ਬੀਤੇ ਇਕ ਦਹਾਕੇ ਦੌਰਾਨ ਮਨੋਰੰਜਨ, ਜਾਣਕਾਰੀ ਤੇ ਗਿਆਨ ਦੇ ਮਾਧਿਅਮ ਬੜੀ ਤੇਜ਼ੀ ਨਾਲ ਤਬਦੀਲ ਹੋਏ ਹਨ। ਨਿੱਤ ਨਵੀਆਂ ਤਕਨੀਕਾਂ ਆ ਰਹੀਆਂ ਹਨ ਪਰੰਤੂ ਅਖ਼ਬਾਰਾਂ ਅਤੇ ਟੈਲੀਵਿਜ਼ਨ ਦਾ ਪ੍ਰਭਾਵ ਜਿਉਂ ਦਾ ਤਿਉਂ ਬਰਕਰਾਰ ਹੈ। ਲੋਕ ਟੈਲੀਵਿਜ਼ਨ ʼਤੇ ਖ਼ਬਰਾਂ ਦਾ ਸੰਖੇਪ ਸੁਣਦੇ, ਵੇਖਦੇ ਹਨ ਅਤੇ ਫਿਰ ਅਖ਼ਬਾਰ ਵਿਚ ਉਨ੍ਹਾਂ ਦਾ ਵਿਸਥਾਰ ਪੜ੍ਹਦੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਗਏ ਇਕ ਸਰਵੇ ਦੀ ਰਿਪੋਰਟ ਬੀਤੇ ਦਿਨੀਂ ਸਾਹਮਣੇ ਆਈ ਹੈ। ਲੰਮੇ ਅਧਿਐਨ ਦੌਰਾਨ ਪਤਾ ਚੱਲਿਆ ਕਿ ਪੰਜਾਬ ਦੇ ਪਿੰਡਾਂ ਵਿਚ ਟੈਲੀਵਿਜ਼ਨ ਅੱਜ ਵੀ ਇਕ ਚਰਚਿਤ ਤੇ ਪ੍ਰਭਾਵਸ਼ਾਲੀ ਮਾਧਿਅਮ ਹੈ। ਸਮਾਜਕ, ਰਾਜਨੀਤਕ ਗਤੀਵਿਧੀਆਂ ਸੰਬੰਧੀ ਜਾਣਕਾਰੀ ਅਤੇ ਮਨੋਰੰਜਨ ਲਈ ਪਿੰਡਾਂ ਦੇ ਲੋਕ ਅਜੇ ਵੀ ਟੈਲੀਵਿਜ਼ਨ ʼਤੇ ਨਿਰਭਰ ਹਨ।
ਭਾਵੇਂ ਇੰਟਰਨੈਟ ਨੇ ਸੋਸ਼ਲ ਮੀਡੀਆ ਦੀ ਪਹੁੰਚ ਸੌਖੀ ਕਰ ਦਿੱਤੀ ਹੈ ਪਰੰਤੂ ਜੋ ਅਹਿਸਾਸ, ਜੋ ਸੰਤੁਸ਼ਟੀ ਅਖ਼ਬਾਰ ਪੜ੍ਹ ਕੇ ਅਤੇ ਟੈਲੀਵਿਜ਼ਨ ਵੇਖ ਕੇ ਹੁੰਦੀ ਹੈ ਉਹ ਹੋਰਨਾਂ ਮਾਧਿਅਮਾਂ ਤੋਂ ਨਹੀਂ ਹੁੰਦੀ। ਬੈਠ ਕੇ ਆਰਾਮ ਨਾਲ ਟੈਲੀਵਿਜ਼ਨ ਵੇਖਣਾ ਅਤੇ ਅਖ਼ਬਾਰ ਪੜ੍ਹਨੀ ਪਿੰਡਾਂ ਦੇ ਲੋਕਾਂ ਦੀ ਅਜੇ ਵੀ ਪਹਿਲੀ ਪਸੰਦ ਹੈ।
ਭਾਰਤ ਵਿਚ ਟੈਲੀਵਿਜ਼ਨ ਵੇਖਣ ਦਾ ਰੁਝਾਨ ਅਜੇ ਵੀ ਤੇਜ਼ੀ ਨਾਲ ਵਧ ਰਿਹਾ ਹੈ। ਬੀਤੇ ਸਾਲਾਂ ਦੌਰਾਨ ਹੋਏ ਸਰਵੇ ਇਸਦੀ ਗਵਾਹੀ ਭਰਦੇ ਹਨ। 6.7 ਫੀਸਦੀ ਵਾਧੇ ਨਾਲ ਭਾਰਤ ਵਿਚ ਟੈਲੀਵਿਜ਼ਨ ਵੇਖਣ ਵਾਲੇ ਦਰਸ਼ਕਾਂ ਦੀ ਗਿਣਤੀ 89.2 ਕਰੋੜ ਹੋ ਗਈ ਹੈ। 2018-19 ਵਿਚ ਇਹ ਗਿਣਤੀ 83.6 ਕਰੋੜ ਸੀ। ਇਹ ਵਾਧਾ ਵਧੇਰੇ ਕਰਕੇ ਉਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਨਾਲ ਲੱਗਦੇ ਹੋਰ ਸੂਬਿਆਂ ਵਿਚ ਸਾਹਮਣੇ ਆਇਆ।
