ਕੁਦਰਤੀ ਇਲਾਜ ਵੱਲ ਪਰਤਣ ਦੀ ਲੋੜ

ਕੁਦਰਤੀ ਇਲਾਜ ਵੱਲ ਪਰਤਣ ਦੀ ਲੋੜ

ਪ੍ਰੋ. ਕੁਲਬੀਰ ਸਿੰਘ
ਬਾਗ਼ ਬਗੀਚੇ ਤੇ ਰਸੋਈ ਦਾ ਇਲਾਜ, ਲੈਬ ਦੇ ਇਲਾਜ ਨਾਲੋਂ ਬਿਹਤਰ ਹੈ। ਪੁਰਾਣੇ ਸਮਿਆਂ ਤੋਂ ਕੁਦਰਤੀ ਇਲਾਜ ਨੂੰ ਭਰੋਸੇਮੰਦ ਮੰਨਿਆ ਜਾਂਦਾ ਰਿਹਾ।

ਪਰੰਤੂ ਨਵੀਆਂ ਖੋਜਾਂ, ਨਵੀਆਂ ਲੱਭਤਾਂ, ਨਵੀਂ ਸਮਝ, ਨਵਾਂ ਗਿਆਨ ਸਾਨੂੰ ਤੇਜ਼ੀ ਨਾਲ ਪ੍ਰੋਸੈਸਡ ਇਲਾਜ ਵੱਲ ਲੈ ਗਏ। ਲੈਬ ਵਿਚ ਤਿਆਰ ਕੀਤੀਆਂ ਦਵਾਈਆਂ ਨਾਲ ਕੀਤੇ ਜਾਂਦੇ ਆਧੁਨਿਕ ਇਲਾਜ-ਢੰਗ ਦੇ ਮਹੱਤਵ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਪਰੰਤੂ ਇਕ ਗੱਲ ਸਪਸ਼ਟ ਹੈ ਕਿ ਲੈਬ ਵਿਚ ਤਿਆਰ ਹੋਈਆਂ ਦਵਾਈਆਂ ਬਿਮਾਰੀ ਨੂੰ ਦਬਾ ਕੇ ਆਰਜੀ ਰਾਹਤ ਦਿੰਦੀਆਂ ਹਨ ਅਤੇ ਕੁਦਰਤੀ ਢੰਗ-ਤਰੀਕੇ ਬਿਮਾਰੀ ਨੂੰ ਖ਼ਤਮ ਕਰਕੇ ਸਿਹਤਮੰਦ ਜੀਵਨ ਜਿਊਣ ਦੇ ਮੌਕੇ ਮੁਹੱਈਆ ਕਰਦੇ ਹਨ। ਜੀਵਨ ਦੀ ਗੁਣਵਤਾ ਵਧਾਉਂਦੇ ਹਨ। ਜੀਵਨ ਲੰਮੇਰਾ ਕਰਦੇ ਹਨ।
ਇਹ ਗੱਲ ਵੀ ਪੱਕੀ ਹੈ ਕਿ ਹਰੇਕ ਮਰੀਜ ਆਧੁਨਿਕ ਇਲਾਜ ਦੇ ਨਾਲ ਨਾਲ ਪੁਰਾਤਨ ਢੰਗ-ਤਰੀਕੇ ਅਤੇ ਘਰੇਲੂ ਉਪਚਾਰ ਵੀ ਜਾਰੀ ਰੱਖਦਾ ਹੈ। ਕਈ ਵਾਰ ਦੋਹਾਂ ਦਾ ਸੁਮੇਲ ਬਿਹਤਰ ਨਤੀਜੇ ਦੇਣ ਵਿਚ ਸਹਾਈ ਹੁੰਦਾ ਹੈ।

ਹੈਰਾਨੀ ਵਾਲੀ ਗੱਲ ਹੈ ਕਿ ਲੰਮੀ ਖੋਜ-ਪੜਤਾਲ, ਲੰਮੇ ਪ੍ਰਾਸੈਸ ਅਤੇ ਵੱਡੇ ਖਰਚੇ ਉਪਰੰਤ ਜਿਹੜਾ ਇਲਾਜ ਲੱਭਿਆ ਜਾਂਦਾ ਹੈ ਉਹ ਇਲਾਜ ਤਾਂ ਪਹਿਲਾਂ ਹੀ ਸਾਡੀ ਘਰੇਲੂ ਬਗੀਚੀ, ਸਾਡੀ ਰਸੋਈ ਵਿਚ ਪਿਆ ਹੈ। ਜਾਂ ਸਾਨੂੰ ਜਾਣਕਾਰੀ ਤੇ ਗਿਆਨ ਨਹੀਂ ਹੈ ਜਾਂ ਅਸੀਂ ਅਵੇਸਲੇ ਹੋਏ ਰਹਿੰਦੇ ਹਾਂ। ਸ਼ੀਸ਼ੀ ਵਚੋਂ ਗੋਲੀ ਕੱਢ ਕੇ ਖਾਣੀ ਸੌਖੀ ਹੈ, ਸਿਹਤਮੰਦ ਜੀਵਨ-ਸ਼ੈਲੀ ਧਾਰਨ ਕਰਨੀ ਔਖੀ ਹੈ। ਸਿਆਣੇ ਤਾਂ ਸੈਂਕੜੇ ਸਾਲ ਪਹਿਲਾਂ ਕਹਿ ਗਏ – ਇਲਾਜ ਨਾਲੋਂ ਪਰਹੇਜ ਚੰਗਾ।

ਲਸਣ, ਅਧਰਕ, ਹਲਦੀ, ਪਿਆਜ, ਟਮਾਟਰ, ਕਾਲੀ ਮਿਰਚ, ਲਾਲ ਮਿਰਚ, ਧਨੀਆ, ਨਿੰਬੂ, ਆਵਲਾ ਆਦਿ ਦੇ ਸਿਹਤ-ਲਾਭ ਅਨੇਕਾਂ ਵਾਰ ਪਰਖੇ ਜਾ ਚੁੱਕੇ ਹਨ।

ਅਜੋਕਾ ਸਮਾਜ ਅੱਜ ਕੁਦਰਤੀ ਇਲਾਜ-ਪ੍ਰਣਾਲੀਆਂ ਅਤੇ ਢੰਗ-ਤਰੀਕਿਆਂ ਪ੍ਰਤੀ ਚੇਤੰਨ ਹੋ ਰਿਹਾ ਹੈ। ਇਸਦੇ ਬਹੁਤ ਸਾਰੇ ਕਾਰਨ ਹਨ। ਆਧੁਨਿਕ ਜੀਵਨ-ਸ਼ੈਲੀ ਕਾਰਨ ਜਿੱਥੇ ਬਿਮਾਰੀਆਂ ਤੇਜ਼ੀ ਨਾਲ ਵਧੀਆਂ ਹਨ ਉਥੇ ਡਾਕਟਰਾਂ, ਟੈੱਸਟਾਂ ਅਤੇ ਹਸਪਤਾਲਾਂ ਦੇ ਚੱਕਰ ਵਿਚ ਸਮੇਂ ਅਤੇ ਧਨ ਦੀ ਬਰਬਾਦੀ ਵੀ ਵਧੀ ਹੈ। ਨਤੀਜੇ ਵਜੋਂ ਬਹੁਗਿਣਤੀ ਲੋਕ ਸਿਹਤ ਅਤੇ ਖ਼ੁਰਾਕ, ਸਿਹਤ ਅਤੇ ਜੀਵਨ-ਸ਼ੈਲੀ ਪ੍ਰਤੀ ਪਹਿਲਾਂ ਨਾਲੋਂ ਵਧੇਰੇ ਸੁਚਤ ਹੋਏ ਹਨ।

ਜੇ ਤੁਸੀਂ ਚਿੰਤਾ ਨਹੀਂ ਕਰਦੇ, ਜੇ ਤੁਸੀਂ ਤਣਾਅ ਵਿਚ ਨਹੀਂ ਰਹਿੰਦੇ, ਜੇ ਤੁਸੀਂ 7-8 ਘੰਟੇ ਦੀ ਚੰਗੀ ਗੂੜ੍ਹੀ ਨੀਂਦ ਲੈਂਦੇ ਹੋ, ਜੇ ਤੁਸੀਂ ਸੈਰ ਕਸਰਤ ਕਰਦੇ ਹੋ, ਜੇ ਤੁਸੀਂ ਸਿਹਤਮੰਦ-ਸੰਤੁਲਿਤ ਖ਼ੁਰਾਕ ਖਾਂਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਜੇ ਤੁਸੀਂ ਸਿਹਤਮੰਦ ਜੀਵਨ-ਸ਼ੈਲੀ ਧਾਰਨ ਕੀਤੀ ਹੋਈ ਹੈ ਤਾਂ ਤੁਸੀਂ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚੇ ਰਹੋਗੇ।

