ਪਿੰਡ, ਪੰਜਾਬ ਦੀ ਚਿੱਠੀ (212)

ਲਓ ਬਈ ਸੱਜਣੋ, ਸਾਡਾ ਵਧੀਆ ਹਾਲ, ਰੱਬ, ਥੋਡਾ ਵੀ ਰੱਖੇ ਖਿਆਲ, ਸਾਰਿਆਂ ਨੂੰ ਸਾਸਰੀਕਾਲ। ਅੱਗੇ ਸਮਾਚਾਰ ਇਹ ਹੈ ਕਿ ਚੱਕਾਂ ਆਲਾ ਅਮਰੂ ਬਾਬਾ ਵਾਹਵਾ ਜੁਗੜਿਆਂ ਤੋਂ ਬਹੁੜਿਐ। ਬੁੱਢੇ ਵਾਰੇ ਪਿੰਡ ਦਾ ਮੋਹ ਤੇਹ ਆਂਉਂਦੈ। ਆ-ਗਿਆ ਜਨਮ-ਭੋਇੰ ਦੇ ਦਰਸਨ-ਪਰਸਨ। ਉਹਦਾ ਆੜੀ, ਛੱਪੜੀ ਆਲਾ ਟਾਂਡੂੰ, ਪੁਰਾਣੇ ਵੇਲਿਆਂ ਚ ਗਵਾਚੇ ਦੇਹ-ਪਲਟ, ਨਾਂਗੇ ਸਾਧ ਦੇ ਕਿੱਸੇਤੇ ਆ ਗਏ, “ਓਹ ਬਈ ਸੀਗਾ ਕੋਈ ਜਤੀ-ਸਤੀ ਪੂਰਾ, ਮੇਰਾ ਦਾਦਾ ਗੌਹਰ ਸਿੰਹੁ ਸੁਣਾਂਉਂਦਾ ਹੁੰਦਾ ਸੀ। ਤੇੜ-ਬੋਰੀ ਰੱਖਦਾ ਨਾ-ਮਾਤਰ-ਫੱਕਰ। ਰੋਹੀਆਂ ਚ ਈ ਰਹਿੰਦਾ ਸੀ ਕਿਸੇ ਝਾੜ-ਮਲ੍ਹੇ ਥੱਲੇ। ਕਦੇ-ਕਦਾਈ ਦਰਸ਼ਨ ਹੁੰਦੇ। ਝਾੜ-ਬੂਟ, ਟਿੱਬੇ-ਟੋਏ ਸੀ ਦੂਰ-ਦੂਰ ਤੱਕ, ਨਾ ਰਾਹ ਨਾ ਕੋਈ ਖੈੜਾ। ਡਾਂਡੇ-ਮੀਂਡੇ ਤੁਰੀ ਜਾਂਦਾ ਕੋਈ-ਕੋਈ ਰਾਹੀ।" “ਉਹਦੀ ਦੇਹ-ਪਲਟ ਆਲੀ ਕੋਈ ਗੱਲ ਸੁਣਾ", ਜਗਤੇ ਨੇ ਚੁੱਪ ਕਰ ਗਏ ਬਾਬੇ ਨੂੰ ਛੇੜਿਆ। “ਕੇਰਾਂ ਸ਼ਿਕਾਰੀ ਟਿੱਬੇ ਕੰਨੀਂ ਜਾ ਵੜੇ, ਮਿਰਗ ਨੂੰ ਵੇਖ, ਭੱਜੇ, ਹਥਿਆਰ ਚਲਾਏ। ਹਿਰਨ ਦੀ ਲੱਤ ਉੱਤੇ ਸੱਟ ਵੱਜੀ। ਓਹ ਲੰਗੜਾ ਹੋ ਭੱਜਿਆ, ਮਗਰੇ ਸ਼ਿਕਾਰੀ। ਵਣਾਂ ਚੋਂ ਭਾਲਦੇ ਗਏ ਤਾਂ ਅੱਗੇ ਸਾਧ ਬੈਠਾ ਲੱਤ ਦਾ ਜ਼ਖ਼ਮ ਬੰਨ੍ਹੀ ਜਾਵੇ। ਮੱਥਾ ਟੇਕ ਸਾਰਿਆਂ ਮਾਫ਼ੀ ਮੰਗੀ। ਸਾਧ ਨੇ ਬਚਨ ਕੀਤਾ, “ਅੱਗੇ ਤੋਂ ਸ਼ਿਕਾਰ ਬੰਦ ਕਰੋ, ਰਾਮ-ਨਾਮ ਜਪੋ, ਭਲਾ ਹੋਊਗਾ।" “ਸਿਵੇ ਉਠਾਲਣ ਆਲੀ ਵੀ ਸੁਣਾ ਯਾਰ", ਟਾਂਡੂੰ ਨੂੰ ਗੱਲਾਂ ਦਿਲਚਸਪ ਲੱਗੀਆਂ। “ਓਹ ਤਾਂ ਆਂਏਂ ਬਈ ਕਹਿੰਦੇ ਸਾਧ ਮਰੇ ਬੰਦੇ ਦਾ ਸਿਵਾ ਮੰਤਰ ਨਾਲ ਜਗਾ ਲੈਂਦਾ ਸੀ। ਉਸ ਨੇ ਚੇਲੇ ਨੂੰ ਸਿਖਾ ਤਾ। ਚੇਲਾ ਕਾਹਲਾ ਸੀ। ਰਾਤ ਨੂੰ ਜਾ ਸਿਵਿਆਂਚ ਮੰਤਰ ਫੂਕਿਆ, ਅੱਗ ਜਗ ਪੀ, ਕਾਬੂ ਆਵੇ ਨਾ, ਪੁੱਠਾ ਭੱਜਿਆ, ਅੱਗ ਮਗਰੇ, ਹਾਨੀਸਾਰ, ਛੱਪੜ ਚ ਆ ਵੜਿਆ, ਅੱਗ ਛੱਪੜ ‘ਦਾਲੇ-ਦਾਲੇ ਫਿਰੇ। ਸਾਧ ਨੂੰ ਪਤਾ ਲੱਗਾ, ਉਸ ਨੇ ਅੱਗ ਸ਼ਾਂਤ ਕਰ, ਚੇਲੇ ਨੂੰ ਡਾਂਟਿਆ, ‘ਮੇਰੇ ਬਿਨ੍ਹਾਂ ਕਿਉਂ ਕੀਤਾ, ਕਾਰ ਵੀ ਨਾ ਕੱਢੀ। ਚੇਲੇ ਨੇ ਸੱਤ ਕੱਢੀਆਂ ਪਰ ਦਹਿਲ ਗਿਆ ਅਤੇ ਛੇਤੀ ਮਰ ਗਿਆ।” ਬਾਬੇ ਨੇ ਹੱਥ ਜੋੜ, ਧਰਤੀ ਨਮਸਕਾਰੀ।

ਹੋਰ, ਡੇਲਿਆਂਵਾਲੀ, ਡੋਲੂਆਂ ਵਾਲੀ ਤੇ ਡਡਵਿੰਡੀ ਵਾਲੇ ਠੀਕ ਹਨ। ਬਿਜਲੀ ਦੇ ਵਧੇ ਬਿੱਲਾਂ ਕਰਕੇ ਰੋਸ਼ਨੀ ਘੱਟ ਗਈ ਹੈ। ਅਧਿਆਪਕ ਦਿਵਸ, ਹੈਪੀ ਕਰ ਲਿਆ ਹੈ। ਧਰਨੇ, ਬੁਛਾੜਾਂ, ਜਲੂਸਾਂ, ਨਾਹਰਿਆਂ ਦੀ ਗੂੰਜ ਹੈ। ਬਠਿੰਡੇ ਅਜੀਤ ਰੋਡ ਉੱਤੇ ‘ਆਈਲਟਸ ਰੌਣਕਮੱਠੀ ਪੈ ਗਈ ਹੈ। ਨਕਲੀ ਬੁੱਧੀ ਦੀਆਂ ਨਕਲਾਂ ਖ਼ੂਬ ਹਨ। ਰਾਜਨੀਤੀ ਦੇ ਘੁਸਮੁਸੇਚ ਲੀਡਰ ਤੇ ਜਨਤਾ ਦੋਵੇਂ ਗੁਆਚੇ ਹਨ। ਮੀਂਹ, ਸਾਉਣੀ ਨੂੰ ਹੁਲਾਰਾ ਦੇ ਗਿਆ ਹੈ। ਵੱਡੀਆਂ ਸੜਕਾਂ ਨੇ ਭਾਅ ਚੱਕ ਦਿੱਤੇ ਹਨ। ਸੱਚ, ਕਈ ਪਿੰਡਾਂ ਨੂੰ ‘ਚੰਗੇ ਲੋਕਾਂ ਨੇਸੁਆਰ ਲਿਆ ਹੈ। ਚੰਗਾ, ਹੌਂਸਲੇ ਵਿੱਚ ਰਹਿਓ, ਫੱਟੇ ਚੱਕ ਦਿਆਂਗੇ। ਮਿਲਾਂਗੇ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)