਨੂੰ ਰੱਖੇਗਾ ਵੀ ਜਾਂ ਨਹੀਂ। ਜੇ ਉਸ ਨੇ ਆਪਾਂ ਨੂੰ ਦੇਖ ਕੇ ਮੱਥੇ ਵੱਟ ਪਾਇਆ ਤਾਂ ਆਪਾਂ ਕੀ ਕਰਾਂਗੇ? ਬੈਲ ਗੱਡੀ ਵਾਲੇ ਨੇ ਜੋ ਭੁੰਨੇ ਹੋਏ ਛੋਲੇ ਬਲਦਾਂ ਲਈ ਰੱਖੇ ਹੋਏ ਸੀ, ਉਹ ਆਪਾਂ ਨੂੰ ਖਾਣ ਨੂੰ ਦੇ ਦਿੱਤੇ। ਮੈਂ ਤੁਹਾਨੂੰ ਸਾਰਿਆਂ ਨੂੰ ਭੁੱਖ ਨਾਲ ਵਿਲਕਦੇ ਨਹੀਂ ਸੀ ਦੇਖ ਸਕਦਾ, ਇਸ ਲਈ ਉਹ ਛੋਲੇ ਲੈ ਲਏ। ਤੇਰੀ ਮਾਂ, ਵੱਡੇ ਭਰਾ ਅਤੇ ਮੈਂ ਤਾਂ ਕਿਸੇ ਨਾ ਕਿਸੇ ਤਰਾਂ ਉਹ ਛੋਲੇ ਖਾ ਲਏ, ਪਰ ਤੂੰ ਅਤੇ ਤੇਰੀ ਛੋਟੀ ਭੈਣ ਕਿਉਂ ਕਿ ਬਹੁਤ ਛੋਟੇ ਸੀ, ਇਸ ਲਈ ਤੁਸੀਂ ਉਹ ਛੋਲੇ ਚਬਾ ਨਾ ਸਕੇ।“
“ਬਲਦ ਸਾਡਾ ਭਾਰ ਖਿੱਚਦੇ ਰਹੇ। ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਨੇ ਰਾਤ ਨੂੰ ਹੋਰ ਡਰਾਉਣੀ ਬਣਾ ਦਿੱਤਾ। ਮੈਨੂੰ ਇਸ ਤਰਾਂ ਲੱਗ ਰਿਹਾ ਸੀ ਜਿਵੇਂ ਸਾਡੇ ਲਈ ਸਵੇਰ ਕਦੇ ਹੋਣੀ ਹੀ ਨਹੀਂ। ਬਲਦਾਂ ਦੇ ਖੁਰਾਂ ਹੇਠ ਲਿਤਾੜੇ ਜਾ ਰਹੇ ਸੁੱਕੇ ਪੱਤਿਆਂ ਦੀਆਂ ਅਵਾਜ਼ਾਂ ਆ ਰਹੀਆਂ ਸੀ । ਬੱਦਲ ਵੀ ਅਜੀਬ-ਅਜੀਬ ਸ਼ਕਲਾਂ ਬਣਾ ਕਿ ਸਾਨੂੰ ਡਰਾ ਰਹੇ ਲੱਗ ਰਹੇ ਸੀ. ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਵੀ ਸਾਡੇ ਉਹਨਾਂ ਰਿਸ਼ਤੇਦਾਰਾਂ ਨਾਲ ਰਲੇ ਹੋਏ ਸਨ, ਜਿੰਨਾਂ ਨੇ ਸਾਨੂੰ ਧੋਖਾ ਦਿੱਤਾ ਸੀ ਅਤੇ ਕੁਦਰਤ ਵੀ ਉਸ ਰਾਤ ਸਾਡੇ ਨਾਲ ਕਾਫੀ ਨਰਾਜ਼ ਪ੍ਰਤੀਤ ਹੋ ਰਹੀ ਸੀ ।”

ਮੈਂ ਪਿਤਾ ਜੀ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸੁਣਦਾ ਰਿਹਾ। ਉਹਨਾਂ ਦੀ ਕਹਾਣੀ ਮੈਨੂੰ ਭੂਤਾਂ-ਪਰੇਤਾਂ ਦੀ ਕਹਾਣੀ ਲੱਗੀ, ਜਿਸ ਨੇ ਮੈਨੂੰ ਬਹੁਤ ਡਰਾ ਦਿੱਤਾ। ਇਸ ਤਰਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਪਿਤਾ ਜੀ ਆਪਣੇ ਦਿਲ ਦੀਆਂ ਗੱਲਾਂ ਬਾਹਰ ਕੱਢ ਰਹੇ ਸੀ। ਜਿਵੇਂ ਉਹ ਆਪਣੇ ਅੰਦਰ ਬੈਠੇ ਉਹਨਾਂ ਖ਼ੌਫ਼ਨਾਕ ਪਲਾਂ ਦਾ ਭਾਰ ਲਾਹੁਣਾ ਚਾਹੁੰਦੇ ਸੀ। ਉਹ ਪੁਰਾਣੀਆਂ ਦਿਲ ਦੁਖਾਉਣ ਵਾਲੀਆਂ ਗੱਲਾਂ ਸੁਣਾਉਂਦੇ ਰਹੇ ਜਿਵੇਂ ਆਪਣੇ ਨਾਲ ਹੀ ਗੱਲਾਂ ਕਰ ਰਹੇ ਹੋਣ।

