ਹਾਂ ਬਈ, ਮੇਰੇ ਆਪਣਿਓ, ਸਤ ਸ਼੍ਰੀ ਅਕਾਲ। ਅਸੀਂ ਰਾਜ਼ੀ-ਖੁਸ਼ੀ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਬਾਈ ਕਿਰਪਾਲ ਸਿੰਹੁ ਉਰਫ ਘੱਪਾ, ਕਿੰਨ੍ਹਾਂ ਚਿਰ ਹੀ, ਜਦੋਂ ਘੁਰ-ਘੁਰ ਕਰਨੋਂ ਨਾ ਹਟਿਆ ਤਾਂ ਉਸਨੂੰ ਹਲੂਣ ਕੇ ਤਾਏ ਮਿੰਦੇ ਨੇ ਘੁਰਕਿਆ, “ਕਿਵੇਂ, ਜਾਦਾ ਈ ਤਪਿਆ ਪਿਆਂ, ਕੀ ਅਹੁਰ-ਸਹੁਰ ਹੋਗੀ?” “ਦੋ ਗੁੱਥੀਆਂ, ਮਰੇ-ਮੇਥਿਆਂ ਦੀਆਂ ਲਈਆਂ ਬੁੜੀਆਂ ਨੇ- ਅਖੇ ਚਾਲੀ ਰੁਪੈ, ਵੀਹ ਦੀ ਇੱਕ, ਲੋਹੜਾ ਨੀ ਐ?” ਘੱਪੇ ਨੇ ਗੁੱਸੇ ਨੂੰ ਬਾਹਰ ਕੱਢਿਆ। “ਨਾ ਤੂੰ ਕਿਹੜੀ ਦੁਨੀਆਂ ਚ ਰਹਿਨੈਂ, ਕੋਈ ਵੀ ਸਬਜੀ ਪੰਜਾਹ ਤੋਂ ਘੱਟ ਨੀਂ, ਕਰੁੱਤੀਆਂ ਤਾਂ ਸੌ ਤੋਂ
ਤਾਂਹ ਈ ਐ।” ਰੂੜ੍ਹੇ-ਰਘੁਬੀਰ ਸਿੰਹੁ ਨੇ ਵੱਧਦੀ ਮਹਿੰਗਾਈ ਦਾ ਤਬਸਰਾ ਕੀਤਾ। “ਬਾਕੀ ਛੱਡੋ ਯਾਰ, ਅਸੀਂ ਕੱਲ੍ਹ ਬੱਲੂਆਣੇ ਕੋਲੇ ਵੱਡੀ ਸੜ੍ਹਕ ਜੂਸ ਪੀਤਾ, ਪੰਜਾਹ ਰੁਪੈ ਦਾ ਇੱਕ ਗਿਲਾਸ, ਨਾਲੇ ਕਿੰਨੂ ਅਜੇ ਪੂਰਾ ਪੱਕਿਆ ਨੀਂ?” ਰਮਨੇ ਪ੍ਰਧਾਨ ਨੇ ਟੌਹਰ ਨਾਲ ਗੱਲ ਨੂੰ ਬੱਤੀ ਲਾਈ। “ਥੋਡੇ ਕੋਲੋਂ ਐਥੋਂ ਕਿੰਨੂ ਨੀਂ ਖਾਧੇ ਜਾਂਦੇ, ਥਾਂ-ਥਾਂ ਬਾਗ ਐ?” ਹਰਚੰਦ ਸਿੰਹੁ ਸਿਆਣੇ ਨੇ ਵਿਹਾਰੀ ਗੱਲ ਕੀਤੀ। “ਅਸਲੀ ਗੱਲ ਇਹ ਹੈ ਕਿ ਆਪਾਂ ਹੁਣ ਖੇਤੀ ਕਰਨ ਵਾਲੇ ਵੀ ਕਿਸਾਨ, ਓਹ ਨੀਂ ਰਹਿਗੇ, ਵਾਹਣ ਚ ਜਾ ਕੇ ਖੜਦੇ ਨੀਂ, ਕਣਕ-ਝੋਨਾ ਬੀਜਿਆ, ਵੱਢਿਆ-ਵੇਚਿਆ ਅਤੇ ਚੱਲ ਮੇਰਾ ਭਾਈ, ਫੂਨ ਦੇ ਪਹਿਰੇ ਉੱਤੇ।
ਅੱਗੇ ਤੜਕੇ ਨੇਮ ਨਾਲ ਸਾਰੇ ਖੇਤ ਜਾਂਦੇ, ਫਸਲ ਸੰਭਾਲਦੇ, ਸਬਜੀ-ਭਾਜੀ ਲਾਂਉਂਦੇ। ਸੌ ਆੜ-ਕਿਆਰਾ ਸੰਵਾਰਦੇ। ਕੋਈ ਟਾਹਣਾ ਕੱਟਦੇ, ਬੰਨ੍ਹੇ ਲਾਂਉਂਦੇ। ਆਥਣੇ ਕੋਈ ਕੱਖ-ਪੱਠਾ, ਲੱਕੜਾਂ, ਕੋਈ ਭਾਜੀ, ਲਾਜ਼ਮੀ ਲਿਆਂਉਂਦੇ। ਇਸ ਰਿਜ਼ਕ ਦੀ ਬਰਕਤ ਹੁੰਦੀ। ਖ਼ਰਚ ਘੱਟ ਹੁੰਦਾ। ਘਰਦੀ ਦਾਲ-ਰੋਟੀ, ਘਰ ਦਾ ਦੁੱਧ ਅਤੇ ਘਰ ਦਾ ਬਾਲਣ। ਸੌ ਨਿਆਮਤਾਂ ਬਣਦੀਆਂ। ਰੌਣਕਾਂ ਹੁੰਦੀਆਂ। ਹੁਣ ਨਕਦ ਨਰਾਇਣ ਹੀ ਹੈ। ਬਾਜ਼ਾਰੀ ਕੰਪਨੀਆਂ ਤਾਂ ਫਿਰ ਆਪੇ ਹੀ ਲੁੱਟਣਗੀਆਂ। ਅਜੇ ਤਾਂ ਵੇਖਿਓ, ਜਦੋਂ ਸਾਰਾ ਸਮਾਨ ਹੀ ਪੈਕਟਾਂ
ਚ ਲਿਆ ਕੇ ਬੇਹਾ-ਤੇਹਾ ਖਾਇਆ ਕਰਾਂਗੇ ਪਿੰਡਾਂ ਚ। ਧਰਨਿਆਂ ਦੇਣ ਦੇ ਨਾਲ-ਨਾਲ ਆਪਾਂ ਨੂੰ ਕਿਰਤ ਤੇ ਕਿਰਸ ਵੀ ਕਰਨੀਂ ਚਾਹੀਦੀ ਐ।" ਖੇਤੀ ਕਰਦੇ ਕਾਮਰੇਡ ਜੰਗੀਰ ਸਿੰਹੁ ਜੰਗੀ ਨੇ ਆਪਣੀ ਫਲਸਫ਼ੀ ਖਿਲਾਰੀ ਤਾਂ ਕਈਆਂ ਦੇ ਢਿੱਡੀਂ ਕੋਈ ਗੱਲ ਵੜਗੀ, ਕਈਆਂ ਦੇ ਸਿਰ ਉੱਤੋਂ ਦੀ ਲੰਘ-ਗੀ। ਊਂ ਸੋਚੀਂ ਸਾਰੇ ਡੁੱਬ-ਗੇ। ਹੋਰ, ਕਈ ਵਿਆਹਾਂ ਦੇ ਕਾਰਡ ਆ-ਗੇ-ਆ। ਜਾਨਵਰ, ਪੰਛੀ, ਦਰਖ਼ਤ ਅਤੇ ਗਲੀਆਂ ਘੱਟ ਰਹੀਆਂ ਹਨ।
ਮੋਟਰਸਾਈਕਲ ਰੇੜ੍ਹੀਆਂ, ਫੋਨ, ਪੀਲੀਆਂ ਵੈਨਾਂ ਅਤੇ ਸੜ੍ਹਕਾਂ ਵੱਧ ਰਹੀਆਂ ਹਨ। ਨੀਲਿਆਂ ਨੇ ਗੁਰੂ-ਘਰ ਗਲਤੀ ਮੰਨ ਲਈ ਹੈ। ਰੱਬ ਸੁਮੱਤ ਬਖ਼ਸ਼ੇ। ਖੱਡੂ ਕੇ ਖੱਡੇ ਕਿਆਂ ਨੇ ਅਗੇਤਾ ਸਾਗ ਧਰ ਲਿਆ ਹੈ। ਕੰਪਿਊਟਰ ਉੱਤੇ ਸਰਕਾਰੀ ਕੰਮ ਵੱਧ ਗਏ ਹਨ। ਕਣਕ ਦੀ ਬਿਜਾਈ, ਸੂਟਾਂ ਦੀ ਸਵਾਈ ਅਤੇ ਸਪੀਡ ਦੀ ਜਿਦਾਈ ਪੂਰੇ ਜੋਰਾਂ
ਤੇ ਹੈ। ਆਖਰੀ ਮਹੀਨੇ, ਨਵੀਆਂ ਡਾਇਰੀਆਂ ਅਤੇ ਸ਼ੁਭ-ਇੱਛਾਵਾਂ ਦੀ ਤਿਆਰੀ ਹੈ। ਢਿੱਲਵਾਂ, ਡੇਲੀਆਂ ਵਾਲੀ, ਚਿੱਬੜਾਂਵਾਲੀ, ਅੱਕਾਂਵਾਲੀ ਅਤੇ ਰੇਰੂ ਵਾਲੇ ਸਾਰੇ ਠੀਕ ਹਨ। ਸੱਚ, ਗੁੱਡੂ ਕੇ ਆ ਕੇ, ਫੇਰ ਜਹਾਜੇ ਚੜ੍ਹ ਗਏ ਹਨ। ਰੱਬ ਕਰੇ, ਮੀਂਹ, ਫ਼ਸਲਾਂ, ਹਵਾਵਾਂ, ਧੁੱਪਾਂ ਅਤੇ ਬਰਫ਼ਾਂ ਚੰਗੀਆਂ ਖ਼ਬਰਾਂ ਲੈ ਕੇ ਆਉਣ। ਚੰਗਾ, ਮਿਲਦੇ ਰਹਾਂਗੇ, ਖੁਸ਼ ਰਹੋ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061