
ਬਠਿੰਡਾ, 31 ਮਾਰਚ, ਬਲਵਿੰਦਰ ਸਿੰਘ ਭੁੱਲਰ
ਬਠਿੰਡਾ ਸ਼ਹਿਰ ਵਿਖੇ ਲੱਗੇ 18ਵੇਂ ਵਿਰਾਸਤ ਮੇਲੇ ਦੌਰਾਨ ਪੰਜਾਬ ਲਲਿਤ ਕਲਾ ਅਕਾਦਮੀ ਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ ਵੱਲੋਂ ਪੰਜਾਬ ਦੀ ਨਵਸਿਰਜਣਾ ਲਈ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਤੇ ਮਾਤ ਭਾਸ਼ਾ ਨੂੰ ਸਮਰਪਿਤ ਮਹਾਂ ਉਤਸਵ ਤਹਿਤ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਇੱਕ ਚਿੱਤਰਕਲਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਦਰਜਨਾਂ ਚਿੱਤਰਕਾਰਾਂ ਕਲਾਕਾਰਾਂ ਨੇ ਭਾਗ ਲਿਆ, ਜਿਸਨੂੰ ਦਰਸਕਾਂ ਨੇ ਬਹੁਤ ਸਲਾਹਿਆ।
ਇਸ ਮੌਕੇ ਸ੍ਰੀ ਅਮਰਜੀਤ ਸਿੰਘ ਪੇਂਟਰ ਬਠਿੰਡਾ ਨੇ ਕਾਮਾਗਾਟਾਮਾਰੂ ਜਹਾਜ ਘਟਨਾ ਨੂੰ ਬੁਰਸ਼ ਦੀ ਸਹਾਇਤਾ ਨਾਲ ਰੰਗਾਂ ਦੀ ਵਰਤੋਂ ਕਰਕੇ ਲੋਕਾਂ ਦੀ ਹਾਜਰੀ ਵਿੱਚ ਤਿਆਰ ਕਰਦਿਆਂ ਪ੍ਰਦਰਸ਼ਿਤ ਕੀਤਾ। ਇੱਥੇ ਉਸ ਘਟਨਾ ਬਾਰੇ ਦੱਸਣਾ ਵੀ ਜਰੂਰੀ ਹੈ, ਭਾਰਤ ਵਿੱਚ ਬਿ੍ਰਟਿਸ਼ ਸ਼ਾਸਨ ਸਮੇਂ ਹਾਂਗਕਾਂਗ ਦੇ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਨੇ ਇੱਕ ਸਮੁੰਦਰੀ ਜਹਾਜ ਕਿਰਾਏ ਤੇ ਲੈ ਕੇ 4 ਅਪਰੈਲ 1914 ਨੂੰ ਕੈਨੇਡਾ ਲਈ ਰਵਾਨਾ ਕੀਤਾ, ਜਿਸ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਯਾਤਰੀ ਸਨ। 23 ਮਈ ਨੂੰ ਇਹ ਜਹਾਜ ਵੈਨਕੂਵਰ ਬੰਦਰਗਾਹ ਤੇ ਪਹੁੰਚਿਆ। ਜਿਸ ਵਿੱਚੋਂ ਸਿਰਫ 24 ਯਾਤਰੀਆਂ ਨੂੰ ਉੱਤਰਣ ਦੀ ਪ੍ਰਵਾਨਗੀ ਦਿੱਤੀ ਗਈ, ਦੂਜੇ ਯਾਤਰੀਆਂ ਨੂੰ ਲੈ ਕੇ ਇਹ ਜਹਾਜ 27 ਸਤੰਬਰ 1914 ਨੂੰ ਕਲਕੱਤਾ ਦੀ ਬਜਬਜਘਾਟ ਬੰਦਰਗਾਹ ਤੇ ਵਾਪਸ ਪਹੁੰਚ ਗਿਆ। ਅੰਗਰੇਜ ਸਰਕਾਰ ਨੇ ਇਸ ਜਹਾਜ ਦੇ ਯਤਰੀਆਂ ਤੇ ਗੋਲੀਆਂ ਚਲਾਈਆਂ, ਕਿਉਂਕਿ ਉਹ ਭਾਰਤੀ ਆਜ਼ਾਦੀ ਚਾਹੁੰਦੇ ਸਨ। ਇਸ ਗੋਲੀਬਾਰੀ ਵਿੱਚ 19 ਵਿਅਕਤੀ ਸ਼ਹੀਦ ਹੋਏ। ਇਸ ਘਟਨਾ ਨੇ ਆਜ਼ਾਦੀ ਸੰਗਰਾਮ ਨੂੰ ਹੋਰ ਪ੍ਰਚੰਡ ਕੀਤਾ। ਇਹ ਘਟਨਾ ਆਜ਼ਾਦੀ ਸੰਗਰਾਮ ਦੀਆਂ ਪ੍ਰਮੁੱਖ ਘਟਨਾਵਾਂ ਚੋਂ ਇੱਕ ਮੰਨੀ ਜਾਂਦੀ ਹੈ।
ਵਿਰਾਸਤ ਮੇਲੇ ਦੌਰਾਨ ਹੋਈ ਚਿੱਤਰਕਲਾ ਵਰਕਸ਼ਾਪ ਵਿੱਚ ਸ੍ਰੀ ਅਮਰਜੀਤ ਸਿੰਘ ਨੇ ਇਸ ਜਹਾਜ ਦੇ ਬਜਬਜਘਾਟ ਵਿਖੇ ਪਹੁੰਚਣ ਵਾਲੇ ਦਿ੍ਰਸ਼ ਨੂੰ ਰੰਗਾਂ ਨਾਲ ਪੇਸ਼ ਕੀਤਾ। ਦਰਸ਼ਕਾਂ ਨੇ ਇਸ ਪੇਟਿੰਗ ਨੂੰ ਬਹੁਤ ਪਸੰਦ ਕੀਤਾ ਅਤੇ ਕਾਮਾਗਾਟਾਮਾਰੂ ਘਟਨਾ ਬਾਰੇ ਚਰਚਾ ਕਰਦੇ ਰਹੇ। ਇਸ ਪੇਟਿੰਗ ਵਿੱਚ ਉਸ ਸਮੇਂ ਵਰਤੇ ਗਏ ਸਮੁੰਦਰੀ ਜਹਾਜ ਅਤੇ ਬਾਬਾ ਗੁਰਦਿੱਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਪੇਸ਼ ਕੀਤਾ ਗਿਆ ਹੈ, ਜੋ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਰੋਲ ਨੂੰ ਪ੍ਰਤੱਖ ਕਰਦੀ ਹੈ।