ਸਾਡੀ ਕਿਚਨ ਅਤੇ ਕਿਆਰੀ ਵਿਚ ਬਹੁਤ ਕੁਝ ਅਜਿਹਾ ਹੈ ਜਿਹੜਾ ਸਿਹਤਮੰਦ ਜੀਵਨ ਲਈ ਬੜਾ ਕਾਰਗਰ, ਬੜਾ ਸਹਾਇਕ ਸਿੱਧ ਹੁੰਦਾ ਹੈ। ਕਿਚਨ ਅਤੇ ਕਿਆਰੀ ਵੱਲ ਥੋੜ੍ਹਾ ਹੋਰ ਧਿਆਨ ਦੇ ਕੇ ਅਸੀਂ ਇਨ੍ਹਾਂ ਨੂੰ ਹੋਰ ਕਾਰਗਰ, ਹੋਰ ਸਹਾਇਕ ਬਣਾ ਸਕਦੇ ਹਾਂ। ਕਾਫ਼ੀ ਹੱਦ ਤੱਕ ਦਵਾਈਆਂ ਤੋਂ, ਡਾਕਟਰਾਂ ਤੋਂ, ਹਸਪਤਾਲਾਂ ਤੋਂ ਦੂਰ ਰਹਿ ਸਕਦੇ ਹਾਂ।

ਗੈਰ ਸਿਹਤਮੰਦ ਆਧੁਨਿਕ ਜੀਵਨ-ਸ਼ੈਲੀ ਨੇ ਸਾਡੀ ਸਰੀਰਕ ਮਾਨਸਿਕ ਸਿਹਤ ਦਾ ਬਹੁਤ ਨੁਕਸਾਨ ਕੀਤਾ ਹੈ। ਰਹਿੰਦੀ ਕਸਰ ਗਲਤ ਆਹਾਰ-ਵਿਚਾਰ ਨੇ ਪੂਰੀ ਕਰ ਦਿੱਤੀ। ਜਿਹੜੇ ਮਰੀਜ ਕੁਦਰਤੀ ਇਲਾਜ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾ ਲੈਂਦੇ ਹਨ ਉਹ ਮੁਕਾਬਲਤਨ ਜਲਦੀ ਤੰਦਰੁਸਤ ਹੁੰਦੇ ਵੇਖੇ ਗਏ ਹਨ।

ਚੰਗਾ ਪਹਿਲੂ ਇਹ ਹੈ ਕਿ ਕੁਦਰਤੀ ਇਲਾਜ ਦੇ ਜਿੰਨੇ ਵੀ ਸਰੋਤ ਹਨ ਉਹ ਅਸਾਨੀ ਨਾਲ ਉਪਲਬਧ ਹਨ, ਸਾਡੀ ਪਹੁੰਚ ਵਿਚ ਹਨ। ਸਮਝ ਕੇ, ਅਨੁਸ਼ਾਸਨ ਵਿਚ ਰਹਿੰਦਿਆਂ ਸ਼ੁਰੂਆਤ ਕਰਨ ਦੀ ਲੋੜ ਹੈ। ਕੁਝ ਦਿਨਾਂ, ਹਫ਼ਤਿਆਂ ਵਿਚ ਅਸਰ ਨਜ਼ਰ ਆਉਣ ਲੱਗਦਾ ਹੈ। ਜਿਵੇਂ ਸਿਆਣੇ ਕਹਿੰਦੇ ਹਨ ਹਿੰਙ ਲੱਗੇ ਨਾ ਫਟਕੜੀ ਰੰਗ ਵੀ ਆਵੇ ਚੋਖਾ। ਨਾ ਖਰਚਾ ਨਾ ਖੇਚਲ ਪਰੰਤੂ ਤਨ ਮਨ ਨਵਾਂ ਨਰੋਆ। ਸਹੀ ਮਾਤਰਾ ਵਿਚ ਵਰਤਣ ’ਤੇ ਇਨ੍ਹਾਂ ਦੇ ਦੁਰ-ਪ੍ਰਭਾਵ ਵੀ ਨਾ-ਮਾਤਰ ਹਨ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਵਿਸ਼ਵ ਦੇ ਬਹੁਗਿਣਤੀ ਲੋਕ ਕੁਦਰਤੀ ਇਲਾਜ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸਨੂੰ ਤਰਜੀਹ ਦਿੰਦੇ ਹਨ। ਵਿਸ਼ਵ ਸਿਹਤ ਸੰਗਠਨ ਇਸਨੂੰ ਮਾਨਤਾ ਦਿੰਦਾ ਹੈ ਅਤੇ ਇਸਦੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਦੀ ਇੱਛਾ ਰੱਖਦਾ ਹੈ। ਸੰਗਠਨ ਦੀ ਇੱਛਾ ਹੈ ਕਿ ਉਨ੍ਹਾਂ ਮੁਲਕਾਂ ਦੀ ਇਸ ਖੇਤਰ ਵਿਚ ਸਹਾਇਤਾ ਕੀਤੀ ਜਾਵੇ ਜਿਹੜੇ ਕੁਦਰਤੀ ਇਲਾਜ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੇ ਹਨ। ਸੰਗਠਨ ਚਾਹੁੰਦਾ ਹੈ ਕਿ ਇਸਨੂੰ ਵਧੇਰੇ ਸਰੱਖਿਅਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਂਦਾ ਜਾਵੇ। ਇਸ ਲਈ ਉਸਨੇ ਉਨ੍ਹਾਂ ਦੇਸ਼ਾਂ, ਸੰਸਥਾਵਾਂ ਦੀ ਸਹਾਇਤਾ ਆਰੰਭ ਕੀਤੀ ਹੈ ਤਾਂ ਜੋ ਵਿਗਿਆਨਕ ਲੀਹਾਂ ’ਤੇ ਚੱਲਦਿਆਂ ਕੁਦਰਤੀ ਇਲਾਜ ਪ੍ਰਣਾਲੀ ਅਤੇ ਉਸਦੇ ਪ੍ਰਭਾਵਾਂ ਨੂੰ ਸਮਝਣ ਲਈ ਖੋਜ-ਕਾਰਜ ਨੂੰ ਹੋਰ ਅਗੇਰੇ ਵਧਾਇਆ ਜਾ ਸਕੇ। ਕਿਉਂ ਕਿ ’ਕੁਦਰਤੀ’ ਦਾ ਅਰਥ ਹਰ ਵੇਲੇ ਸਰੱਖਿਅਤ ਨਹੀਂ ਹੁੰਦਾ।

