ਗ਼ਜ਼ਲ ਸੰਗ੍ਰਹਿ ‘ਫ਼ਤਵਿਆਂ ਦੇ ਦੌਰ ਵਿੱਚ’ ਦਾ ਲੋਕ ਅਰਪਣ

(ਹਰਜੀਤ ਲਸਾੜਾ, ਬ੍ਰਿਸਬੇਨ 5 ਮਈ) ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦੀ 134ਵੀਂ ਜੈਅੰਤੀ ਮੌਕੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਲੇਖਕ ਅਤੇ ਚਿੰਤਕ ਡਾ. ਲਕਸ਼ਮੀ ਨਰਾਇਣ ਭੀਖੀ ਨੇ ਖਾਸ ਸ਼ਿਰਕਤ ਕੀਤੀ ਅਤੇ ਉਭਰਦੇ ਕਵੀ ਅਜੈ ਤਨਵੀਰ ਦੇ ਗ਼ਜ਼ਲ ਸੰਗ੍ਰਹਿ ‘ਫ਼ਤਵਿਆਂ ਦੇ ਦੌਰ ਵਿੱਚ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਹਰਦੀਪ ਵਾਗਲਾ ਦੇ ਸਵਾਗਤੀ ਸੰਬੋਧਨ ਨਾਲ ਹੋਈ, ਜਿੱਥੇ ਉਨ੍ਹਾਂ ਡਾ. ਅੰਬੇਡਕਰ ਦੀ ਵਿਚਾਰਧਾਰਾ ਉਤੇ ਪਹਿਰਾ ਦੇਣ ਦੀ ਲੋੜ ‘ਤੇ ਜੋਰ ਦਿੱਤਾ। ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਦੀ ਪ੍ਰਧਾਨ ਰੀਤੂ ਅਹੀਰ ਨੇ ਔਰਤਾਂ ਦੇ ਹੱਕਾਂ ਅਤੇ ਸਿੱਖਿਆ ਵਿੱਚ ਬਰਾਬਰੀ ਬਾਬਤ ਡਾ. ਅੰਬੇਡਕਰ ਦੇ ਯੋਗਦਾਨ ਨੂੰ ਵਿਸਥਾਰ ਨਾਲ ਰੌਸ਼ਨ ਕੀਤਾ। ਬਲਵਿੰਦਰ ਮੋਰੋਂ ਨੇ ਅੰਬੇਡਕਰ ਦੀਆਂ ਸਿੱਖਿਆਵਾਂ ਨੂੰ ਪੜ੍ਹਨ ਤੇ ਜੀਵਨ ਵਿਚ ਅਮਲੀ ਰੂਪ ‘ਚ ਗ੍ਰਹਿਣ ਕਰਨ ਦੀ ਗੱਲ ਕੀਤੀ।
ਮੁੱਖ ਮਹਿਮਾਨ ਡਾ. ਲਕਸ਼ਮੀ ਨਰਾਇਣ ਭੀਖੀ ਨੇ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਆਧੁਨਿਕ ਸਮਾਜ ਵਿੱਚ ਲਾਗੂ ਕਰਨ ਦੀ ਲੋੜ ਉਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਨਿੱਜੀਕਰਨ ਅਤੇ ਵੰਡ ਦੇ ਨਤੀਜੇ ਵਜੋਂ ਪੀੜਤ ਹੈ, ਪਰ ਜੇਕਰ ਪੀੜਤ ਵਰਗ ਇਕਜੁੱਟ ਹੋ ਜਾਵੇ ਤਾਂ ਤਬਦੀਲੀ ਮੁਮਕਿਨ ਹੈ। ਕਵਿਤਾ ਪਾਠ ਵਿੱਚ ਜਸਵੰਤ ਵਾਗਲਾ, ਗਿੱਲ ਬੱਲਪੁਰੀਆ, ਗੁਰਦੇਵ ਸਿੰਘ ਸਿੱਧੂ, ਸੁਖਰਾਜ ਬੰਗਾ, ਜਸਕਰਨ ਸ਼ੀਂਹ ਅਤੇ ਪਰਿੰਕਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਡਾ. ਅੰਬੇਡਕਰ ਦੀ ਸੋਚ ਨੂੰ ਕਲਾਤਮਕ ਢੰਗ ਨਾਲ ਪੇਸ਼ ਕੀਤਾ। ਸਮਾਗਮ ਵਿੱਚ ਜਸਜੋਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪੱਤਰਕਾਰ ਮਹਿੰਦਰ ਪਾਲ ਸਿੰਘ ਕਾਹਲੋਂ, ਨਰਵਿੰਦਰ ਬਾਸੀ, ਹਰੀਸ਼ ਕੁਮਾਰ, ਸਤਵਿੰਦਰ ਟੀਨੂ, ਰਣਜੀਤ ਸਿੰਘ, ਗੁਰਦੀਪ ਜਗੇੜਾ, ਨਰਿੰਦਰ ਸਿੰਘ, ਹਰਨੇਕ ਸਿੰਘ, ਅਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਗੁਰਮੁੱਖ ਭੰਦੋਲ, ਬਲਰਾਜ ਸੰਧੂ, ਪੁਸ਼ਪਿੰਦਰ ਤੂਰ, ਗੁਰਲਾਲ ਸਿੰਘ, ਚੇਤਨਾ ਗਿੱਲ, ਵਰਿੰਦਰ ਅਲੀਸ਼ੇਰ, ਦਿਨੇਸ਼ ਸ਼ੇਖੂਪੁਰੀ, ਹਰਮਨਦੀਪ ਗਿੱਲ, ਦਿਲਜੀਤ ਸਿੰਘ, ਮਨਦੀਪ ਹੀਰਾ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਕਾਰਵਾਈ ਨੂੰ ਹਰਮਨਦੀਪ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਜੋਇਆ। ਅੰਤ ਵਿੱਚ ਦਿਲਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਸਮਾਗਮ ਦਾ ਸਮਾਪਨ ਕੀਤਾ। ਇਹ ਸਮਾਗਮ ਨਾ ਸਿਰਫ਼ ਡਾ. ਅੰਬੇਦਕਰ ਦੀ ਸੋਚ ਨੂੰ ਯਾਦ ਕਰਨ ਦਾ ਮਾਧਿਅਮ ਬਣਿਆ, ਸਗੋਂ ਸਮਾਜ ਵਿੱਚ ਉਨ੍ਹਾਂ ਦੇ ਪਾਏ ਅਹਿਮ ਯੋਗਦਾਨਾਂ ਨੂੰ ਸਾਰਥਕ ਢੰਗ ਨਾਲ ਯਾਦ ਕਰਨ ਦੀ ਕੋਸ਼ਿਸ਼ ਵੀ ਸੀ।