ਬ੍ਰਾਡਕਾਸਟ ਔਡੀਐਂਸ ਰੀਸਰਚ ਕੌਂਸਲ (ਬਾਰਕ) ਅਨੁਸਾਰ ਟੈਲੀਵਿਜ਼ਨ ਸਕਰੀਨ ਲੰਮੇ ਸਮੇਂ ਤੋਂ ਭਾਰਤੀਆਂ ਦੀ ਪਸੰਦ ਬਣਿਆ ਹੋਇਆ ਹੈ। ਇਹ ਰੁਝਾਨ ਭਾਰਤ ਵਿਚ ਹੀ ਨਹੀਂ ਬਲ ਕਿ ਪੂਰੀ ਦੁਨੀਆਂ ਵਿਚ ਵੇਖਣ ਨੂੰ ਮਿਲਦਾ ਹੈ। ਜਿਨ੍ਹਾਂ ਘਰਾਂ ਵਿਚ ਟੈਲੀਵਿਜ਼ਨ ਸੈੱਟ ਨਹੀਂ ਹੈ ਉਹ ਵੀ ਲੰਘਦੇ ਕਰਦੇ ਇਧਰ ਓਧਰ ਟੈਲੀਵਿਜ਼ਨ ਸਕਰੀਨ ʼਤੇ ਨਜ਼ਰ ਜ਼ਰੂਰ ਮਾਰਦੇ ਹਨ।
ਅਮਰੀਕਾ ਦੇ ਬਹੁਗਿਣਤੀ ਲੋਕ ਮਨੋਰੰਜਨ ਅਤੇ ਜਾਣਕਾਰੀ ਲਈ ਅੱਜ ਵੀ ਟੈਲੀਵਿਜ਼ਨ ਆਨ ਕਰਦੇ ਹਨ। ਅਮਰੀਕਾ ਵਿਚ ਟੈਲੀਵਿਜ਼ਨ ਵੇਖਣ ਦੇ ਸਮੇਂ ਵਿਚ ਅਤੇ ਦਰਸ਼ਕ-ਗਿਣਤੀ ਵਿਚ ਸਾਲ 2023 ਦੌਰਾਨ ਵੱਡਾ ਵਾਧਾ ਦਰਜ ਹੋਇਆ। ਇਹ ਰਿਪੋਰਟ 7 ਫਰਵਰੀ 2024 ਨੂੰ ਸਾਹਮਣੇ ਆਈ।
ਸੰਸਾਰ ਪੱਧਰ ʼਤੇ ਹੁਣ ਤੱਕ ਹੋਏ ਸਰਵੇ ਦੱਸਦੇ ਹਨ ਕਿ ਟੈਲੀਵਿਜ਼ਨ ਸੰਚਾਰ ਅਤੇ ਗਿਆਨ ਦੇ ਅਦਾਨ-ਪ੍ਰਦਾਨ ਦਾ ਸੱਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ। ਟੈਲੀਵਿਜ਼ਨ ਕਿਸੇ ਈਵੈਂਟ ਦੀ ਕਵਰੇਜ ਤੁਰੰਤ ਪੂਰੀ ਦੁਨੀਆਂ ਵਿਚ ਪਹੁੰਚਾ ਦਿੰਦਾ ਹੈ। ਭਾਵੇਂ ਉਹ ਖੇਡਾਂ ਹੋਣ ਜਾਂ ਕੋਈ ਮਹੱਤਵਪੂਰਨ ਖ਼ਬਰ। ਅਜਿਹਾ ਟੈਲੀਵਿਜ਼ਨ ਕ੍ਰਾਂਤੀ ਕਾਰਨ ਸੰਭਵ ਹੋ ਸਕਿਆ।