ਇਕ ਅਨੁਮਾਨ ਅਨੁਸਾਰ ਧਰਤੀ ’ਤੇ 50000 ਤੋਂ 70000 ਤੱਕ ਹਰਬਲ ਪੌਦੇ (ਮੈਡੀਕਲ ਪਲਾਂਟਸ) ਹਨ ਜਿਨ੍ਹਾਂ ਦੀ ਇਲਾਜ ਲਈ ਜਾਂ ਦਵਾਈਆਂ ਲਈ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਪੌਦੇ ਹਨ ਜਿਨ੍ਹਾਂ ਦੇ ਮੈਡੀਕਲ ਮਹੱਤਵ ਸੰਬੰਧੀ ਅਜੇ ਖੋਜ-ਪੜਤਾਲ ਜਾਰੀ ਹੈ। ਕੇਵਲ ਭਾਰਤ ਵਿਚ ਹੀ 8000 ਤੋਂ ਵਧੇਰੇ ਹਰਬਲ ਪੌਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ 21000 ਦੇ ਕਰੀਬ ਪੌਦਿਆਂ ਦੀ ਇਲਾਜ ਮਨੋਰਥ ਲਈ ਵਰਤੋਂ ਹੋ ਰਹੀ ਹੈ। ਫੂਡ ਐਂਡ ਐਗਰੀਕਲਚਰ ਔਰਗੇਨਾਈਜੇਸ਼ਨ (FAO) ਅਨੁਸਾਰ ਦੁਨੀਆਂ ਭਰ ਵਿਚ 50000 ਪੌਦਿਆਂ ਦੀ ਦਵਾਈਆਂ ਵਿਚ ਵਰਤੋਂ ਹੋ ਰਹੀ ਹੈ।

ਕੈਨੇਡਾ, ਆਸਟਰੇਲੀਆ, ਚੀਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਨਿਪਾਲ, ਪਾਕਿਸਤਾਨ, ਸ੍ਰੀ ਲੰਕਾ, ਥਾਈਲੈਂਡ, ਅਮਰੀਕਾ, ਵੀਅਤਨਾਮ, ਯੂਰਪੀਅਨ ਦੇਸ਼ ਆਦਿ ਉਨ੍ਹਾਂ ਮੁਲਕਾਂ ਵਿਚ ਸ਼ਾਮਲ ਹਨ ਜਿੱਥੇ ਹਰਬਲ ਪੌਦਿਆਂ ਦੀ ਇਲਾਜ ਲਈ ਵਧੇਰੇ ਵਰਤੋਂ ਕੀਤੀ ਜਾਂਦੀ ਹੈ।
ਇਸ ਸੰਬੰਧ ਵਿਚ ਹਜ਼ਾਰਾਂ ਖੋਜ-ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ। ਅਨੇਕਾਂ ਖੋਜ-ਵਿਦਿਆਰਥੀਆਂ ਨੇ ਖੋਜ-ਕਾਰਜ ਮੁਕੰਮਲ ਕਰਕੇ ਉੱਚ-ਪੱਧਰ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ।

