ਅਨੁਵਾਦਿਤ ਕਹਾਣੀ (ਸਮੁੰਦਰ ਦੀਆਂ ਤਾਰੀਆਂ)

ਅਨੁਵਾਦਿਤ ਕਹਾਣੀ (ਸਮੁੰਦਰ ਦੀਆਂ ਤਾਰੀਆਂ)

ਸਮੀਹਤਾ ਨੇ ਆਈ.ਆਈ.ਟੀ. ਤੋਂ ਮਕੈਨੀਕਲ ਇੰਜੀਨਿਅਰਿੰਗ ਦੀ ਡਿਗਰੀ ਕਰ ਲਈ ਸੀ ਅਤੇ ਹੁਣ ‘ਉਹ ਆਪਣੀ ਕਿਸ਼ਤੀ ਚਲਾਉਣ ਤਿਆਰ ਸੀ’(ਸਮੁੰਦਰ ਦੇ ਡੂੰਗੇ ਪਾਣੀਆਂ ਵਿਚ ਜਾਣ ਨੂੰ ਤਿਆਰ ਸੀ). ਉਹ ਆਪਣੇ ਮਾਤਾ-ਪਿਤਾ ਦੀ ਇਕੋ ਇਕ ਕੁੜੀ ਸੀ। ਉਸਦੇ ਮਾਤਾ-ਪਿਤਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਸਦੀ ਡਿਗਰੀ ਪੂਰੀ ਹੁੰਦੇ ਹੀ ਉਹ, ਉਸਦੀ ਮਨਪਸੰਦ ਥਾਂ ਸਪੇਨ ਦੀ ਸੈਰ ਲਈ ਜਾਣਗੇ। ਵਾਅਦੇ ਮੁਤਾਬਿਕ ਉਹਨਾਂ ਨੇ ਸਪੇਨ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਭਾਵੇਂ ਉਹ ਆਪਣੇ ਮਾਪਿਆਂ ਦਾ ਇਕ ਹੀ ਬੱਚਾ ਸੀ, ਪਰ ਫੇਰ ਵੀ ਉਹ ਕੋਈ ਝਾਂਬਲੀ? Pampered ਅਤੇ ਵਿਗੜੀ ਹੋਈ ਨਹੀਂ ਸੀ, ਕਿਉਂ ਕਿ ਉਹਨਾਂ ਨੇ ਉਸ ਨੂੰ ਸਮਝਾਇਆ ਹੋਇਆ ਸੀ ਕਿ ਸ਼ਾਨੋ-ਸ਼ੌਕਤ ਵਾਲੀਆਂ ਚੀਜ਼ਾਂ ਲਈ ਉਹਨਾਂ ਦੀ ਹਮੇਸ਼ਾ ਨਾਂਹ ਹੀ ਰਹੇਗੀ। ਉਸਨੇ ਤੈਰਾਕੀ ਵਿਚ ਕਈ ਇਨਾਮ ਜਿੱਤੇ ਸਨ ਅਤੇ ਰਾਸ਼ਟਰੀ ਚੈਪੀਅਨ ਵੀ ਸੀ। ਸਮੀਹਤਾ ਦੇ ਦੋਸਤ ਸਪੇਨ ਵਿਚ ‘ਸਕੂਬਾ ਡਾਈਵਿੰਗ’ ਕਰਕੇ ਆਏ ਸੀ, ਜਿਹੜਾ ਕਿ ਜ਼ਿੰਦਗੀ ਦਾ ਇਕ ਅਭੁੱਲ ਤਜ਼ਰਬਾ ਸੀ। ਸਮੀਹਤਾ ਵੀ ‘ਸਕੂਬਾ ਡਾਈਵਿੰਗ’ ਕਰਨਾ ਚਾਹੁੰਦੀ ਸੀ। ਉਸਦੇ ਮਾਤਾ-ਪਿਤਾ ਨੇ ਆਪਣੀ ਬੇਟੀ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰ ਲਿਆ। ਇਸ ਲਈ ਉਸਨੇ ਸਪੇਨ ਦੇ ਇਕ ਸਿਖਲਾਈ ਸੰਸਥਾ ਵਿਚ ਆਪਣਾ ਨਾਂ ਦਰਜ਼ ਕਰਵਾ ਕੇ ਫੀਸ ਵੀ ਭਰ ਦਿੱਤੀ। ਸਾਰਾ ਪਰਿਵਾਰ ਬੜੇ ਚਾਅ ਨਾਲ ਸਪੇਨ ਪਹੁੰਚ ਗਿਆ। ਪਹਿਲਾ ਹਫ਼ਤਾ ਤਾਂ ਉਹਨਾਂ ਨੇ ਸਪੇਨ ਦੀਆਂ ਦੇਖਣ ਯੋਗ ਥਾਂਵਾਂ ਦੀ ਸੈਰ ਕੀਤੀ ਅਤੇ ਦੂਜੇ ਹਫ਼ਤੇ ਸਮੀਹਤਾ ਦੀ ਸਿਖਲਾਈ ਸ਼ੁਰੂ ਹੋ ਗਈ। ਉਸਦੀ ਮਾਂ ਨੂੰ ਆਪਣੀ ਬੇਟੀ ਦੇ ਜ਼ਿੰਦਗੀ ਪ੍ਰਤੀ ਬੇਖ਼ੌਫ਼ ਅਤੇ ਖਤਰਨਾਕ ਰਵਈਏ ਤੋਂ ਡਰ ਲੱਗਦਾ ਸੀ। ਉਸ ਦਾ ਪਿਤਾ ਵੀ ਕੁਝ ਡਰਦੇ ਸੀ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਸਮੀਹਤਾ ਬਹੁਤ ਜਿਦੀ ਅਤੇ ਆਪਣੇ ਇਰਾਦੇ ਤੋਂ ਪਿੱਛੇ ਹਟਣ ਵਾਲੀ ਨਹੀਂ, ਨਾ ਹੀ ਕਿਸੇ ਦੀ ਸੁਣਦੀ ਹੈ। ਉਹਨਾਂ ਨੇ ਇਕ ਹਫ਼ਤਾ ਹੋਟਲ ਵਿਚ ਹੀ ਥੋੜ੍ਹਾ ਆਰਾਮ ਕਰਨ ਦਾ ਫੈਸਲਾ ਕੀਤਾ।