“ਤੈਨੂੰ ਪਤਾ ਹੈ, ਪੁੱਤਰ”, ਉਹਨਾਂ ਨੇ ਆਪਣੀ ਗੱਲ ਜਾਰੀ ਰੱਖੀ, “ਉਸ ਵੇਲੇ ਮੈਨੂੰ ਰਹਿਣ ਲਈ ਕਿਸੇ ਥਾਂ, ਤੁਹਾਡੀ ਪੜ੍ਹਾਈ ਜਾਂ ਕੰਮ-ਕਾਜ ਦਾ ਫਿਕਰ ਨਹੀਂ ਸੀ। ਫਿਕਰ ਸੀ ਕਿ ਤੁਹਾਨੂੰ ਸਾਰਿਆਂ ਲਈ ਰੋਟੀ ਦਾ ਇੰਤਜ਼ਾਮ ਕਿਵੇਂ ਕਰਾਂਗਾ, ਆਪ ਕੀ ਕੰਮ ਕਰਾਂਗਾ? ਮੈਨੂੰ ਕੰਮ ਕੌਣ ਦੇਵੇਗਾ? ਸਹਾਇਤਾ ਲਈ ਮੈਂ ਕਿਸ ਦੇ ਦਰ ਤੇ ਜਾਵਾਂਗਾ? ਮੈਂ ਕਿਸੇ ਵੀ ਤਰਾਂ ਦਾ ਕੰਮ ਕਰਨ ਨੂੰ ਤਿਆਰ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੀਆਂ ਸੀ ਦੁਕਾਨ, ਗਾਹਕਾਂ, ਖੱਚਰਾਂ ਦੀ ਜੋੜੀ, ਦੁਕਾਨ ਵਿਚ ਸਹਾਇਤਾ ਕਰਨ ਵਾਲਾ ਕੋਈ ਬੰਦਾ ਅਤੇ ਛੇ ਜੀਆਂ ਦੇ ਟੱਬਰ ਨੂੰ ਖੁਸ਼ ਰੱਖਣ ਦੀਆਂ ਤਸਵੀਰਾਂ, ਜੋ ਮੈਨੂੰ ਬੇਅਰਾਮ ਕਰ ਰਹੀਆਂ ਸੀ। ਹਰ ਤਸਵੀਰ ਮੇਰੀ ਆਤਮਾ ਨੂੰ ਚੁੱਭ ਰਹੀ ਸੀ। ਮੈਨੂੰ ਆਪਣੇ ਸਰੀਰ ਦੇ ਹਰ ਹਿੱਸੇ ਵਿਚ ਦਰਦ ਮਹਿਸੂਸ ਹੋ ਰਿਹਾ ਸੀ। ਅਚਾਨਕ ਹੀ ਹਨੇਰੇ ਨੂੰ ਚੀਰਦੀ ਇਕ ਚੀਕ ਸੁਣਾਈ ਦਿੱਤੀ। ਇਹ ਤੇਰੀ ਭੈਣ ਦੀ ਆਵਾਜ਼ ਸੀ ਜੋ ਤੇਰੀ ਮਾਂ ਦੀ ਛਾਤੀ ਨਾਲ ਲਿਪਟੀ ਹੋਈ ਸੀ, ਇਸ ਤਰਾਂ ਲੱਗਿਆ ਜਿਵੇਂ ਤੇਰੀ ਮਾਂ ਦਾ ਸਾਰਾ ਦੁੱਧ ਸੁੱਕ ਗਿਆ ਹੋਵੇ। ਛੋਟੀ ਬੱਚੀ ਦੀ ਭੁੱਖ ਨਾਲ ਨਿਢਾਲ ਹੋਈ ਕਿਸੇ ਲਾਸ਼ ਵਾਂਗ ਪਈ ਸੀ । ਤੁਹਾਡੀ ਮਾਂ ਜੋ ਆਪਣੀਆਂ ਸੋਚਾਂ ਵਿਚ ਹੀ ਗੁਆਚੀ ਹੋਈ ਸੀ ਨੂੰ ਤੇਰੀ ਭੈਣ ਦੀਆਂ ਚੀਕਾਂ ਹੀ ਨਾ ਸੁਣਾਈ ਦਿੱਤੀਆਂ।

ਮੈਂ ਪਿਤਾ ਜੀ ਦੀਆਂ ਸਿਲੀਆਂ ਅੱਖਾਂ ਦੇ ਦਰਦ ਨੂੰ ਮਹਿਸੂਸ ਕਰ ਸਕਦਾ ਸੀ। ਉਹ ਵੀ ਬਹੁਤ ਉਦਾਸ ਅਤੇ ਗੰਭੀਰ ਸੀ। ਉਹਨਾਂ ਨੂੰ ਇਹ ਪਤਾ ਨਾ ਲੱਗਿਆ ਕਿ ਮੈਨੂੰ ਨੀਂਦ ਆ ਰਹੀ ਸੀ। ਉਹ ਆਪਣੀ ਜ਼ਿੰਦਗੀ ਦੀ ਦੁਖਭਰੀ ਕਹਾਣੀ ਸੁਣਾਉਂਦੇ ਹੋਏ ਰੁਕਣ ਦੇ ਰੌਂ ਵਿਚ ਨਹੀਂ ਸੀ.

“ਨੇੜੇ ਹੀ ਕਿਤੇ ਕੁੱਕੜ ਦੀ ਆਵਾਜ਼ ਨੇ ਇਸ਼ਾਰਾ ਕਰ ਦਿੱਤਾ ਕਿ ਸਵੇਰ ਹੋਣ ਵਾਲੀ ਹੈ. ਦੂਰੋਂ ਕਿਸੇ ਮੰਦਰ ਦੀਆਂ ਘੰਟੀਆਂ ਦੀ ਹਲਕੀ-ਹਲਕੀ ਆਵਾਜ਼ ਆ ਰਹੀ ਸੀ, ਜਿਸ ਤੋਂ ਪਤਾ ਲੱਗਿਆ ਕਿ ਨੇੜੇ ਹੀ ਕੋਈ ਮੰਦਰ ਹੈ। ਜਲਦੀ ਹੀ ਕੁੱਤਿਆਂ ਨੇ ਬੈਲ ਗੱਡੀ ਦੇ ਪਿੱਛੇ ਚਲਣਾ ਸ਼ੁਰੂ ਕਰ ਦਿੱਤਾ। ਉਹ ਸਾਨੂੰ ਹੈਰਾਨੀ ਨਾਲ ਦੇਖ ਰਹੇ ਸੀ। ਉਹਨਾਂ ਵਿੱਚੋਂ ਕੁਝ ਜਿਵੇਂ ਸਾਨੂੰ ਪਿੰਡ ਵਿਚ ਵੜਨ ਤੋਂ ਰੋਕਣਾ ਚਾਹੁੰਦੇ ਸੀ। ਉਹ ਲਗਾਤਾਰ ਚੀਕਦੇ ਅਤੇ ਭੌਂਕਦੇ ਰਹੇ। ਇਸ ਨਾਲ ਤੁਸੀਂ ਸਾਰੇ ਬੱਚੇ ਡਰ ਕੇ ਜਾਗ ਗਏ। ਬੈਲ ਗੱਡੀ ਹੱਕਣ ਵਾਲਾ ਕਈ ਵਾਰ ਉਹਨਾਂ ਵੱਲ ਆਪਣੀ ਛੜੀ ਘੁੰਮਾ ਦਿੰਦਾ, ਜਿਸ ਨਾਲ ਉਹਨਾਂ ਵਿਚੋਂ ਕੁਝ ਡਰ ਜਾਂਦੇ। ਜਲਦੀ ਹੀ ਅਸੀਂ ਤੁਹਾਡੇ ਮਾਮੇ ਦੇ ਘਰ ਕੋਲ ਪਹੁੰਚ ਗਏ। ਬਲਦਾਂ ਦੇ ਗਲਾਂ ਦੀਆਂ ਟੱਲੀਆਂ ਦੀ ਆਵਾਜ਼ ਸੁਣ ਕੇ ਉਹ ਬਾਹਰ ਆ ਗਏ। ਉਹ ਸਾਨੂੰ ਐਨੀ ਸਵੇਰੇ ਉਥੇ ਸਮਾਨ ਸਮੇਤ ਪਹੁੰਚਿਆ ਦੇਖ ਕੇ ਕੁਝ ਘਬਰਾ ਗਏ। ਮਾਮੇ ਨੇ ਬੈਲ ਗੱਡੀ ਤੋਂ ਸਮਾਨ ਲਾਹੁਣ ਵਿਚ ਸਾਡੀ ਮਦਦ ਕੀਤੀ, ਪਰ ਮਾਮੀ ਨੇ ਬਿਨ ਬੁਲਾਏ ਮਹਿਮਾਨਾਂ ਨੂੰ ਦੇਖ ਕੇ ਮੱਥੇ ਤੇ ਤਿਊੜੀਆਂ ਪਾ ਲਈਆਂ, ਪਰ ਉਹ ਬੋਲੀ ਕੁਝ ਨਾ। ਉਸਦੇ ਦੇਖਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਸ ਨੂੰ ਸਾਡਾ ਆਉਣਾ ਚੰਗਾ ਨਹੀਂ ਸੀ ਲੱਗਿਆ. ਮੈਂ ਗੱਡੀ ਵਾਲੇ ਨੂੰ ਉਸ ਦੇ ਪੈਸੇ ਦੇ ਕੇ ਉਸਦਾ ਧੰਨਵਾਦ ਕੀਤਾ। ਮੈਨੂੰ ਪੱਕਾ ਪਤਾ ਲੱਗ ਗਿਆ ਕਿ ਮਾਮੀ ਸਾਨੂੰ ਉਥੇ ਨਹੀਂ ਰੱਖੇਗੀ। ਉਸ ਨੇ ਕੁਝ ਦਿਨ ਤਾਂ ਰੋਟੀ ਖੁਆਈ, ਫੇਰ ਉਹ ਬਿਨਾਂ ਕਿਸੇ ਗੱਲ ਤੋਂ ਹੀ ਸਾਡੇ ਨਰਾਜ਼ ਹੋ ਜਾਂਦੀ। ਉਹ ਆਪਾਂ ਨੂੰ ਰੱਜ ਕੇ ਖਾਣ ਨੂੰ ਵੀ ਨਾ ਦਿੰਦੀ। ਇਕ ਦਿਨ ਤੁਹਾਡੀ ਮਾਂ ਚੋਰੀ-ਚੋਰੀ ਤੁਹਾਡੇ ਮਾਮੇ ਨੂੰ ਖੇਤਾਂ ਵਿਚ ਮਿਲੀ ਅਤੇ ਉਸ ਨੂੰ ਇਕ ਛੋਟੀ ਜਿਹੀ ਪੋਟਲੀ ਦਿੰਦੇ ਕਿਹਾ ਕਿ ਉਸ ਕੋਲ ਬੱਸ ਇਹੋ ਹੈ। ਇਸ ਨੂੰ ਵੇਚ ਕੇ ਥੋੜੀ ਜਿਹੀ ਜ਼ਮੀਨ ਲੈ ਦੇਵੇ ਜਿਥੇ ਉਹ ਬਾਂਸ ਗੱਡ ਕੇ ਝੋਪੜੀ ਜਿਹੀ ਬਣਾ ਲੈਣਗੇ। ਤੁਹਾਡਾ ਮਾਮਾ, ਤੁਹਾਡੀ ਮਾਂ ਨੂੰ ਇਕ ਸੁਨਿਆਰੇ ਦੀ ਦੁਕਾਨ ਤੇ ਲੈ ਗਿਆ। ਜਿਵੇਂ ਹੀ ਉਸਦੇ ਸਾਹਮਣੇ ਪੋਟਲੀ ਖੋਲੀ, ਉਸ ਨੇ ਤੇਜੀ ਨਾਲ ਆਪਣੀ ਗਰਦਨ ਅਗੇ ਵਧਾਈ ਅਤੇ ਹੌਲੀ ਜਿਹੀ ਹੱਸਿਆ। ਉਸ ਨੇ ਇਕ-ਇਕ ਕਰਕੇ ਸਾਰੀਆਂ ਚੀਜ਼ਾਂ ਇਕ ਪੱਥਰ ‘ਤੇ ਰਗੜੀਆਂ ਅਤੇ ਮਜ਼ਾਕ ਵਾਲੇ ਲਹਿਜੇ ਵਿਚ ਤੁਹਾਡੀ ਮਾਂ ਵੱਲ ਦੇਖਦੇ ਹੋਏ ਰੁੱਖਾ ਜਿਹਾ ਬੋਲਿਆ, “ਇਹ ਸਭ ਕੁਝ ਕੂੜਾ ਹੈ। ਕਿਸ ਨੇ ਕਿਹਾ ਕਿ ਇਹ ਸੋਨਾ ਹੈ? ਛੇ ਵਿਚੋਂ ਤਿੰਨ ਚੀਜ਼ਾਂ ‘ਤੇ ਸਿਰਫ ਸੋਨੇ ਦਾ ਪਾਣੀ ਚੜ੍ਹਿਆ ਹੋਇਆ ਹੈ. ਬੀਬੀ, ਤੇਰੇ ਨਾਲ ਧੋਖਾ ਹੋਇਆ ਹੈ। ਸਿਰਫ ਦੋ ਕੰਨਾਂ ਦੀਆਂ ਵਾਲੀਆਂ ਅਤੇ ਇਕ ਮੁੰਦਰੀ ਖਰੇ ਸੋਨੇ ਦੀ ਹੈ।“

