ਪਿੰਡ, ਪੰਜਾਬ ਦੀ ਚਿੱਠੀ (193)

ਕਣਕ ਵੰਨੇ ਰੰਗ ਵਾਲੇ ਪੰਜਾਬੀਓ, ਸਤ ਸ਼੍ਰੀ ਅਕਾਲ। ਅਸੀਂ ਕਣਕ ਦੇ ਢੇਰ, ਵੇਖ ਕੇ ਖੁਸ਼ ਹਾਂ। ਰੱਬ ਸੱਚਾ ਤੁਹਾਡੀ ਕਮਾਈ ਦੇ ਬੋਹਲ ਵੀ ਲਾਈ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਪਿੰਡ ਆਲਾ ਲਿਬੜੂ ਲੀਡਰ ਕਈ ਦਿਨ ਘਰ ਬੈਠਾ ਫੂਨ ਉਡੀਕਦਾ ਰਿਹਾ। ਅੱਡੀਆਂ ਚੱਕ-ਚੱਕ ਗਲੀ ਕੰਨੀਂ ਝਾਕਦਾ ਰਿਹਾ। ਜਦੋਂ ਕਿਸੇ ਪਾਰਟੀ, ਲੀਡਰ, ਲੀਡਰ ਛੱਡ ਕਲੀਂਡਰ ਨੇ ਵੀ ਘਾਹ ਨਾ ਪਾਇਆ ਤਾਂ ਅਖੀਰ ਸੱਥ ਚ ਆ ਬੈਠਾ। ਕੱਲੇ ਨੂੰ ਢਿੱਲਾ ਜਿਹਾ ਵੇਖਜੈਬੇ ਨੇ ਛੇੜਿਆ, “ਕਿਵੇਂ ਬਈ ਚੁਫੇਰਗੜੀਆ, ਮਸੋਸਿਆ ਜਿਆ ਬੈਠਾਂ, ਆਇਆ ਨੀ ਕੋਈ ਕੈਂਟੀਟੇਟ?” “ਬੈਠਣਾਂ ਈ ਐਂ ਇਹਨੇ, ਅਜੇ ਤਾਂ ਪਾਲਟੀਆਂ ਆਲੇ ਦੇਹ ਪਲਟਾਂ ਨੂੰ, ਪਲਟਾਉਣ ਚ ਲੱਗੇ ਐ। ਲੀਡਰ ਉਡਾਰੀਆਂ ਮਾਰ ਛੱਤਰੀਆਂ ਵੇਖੀ ਜਾਂਦੇ ਐ, ਥੱਲੇ ਕਿਸੇ ਕੀ ਝਾਕਣੈਂ।" ਗੂਗਰ ਕੇ ਗਲੋਟੁ ਨੇ, ਲਿਬੜੂ ਦੀ ਥਾਂ, ਜੈਬੇ ਸਮੇਤ ਸਾਰਿਆਂ ਨੂੰ ਹੀ ਹਾਲਾਤ ਦਾ ਤਬਸਰਾ ਸੁਣਾ ਦਿੱਤਾ। ਖੰਘੂਰਾ ਮਾਰ, ਥੁੱਕ ਸਿੱਟਦਾ ਲਬੇੜ ਸਿੰਹੁ ਹੌਲੀ-ਹੌਲੀ ਬੋਲਿਆ, “ਦੀਨ ਮਾਨ ਈਂ ਨੀਂ ਰਿਹਾ, ਕਿਸੇ ਦਾ ਯਾਰੋ, ਪਾਰਟੀਆਂ ਨੇ ਅਸੂਲ ਛੱਡਤੇ, ਲੀਡਰਾਂ ਨੇ ਸ਼ਰਮਾਂ ਲਾਹ ਕੇ, ਬੋਝੇਚ ਪਾ ਲੀ। ਇੱਕ ਪਾਰਟੀ ਦਾ ਸੂਬਾ-ਪ੍ਰਧਾਨ, ਦੂਜੇ ਦਿਨ ਤੀਜੀ ਪਾਰਟੀ ਚ। ਐਮ.ਪੀ. ਦੀ ਟਿਕਟ ਮਿਲੀ ਵਾਲਾ, ਟਿਕਟ-ਰੇਲ ਸਮੇਤ ਛੱਡ, ਦੂਜੀ ਲਾਈਨ ਉੱਤੇ ਜਾ ਰਹੀ ਗੱਡੀ ਉੱਤੇ ਚੜ੍ਹ ਰਿਹੈ। ਇਸ ਘੜਮੱਸਚ ਸਮਝ ਹੀ ਨੀਂ ਲੱਗਦੀ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਵਿੱਚ ਹੈ? ਕਿੰਨੇ ਘੰਟੇ ਰਹੇਗਾ? ਮਾਂ ਪਾਰਟੀ ਤੋਂ ਮਾਸੀ ਪਾਰਟੀ ਚ, ਫੇਰ ਭੂਆ ਪਾਰਟੀ ਅਤੇ ਝੱਗੇ ਬਦਲਣ ਵਾਂਗੂੰ ਪੰਜ ਸਾਲਾਂ ਤੋਂ ਫੇਰ ਮਾਂ ਪਾਰਟੀਚ ਆ ਹਾਰ ਪਵਾਂਉਂਦਾ। ਮਗਰੇ ਉਹੀ ਚਾਰ ਕੁ ਜਣੇਂ- ਹੀਂ-ਹੀਂ ਕਰਦੇ ਤੁਰੇ ਆਂਉਂਦੇ ਐ। ਵਰਕਰ ਘੋੜਾ ਕਿੱਧਰ ਜਾਵੇ। ਕਿਉਂ ਕਾਲੀਆ?” “ਚੰਗੇ-ਮਾੜੇ ਦਿਨ ਤਾਂ ਨੇਤਾ, ਪਾਰਟੀਆਂ ਉੱਤੇ ਆਉਂਦੇ ਈ ਰਹਿੰਦੇ ਐ। ਬੰਦੇ ਨੂੰ ਸਿਧਾਂਤ ਨੀਂ ਛੱਡਣੇ ਚਾਹੀਦੇ। ਥੋਨੂੰ ਪਤੈ, ਸਾਡਾ ਲਾਣਾ ਸੌ ਸਾਲਾਂ ਤੋਂ ਕਾਲੀ ਐ। ਵੱਡਾ ਬਾਬਾ ਛੇ ਮਹੀਨੇ ਪਹਿਲਾਂ ਟਿਕਟ ਦਾ ਕਹਿ ਦਿੰਦਾ ਸੀ। ਅਸੀਂ ਤਿੰਨ ਵਾਰ ਜਿੱਤੇ ਜੋਰ ਵਾਲੇ ਜੋਰਾ ਸਿੰਹੁ ਨਾਲ ਰਹੇ ਹਾਂ। ਵੋਟਾਂ ਤੋਂ ਦੋ ਮਹੀਨੇ ਪਹਿਲਾਂ ਤੱਕ ਸਾਰੇ ਪਾਰਟੀ ਅਹੁਦੇਦਾਰਾਂ, ਰਿਸ਼ਤੇਦਾਰਾਂ, ਪਿੰਡ ਤੋੜ ਮੇਲ-ਜੋਲ ਬਣ ਜਾਂਦਾ ਸੀ। ਖਾਸ ਬੰਦੇ ਚੰਦਾ ਪਹਿਲਾਂ ਹੀ ਦੇ ਮੁਹਿੰਮ ਭਖਾ ਲੈਂਦੇ ਸਨ। ਗੁੱਸੇ-ਗਿਲੇ ਦੂਰ ਕਰ, ਕੰਮ-ਧੰਦੇ ਕਰਾ, ਮੰਗਾਂ-ਲੋੜਾਂ ਦੀ ਜਾਣਕਾਰੀ ਲੈ, ਪ੍ਰੋਗਰਾਮ ਤਿਆਰ ਹੁੰਦਾ। ਟਿਕਟ ਮਿਲਣ ਤੱਕ ਘਰ-ਘਰ ਪਹੁੰਚ ਕੀਤੀ ਹੁੰਦੀ। ਰਸਤਾ ਸਾਫ਼ ਹੁੰਦਾ। ਹੁਣ ਉਮੀਦਵਾਰ ਦੇ ਕਾਗਜ਼ ਭਰਨ ਦੀ ਆਖਰੀ ਤਰੀਕ ਹੁੰਦੀ ਹੈ। ਉਮੀਦਵਾਰ ਦਿੱਲੀ-ਦੱਖਣ ਪਾਰਟੀ ਦਫਤਰ ਮੂਹਰੇ ਬੈਠਾ ਥੱਲੇ ਫੂਨ ਕਰੀ ਜਾਂਦੈ। ਚਾਰ ਕੁ ਮੇਰੇ ਵਰਗੇ ਘਰੇ ਚਾਹ ਪੀਈ ਜਾਂਦੇ ਹੁੰਦੇ ਐ। ਕੋਈ ਮੂੰਹ-ਸਿਰ ਨਾ ਹੋਣ ਕਰਕੇ ਲੋਕ ਨਿਰਾਸ਼, ਉਦਾਸ ਅਤੇ ਹਤਾਸ਼ ਐ।" ਫੂਲਾ ਸਿੰਹੁ ਅਕਾਲੀ ਨੇ ਕਿਹਾ ਹੀ ਸੀ ਕਿ ਝੰਡੇ ਆਲੀ ਇੱਕ ਕਾਰ ਬੂ-ਬਅ ਕਰਦੀ ਆਈ, ਸਾਰੇ ਓਧਰ ਦੇਖਣ ਲੱਗ ਪਏ। ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਉੱਤੇ ਪਹਿਰਾ ਦਿਓ। ਮਿਲਾਂਗੇ ਅਗਲੇ ਐਤਵਾਰ, ਰੱਬ-ਰਾਖਾ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061