ਦੁਨੀਆਂ ਭਰ ਦੇ ਲੋਕ ਕੁਦਰਤੀ ਇਲਾਜ-ਪ੍ਰਣਾਲੀ ਅਤੇ ਹਰਬਲ ਪੌਦਿਆਂ ਦੇ ਸੇਵਨ ਪ੍ਰਤੀ ਸੁਚੇਤ ਹੋ ਰਹੇ ਹਨ। ਇਹ ਰੁਝਾਨ ਵਿਕਾਸਸ਼ੀਲ ਅਤੇ ਵਿਕਸਤ ਦੋਹਾਂ ਤਰ੍ਹਾਂ ਦੇ ਦੇਸ਼ਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ। ਫਰਾਂਸ, ਜਰਮਨੀ, ਇਟਲੀ, ਇੰਗਲੈਂਡ ਜਿਹੇ ਮੁਲਕ ਵੀ ਵਿਸ਼ੇਸ਼ ਰੁਚੀ ਵਿਖਾ ਰਹੇ ਹਨ। ਕੋਵਿਡ-19 ਨੇ ਇਸ ਰੁਝਾਨ ਨੂੰ ਹੋਰ ਤੇਜ਼ ਕੀਤਾ ਹੈ।

ਅਫ਼ਰੀਕਾ ਵਰਗੇ ਮੁਲਕਾਂ ਵਿਚ ਮੁਢਲੀ ਸਿਹਤ ਸੰਭਾਲ ਲਈ 70 ਤੋਂ 80 ਪ੍ਰਤੀਸ਼ਤ ਲੋਕ ਕੁਦਰਤੀ ਇਲਾਜ ’ਤੇ ਨਿਰਭਰ ਹਨ ਜਾਂ ਇਸਨੂੰ ਤਰਜੀਹ ਦਿੰਦੇ ਹਨ।

ਭਾਰਤੀ ਕਿਸਾਨ ਇਸ ਖੇਤਰ ਦੀ ਜਾਣਕਾਰੀ ਹਾਸਲ ਕਰਕੇ, ਇਸ ਉਦਯੋਗ ਨਾਲ ਤਾਲਮਲ ਕਰਕੇ, ਹਰਬਲ ਪੌਦਿਆਂ ਦੀ ਖੇਤੀ ਨਾਲ ਜੁੜ ਕੇ ਆਪਣੀ ਆਮਦਨ ਵਿਚ ਵੱਡਾ ਵਾਧਾ ਕਰ ਸਕਦੇ ਹਨ। ਦੁਨੀਆਂ ਵਿਚ ਬਹੁਤ ਸਾਰੇ ਇਲਾਕੇ ਹਨ ਜਿੱਥੋਂ ਦੇ ਕਿਸਾਨ ਭਾਈਚਾਰੇ ਨੂੰ 50 ਪ੍ਰਤੀਸ਼ਤ ਆਮਦਨ ਮੈਡੀਕਲ ਪੌਦਿਆਂ ਨੂੰ ਵੇਚਣ ਨਾਲ ਹੁੰਦੀ ਹੈ। ਤਨਜ਼ਾਨੀਆਂ ਅਤੇ ਮੋਰੋਕੋ ਜਿਹੇ ਦੇਸ਼ ਮੈਡੀਕਲ ਪੌਦਿਆਂ ਦੇ ਵਿਉਪਾਰ ਤੋਂ ਵੱਡੀਆਂ ਰਕਮਾਂ ਕਮਾਉਂਦੇ ਹਨ। ਅਫ਼ਰੀਕਨ ਹਰਬਲ ਦਵਾਈਆਂ ਦਾ ਉਦਯੋਗ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਸਥਾਪਤ ਕਰ ਰਿਹਾ ਹੈ।

ਮਨੁੱਖੀ ਮਨ, ਮਨੁੱਖੀ ਸਰੀਰ ਦੀ ਬਣਤਰ ਅਜਿਹੀ ਹੈ ਕਿ ਇਸਦੀ ਕੁਦਰਤ ਵੱਲ ਪਰਤਣ ਵਿਚ ਹੀ ਬਿਹਤਰੀ ਹੈ। ਜਿੰਨਾ ਇਹ ਕੈਮੀਕਲਾਂ ਤੋਂ ਬਚਿਆਂ ਰਹੇਗਾ ਓਨੀ ਮਾਨਸਿਕ ਸਰੀਰਕ ਸਿਹਤ ਸਹੀ ਰਹੇਗੀ।