ਅਖੀਰ ਵਿਚ ਸਕੂਬਾ ਡਾਈਵਿੰਗ ਦੀ ਸਿਖਲਾਈ ਵਾਲਾ ਦਿਨ ਵੀ ਆ ਗਿਆ। ਸਮੀਹਤਾ ਉਸ ਜਗਾ ‘ਤੇ ਸਵੇਰੇ ਜਲਦੀ ਹੀ ਪਹੁੰਚ ਗਈ। ਪੰਦਰਾਂ ਜਾਣਿਆਂ ਦੀ ਟੋਲੀ ਸੀ। ਇਹ ਸਾਰੇ ਹੀ ਚੰਗੇ ਤੈਰਾਕ ਵੀ ਸੀ। ਸਿਖਲਾਈ ਦੇਣ ਵਾਲੇ ਸਕੂਬਾ ਡਾਈਵਿੰਗ ਵਿਚ ਭਾਗ ਲੈਣ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸੀ।। ਸਾਰੇ ਭਾਗ ਲੈਣ ਵਾਲਿਆਂ ਨੂੰ ਜ਼ਰੂਰੀ ਅਤੇ ਮੁਢਲੀਆਂ ਹਦਾਇਤਾਂ ਦੇਣ ਤੋਂ ਬਾਅਦ ਉਸ ਖੇਤਰ ਦੇ ਮਾਹਿਰਾਂ ਨੇ ਸਕੂਬਾ ਡਾਈਵਿੰਗ ਦੇ ਕੁਝ ਮੁੱਖ ਸਿਧਾਂਤਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਾਰੇ ਹੀ ਭਾਗ ਲੈਣ ਵਾਲੇ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸੀ। ਪਹਿਲਾ ਦਿਨ ਤਾਂ ਮੁਢਲੀਆਂ ਅਤੇ ਜ਼ਰੂਰੀ ਗੱਲਾਂ ਦੀ ਜਾਣਕਾਰੀ ਦੇਣ ਵਿਚ ਹੀ ਲੰਘ ਗਿਆ। ਸਮੀਹਤਾ ਇਸ ਗੱਲ ਤੋਂ ਨਿਰਾਸ਼ ਹੋਈ ਕਿ ਪਹਿਲੇ ਦਿਨ ਰੁਮਾਂਚ ਅਤੇ ਉਤਸ਼ਾਹ ਵਾਲੀ ਕੋਈ ਗੱਲ ਨਹੀਂ ਸੀ ਹੋਈ। ਉਸਨੇ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਸਿਖਲਾਈ ਨੂੰ ਯਾਦਗਾਰੀ ਲਈ ਬਣਾਉਣ ਕੁਝ ਹਟਵਾਂ ਕੰਮ ਕੀਤਾ ਜਾਵੇ। ਉਹ ਸਮੁੰਦਰ ਦੇ ਅੰਦਰ ਤੱਕ ਜਾ ਕੇ ਸਮੁੰਦਰੀ ਜੀਵ-ਜੰਤੂਆਂ ਦੀ ਖਾਸ ਪ੍ਰਜਾਤੀ ਦੇ ਜੀਵਾਂ ਨੂੰ ਨੇੜੇ ਤੋਂ ਦੇਖਣਾ ਚਾਹੁੰਦੀ ਸੀ ਅਤੇ ਸਮੁੰਦਰ ਦੇ ਖਾਲੀ ਅਤੇ ਅਪ੍ਰਚਲਿਤ ਹਿੱਸੇ ਵਿਚ ਜਾਣਾ ਚਾਹੁੰਦੀ ਸੀ। ਉਸਨੇ ਅਪ੍ਰਚਲਿਤ ਹਿਸੇ ਬਾਰੇ ਬਹੁਤ ਕੁਝ ਪੜ੍ਹਿਆ ਹੋਇਆ ਸੀ। ਸਿਖਲਾਈ ਲੈਣ ਵਾਲੇ ਬਾਕੀ ਤਾਂ ਬੜੇ ਧਿਆਨ ਨਾਲ ਅਗੇ ਵੱਧਦੇ, ਪਰ ਸਮੀਹਤਾ ਤਾਂ ਖ਼ਤਰੇ ਮੁੱਲ ਲੈਣ ਦੀ ਆਦੀ ਸੀ। ਉਹ ਪ੍ਰਬੰਧਕਾਂ ਵੱਲੋਂ ਲਾਈਆਂ ਸਾਰੀਆਂ ਰੋਕਾਂ ਦੀ ਉਲੰਘਣਾ ਕਰਦੀ ਰਹੀ। ਸਿਖਲਾਈ ਦੇਣ ਵਾਲਿਆਂ ਨੇ ਸਿਖਲਾਈ ਲੈਣ ਵਾਲਿਆਂ ਨੂੰ ਕੁਝ ਖੁੱਲ੍ਹਾ ਦਿੱਤੀਆਂ, ਤਾਂ ਜੋ ਉਹ ਸਮੁੰਦਰ ਬਾਰੇ ਕੁਝ ਹੋਰ ਖੋਜ ਕਰ ਲੈਣ, ਪਰ ਉਹਨਾਂ ਨੇ ਇਹ ਕਿਹਾ ਹੋਇਆ ਸੀ ਸਕੂਬਾ ਡਾਈਵਰ ਆਪਣੀ ਟੋਲੀ ਦੇ ਨਾਲ ਹੀ ਰਹਿਣ ਅਤੇ ਸਿਖਲਾਈ ਦੇਣ ਵਾਲਿਆਂ ਦੇ ਸੰਪਰਕ ਵਿਚ ਵੀ। ਪਰ ਸਮੀਹਤਾ ਦਾ ਦਿਮਾਗ ਉਸਦੇ ਸਰੀਰ ਤੋਂ ਜਿਆਦਾ ਤੇਜ਼ ਚਲਦਾ ਸੀ, ਇਸ ਲਈ ਉਸ ਨੇ ਸੋਚਿਆ ਕਿ ਕੁਝ ਹੋਰ ਅੱਗੇ ਜਾ ਕੇ ਸਮੁੰਦਰ ਦੀਆਂ ਹੇਠਲੀਆਂ ਅਤੇ ਸੁਨੀਆਂ ਥਾਂਵਾਂ ਨੂੰ ਖੋਜਿਆਂ ਜਾਵੇ। ਉਸਦੀ ਮਾਂ ਨੂੰ ਸਮੀਹਤਾ ਦੇ ਸੁਭਾ ਬਾਰੇ ਪੂਰੀ ਤਰਾਂ ਪਤਾ ਸੀ, ਇਸ ਲਈ ਉਹ ਆਪਣੀ ਬੇਟੀ ਨੂੰ ਬਾਰ-ਬਾਰ ਕਹਿ ਰਹੀ ਸੀ ਕਿ ਉਹ ਸਮੁੰਦਰ ਵਿਚ ਧਿਆਨ ਨਾਲ ਰਹੇ।