ਪਿਤਾ ਜੀ ਇਕ ਡੂੰਘਾ ਸਾਹ ਲੈ ਕੇ ਫੇਰ ਬੋਲੇ, “ਤੇਰੀ ਮਾਂ ਦਾ ਤਾਂ ਜਿਵੇਂ ਖੂਨ ਹੀ ਸੁੱਕ ਗਿਆ ਹੋਵੇ। ਉਹ ਤਾਂ ਬੇਹੋਸ਼ ਹੀ ਹੋਣ ਲੱਗੀ ਸੀ ਕਿ ਤੇਰੇ ਮਾਮੇ ਨੇ ਉਸ ਨੂੰ ਆਸਰਾ ਦਿੱਤਾ ਅਤੇ ਪਾਣੀ ਪਿਲਾਇਆ।

ਕਿਸੇ ਨਾ ਕਿਸੇ ਤਰਾਂ ਮਾਮਾ, ਜ਼ਿਮੀਂਦਾਰ ਦੀ ਕੋਠੀ ਪਹੁੰਚ ਗਿਆ ਅਤੇ ਉਸਨੇ ਜ਼ਮੀਨ ਦੇ ਇਕ ਟੁਕੜੇ ਲਈ ਸੌਦਾ ਕੀਤਾ। ਉਥੇ ਬਾਂਸ ਦੀ ਇਕ ਝੋਪੜੀ ਬਣਾ ਦਿੱਤੀ। ਬਾਕੀ ਜਗਾ ਕੋਈ ਫਸਲ ਬੀਜਣ ਲਈ ਰੱਖ ਲਈ, ਪਰ ਉਹ ਸਾਲ ਸਾਡਾ ਕਿਵੇਂ ਲੰਘਦਾ? ਉਸ ਸਾਲ ਅਸੀਂ ਉਥੇ ਕੁਝ ਨਾ ਬੀਜ ਸਕੇ। ਤੁਹਾਡੀ ਮਾਂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਕਣਕ ਚੁਗ ਲਿਆਉਂਦੀ। ਉਹਨਾਂ ਨੂੰ ਪੱਥਰ ‘ਤੇ ਪੀਸ ਕੇ ਰੋਟੀਆਂ ਬਣਾ ਲੈਂਦੀ। ਇਹ ਸਮਾਂ ਵਾਕਿਆ ਹੀ ਬਹੁਤ ਮੁਸ਼ਕਲ ਸੀ ਕਿਉਂ ਕਿ ਸਾਰਿਆਂ ਨੂੰ ਪੇਟ ਭਰਨ ਜੋਗੀ ਰੋਟੀ ਵੀ ਨਹੀਂ ਸੀ ਮਿਲਦੀ। ਇਕ ਦਿਨ ਮੈਂ ਸਵੇਰੇ ਹੀ ਪਾਣੀ ਦਾ ਗਲਾਸ ਪਿੱਤੇ ਬਿਨਾਂ ਹੀ ਘਰੋਂ ਚਲਿਆ ਗਿਆ ਤਾਂ ਜੋ ਕੋਈ ਕੰਮ ਮਿਲ ਜਾਵੇ ਜਾਂ ਛੋਟੀ ਜਿਹੀ ਦੁਕਾਨ। ਸਾਰਾ ਦਿਨ ਤੇਜ ਗਰਮੀ ਵਿਚ ਮੈਂ ਇਕ ਥਾਂ ਤੋਂ ਦੂਜੀ ਥਾਂ ਘੁੰਮਦਾ ਰਿਹਾ, ਪਰ ਕੋਈ ਫਾਇਦਾ ਨਾ ਹੋਇਆ। ਜਦੋਂ ਮੈਂ ਘਰ ਪਹੁੰਚਿਆਂ ਤਾਂ ਤਕਰੀਬਨ ਹਨੇਰਾ ਹੋ ਚੁੱਕਿਆ ਸੀ। ਤੁਸੀਂ ਸਾਰੇ ਭੁੱਖੇ ਹੀ ਬੈਠੇ ਸੀ। ਤੁਸੀਂ ਸਾਰੇ ਮੇਰੀਆਂ ਲੱਤਾਂ ਨੂੰ ਚਿੰਬੜ ਗਏ ਅਤੇ ਸ਼ਿਕਾਇਤ ਕਰਨ ਲੱਗੇ ਕਿ ਤੁਸੀਂ ਸਾਰੇ ਮਾਮੀ ਦੇ ਘਰ ਗਏ ਜੋ ਉਸ ਵੇਲੇ ਰੋਟੀ ਖਾ ਰਹੇ ਸੀ। ਉਸ ਨੇ ਤੁਹਾਨੂੰ ਦੁਰਕਾਰਦੇ ਹੋਏ ਕਿਹਾ, ‘ਬੇਸ਼ਰਮ, ਕਦੇ ਅਰਾਮ ਨਾਲ ਖਾਣ ਨਹੀਂ ਦਿੰਦੇ। ਦਫ਼ਾ ਹੋਵੋ ਇਥੋਂ।’

“ਮੈਂ ਤੁਹਾਡਾ ਸਾਰਿਆਂ ਦਾ ਰੋਣਾ ਅਤੇ ਭੁੱਖ ਬਰਦਾਸ਼ਤ ਨਾ ਕਰ ਸਕਿਆ ਅਤੇ ਉਸੇ ਸਮੇਂ ਫੈਸਲਾ ਕਰ ਲਿਆ ਕਿ ਜ਼ਿੰਦਗੀ ਵਿਚ ਕੁਝ ਪ੍ਰਾਪਤ ਕਰਨ ਲਈ ਉਸ ਥਾਂ ਤੋਂ ਕਿਤੇ ਹੋਰ ਜਾਇਆ ਜਾਵੇ। ਮੇਰਾ ਇਕ ਰਿਸ਼ਤੇਦਾਰ ਸੀ ਜੋ ਮੈਨੂੰ ਬਹੁਤ ਦੂਰ ਸ਼ਿਮਲਾ ਲੈ ਗਿਆ, ਜਿਥੇ ਮੈਂ ਚਾਹ ਦੀ ਦੁਕਾਨ ਖੋਲ੍ਹ ਲਈ। ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਕੋਲ ਲੈ ਆਇਆ। ਤੈਨੂੰ ਪਤਾ ਹੈ, ਜਦੋਂ ਤੂੰ ਮੇਰੇ ਕੋਲ ਆਇਆ ਤਾਂ ਤੂੰ ਢਾਈ ਸਾਲ ਦਾ ਸੀ। ਤੁਸੀਂ ਬਹੁਤ ਛੋਟੀ ਉਮਰ ਵਿਚ ਹੀ ਆਪਣੀ ਮਾਂ ਦੇ ਪਿਆਰ ਅਤੇ ਦੇਖ ਭਾਲ ਤੋਂ ਵਾਂਝੇ ਰਹੇ । ਇਥੇ ਆ ਕੇ ਕੇਸੂ ਮੇਰਾ ਦੋਸਤ ਬਣ ਗਿਆ।”

