ਬ੍ਰਿਸਬੇਨ ਵਿਖੇ ਭਾਰਤੀ ਭਾਈਚਾਰੇ ਵੱਲੋਂ ਵਿਸ਼ੇਸ਼ ਸਿੱਖ ਪਰੇਡ ਦਾ ਆਯੋਜਨ
(ਹਰਜੀਤ ਲਸਾੜਾ, ਬ੍ਰਿਸਬੇਨ 25 ਅਪ੍ਰੈਲ) ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਖੇ ਹਜ਼ਾਰਾਂ ਲੋਕਾਂ ਨੇ ਐਨਜ਼ੈਕ ਡੇਅ ਪਰੇਡ ਸਮਾਰੋਹਾਂ ਵਿੱਚ ਆਪਣੇ ਜੰਗੀ ਸ਼ਹੀਦਾਂ ਨੂੰ ਯਾਦ ਅਤੇ ਸ਼ਰਧਾਂਜਲੀ ਦਿੱਤੀ। ਪਾਪੂਆ ਨਿਊ ਗਿਨੀ ਵਿਖੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਨੁਸਾਰ ਇਹ ਦਿਨ 1.5 ਮਿਲੀਅਨ ਤੋਂ ਵੱਧ ਮਰਦਾਂ ਅਤੇ ਔਰਤਾਂ ਦਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਸਾਰੇ ਸੰਘਰਸ਼ਾਂ, ਯੁੱਧਾਂ ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਦੋਵਾਂ ਦੇਸ਼ਾਂ ਦੀ ਸੇਵਾ ਕੀਤੀ ਹੈ। ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਤਕਰੀਬਨ 15,000 ਲੋਕ ਐਨਜ਼ੈਕ ਸੁਕੇਅਰ ਵਿਖੇ ਤੜਕੇ 3.30 ਵਜੇ ਇਕੱਠੇ ਹੋਏ।
ਗਵਰਨਰ ਜੀਨੇਟ ਯੰਗ ਨੇ 16,000 ਆਸਟਰੇਲਿਆਈ ਅਤੇ ਨਿਊਜ਼ੀਲੈਂਡ ਸੈਨਿਕਾਂ ਨੂੰ ਯਾਦ ਕੀਤਾ। ਬ੍ਰਿਸਬੇਨ ਤੋਂ ਪ੍ਰਣਾਮ ਸਿੰਘ ਹੇਅਰ ਅਤੇ ਰਛਪਾਲ ਸਿੰਘ ਹੇਅਰ ਅਨੁਸਾਰ ਸਨੀਬੈਂਕ ਆਰਐਸਐਲ ਵਿਖੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵੱਲੋਂ ਵਿਸ਼ੇਸ਼ ਸਿੱਖ ਪਰੇਡ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਕੈਨਬਰਾ ਵਿੱਚ ਤਕਰੀਬਨ 32,000 ਲੋਕਾਂ ਨੇ ਵਾਰ ਮੈਮੋਰੀਅਲ ਵਿਖੇ ਸਵੇਰ ਦੀ ਸੇਵਾ ਇੱਕ ਮਿੰਟ ਦੇ ਮੌਨ ਨਾਲ ਤੜਕੇ 5.30 ਵਜੇ ਸ਼ੁਰੂ ਕੀਤੀ। ਇੱਥੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਉਪ-ਮੁਖੀ ਡੇਵਿਡ ਜੌਹਨਸਟਨ ਨੇ ਸਮੂਹ ਆਸਟ੍ਰੇਲੀਅਨਾਂ ਨੂੰ ਐਨਜ਼ੈਕ ਡੇਅ ‘ਤੇ ਸੋਗ ਮਨਾਉਣ ਵਾਲੇ ਪਰਿਵਾਰਾਂ ਨੂੰ ਯਾਦ ਕੀਤਾ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਦੋਵਾਂ ਦੇਸ਼ਾਂ ਦੇ ਸੈਨਿਕਾਂ ਦੀ ਬਹਾਦਰੀ, ਦੋਸਤੀ ਅਤੇ ਧੀਰਜ ਦੀ ਪ੍ਰਸੰਸਾ ਕੀਤੀ। ਮੈਲਬਾਰਨ ‘ਚ ਤਕਰੀਬਨ 40,000 ਤੋਂ ਵੱਧ ਲੋਕਾਂ ਨੇ ਸ਼ਰਾਈਨ ਆਫ਼ ਰੀਮੇਮਬਰੈਂਸ ਜੰਗੀ ਯਾਦਗਾਰ ‘ਚ ਸ਼ਿਰਕਤ ਕੀਤੀ।