58 ਫ਼ੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਟੈਲੀਵਿਜ਼ਨ ਵੇਖਣਾ ਪਸੰਦ ਕਰਦੇ ਹਨ। ਮਾਹਿਰ ਮੰਨਦੇ ਹਨ ਕਿ ਜੇਕਰ ਇਸਦੀ ਸੁਯੋਗ ਵਰਤੋਂ ਕੀਤੀ ਜਾਵੇ ਤਾਂ ਇਹ ਅੱਜ ਵੀ ਵਧੀਆ ਸਿੱਖਿਆ-ਸੰਦ ਬਣ ਸਕਦਾ ਹੈ। ਕੌਮਾਂਤਰੀ-ਮੁੱਦਿਆਂ ਸੰਬੰਧੀ ਵਿਸ਼ਵ-ਵਿਆਪੀ ਸਮਝ ਵਿਕਸਤ ਕਰਨ ਵਿਚ ਸਾਰਥਕ ਭੂਮਿਕਾ ਨਿਭਾ ਸਕਦਾ ਹੈ। ਟੈਲੀਵਿਜ਼ਨ ਪ੍ਰੋਗਰਾਮ ਜਿਥੇ ਦੁਨੀਆਂ ਭਰ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਉਥੇ ਵੱਖ ਵੱਖ ਸਭਿਆਚਾਰਾਂ ਪ੍ਰਤੀ ਚੇਤੰਨਤਾ ਵੀ ਪੈਦਾ ਕਰਦੇ ਹਨ। ਸਿਹਤ ਪ੍ਰਤੀ, ਸ਼ਖ਼ਸੀਅਤ ਉਸਾਰੀ ਪ੍ਰਤੀ ਸੁਚੇਤ ਕਰਦੇ ਹਨ। ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਨਾ ਤੇ ਉਤਸ਼ਾਹ ਪੈਦਾ ਕਰਦੇ ਹਨ। ਸਮਾਰਟ ਫੋਨ ਜਿੱਥੇ ਪਰਿਵਾਰ ਨੂੰ, ਪਰਿਵਾਰਕ ਮੈਂਬਰਾਂ ਨੂੰ ਜੁਦਾ ਜੁਦਾ ਬਿਠਾਉਂਦਾ ਹੈ ਉਥੇ ਟੈਲੀਵਿਜ਼ਨ ਉਨ੍ਹਾਂ ਨੂੰ ਇਕੱਠੇ ਕਰਦਾ ਹੈ। ਇਕੱਠੇ ਬੈਠ ਕੇ ਪ੍ਰੋਗਰਾਮ ਵੇਖਣ, ਗੱਲਬਾਤ ਕਰਨ, ਹਾਸਾ ਮਖੌਲ ਕਰਨ ਦੇ ਮੌਕੇ ਦਿੰਦਾ ਹੈ। ਜੇਕਰ ਪ੍ਰੋਗਰਾਮਾਂ ਦੀ ਚੋਣ ਸਹੀ ਤੇ ਸਾਰਥਕ ਕੀਤੀ ਜਾਵੇ ਤਾਂ ਟੈਲੀਵਿਜ਼ਨ ਸਮਾਂ ਬਤਾਉਣ ਦਾ ਸਿਹਤਮੰਦ ਸਾਧਨ ਸਿੱਧ ਹੁੰਦਾ ਹੈ। ਨਵੀਆਂ ਚੀਜ਼ਾਂ ਸਿੱਖਣ ਸਮਝਣ ਦੇ ਮੌਕੇ ਮਿਲਦੇ ਹਨ। ਤੁਸੀਂ ਘਰ ਬੈਠੇ ਦੁਨੀਆਂ ਦੇਖ ਸਕਦੇ ਹੋ।
ਟੈਲੀਵਿਜ਼ਨ ਦਾ ਪ੍ਰਭਾਵ ਵੱਡਾ ਤੇ ਵਿਸ਼ਾਲ ਹੈ। ਜ਼ਿੰਦਗੀ ਦਾ ਕੋਈ ਖੇਤਰ, ਕੋਈ ਪਹਿਲੂ ਅਜਿਹਾ ਨਹੀਂ ਜਿਸਨੂੰ ਇਸਨੇ ਪ੍ਰਭਾਵਤ ਨਾ ਕੀਤਾ ਹੋਵੇ। ਟੈਲੀਵਿਜ਼ਨ ਅਜੋਕੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਘਰ, ਦਫ਼ਤਰ, ਕਾਰ ਬਜ਼ਾਰ, ਹੋਟਲ, ਰੇਲ, ਹਵਾਈ ਜਹਾਜ ਹਰ ਜਗ੍ਹਾ ਟੈਲੀਵਿਜ਼ਨ ਕਿਸੇ ਨਾ ਕਿਸੇ ਰੂਪ ਵਿਚ ਉਪਲਬਧ ਹੈ।
ਪ੍ਰੋ. ਕੁਲਬੀਰ ਸਿੰਘ