ਮੇਰੇ ਪਿਤਾ ਜੀ ਦੀ ਇਹ ਦੁੱਖ ਭਰੀ ਕਹਾਣੀ ਵਾਕਿਆ ਹੀ ਮੇਰੇ ਲਈ ਬਿਜਲੀ ਦੇ ਝਟਕੇ ਵਰਗੀ ਸੀ। ਇਸ ਤਰਾਂ ਦੀਆਂ ਗੱਲਾਂ ਨੇ ਉਹਨਾਂ ਨੂੰ ਪੂਰੀ ਤਰਾਂ ਤੋੜ ਦਿੱਤਾ। ਉਹ ਸਾਨੂੰ ਸਾਰਿਆਂ ਨੂੰ ਪਾਲਣ ਲਈ ਸਖ਼ਤ ਮਿਹਨਤ ਤੋਂ ਨਹੀਂ ਸੀ ਘਬਰਾਉਂਦੇ। ਮੈਨੂੰ ਪਤਾ ਸੀ ਕੇ ਕੇਸੂ ਇਕ ਅਣਖੀ ਬੰਦਾ ਸੀ। ਉਹ ਭਾਵੇਂ ਮੇਰੇ ਪਿਤਾ ਜੀ ਕੋਲੋਂ ਬੀੜੀਆਂ ਅਤੇ ਚਾਹ ਪੀਂਦਾ ਸੀ, ਪਰ ਉਹ ਦੁਕਾਨ ਦੇ ਕੰਮ ਵਿਚ ਮਦਦ ਵੀ ਬਹੁਤ ਕਰਦਾ ਸੀ। ਉਹ ਸ਼ਾਮ ਨੂੰ ਸਾਡੀ ਦੁਕਾਨ ਤੇ ਆ ਜਾਂਦਾ। ਉਹ ਪਿਤਾ ਜੀ ਦੇ ਮੁਸ਼ਕਲ ਸਮੇਂ ਦੀਆਂ ਕਹਾਣੀਆਂ ਸੁਣਦਾ ਅਤੇ ਉਹਨਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਂਦਾ।
ਇਕ ਬਾਰ ਇਕ ਗਾਹਕ ਨੇ ਚਾਹ ਦਾ ਕੱਪ ਬਣਾਉਣ ਲਈ ਕਿਹਾ। ਜਿਵੇਂ ਪਿਤਾ ਜੀ ਪਹਿਲਾਂ ਵੀ ਅਕਸਰ ਕਰਦੇ ਸੀ, ਉਹਨਾਂ ਨੇ ਜਿਆਦਾ ਚਾਹ ਬਣਾ ਲਈ, ਇਕ ਕੇਸੂ ਲਈ ਅਤੇ ਇਕ ਆਪਣੇ ਲਈ। ਪਿਤਾ ਜੀ ਨੇ ਪਹਿਲਾਂ ਕੇਸੂ ਨੂੰ ਚਾਹ ਫੜਾ ਦਿੱਤੀ, ਬਾਅਦ ਵਿਚ ਗਾਹਕ ਨੂੰ। ਪਤਾ ਨਹੀਂ ਗਾਹਕ ਨੂੰ ਕਿਸ ਗੱਲ ਦਾ ਗੁੱਸਾ ਆ ਗਿਆ। ਉਸ ਨੇ ਗੁੱਸੇ ਵਿਚ ਆ ਕੇ ਪਿਤਾ ਜੀ ਦੇ ਠੁੱਡਾ ਮਾਰਿਆ । ਉਹ ਚਾਹ ਦੇ ਕੱਪ ਸਮੇਤ ਤਕਰੀਬਨ-ਤਕਰੀਬਨ ਡਿਗ ਹੀ ਗਏ।

“ਬੇਵਕੂਫ਼। ਕੀ ਤੈਨੂੰ ਇਹ ਨਹੀਂ ਪਤਾ ਕਿ ਤੇਰਾ ਇਹ ਦੋਸਤ ਅਛੂਤ ਹੈ? ਤੂੰ ਮੈਨੂੰ ਚਾਹ ਦੇਣ ਤੋਂ ਪਹਿਲਾਂ ਉਸ ਨੂੰ ਚਾਹ ਦੇਣ ਦੀ ਹਿੰਮਤ ਕਿਵੇਂ ਕੀਤੀ? ਉਸ ਨੇ ਪਿਤਾ ਜੀ ਨੂੰ ਬਹੁਤ ਗਾਹਲਾਂ ਕੱਢੀਆਂ। ਜੇ ਫੇਰ ਤੂੰ ਕਦੇ ਅਜਿਹਾ ਕੀਤਾ ਤਾਂ ਅਸੀਂ ਤੇਰੀ ਦੁਕਾਨ ਤੇ ਨਹੀਂ ਆਉਣਾ।”

“ਉਸ ਦਿਨ ਸਾਨੂੰ ਸਾਰਿਆਂ ਨੂੰ ਹੀ ਬਹੁਤ ਚਿੰਤਾ ਰਹੀ। ਵਿਚਾਰਾ ਕੇਸੂ ਸਿਰ ਸੁੱਟ ਕੇ ਬੈਠਾ ਰਿਹਾ, ਜਿਵੇਂ ਇਹ ਉਸਦੀ ਹੀ ਗਲਤੀ ਹੋਵੇ । ਮੈਂ ਬਹੁਤ ਛੋਟਾ ਸੀ, ਇਸ ਲਈ ਮੈਨੂੰ ਅਛੂਤ ਦਾ ਮਤਲਬ ਨਹੀਂ ਸੀ ਪਤਾ। ਅਸਲ ਵਿਚ, ਸਾਡੇ ਰਾਜ ਦੇ ਉਸ ਹਿੱਸੇ ਵਿਚ ਅਛੂਤ ਪੁਣੇ ਦੀ ਬਿਮਾਰੀ ਕੁਝ ਜਿਆਦਾ ਹੀ ਫੈਲੀ ਹੋਈ ਸੀ। ਲੋਕ ਸੋਚਦੇ ਸੀ ਕਿ ਅਛੂਤਾਂ ਦੇ ਛੁਹਣ ਨਾਲ ਹੀ ਉੱਚੀਆਂ ਜਾਤਾਂ ਵਾਲੇ ਭਿੱਟ ਜਾਂਦੇ ਹਨ। ਮੈਂ ਕੇਸੂ ਦੀਆਂ ਅੱਖਾਂ ਵਿਚ ਹੰਝੂ ਦੇਖੇ। ਉਹ ਅਜੇ ਵੀ ਸਿਰ ਨੀਵਾਂ ਕਰਕੇ ਬੈਠਾ ਸੀ। ਜਿਹੜੀ ਬੀੜੀ ਉਸ ਨੇ ਬਹੁਤ ਪਹਿਲਾਂ ਸੁਲਗਾਈ ਸੀ, ਉਹ ਬੁਝ ਚੁੱਕੀ ਸੀ ਅਤੇ ਉਸ ਦੀਆਂ ਉਂਗਲਾਂ ਵਿਚ ਫਸੀ ਹੋਈ ਸੀ। ਇਸ ਤਰਾਂ ਲੱਗ ਰਿਹਾ ਸੀ ਜਿਵੇਂ ਕੇਸੂ ਵਿਚ ਸਾਹ- ਸਤ ਹੀ ਨਾ ਹੋਣ।”

ਉੱਚੀਆਂ ਜਾਤਾਂ ਦੇ ਲੋਕ ਇਸ ਤਰਾਂ ਦਾ ਅਣ-ਮਨੁੱਖੀ ਵਤੀਰਾ ਕਿਵੇਂ ਕਰ ਸਕਦੇ ਹਨ? ਜਿਸ ਆਦਮੀ ਨੇ ਮੇਰੇ ਪਿਤਾ ਜੀ ਨਾਲ ਭੈੜਾ ਸਲੂਕ ਕਰਨ ਵਾਲਾ, ਉਹਨਾਂ ਤੋਂ ਉਮਰ ਵਿਚ ਬਹੁਤ ਛੋਟਾ ਸੀ। ਮੇਰੇ ਪਿਤਾ ਦੇ ਆਤਮ ਸਨਮਾਨ ਦਾ ਕੀ ਬਣਿਆ? ਕੀ ਉਹਨਾਂ ਨੂੰ ਇੱਜ਼ਤ ਨਹੀਂ ਮਿਲਣੀ ਚਾਹੀਦੀ? ਕੀ ਕੇਸੂ ਇਨਸਾਨ ਨਹੀਂ ਸੀ? ਕੀ ਉਹ ਸਾਡੇ ਸਾਰਿਆਂ ਵਰਗਾ ਨਹੀਂ ਸੀ? ਕੀ ਉਸ ਨੂੰ ਸਾਡੇ ਸਾਰਿਆਂ ਨਾਲ ਮਿਲ ਕੇ ਜ਼ਿੰਦਗੀ ਜਿਊਣ ਦਾ ਹੱਕ ਨਹੀਂ ਸੀ? ਇਹ ਸਾਰੇ ਸਵਾਲ ਮੈਨੂੰ ਰਾਤ ਭਰ ਤੰਗ ਕਰਦੇ ਰਹੇ। ਮੈਂ ਸਾਰੀ ਰਾਤ ਪਾਸੇ ਮਾਰਦਾ ਰਿਹਾ ਅਤੇ ਸੌਂ ਨਾ ਸਕਿਆ। ਮੇਰੇ ਪਿਤਾ ਕੀ ਕਰਦੇ, ਜੇ ਕੇਸੂ ਉਹਨਾਂ ਦੀ ਦੁਕਾਨ ਤੇ ਆਉਣਾ ਛੱਡ ਦਿੰਦਾ? ਕੇਸੂ ਉਹਨਾਂ ਲਈ ਸਭ ਕੁਝ ਸੀ। ਮੇਰੇ ਪਿਤਾ ਜੀ ਦੇ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਧੋਖਾ ਕੀਤਾ। ਉਹਨਾਂ ਕੋਲ ਜੋ ਕੁਝ ਵੀ ਸੀ, ਉਹਨਾਂ ਤੋਂ ਖੋਹ ਲਿਆ। ਕੇਸੂ ਨੇ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੇ ਦੁੱਖਾਂ ਦਾ ਭਾਰ ਵੰਡਾਇਆ।