ਇਕੋ ਦਮ ਸਮੀਹਤਾ ਦਾ ਸੰਪਰਕ ਬਾਕੀਆਂ ਨਾਲੋਂ ਟੁੱਟ ਗਿਆ। ਬਾਕੀ ਸਾਰਿਆਂ ਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਉਹਨਾਂ ਦਾ ਕੋਈ ਸਾਥੀ ਗਾਇਬ ਹੈ। ਦੁਪਹਿਰ ਤੋਂ ਬਾਅਦ ਜਦੋਂ ਵਿਦਾਈ ਦਾ ਪਰੋਗਰਾਮ ਸ਼ੁਰੂ ਹੋਣਾ ਸੀ, ਉਸ ਸਮੇਂ ਹੀ ਇਹ ਜਾਣਕਾਰੀ ਮਿਲੀ ਕਿ ਸਮੀਹਤਾ ਦਾ ਪਤਾ ਨਹੀਂ ਲੱਗ ਰਿਹਾ। ਸਿਖਲਾਈ ਦੇਣ ਵਾਲੇ ਇਕੋ ਦਮ ਘਬਰਾ ਗਏ ਕਿਉਂ ਕਿ ਇਹ ਪਹਿਲੀ ਬਾਰ ਸੀ ਕਿ ਉਹਨਾਂ ਦਾ ਸਿਖਿਆਰਥੀ ਗੁੰਮ ਹੋਇਆ ਹੋਵੇ। ਇੰਸਟਕਟਰ ਅਤੇ ਸਿਖਲਾਈ ਲੈਣ ਵਾਲੇ ਸਮੀਹਤਾ ਦੀ ਭਾਲ ਵਿਚ ਸਮੁੰਦਰ ਵਿਚ ਕੁਦ ਪਏ। ਉਸਦੇ ਮਾਤਾ-ਪਿਤਾ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ। ਉਹ ਵਿਚਾਰੇ ਬਹੁਤ ਡਰੇ ਹੋਏ ਸੀ ਕਿਉਂ ਕਿ ਉਹਨਾਂ ਨੂੰ ਆਪਣੀ ਧੀ ਦੇ ਪਾਗਲਪਣ ਦਾ ਪਤਾ ਸੀ। ਉਸ ਨੂੰ ਰਾਤ ਪੈਣ ਤੋਂ ਪਹਿਲਾਂ ਲੱਭਣਾ ਬਹੁਤ ਜ਼ਰੂਰੀ ਸੀ। ਸਮੁੰਦਰੀ ਤਟ ‘ਤੇ ਤਾਇਨਾਤ ਸੁਰੱਖਿਆ ਗਾਰਡ ਵੀ ਇਸ ਕੰਮ ਵਿਚ ਸਹਾਇਤਾ ਕਰਨ ਲਈ ਤਿਆਰ ਸੀ। ਸਪੇਨ ਦੀ ਸਰਕਾਰ ਨੇ ਵੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਅਸਲ ਵਿਚ ਸੁਨੀਹਤਾ ਕਿਤੇ ਦੂਰ ਸਮੁੰਦਰ ਦੇ ਅੰਦਰ ਦੋ ਵੱਡੇ ਪੱਥਰਾਂ ਵਿਚ ਫਸ ਗਈ ਸੀ। ਇੰਸਟਰਕਟਰ ਮਸਾਂ ਉਸ ਨੂੰ ਬਾਹਰ ਲੈ ਕੇ ਆਏ। ਡਾਕਟਰੀ ਸਹਾਇਤਾ ਤੋਂ ਬਾਅਦ ਪਤਾ ਲੱਗਿਆ ਕਿ ਉਹ ਆਪਣੇ ਸਰੀਰ ਦੇ ਹੇਠਲੇ ਹਿੱਸੇ ਨੂੰ ਹਿਲਾ ਨਹੀਂ ਸੀ ਸਕਦੀ। ਇਹ ਬੜੀ ਹੀ ਮੰਦਭਾਗੀ ਘਟਨਾ ਸੀ। ਉਸ ਨੂੰ ਨਾਲ ਦੀ ਨਾਲ ਹਸਪਤਾਲ ਭੇਜ ਦਿੱਤਾ।

ਉਸਦੇ ਮਾਂ-ਪਿਉ ਜੋ ਵਿਚਾਰੇ ਘਰੋਂ ਬਾਹਰ ਮੌਜ-ਮਸਤੀ ਕਰਨ ਆਏ ਸੀ, ਡਰ ਗਏ ਅਤੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਸੀ। ਵੱਡੀ ਸਮੱਸਿਆ ਭਾਸ਼ਾ ਦੀ ਵੀ ਸੀ, ਕਿਉਂਕਿ ਉਹਨਾਂ ਨੂੰ ਸਪੇਨਿਸ਼ ਭਾਸ਼ਾ ਨਹੀਂ ਸੀ ਆਉਂਦੀ। ਉਸ ਨੂੰ ਚੰਗੀ ਤਰਾਂ ਦੇਖਣ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਸਦੀ ਕਮਰ ਅਤੇ ‘ਮੰਕੀ ਬੋਨ’ ‘ਤੇ ਜਿਆਦਾ ਅਸਰ ਹੋਇਆ ਹੈ। ਇਹ ਇਕ ਗੰਭੀਰ ਸੱਟ ਸੀ ਜਿਸ ਨਾਲ ਉਸ ਨੂੰ ਕੁਝ ਦਿਨ ਪੂਰੀ ਤਰਾਂ ਮੰਜੇ ‘ਤੇ ਹੀ ਰਹਿਣਾ ਪਏਗਾ। ਕਈ ਬਾਰ ਜਦੋਂ ਤੁਸੀਂ ਆਪਣੇ ਲਈ ਕੁਝ ਨਵੀਆਂ ਸੋਚਾਂ ਸੋਚ ਰਹੇ ਹੁੰਦੇ ਹੋ ਤਾਂ ਜ਼ਿੰਦਗੀ ਕੁਝ ਹੋਰ ਹੀ ਸੋਚ ਰਹੀ ਹੁੰਦੀ ਹੈ। ਉਸਦੇ ਮਾਤਾ-ਪਿਤਾ ਲਈ ਇਕ ਮੁਸ਼ਕਲ ਤਾਂ ਪੈਸੇ ਦੀ ਘਾਟ ਸੀ ਅਤੇ ਦੂਜਾ ਉਹਨਾਂ ਕੋਲ ਆਪਣਾ ਕੋਈ ਵੀ ਨਹੀਂ ਸੀ। ਉਹ ਜਲਦੀ ਤੋਂ ਜਲਦੀ ਵਾਪਿਸ ਮੁੜਨਾ ਚਾਹੁੰਦੇ ਸੀ। ਭਾਰਤ ਦੀ ਸਰਕਾਰ ਨੇ ਵੀ ਉਹਨਾਂ ਦੀ ਵਾਪਿਸ ਆਉਣ ਵਿਚ ਪੂਰੀ ਸਹਾਇਤਾ ਕੀਤੀ, ਕਿਉਂ ਕਿ ਸਮਹੀਤਾ ਦਾ ਪਿਤਾ ਪਹਿਲਾਂ ਭਾਰਤੀ ਸੈਨਾ ਵਿਚ ਵੱਡੇ ਅਹੁਦੇ ‘ਤੇ ਸੀ। ਸਪੇਨ ਦੀ ਸਰਕਾਰ ਨੇ ਵੀ ਉਹਨਾਂ ਦੀ ਪੂਰੀ ਮਦਦ ਕਰ ਰਹੀ ਸੀ। ਪੰਦਰਾਂ ਦਿਨਾਂ ਦੀ ਭੱਜ-ਦੌੜ ਅਤੇ ਇਕ ਵੱਡੇ ਅਪਰੇਸ਼ਨ ਤੋਂ ਬਾਅਦ ਹੀ ਉਹ ਵਾਪਿਸ ਆ ਸਕੇ। ਸਪੇਨ ਦੇ ਡਾਕਟਰਾਂ ਨੇ ਉਹਨਾਂ ਨੂੰ ਇਹ ਮਨਹੂਸ ਖ਼ਬਰ ਦੱਸ ਦਿੱਤੀ ਕਿ ਸਨੀਹਤਾ ਜ਼ਿੰਦਗੀ ਭਰ ਤੁਰ ਨਹੀਂ ਸਕੇਗੀ। ਇਸ ਚੀਜ਼ ਬਾਰੇ ਸੋਚਣਾ ਵੀ ਉਹਨਾਂ ਲਈ ਮੁਸ਼ਕਲ ਸੀ, ਪਰ ਉਹਨਾਂ ਨੇ ਆਪਣੇ ਦਿਲ ਵਿਚ ਇਹ ਠਾਣ ਲਿਆ ਸੀ ਕਿ ਉਹ ਆਪਣੀ ਬੇਟੀ ਨੂੰ ਉਸਦੇ ਪੈਰਾਂ ‘ਤੇ ਖੜਾ ਕਰਕੇ ਹੀ ਰਹਿਣਗੇ।

ਭਾਰਤ ਵਾਪਿਸ ਆ ਕੇ ਮੁੰਬਈ ਦੇ ਪ੍ਰਸਿੱਧ ਸਰਜਨ ਨੇ ਸਮਹੀਤਾ ਦਾ ਚੰਗੀ ਤਰਾਂ ਮੁਆਇਨਾ ਕਰਕੇ ਫਿਜੀਓਥਰੈਪੀ ਦੇ ਨਾਲ-ਨਾਲ ਉਸਦੀ ਖੁਰਾਕ, ਕਸਰਤ ਅਤੇ ਕਾਊਂਸਲਿੰਗ ਵੀ ਸ਼ਰੂ ਕੀਤੀ। ਜੋ ਵੀ ਇਲਾਜ ਹੋ ਸਕਦੇ ਸੀ ਜਾਂ ਨਵੇਂ ਤਜ਼ਰਬੇ ਕੀਤੇ ਜਾ ਸਕਦੇ ਸੀ, ਉਹ ਸਭ ਕੁਝ ਇਕੱਠਾ ਹੀ ਆਰੰਭ ਕਰ ਦਿੱਤਾ। ਸਮੀਹਤਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਸਦੀ ਹਾਲਤ ਕਾਫੀ ਖਰਾਬ ਹੈ। ਉਸ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਭਾਵੇਂ ਉਸਦੇ ਮਾਤਾ-ਪਿਤਾ ਉਸਦੇ ਇਲਾਜ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ, ਪਰ ਫੇਰ ਵੀ ਉਸਦੇ ਸਰੀਰ ਦੇ ਹੇਠਲੇ ਹਿੱਸੇ ਵਿਚ ਕਿਸੇ ਕਿਸਮ ਦੀ ਹਰਕਤ ਨਹੀਂ ਸੀ ਹੋ ਰਹੀ। ਬਹੁਤ ਹੀ ਦੁਖਦਾਇਕ ਘਟਨਾ ਸੀ ਕਿ ਇਕ ਬਹੁਤ ਹੀ ਹੋਣਹਾਰ, ਹੁਸ਼ਿਆਰ, ਚੁਲਬੁਲੀ ਕੁੜੀ ਦੀ ਜ਼ਿੰਦਗੀ ਵਿਚ ਇਕੋ ਦਮ ਖੜੋਤ ਆ ਗਈ ਸੀ। ਜ਼ਿੰਦਗੀ ਬਿਨਾਂ ਕਿਸੇ ਮੌਜ ਮਸਤੀ ਜਾਂ ਰੁਮਾਂਚ ਦੇ ਕਿਵੇਂ ਬਿਤਾਈ ਜੀ ਸਕਦੀ ਹੈ। ਸਮੀਹਤਾ ਵਰਗੀ ਕੁੜੀ ਜੋ ਹਰ ਸਮੇਂ ਹੀ ਕੁਝ ਨਾ ਕੁਝ ਨਵਾਂ ਕਰਦੀ ਰਹਿੰਦੀ, ਉਸ ਲਈ ਅਧਰੰਗ ਵਰਗੀ ਬਿਮਾਰੀ ਨਾਲ ਮੰਜੇ ‘ਤੇ ਪਏ ਰਹਿਣਾ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਉਹ ਮੰਜੇ ‘ਤੇ ਪਈ ਛੱਤ ਵੱਲ ਘੂਰਦੀ ਸੋਚਦੀ ਰਹਿੰਦੀ ਕਿ ਹੁਣ ਤਾਂ ਮਰਨ ਤੋਂ ਸਿਵਾ ਹੋਰ ਕੋਈ ਚਾਰਾ ਹੀ ਨਹੀਂ। ਆਪਣੇ ਦੁਸ਼ਮਣ ਲਈ ਵੀ ਕੋਈ ਅਜਿਹੀ ਜ਼ਿੰਦਗੀ ਬਾਰੇ ਨਹੀਂ ਸੋਚ ਸਕਦਾ। ਉਸ ਤੋਂ ਆਪਣੇ ਦੁਖੀ ਅਤੇ ਲਾਚਾਰ ਮਾਤਾ-ਪਿਤਾ ਦੀ ਇਹ ਹਾਲਤ ਨਹੀਂ ਸੀ ਦੇਖੀ ਜਾਂਦੀ।