ਇੱਥੇ ਪ੍ਰੀਮੀਅਰ ਜੈਕਿੰਟਾ ਐਲਨ, ਵਿਕਟੋਰੀਆ ਪੁਲਿਸ ਦੇ ਮੁੱਖ ਕਮਿਸ਼ਨਰ ਸ਼ੇਨ ਪੈਟਨ, ਰਾਜ ਦੇ ਵਿਰੋਧੀ ਧਿਰ ਦੇ ਨੇਤਾ ਜੌਨ ਪੇਸੂਟੋ, ਅਤੇ ਵਿਕਟੋਰੀਆ ਦੀ ਗਵਰਨਰ ਮਾਰਗਰੇਟ ਗਾਰਡਨਰ ਵੀ ਮਜ਼ੂਦ ਸਨ। ਸਿਡਨੀ ਦੇ ਮਾਰਟਿਨ ਪਲੇਸ ਵਿਖੇ ਮੌਜੂਦਾ ਅਤੇ ਸਾਬਕਾ ਸੈਨਿਕਾਂ ਨੂੰ ਦੇਖਣ ਅਤੇ ਸਨਮਾਨਿਤ ਕਰਨ ਲਈ ਹਜ਼ਾਰਾਂ ਲੋਕ ਸ਼ਹਿਰ ਦੀਆਂ ਸੜਕਾਂ ‘ਤੇ ਸਵੇਰ ਤੋਂ ਖੜ੍ਹੇ ਸਨ। ਪਰੇਡ ਵਿੱਚ ਦੂਜੇ ਵਿਸ਼ਵ ਯੁੱਧ, ਕੋਰੀਆ, ਮਲਾਇਆ, ਬੋਰਨੀਓ, ਵੀਅਤਨਾਮ, ਖਾੜੀ ਯੁੱਧ, ਪੂਰਬੀ ਤਿਮੋਰ ਅਤੇ ਅਫਗਾਨਿਸਤਾਨ ਵਿੱਚ ਸੇਵਾ ਕਰਨ ਵਾਲੇ ਸਾਬਕਾ ਸੈਨਿਕ ਵੀ ਸ਼ਾਮਲ ਸਨ। ਨਿਊ ਸਾਊਥ ਵੇਲਸ ਦੇ ਗਵਰਨਰ, ਮਾਰਗਰੇਟ ਬੇਜ਼ਲੇ, ਪ੍ਰੀਮੀਅਰ, ਕ੍ਰਿਸ ਮਿਨਸ, ਅਤੇ ਪੁਲਿਸ ਕਮਿਸ਼ਨਰ, ਕੈਰਨ ਵੈਬ ਸੂਰਜ ਚੜ੍ਹਨ ਤੋਂ ਪਹਿਲਾਂ ਫੁੱਲਾਂ ਦੀ ਵਰਖਾ ਕਰਨ ਵਾਲਿਆਂ ਵਿੱਚੋਂ ਸਨ। ਐਡੀਲੇਡ ਵਿੱਚ ਉੱਤਰੀ ਟੈਰੇਸ ‘ਤੇ ਨੈਸ਼ਨਲ ਵਾਰ ਮੈਮੋਰੀਅਲ ਵਿੱਚ ਸਮਾਗਮ ਕਰਵਾਇਆ ਗਿਆ ਅਤੇ ਹੋਬਾਰਟ ਵਿੱਚ ਸੈਂਕੜੇ ਲੋਕਾਂ ਨੇ ਸੀਨੋਟਾਫ ‘ਚ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕੀਤਾ।
ਦੱਸਣਯੋਗ ਹੈ ਕਿ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ’ਚੋ 74 ਹਜ਼ਾਰ ਦੇ ਕਰੀਬ ਸ਼ਹੀਦੀ ਹੋਏ ਅਤੇ ਦੂਜੀ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ’ਚੋਂ 87 ਹਜ਼ਾਰ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15 ਹਜ਼ਾਰ ਸੈਨਿਕਾਂ ’ਚੋ 1500 ਭਾਰਤੀ ਫੌਜੀਆਂ ਨੇ ਸ਼ਹੀਦੀ ਦਿੱਤੀ। ਇਸ ਸਾਲ ਪਹਿਲੇ ਵਿਸ਼ਵ ਯੁੱਧ ਦੌਰਾਨ ਗੈਲੀਪੋਲੀ ਵਿਖੇ ਤੁਰਕੀ ਦੇ ਸਮੁੰਦਰੀ ਤੱਟ ‘ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕਾਂ ਦੇ ਉਤਰਨ ਦੇ 109 ਸਾਲ ਪੂਰੇ ਹੋ ਗਏ ਹਨ।