ਅਗਲੇ ਦਿਨ ਜਦੋਂ ਪਿਤਾ ਜੀ ਆਪਣੀ ਚਾਹ ਦੀ ਦੁਕਾਨ ਤੇ ਜਾਣ ਲੱਗੇ ਤਾਂ ਮਾਂ ਨੇ ਉਹਨਾਂ ਨੂੰ ਰੋਕਦੇ ਹੋਏ ਕਿਹਾ, “ਤੁਸੀਂ ਕੇਸੂ ਨੂੰ ਕਹਿ ਦਿਓ ਕਿ ਉਹ ਸਾਡੀ ਦੁਕਾਨ ਤੇ ਨਾ ਆਇਆ ਕਰੇ। ਲੋਕ ਕਹਿੰਦੇ ਨੇ ਕਿ ਕੇਸੂ ਅਛੂਤ ਹੈ। ਜੇ ਗਾਹਕਾਂ ਨੇ ਸਾਡੀ ਦੁਕਾਨ ਤੇ ਆਉਣਾ ਛੱਡ ਦਿੱਤਾ, ਫੇਰ ਆਪਣਾ ਗੁਜ਼ਾਰਾ ਕਿਵੇਂ ਚਲੇ ਗਾ? ਕੀ ਤੁਸੀਂ ਕਦੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਿਆ ਹੈ? ਸਾਡੀਆਂ ਦੋ ਕੁੜੀਆਂ ਹਨ। ਉਹਨਾਂ ਦਾ ਵਿਆਹ ਵੀ ਕਰਨਾ ਹੈ। ਲੋਕਾਂ ਨਾਲ ਪੰਗਾ ਨਾ ਲਓ। ਇਹ ਧਿਆਨ ਰੱਖੋ ਕਿ ਕੇਸੂ ਛੋਟੀ ਜਾਤ ਦਾ ਹੈ।”

ਪਿਤਾ ਜੀ ਚੁੱਪ ਹੀ ਰਹੇ। ਲੱਗਦਾ ਸੀ ਕਿ ਉਹਨਾਂ ਦਾ ਗੁੱਸਾ ਬਹੁਤ ਦੇਰ ਪਹਿਲਾਂ ਉਤਰ ਗਿਆ ਸੀ। ਹਾਲਾਤ ਕਰਕੇ ਉਹ ਕੁਝ ਸਖ਼ਤ ਜਿਹੇ ਬਣਾ ਗਏ ਸੀ। ਉਹਨਾਂ ਨੇ ਸਿਲੀਆਂ ਅੱਖਾਂ ਨਾਲ ਕਿਹਾ, “ਅਛੂਤ ਕੌਣ ਹੈ? ਅਸਲੀ ਅਛੂਤ ਉਹ ਹਨ, ਜਿੰਨਾਂ ਨੇ ਮੈਨੂੰ ਮੇਰੀ ਜਾਇਦਾਦ ਤੋਂ ਮਹਿਰੂਮ ਕੀਤਾ, ਅਸਲੀ ਅਛੂਤ ਉਹ ਹਨ ਜਿਹੜੇ ਸਾਰੀ ਉਮਰ ਮੈਨੂੰ ਧੋਖਾ ਦਿੰਦੇ ਰਹੇ, ਜਿੰਨਾਂ ਨੇ ਤੈਨੂੰ ਨਕਲੀ ਗਹਿਣੇ ਦਿੱਤੇ, ਉਹਨਾਂ ਨੂੰ ਅਛੂਤ ਕਹੋ? ਤੇਰਾ ਭਰਾ, ਜਿਸ ਨੇ ਸਿਰਫ ਵੀਹ ਹਜ਼ਾਰ ਰੁਪਏ ਪਿੱਛੇ ਮੇਰੀ ਜ਼ਮੀਨ ਹੜੱਪ ਲਈ, ਉਹ ਅਸਲੀ ਅਛੂਤ ਹਨ। ਉਹਨਾਂ ਦੇ ਛੁਹਣ ਨਾਲ ਇਨਸਾਨੀਅਤ ਖ਼ਤਮ ਹੁੰਦੀ ਹੈ।”

ਮਾਂ ਕੁਝ ਬੋਲ ਨਾ ਸਕੀ। ਪਿਤਾ ਜੀ ਸਹੀ ਸੀ। ਮਾਂ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, “ਪਰ—
“ਹੋਰ ਕੁਝ ਨਾ ਬੋਲ। ਮੈਂ ਕੇਸੂ ਨੂੰ ਨਹੀਂ ਕਹਾਂਗਾ ਕਿ ਉਹ ਮੇਰੀ ਦੁਕਾਨ ਤੇ ਨਾ ਆਏ। ਉਹ ਅਸਲੀ ਇਨਸਾਨ ਹੈ ਅਤੇ ਮੈਂ ਇਨਸਾਨੀਅਤ ਵਿਚ ਵਿਸ਼ਵਾਸ ਕਰਦਾ ਹਾਂ, ਇਹ ਯਾਦ ਰੱਖ।”

ਕਹਾਣੀਕਾਰ: ਵਿਨੋਦ ਕੁਮਾਰ ਚੋਪੜਾ
ਪੰਜਾਬੀ ਅਨੁਵਾਦ: ਰਵਿੰਦਰ ਸਿੰਘ ਸੋਢੀ