ਮੰਜੇ ‘ਤੇ ਪਈ-ਪਈ ਉਹ ਬਹੁਤ ਚਿੜਚਿੜੀ ਅਤੇ ਨਿਰਾਸ਼ਾਵਾਦੀ ਹੋ ਗਈ ਸੀ। ਪਿਛਲੇ ਦੋ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਸੀ। ਉਸਦੇ ਮਾਤਾ-ਪਿਤਾ ਉਸ ਦੀ ਨਿਰਾਸ਼ਾਵਾਦੀ ਸੋਚ ਨੂੰ ਬਦਲਣ ਦਾ ਬਹੁਤ ਯਤਨ ਕਰਦੇ. ਉਸ ਦੀਆਂ ਸੋਚਾਂ ਨੂੰ ਹਾਂ-ਪੱਖੀ ਮੋੜਾ ਦੇਣ ਲਈ ਧਾਰਮਿਕ ਮਾਹੌਲ ਪ੍ਰਦਾਨ ਕਰਨ ਲਈ ਅਤੇ ਉਸ ਨੂੰ ਹੌਂਸਲਾ ਦੇਣ ਲਈ ਕਈ ਸਿਆਣੇ ਲੋਕਾਂ ਨੂੰ ਬੁਲਾ ਕੇ ਉਸ ਨਾਲ ਗੱਲ ਬਾਤ ਕਰਵਾਈ, ਪਰ ਸਮੀਹਤਾ ਨੇ ਜਿਵੇਂ ਅਜਿਹੀਆਂ ਗੱਲਾਂ ‘ਤੇ ਧਿਆਨ ਦੇਣਾ ਹੀ ਛੱਡ ਦਿੱਤਾ ਸੀ ਅਤੇ ਹਰ ਵਕਤ ਮਰਨ ਦਾ ਹੀ ਸੋਚਦੀ। ਉਸ ਨੂੰ ਲੱਗਦਾ ਜਿਵੇਂ ਹਰ ਕੋਈ ਉਸ ‘ਤੇ ਹੱਸ ਰਿਹਾ ਹੇਵੇ, ਉਸ ‘ਤੇ ਦਿਆ ਕਰ ਰਿਹਾ ਹੋਵੇ ਅਤੇ ਹਮਦਰਦੀ ਦਿਖਾ ਰਿਹਾ ਹੋਵੇ। ਇਹਨਾਂ ਚੀਜ਼ਾਂ ਦਾ ਉਸ ਨੂੰ ਪਹਿਲਾਂ ਕੋਈ ਤਜ਼ਰਬਾ ਨਹੀਂ ਸੀ। ਉਹ ਚੁੱਪ ਹੀ ਰਹਿੰਦੀ। ਉਹ ਖਾਣ ਨੂੰ ਵੀ ਨਾਂਹ ਕਰ ਦਿੰਦੀ ਅਤੇ ਬਾਅਦ ਵਿਚ ਤਾਂ ਉਹ ਦਵਾਈਆਂ ਅਤੇ ਕਿਸੇ ਵੀ ਕਿਸਮ ਦੇ ਹੋਰ ਇਲਾਜ ਨੂੰ ਸਾਫ ਇਨਕਾਰ ਕਰਨ ਲੱਗ ਪਈ। ਉਸਨੇ ਦਿਲ ਵਿਚ ਇਹ ਪੱਕੀ ਧਾਰ ਲਈ ਸੀ ਕਿ ਉਹ ਆਪਣੀ ਜੀਵਨ ਲੀਲਾ ਖਤਮ ਕਰ ਦੇਵੇਗੀ। ਉਸਦੇ ਮਾਤਾ-ਪਿਤਾ ਨੇ ਉਸਦੇ ਇਲਾਜ ਵਿਚ ਕਈ ਕਸਰ ਨਾ ਛੱਡੀ। ਕਿਸੇ ਨੇ ਇਕ ਬਹੁਤ ਪ੍ਰਸਿੱਧ ਫਿਜੀਓਥਿਰੇਪਿਸਟ ਬਾਰੇ ਦੱਸਿਆ ਜਿਸ ਨੇ ਕਈ ਗੰਭੀਰ ਮਰੀਜ਼ ਠੀਕ ਕੀਤੇ ਸੀ। ਉਹਨਾਂ ਨੇ ਸੋਚਿਆ ਕਿ ਇਕ ਬਾਰ ਉਸ ਤੋਂ ਵੀ ਇਲਾਜ ਕਰਵਾ ਲਿਆ ਜਾਵੇ।

ਪਹਿਲੇ ਦਿਨ ਉਸ ਕੌਂਸਲਰ ਨੇ ਸਮੀਹਤਾ ਨੂੰ ਦੂਰ ਤੋਂ ਹੀ ਦੇਖਿਆ। ਸਮੀਹਤਾ ਦੇ ਮਾਤਾ-ਪਿਤਾ ਨੂੰ ਇਸ ਗੱਲ ਦੀ ਸਮਝ ਨਾ ਪਈ ਕਿ ਇਹ ਕਿਸ ਤਰਾਂ ਦਾ ਇਲਾਜ ਹੈ। ਮਰੀਜ਼ ਨੂੰ ਦੂਰ ਤੋਂ ਹੀ ਦੇਖਣ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਉਹ ਬੱਚੀ ਦੀਆਂ ਪਰਾਪਤੀਆਂ ਤੋਂ ਬਹੁਤ ਖੁਸ਼ ਹੈ, ਇਸ ਲਈ ਉਹ ਮੁਫ਼ਤ ਵਿਚ ਹੀ ਉਸਦਾ ਇਲਾਜ ਕਰੇਗਾ। ਕੁਝ ਦਿਨਾਂ ਵਿਚ ਉਸ ਨੇ ਮਰੀਜ਼ ਨੂੰ ਚੰਗੀ ਤਰਾਂ ਘੋਖਿਆ ਅਤੇ ਕਿਹਾ ਕਿ ਸੁਮੀਹਤਾ ਦੀ ਪਸੰਦ ਦਾ ਕੋਈ ਪਾਲਤੂ ਜਾਨਵਰ ਲੈ ਕੇ ਆਓ। ਉਸਦਾ ਧਿਆਨ ਮਨੁੱਖੀ ਚੀਜ਼ਾਂ ਤੋਂ ਹਟਾ ਕੇ ਕਿਸੇ ਹੋਰ ਪਾਸੇ ਲਾਉਣਾ ਜ਼ਰੂਰੀ ਹੈ ਜੋ ਉਸਦੇ ਖ਼ਾਮੋਸ਼ ਸਾਥੀ ਹੋਣ। ਉਹ ਅਸਲ ਵਿਚ ਇਕੱਲੀ ਰਹਿਣਾ ਚਾਹੁੰਦੀ ਹੈ। ਕੌਂਸਲਰ ਦਾ ਇਹ ਤਜ਼ਰਬਾ ਸੀ ਕਿ ਜਾਨਵਰ ਦਿਮਾਗੀ ਤੌਰ ‘ਤੇ ਪਰੇਸ਼ਾਨ ਮਰੀਜ਼ਾਂ ਦੀਆਂ ਨਾਂਹ-ਪੱਖੀ ਰੁਚੀਆਂ ਨੂੰ ਕਾਬੂ ਕਰਨ ਵਿਚ ਬਹੁਤ ਸਹਾਇਤਾ ਕਰਦੇ ਹਨ। ਸਮਹੀਤਾ ਖ਼ਰਗੋਸ਼ ਅਤੇ ਕੱਛੂ ਨੂੰ ਬਹੁਤ ਪਿਆਰ ਕਰਦੀ ਸੀ। ਆਪਣੀ ਬੇਟੀ ਦਾ ਧਿਆਨ ਉਸਾਰੂ ਪਾਸੇ ਲਾਉਣ ਲਈ ਉਹਨਾਂ ਨੇ ਉਸਦੇ ਕਮਰੇ ਲਈ ਦੋ ਖ਼ਰਗੋਸ਼ ਅਤੇ ਇਕ ਕੱਛੂ ਲੈ ਆਏ.

