
ਮੈਲਬਰਨ, 3 ਅਪ੍ਰੈਲ ( ਮਨਦੀਪ ਸੈਣੀ ) ਬੀਤੇਂ ਦਿਨ ਅਸਟ੍ਰੇਲੀਆ ਵਿੱਚ ਵਰਲਡ ਪਾਵਰ ਲਿਫਟਿੰਗ ਐਸੋਸੀਏਸ਼ਨ ਵਲੋਂ ਬੀਤੇ ਦਿਨੀ ਕਰਵਾਏ ਗਏ ਬੈਂਚ ਪ੍ਰੈਸ ਮੁਕਾਬਲਿਆਂ ਵਿੱਚ ਪੰਜਾਬੀ ਨੌਜਵਾਨ ਤੇਜਬੀਰ ਸਿੰਘ ਰਾਣਾ ਰੌਕ ਨੇ ਸੋਨ ਤਗਮਾ ਹਾਸਿਲ ਕੀਤਾ ਹੈ। ਵੱਖ ਵੱਖ ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਤੇਜਬੀਰ ਸਿੰਘ ਨੇ ਚੈਂਪੀਅਨਸ਼ਿਪ ਦੀ ਮਾਸਟਰ ਸ਼੍ਰੇਣੀ ਵਿੱਚ ਹੋਏ ਇਸ ਮੁਕਾਬਲੇ ਦੌਰਾਨ ਤਗਮਾ ਜਿੱਤ ਕੇ ਸਮੁੱਚੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਇਸ ਮੁਕਾਬਲੇ ਲਈ ਤੇਜਵੀਰ ਸਿੰਘ ਦੀ ਚੋਣ ਕੀਤੀ ਗਈ ਸੀ ਜਿਸ ਤਹਿਤ ਇਸ ਨੌਜਵਾਨ ਨੇ ਪੰਜਾਬ ਤੋਂ ਆ ਕੇ ਚੈਂਪੀਅਨਸ਼ਿਪ ਜਿੱਤ ਕੇ ਜੇਤੂ ਤਗਮਾ ਦੇਸ਼ ਦੀ ਝੋਲੀ ਪਾਇਆ।
ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਨੌਜਵਾਨ ਨੇ ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਆਪਣੀ ਮਿਹਨਤ ਜਾਰੀ ਰੱਖਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਉਣਗੇ। ਰਾਣਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਨਾਮ ਚਮਕਾਉਣ। ਤੇਜਵੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਿਹਨਤੀ ਖਿਡਾਰੀਆਂ ਦੀ ਬਾਂਹ ਫੜਨ। ਇਸ ਸੋਨ ਤਗਮੇ ਲਈ ਤੇਜਵੀਰ ਸਿੰਘ ਨੇ ਅੰਤਰਰਾਸ਼ਟਰੀ ਕਾਮਨਵੈਲਥ ਪਾਵਰ ਲਿਫਟਰ ਖਿਡਾਰੀ ਅਜੇ ਗੋਗਨਾ ਭੁਲੱਥ ਦਾ ਖਾਸ ਧੰਨਵਾਦ ਕੀਤਾ ਹੈ।ਇਸ ਤੋ ਪਹਿਲਾਂ ਅਜੈ ਗੋਗਨਾ ਮੈਲਬਰਨ ਤੋ ਸੋਨ ਤਗ਼ਮਾ ਜਿੱਤ ਚੁੱਕਾ ਹੈ।ਇਸ ਸੋਨ ਤਗਮਾ ਜਿੱਤਣ ਕਰਕੇ ਇਸ ਨੌਜਵਾਨ ਨੂੰ ਚਾਰ ਚੁਫੇਰਿਓ ਵਧਾਈਆਂ ਮਿਲ ਰਹੀਆਂ ਹਨ।