
ਹਰੇ ਛੋਲੀਏ ਵਰਗੇ ਮਿੱਤਰੋ, ਸਤ ਸ਼੍ਰੀ ਅਕਾਲ, ਇੱਥੇ ਰਾਜ਼ੀ-ਖੁਸ਼ੀ ਹੈ, ਬਾਬਾ ਜੀ ਤੁਹਾਨੂੰ ਵੀ ਰਾਜ਼ੀ-ਖੁਸ਼ੀ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਸਾਈਕਲ-ਰੇਹੜੀ ਅੱਗੇ ਚਿੱਬੇ ਸਪੀਕਰ ਨੂੰ ਫਿੱਟ ਕਰਕੇ, ਸਬਜੀ ਵੇਚਣ ਵਾਲਾ ਬਾਵਰੀਆਂ ਦਾ ਮਕਣਾ, ਮੋੜ ਲੰਘਣ ਲੱਗਿਆ, ਬਰੇਕ ਮਾਰ ਗਿਆ ਤਾਂ ਤਾਇਆ ਮਹਿੰਦਰ ਕਹਿੰਦਾ “ਆ ਬਈ ਸਿੱਖਾ ਕੀ ਵੇਚਦਾ ਫਿਰਦੈਂ?” “ਵੇਚ ਤਾਂ ਮੈਂ ਝੱਬਦੇ ਈ ਆਇਆਂ ਤਾਊ, ਹੁਣ ਤਾਂ ਘਰੇ ਜਾ ਝੱਟ ਰਮਾਨ ਕਰਦੈਂ, ਰੋਟੀ ਖਾ ਕੇ।” “ਰੋਟੀ ਨੀਂ ਖਾਧੀ, ਅਜੇ ਭੁੱਖਾ ਈ ਫਿਰਦੈ?” ਤਾਏ ਨੂੰ ਹੈਰਾਨੀ ਹੋਈ। “ਥੋਨੂੰ ਤਾਂ ਪਤੈ, ਸਵੇਰੇ-ਸਾਂਝਰੇ, ਸਬਜੀ ਤੋੜ ਕੇ ਜਾਈਦੈ, ਦੁੱਧ ਛਕ ਕੇ, ਮੰਡੀ ਲੋਟ ਆ ਜੇ ਠੀਕ ਐ, ਨਹੀਂ ਤਾਂ ਮੁਹੱਲਿਆਂ ਚ ਜਾ ਕੇ ਵੇਚੀਦਾ, ਪੜਤਾ ਪੈ ਜਾਂਦੈ। ਪੱਕੇ ਗਾਹਕ ਐ, ਸਪੀਕਰਤੇ ਵਾਜ ਸੁਣ ਤੇ ਤਾਜ਼ੀ-ਤਾਜ਼ੀ ਲੈ ਜਾਂਦੇ ਐ। ਟੈਮ ਨਾਲ ਮੁੜ ਆਈਦੈ, ਨਬੇੜ ਕੇ।" ਗੱਲ ਮੁਕਾ ਮੱਖਣ ਸਿੰਹੁ ਤੁਰਨ ਲਈ ਅਹੁਲਿਆ। “ਆਹ ਡਰੰਮੀ ਦਾ ਕੀ ਕਰਦੈਂ ਹੁੰਨੈਂ?" “ਇਹ ਤਾਂ ਘਰੂੰ ਦੁੱਧ ਲੈ ਜਾਈਦੈ ਪਸੇਰੀ, ਆੜਤੀਏ-ਸੇਠਾਂ ਨੂੰ ਦੇਈਦੈ। ਇਤਬਾਰ ਬਣਾਇਐ ਕਈ ਸਾਲਾਂ ਦਾ ਬਾਬਾ। ਖਾਲਸ ਸਬਜ਼ੀ, ਖਾਲਸ ਦੁੱਧ। ਦੋ ਰੁਪਈਏ ਵੱਧ ਹੱਸ ਕੇ ਦੇ ਦਿੰਦੇ ਐ ਨਕਦ। ਦਿਹਾੜੀ ਬਣ ਜਾਂਦੀ ਐ।" ਪ੍ਰਸ਼ਨ ਕਰਨ ਵਾਲੇ ਬਾਬਾ ਅਰਜਨ ਸਿੰਹੁ ਵੱਲ ਮੂੰਹ ਕਰਕੇ ਮਕਣੇ ਨੇ ਤਜਰਬਾ ਦੱਸਿਐ ਅਤੇ ਰੇਹੜੀ ਲੈ ਤੀਰ ਹੋ ਗਿਆ। ਮਗਰੋਂ ਅਮਰਜੀਤ ਡਾਕਟਰ ਬੋਲਿਆ, “ਆਹ ਵੇਖ ਲੈ, ਕੋਈ ਹੈ ਕੰਮ ਦਾ ਘਾਟਾ, ਜਿੰਨ੍ਹਾਂ ਕਰਨੈਂ, ਉਨ੍ਹਾਂ ਲਈ ਐਥੇ ਈ ਬਰੈਂਮਪਟਨ ਆ। ਏਸ ਮੁੰਡੇ ਦੇ ਪਿਓ ਹੁਰੀਂ ਕਈ ਭਰਾ ਸੀ। ਠੇਕੇ ਤੇ ਜ਼ਮੀਨ ਲੈ ਕੇ ਦਿਨ-ਰਾਤ ਕੰਮ ਕਰਦੇ ਸੀ। ਮੜਾਸੇ ਮਾਰ ਲੈਂਦੇ, ਸਣੇ ਬੁੜੀਆਂ ਮਂਡੇ ਰਹਿੰਦੇ। ਤਿੰਨ-ਤਿੰਨ ਫਸਲਾਂ ਕੱਢੀਆਂ, ਓਹ ਵੀ ਰਲਾ ਕੇ। ਨਰਮੇ-ਬਾਜਰੇ ਦੇ ਵਿੱਚੇ ਵੱਲਾਂ, ਫੇਰ ਮੱਕੀ, ਸਰੋਂਚ ਫੇਰ ਕਈ ਕੁਸ। ਰੋਜ ਦੀ ਮਿਹਨਤ, ਰੋਜ ਦੀ ਕਮਾਈ। ਨਾਲੇ ਸਰੀਰ ਵੇਖ, ਪਏ ਐ ਕਿ ਨਹੀਂ ਮੁਗਦਰਾਂ ਵਰਗੇ। ਚੰਗਾ ਖਾਂਦੇ ਐ, ਚੰਗਾ ਅਖਵਾਂਉਦੇ ਐ, ਮੌਜਾਂ ਕਰਦੇ ਐ। ਜੇਬ ਭਰ ਲਿਆਇਐ, ਰੋਟੀ ਵੇਲੇ ਨੂੰ। 
ਆਪਣਿਆਂ ਨੂੰ ਵੇਖ ਲੈ। ਦੋ-ਦੋ ਕਿੱਲਿਆਂ ਦੇ ਚਾਅ ਚ ਨਾ ਪੜ੍ਹਦੇ ਐ, ਦੁਪਹਿਰ ਤਾਂਈ ਉੱਠਦੇ ਨੀਂ, ਕੰਮ-ਧੰਦਾ ਆਖ ਦਿਓ ਤਾ ਸਿਰ ਨੂੰ ਆਂਉਂਦੇ ਐ, ‘ਅਕੇ ਇਹ ਕੰਮ ਸਾਡੇ ਕਰਨ ਆਲਾ? ਬਾਹਰ ਜਾ ਕੇ ਜਾਬ ਦੇ ਨਾਂ ਉੱਤੇ ਸਫ਼ਾਈਆਂ ਕਰਨੀਆਂ ਮਨਜ਼ੂਰ ਐ, ਘਰੇ ਹੱਥ ਨੀਂ ਲਾਂਉਂਦੇ। ਪਿੰਡ, ਪੰਜਾਬ ਵੇਹਲਾ ਕਰੀ ਜਾਂਦੇ ਐ। ਜੀਹਨੇ ਕਰਨੈਂ, ਉਹਨੂੰ ਏਥੇ ਵੀ ਕੋਈ ਘਾਟਾ ਨੀਂ। ਉੱਤੋਂ 30-35 ਲੱਖ ਲਾ ਕੇ, ਰਹਿੰਦਿਆਂ ਨੂੰ ਡੁਬੋ ਦਿੰਦੇ ਐ। ‘ਬੱਸ ਕੰਮ ਹੀ ਪੂਜਾ ਹੈ, ਕਹਿਣ ਅਤੇ ਕਰਨ ਵਿੱਚ ਏਹੀ ਫਰਕ ਹੈ।" ਡਾਕਟਰ ਨੇ ਆਪਣਾ ਗੁੱਭ-ਗੁਲ੍ਹਾਟ ਕੱਢਿਆ ਹੀ ਸੀ ਕਿ ਘਰੋਂ ਵਾਜ ਵੱਜ ਗਈ ਅਤੇ ਟੋਲੀ ਖਿੰਡ ਗਈ। ਹੋਰ, ਤੜਕੇ-ਆਥਣੇ ਠੰਡ, ਚਮਕਦੀ ਧੁੱਪ ਅਤੇ ਪਹਾੜੀਂ ਬਰਫ਼ ਹੈ। ਕੋਰੇ ਤੌੜੇ ਵਿਕਣੇ ਆ ਗੇ। ਲਾਲੀ, ਭਾਲੀ, ਕਾਲੀ ਤੇ ਖਿਆਲੀ ਠੀਕ ਐ। ਪ੍ਰਵਾਸੀ ਪੰਛੀ ਉੱਡਗੇ ਕਨੇਡੇ ਨੂੰ। ਵੋਟਾਂ ਦਾ ਧਮੱਚੜ ਅਜੇ ਗਲੀਆਂਚ ਨਹੀਂ ਆਇਆ। ਮਿੰਦੇ ਕਾ ਮੁੰਡਾ, ਦੁੱਧ ਵੇਚਣ ਲੱਗ ਪਿਐ। ਬਿਨਾਂ ਪਿਲਸਨ ਤੋਂ ਕਈ ਰਟੈਰ ਹੋ ਕੇ, ਖਾਲੀ ਜੇ ਫਿਰਦੇ ਹਨ। ਪੀਕੇ ਬਾਹਮਣਾਂ ਦਾ, ਭਾਸ਼ੀ, ਚਿੱਟੇ ਚ ਜੁੱਪਿਆ ਗਿਐ। ਚੰਗਾ, ਸਾਡੀ ਹਾੜ੍ਹੀ ਦੇ ਭਲੇ ਦੀ ਸੁੱਖ ਮੰਗੋ, ਮਿਹਨਤ ਕਰੋ ਅਤੇ ਤਰੱਕੀ ਕਰੋ। ਬਾਕੀ ਅਗਲੇ ਐਤਵਾਰ, ਬਖਸ਼ੀ ਬੇਬੇ ਦੀ ਕਹਾਣੀ ਸੁਣਾਂਵਾਂਗੇ। 
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061