ਦੋ ਗੋਲਮਟੋਲ ਖ਼ਰਗੋਸ਼, ਇਕ ਚਿੱਟਾ ਅਤੇ ਦੂਜਾ ਸਲੇਟੀ ਰੰਗ ਦਾ, ਦੋਹਾਂ ਨੂੰ ਉਸਦੇ ਕਮਰੇ ਵਿਚ ਖੁੱਲ੍ਹੇ ਛੱਡ ਦਿੱਤਾ। ਛੋਟਾ ਜਿਹਾ ਕੱਛੂ ਵੀ ਆਪਣੀ ਮਰਜ਼ੀ ਨਾਲ ਕਮਰੇ ਵਿਚ ਚੱਕਰ ਕੱਟਦਾ ਰਹਿੰਦਾ। ਸ਼ੁਰੂ -ਸ਼ੁਰੂ ਵਿਚ ਤਾਂ ਉਸ ਨੇ ਕੋਈ ਬਦਲਾਅ ਮਹਿਸੂਸ ਨਾ ਕੀਤਾ, ਪਰ ਹੌਲੀ-ਹੌਲੀ ਉਹਨਾਂ ਦੀ ਮੌਜੂਦਗੀ ਨਾਲ ਉਹ ਖੁਸ਼ ਹੋਣ ਲੱਗੀ। ਸਭ ਤੋਂ ਪਹਿਲਾਂ ਤਾਂ ਉਸ ਨੇ ਆਪਣੀ ਮਾਂ ਦੇ ਜੋਰ ਦੇਣ ‘ਤੇ ਥੋੜ੍ਹਾ-ਬਹੁਤਾ ਖਾਣਾ ਸ਼ੁਰੂ ਕੀਤਾ। ਮਹੀਨੇ ਕੁ ਬਾਅਦ ਉਹ ਖ਼ਰਗੋਸ਼ ਨੂੰ ਆਪਣੇ ਮੰਜੇ ‘ਤੇ ਬੁਲਾਉਣ ਲੱਗ ਪਈ। ਇਹ ਇਕ ਹਾਂ-ਪੱਖੀ ਬਦਲਾਅ ਸੀ। ਫੇਰ ਜਿਸ ਤਰਾਂ ਕੱਛੂ ਜਿਵੇਂ ਸਾਰੇ ਘਰ ਵਿਚ ਘੁੰਮਦਾ ਰਹਿੰਦਾ, ਉਹ, ਉਸ ਨੂੰ ਬੜੀ ਨੀਝ ਨਾਲ ਦੇਖਦੀ ਰਹਿੰਦੀ। ਖ਼ਰਗੋਸ਼ ਲਈ ਵੱਡਾ ਪਿੰਜਰਾ, ਕੱਛੂ ਲਈ ਪਾਣੀ ਦਾ ਟੱਬ ਅਤੇ ਘਰ ਵਿਚ ਖਿਲਰਿਆ ਘਾਹ ਦੇਖ ਕੇ ਉਸ ਨੂੰ ਲੱਗਦਾ ਜਿਵੇਂ ਉਹ ਘਰ ਵਿਚ ਰਹਿ ਰਹੀ ਹੋਵੇ। ਉਸਦੀ ਦਿਮਾਗੀ ਹਾਲਤ ਕੁਝ ਸੁਧਰਨ ਲੱਗੀ, ਪਰ ਸਰੀਰਕ ਹਾਲਤ ਵਿਚ ਕੋਈ ਫਰਕ ਨਹੀਂ ਸੀ ਪਿਆ। ਕੁਝ ਦੋਸਤਾਂ ਦੀ ਸਲਾਹ ਨਾਲ ਉਸਦੇ ਮਾਤਾ-ਪਿਤਾ ਨੇ ਵਿਦੇਸ਼ ਰਹਿੰਦੇ ਇਕ ਮਾਹਰ ਡਾਕਟਰ ਨਾਲ ਵੀਡੀਉ ਕਾਲ ਰਾਹੀਂ ਗੱਲ ਕੀਤੀ। ਉਹਨਾਂ ਨੇ ਪਹਿਲਾਂ ਹੋਏ ਤਿੰਨ ਅਪਰੇਸ਼ਨਾ ਬਾਰੇ ਦੱਸਿਆ, ਜਿਹੜਾ ਪਿਛਲੇ ਤਿੰਨ ਸਾਲ ਦੌਰਾਨ ਕੁਝ ਫਰਕ ਪਿਆ ਸੀ, ਉਸਦੀ ਗੱਲ ਕੀਤੀ। ਡਾਕਟਰ ਅਨੁਸਾਰ ਸਹੀਮਤਾ ਦੇ ਪੂਰੀ ਤਰਾਂ ਠੀਕ ਹੋਣ ਦੀ ਕਾਫੀ ਆਸ ਸੀ। ਭਾਰਤੀ ਡਾਕਟਰ ਨੇ ਮੰਨਿਆ ਕਿ ਵਿਦੇਸ਼ੀ ਡਾਕਟਰ ਨੇ ਜੋ ਸਲਾਹ ਦਿੱਤੀ ਹੈ ਉਹ ਠੀਕ ਹੈ, ਇਸ ਲਈ ਉਸ ਨੇ ਸਮੀਹਤਾ ਦੇ ਇਲਾਜ ਵਿਚ ਕੁਝ ਜਰੂਰੀ ਬਦਲਾਅ ਕੀਤੇ। ਕੁਝ ਖਾਸ ਕਸਰਤਾਂ ਨਾਲ ਮਰੀਜ਼ ਦੀਆਂ ਮਾਸਪੇਸ਼ੀਆਂ ਕੁਝ ਤਾਕਤਵਰ ਹੋਈਆਂ। ਹੌਲੀ-ਹੌਲੀ ਉਹ ਖ਼ਰਗੋਸ਼ਾਂ ਅਤੇ ਕੱਛੂ ਨਾਲ ਹੋਰ ਰਚ-ਮਿਚ ਗਈ। ਕੌਂਸਲਰ ਆਪਣੀਆਂ ਗੱਲਾਂ-ਬਾਤਾਂ ਨੂੰ ਨੋਟ ਕਰਦਾ ਰਹਿੰਦਾ, ਜਿਸ ਨਾਲ ਉਹ ਅਗਲੇ ਇਲਾਜ ਬਾਰੇ ਫੈਸਲਾ ਕਰਦਾ।

ਇਕ ਦਿਨ ਸਨਹੀਤਾ ਨੇ ਆਪਣੀ ਮਾਂ ਨੂੰ ਕਿਹਾ ਕਿ ਰਾਤ ਨੂੰ ਖ਼ਰਗੋਸ਼ਾਂ ਅਤੇ ਕੱਛੂ ਨੂੰ ਉਸਦੇ ਮੰਜੇ ‘ਤੇ ਹੀ ਛੱਡ ਦੇਵੇ। ਜਲਦੀ ਹੀ ਉਹ ਸੌਂ ਗਈ। ਕਿਸੇ ਚੀਜ਼ ਦੇ ਜੋਰ ਨਾਲ ਡਿੱਗਣ ਦੀ ਆਵਾਜ਼ ਸੁਣ ਕੇ ਉਸਦੀ ਅੱਖ ਖੁੱਲ੍ਹ ਗਈ। ਉਸਦੀ ਮਾਂ ਦੌੜ ਕੇ ਕਮਰੇ ਵਿਚ ਆਈ ਤਾਂ ਉਸ ਨੇ ਦੇਖਿਆ ਕਿ ਖ਼ਰਗੋਸ਼ ਮੰਜੇ ਤੋਂ ਹੇਠਾਂ ਡਿੱਗਿਆ ਪਿਆ ਹੈ ਅਤੇ ਉਹ ਹਿੱਲ ਨਹੀਂ ਸੀ ਰਿਹਾ। ਉਹ ਬਹੁਤ ਕੋਸ਼ਿਸ਼ ਕਰ ਰਿਹਾ ਸੀ, ਪਰ ਸਫਲ ਨਹੀਂ ਸੀ ਹੋ ਰਿਹਾ। ਮਾਂ ਨੇ ਉਸ ਨੂੰ ਸ਼ਾਲ ਵਿਚ ਲਪੇਟ ਕੇ ਪਿੰਜਰੇ ਅੰਦਰ ਬੰਦ ਕਰ ਦਿੱਤਾ। ਅਗਲੇ ਦਿਨ ਡੰਗਰਾਂ ਵਾਲੇ ਡਾਕਟਰ ਨੇ ਦੱਸਿਆ ਕਿ ਉਸਦੀ ਲੱਤ ਪੂਰੀ ਤਰਾਂ ਟੁੱਟ ਗਈ ਹੈ, ਜੋ ਹੁਣ ਠੀਕ ਨਹੀਂ ਹੋ ਸਕਦੀ। ਸਮਹੀਤਾ ਨੂੰ ਬਹੁਤ ਦੁੱਖ ਹੋਇਆ ਕਿ ਉਸਦਾ ਦੋਸਤ ਜ਼ਖ਼ਮੀ ਹੋ ਗਿਆ ਹੈ। ਸਮਹੀਤਾ ਚਾਹੁੰਦੀ ਸੀ ਕਿ ਉਹ ਪਹਿਨਾਂ ਦੀ ਤਰਾਂ ਠੀਕ ਹੋ ਜਾਵੇ। ਖ਼ਰਗੋਸ਼ ਵੀ ਕੋਸ਼ਿਸ਼ ਕਰਦਾ ਕਿ ਉਹ ਘੜੀਸ ਕੇ ਅੱਗੇ ਹੋਵੇ ਅਤੇ ਆਪਣੇ ਦੋਸਤਾਂ ਨਾਲ ਖੇਲੇ। ਉਹ ਘਾਹ ਵੱਲ ਰੀਂਗਦਾ ਤਾਂ ਜੋ ਘਾ ਖਾ ਸਕੇ। ਉਹ ਦੇਖਦੀ ਕਿ ਉਸ ਜ਼ਖ਼ਮੀ ਖ਼ਰਗੋਸ਼ ਦੀ ਦੇਖ-ਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਇਸਦੇ ਉਲਟ ਸਨਹੀਤਾ ਦੀ ਦੇਖ-ਰੇਖ ਹਰ ਵੇਲੇ ਹੀ ਹੁੰਦੀ ਰਹਿੰਦੀ, ਪਰ ਵਿਚਾਰੇ ਚਿੱਟੇ ਖ਼ਰਗੋਸ਼ ਦਾ ਇਕੋ ਸਾਥੀ ਸੀ, ਸਲੇਟੀ ਰੰਗ ਦਾ ਖ਼ਰਗੋਸ਼, ਜੋ ਉਸ ਦੇ ਨਾਲ ਰਹਿੰਦਾ ਅਤੇ ਉਸ ਨੂੰ ਤੁਰਨ ਲਈ ਹੌਂਸਲਾ ਦਿੰਦਾ। ਉਸ ਨੂੰ ਮਹਿਸੂਸ ਹੋਇਆ ਕਿ ਜਾਨਵਰਾਂ ਦੇ ਮੁਕਾਬਲੇ ਇਨਸਾਨ ਜਿਆਦਾ ਫਾਇਦੇ ਵਿਚ ਹਨ। ਉਸਦੇ ਮਾਤਾ-ਪਿਤਾ, ਰਿਸ਼ਤੇਦਾਰ, ਦੋਸਤ ਅਤੇ ਉਸਦੇ ਪਿਆਰੇ ਪਾਲਤੂ ਜਾਨਵਰ ਉਸ ਨੂੰ ਹਮੇਸ਼ਾ ਹੌਂਸਲਾ ਦਿੰਦੇ ਰਹਿੰਦੇ ਹਨ। ਉਸਦੇ ਅਤੇ ਖ਼ਰਗੋਸ਼ ਵਿਚ ਮੁੱਢਲਾ ਫਰਕ ਇਹ ਹੀ ਹੈ ਕਿ ਖ਼ਰਗੋਸ਼ ਕੋਈ ਸ਼ਿਕਾਇਤ ਨਹੀਂ ਕਰਦਾ। ਹੌਲੀ-ਹੌਲੀ ਖ਼ਰਗੋਸ਼ ਦਾ ਜ਼ਖ਼ਮ ਠੀਕ ਹੋ ਗਿਆ ਅਤੇ ਉਹ ਕਮਰੇ ਵਿਚ ਰੀਂਗਣ ਲੱਗ ਪਿਆ। ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਹ ਸੋਚਦੀ ਕਿ ਉਹ ਤਾਂ ਧਰਤੀ ਤੇ ਪੈਦਾ ਹੋਣ ਵਾਲੇ ਜੀਵਾਂ ‘ਚੋਂ ਸਭ ਤੋਂ ਵਧੀਆ ਜੀਵਾਂ ਦੀ ਸ਼੍ਰੇਣੀ ਵਿੱਚੋਂ ਹੈ। ਉਸਨੇ ਇਰਾਦਾ ਕਰ ਲਿਆ ਕਿ ਉਹ ਹੁਣ ਪਹਿਲਾਂ ਨਾਲੋਂ ਜਿਆਦਾ ਹੌਂਸਲੇ ਨਾਲ ਇਹਨਾਂ ਹਾਲਾਤ ਦਾ ਮੁਕਾਬਲਾ ਕਰੇਗੀ। ਜੇ ਉਹ ਆਪਣੇ ਮਕਸਦ ਵਿਚ ਸਫਲ ਨਹੀਂ ਹੁੰਦੀ ਤਾਂ ਇਹ ਉਸ ਮਨੁੱਖੀ ਨਸਲ ਦੀ ਹਾਰ ਹੋਵੇਗੀ ਜਿਸ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।

ਉਸ ਤੋਂ ਬਾਅਦ ਸਮਹੀਤਾ ਦੇ ਜ਼ਿੰਦਗੀ ਵਿਚ ਜ਼ਬਰਦਸਤ ਪਰਿਵਰਤਨ ਹੋਇਆ। ਜਦੋਂ ਵੀ ਜ਼ਖ਼ਮੀ ਖ਼ਰਗੋਸ਼ ਹਿੱਲ-ਜੁੱਲ ਕਰਦਾ ਤਾਂ ਉਹ ਉਸਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੀ। ਦੋਵੇਂ ਹੀ ਡਿੱਗ ਜਾਂਦੇ, ਪਰ ਯਤਨ ਕਰਦੇ ਰਹਿੰਦੇ ਅਤੇ ਖੜੇ ਹੋਣ ਲਈ ਜੋਰ ਲਾਉਂਦੇ। ਦੋਵੇਂ ਇਕ ਦੂਜੇ ਦਾ ਮੁਕਾਬਲਾ ਕਰਦੇ। ਜਦੋਂ ਸਮੀਹਤਾ ਨੇ ਵੀਹਲ ਚੇਅਰ ਤੋਂ ਉੱਠਣ ਦੀ ਕੋਸ਼ਿਸ਼ ਕਰਦੀ, ਉਹ ਗਿਰ ਜਾਂਦੀ, ਪਰ ਉਸਦਾ ਸੰਘਰਸ਼ ਜਾਰੀ ਰਹਿੰਦਾ। ਉਹ ਕਿਸੇ ਤੋਂ ਵੀ ਸਹਾਇਤਾ ਲੈਣ ਤੋਂ ਨਾਂਹ ਕਰ ਦਿੰਦੀ। ਸਮੀਹਤਾ ਦੇ ਡਾਕਟਰਾਂ ਨੇ ਉਸਦੇ ਨਵੇਂ ਐਕਸ ਰੇ ਵਿਚ ਇਕ ਹਾਂ-ਪੱਖੀ ਬਦਲਾਓ ਦੇਖਿਆ। ਸਮੀਹਤਾ ਅਤੇ ਖ਼ਰਗੋਸ਼ ਦੋਵੇਂ ਹੀ ਥੋੜ੍ਹਾ ਜਿਹਾ ਆਸਰਾ ਲੈ ਕੇ ਤੁਰਨ ਲੱਗ ਪਏ। ਫਿਜੀਓਥਰੈਪੀ ਨੇ ਕਮਾਲ ਕਰ ਦਿੱਤਾ। ਉਹ ਹੌਲੀ-ਹੌਲੀ ਆਪਣੇ ਪੈਰਾਂ ‘ਤੇ ਖੜੀ ਹੋਣ ਲੱਗ ਪਈ। ਉਸਦੀ ਖੁਰਾਕ ਨੇ ਉਸਦੀ ਸਰੀਰਕ ਸ਼ਕਤੀ ਨੂੰ ਵਧਾਉਣ ਵਿਚ ਮਦਦ ਕੀਤੀ।

ਹੈਰਾਨੀ ਦੀ ਗੱਲ ਇਹ ਹੋਈ ਕਿ ਖ਼ਰਗੋਸ਼ ਤੁਰਨ ਲੱਗ ਪਿਆ ਅਤੇ ਸਮੀਹਤਾ ਵਾਕਰ ਦੀ ਸਹਾਇਤਾ ਨਾਲ ਘਰ ਦੇ ਅੰਦਰ ਚਲਣ ਲੱਗੀ। ਇਕ ਪ੍ਰਸਿੱਧ ਸਰਜਨ ਨੇ ਕਿਹਾ ਕਿ ਸਮਹੀਤਾ ਜਲਦੀ ਹੀ ਆਮ ਜ਼ਿੰਦਗੀ ਬਤੀਤ ਕਰਨ ਲੱਗ ਜਾਏਗੀ। ਚਮਤਕਾਰ ਹੋ ਗਿਆ। ਕੀ ਇਹ ਦੁਆਵਾਂ ਦਾ ਅਸਰ ਸੀ, ਉਸਦੇ ਮਾਤਾ-ਪਿਤਾ ਦਾ ਅਸ਼ੀਰਵਾਦ ਦਾ, ਸਿਆਣੇ ਡਾਕਟਰਾਂ ਦਾ? ਸਮਹੀਤਾ ਨੇ ਆਪਣੇ ਦੋਸਤ ਖ਼ਰਗੋਸ਼ ਨੂੰ ਪਕੜਿਆ ਜਿਸ ਨੇ ਉਸ ਨੂੰ ਅਸਿੱਧੇ ਢੰਗ ਨਾਲ ਪ੍ਰੇਰਨਾ ਦਿੱਤੀ ਸੀ ਕਿ “ਜ਼ਿੰਦਗੀ ਮੁਸ਼ਕਿਲਾਂ ਨਾਲ ਮੁਕਾਬਲਾ ਕਰਨਾ ਹੈ ਨਾ ਕਿ ਸ਼ਿਕਾਇਤਾਂ ਕਰਨਾ।“

ਹੌਲੀ-ਹੌਲੀ ਸਮਹੀਤਾ ਵਾਕਰ ਤੋਂ ਬਿਨਾਂ ਵੀ ਤੁਰਨ ਲੱਗ ਪਈ। ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿਆਰੇ ਦੋਸਤ, ਚਿੱਟੇ ਖ਼ਰਗੋਸ਼ ਨੂੰ ਚੁੱਕਿਆ ਜੋ ਹੁਣ ਸਾਰੇ ਘਰ ਵਿਚ ਜਾਣ ਲੱਗ ਪਿਆ ਸੀ। ਉਸ ਨੇ ਖ਼ਰਗੋਸ਼ ਨੂੰ ਪਿਆਰ ਕਰਦੇ ਹੋਏ ਉਸਦਾ ਤਹਿ ਦਿਲੋਂ ਧੰਨਵਾਦ ਕੀਤਾ। ਦੋਵੇਂ ਹੀ ਇਕ ਵਾਰ ਮੁੜ ਸਾਰੀ ਦੁਨੀਆਂ ‘ਤੇ ਆਪਣੀ ਧਾਕ ਜਮਾਉਣ ਲਈ ਤਿਆਰ ਸੀ। ਤੈਰਾਕੀ ਦੀ ਰਾਸ਼ਟਰੀ ਚੈਂਪੀਅਨ ਨੂੰ ਇਕ ਮਾਮੂਲੀ ਜਿਹੇ ਜੀਵ, ਖ਼ਰਗੋਸ਼ ਨੇ ਇਹ ਸਿਖਾ ਦਿੱਤਾ ਸੀ, “ਕਦੇ ਵੀ ਉਮੀਦ ਨਾ ਛੱਡੋ।“ ਉਸਦੀ ਮਾਂ ਹਰ ਸਮੇਂ ਇਹੋ ਕਹਿੰਦੀ, “ਜਿਹੜੇ ਆਪਣੀ ਸਹਾਇਤਾ ਆਪ ਕਰਦੇ ਨੇ, ਰੱਬ ਵੀ ਉਹਨਾਂ ਦਾ ਹੀ ਸਾਥ ਦਿੰਦਾ ਹੈ।”ਤੁਹਾਡੀ ਅੰਦਰੋਂ ਪੈਦਾ ਹੋਈ ਤਿੱਬਰ ਇੱਛਾ ਸ਼ਕਤੀ ਹੀ ਤੁਹਾਡੀ ਸੋਚ ਬਦਲ ਸਕਦੀ ਹੈ. ਇਕ ਬਾਰ ਫੇਰ ਆਮ ਜ਼ਿੰਦਗੀ ਵਿਚ ਸ਼ਾਮਿਲ ਹੋ ਕੇ, ਸਮਹੀਤਾ ਨੇ ਇਕ ਬਾਰ ਫੇਰ ਇੱਛਾ ਜਤਾਈ ਕਿ ਉਹ ਡੂੰਘੇ ਸਮੁੰਦਰ ਵਿਚ ਦੁਆਰਾ ਤਾਰੀਆਂ ਲਾਉਣਾ ਚਾਹੁੰਦੀ ਹੈ। ਉਸਦੇ ਮਾਤਾ-ਪਿਤਾ ਨੇ ਇਕੱਠੇ ਹੀ ਚੀਕਦੇ ਕਿਹਾ, “ਨਹੀਂ”। ਸਮੀਹਤਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਤਿਆਰ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਰੀਰਕ ਤੌਰ ‘ਤੇ ਪੂਰੀ ਤਰਾਂ ਤੰਦਰੁਸਤ ਸੀ।