2025 ਆਸਟ੍ਰੇਲਿਆਈ ਸੰਘੀ ਚੋਣਾਂ 3 ਮਈ ਨੂੰ

ਜਲਵਾਯੂ, ਇਮੀਗ੍ਰੇਸ਼ਨ ਅਤੇ ਜੀਵਨ ਖਰਚਾ ਮੁੱਖ ਮੁੱਦੇ
ਹੰਗ ਪਾਰਲੀਮੈਂਟ ਦੀ ਸੰਭਾਵਨਾ

(ਹਰਜੀਤ ਲਸਾੜਾ, ਬ੍ਰਿਸਬੇਨ 31 ਮਾਰਚ)
ਆਸਟ੍ਰੇਲੀਆ ‘ਚ 48ਵੀਆਂ ਫੈਡਰਲ ਚੋਣਾਂ 3 ਮਈ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵੱਲੋਂ ਚੋਣਾਂ ਦੇ ਐਲਾਨ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਵਾਰ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀਆਂ 151 ‘ਚੋਂ 150 ਅਤੇ ਸੈਨੇਟ ਦੀਆਂ 76 ‘ਚੋਂ 40 ਸੀਟਾਂ ‘ਤੇ ਚੋਣ ਲੜੀ ਜਾਵੇਗੀ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਲੇਬਰ ਸਰਕਾਰ ਲਈ ਦੂਜੇ ਕਾਰਜਕਾਲ ਲਈ ਦੁਬਾਰਾ ਚੋਣ ਲੜਨਗੇ। 2022 ਦੀਆਂ ਚੋਣਾਂ ਵਿੱਚ ਲੇਬਰ ਨੇ 77 ਸੀਟਾਂ ਜਿੱਤੀਆਂ ਸਨ, ਜੋ ਬਹੁਮਤ ਲਈ ਕਾਫ਼ੀ ਸਨ। ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦੀ ਅਗਵਾਈ ਹੇਠ ਲਿਬਰਲ-ਨੈਸ਼ਨਲ ਗੱਠਜੋੜ ਇੱਕ ਕਾਰਜਕਾਲ ਤੋਂ ਬਾਅਦ ਸਰਕਾਰ ਵਿੱਚ ਵਾਪਸ ਆਉਣਾ ਚਾਹੁੰਦੇ ਹਨ। ਲੇਬਰ ਪਾਰਟੀ ‘ਫਿਊਚਰ ਮੇਡ ਇਨ ਆਸਟ੍ਰੇਲੀਆ’ ਯੋਜਨਾ ਤਹਿਤ ਹਾਊਸਿੰਗ, ਸਿਹਤ ਸੇਵਾਵਾਂ ਅਤੇ ਜੀਵਨ ਖਰਚੇ ਦੀ ਸਮੱਸਿਆ ‘ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਹਨਾਂ 8.5 ਬਿਲੀਅਨ ਡਾਲਰ ਦੀ ਬਲਕ-ਬਿਲਿੰਗ ਸਕੀਮ ਅਤੇ ਐਨਰਜੀ ਰਿਬੇਟ ਨੂੰ ਵਧਾਉਣ ਦਾ ਵਾਅਦਾ ਵੀ ਕੀਤਾ ਹੈ। ਉੱਧਰ 2022 ‘ਚ ਮਹਿਜ਼ 58 ਸੀਟਾਂ ’ਤੇ ਸਿਮਟਣ ਵਾਲੀ ਵਿਰੋਧੀ ਧਿਰ ਲਿਬਰਲ-ਨੈਸ਼ਨਲ ਕੋਐਲੀਸ਼ਨ ‘ਲੈੱਟਸ ਗੈੱਟ ਆਸਟ੍ਰੇਲੀਆ ਬੈਕ ਆਨ ਟਰੈਕ’ ਦੇ ਨਾਅਰੇ ਨਾਲ ਸੱਤਾ ਵਾਪਸੀ ਦੀ ਚਾਹ ‘ਚ ਹੈ। ਉਹ ਨਿਊਕਲੀਅਰ ਪਾਵਰ, ਹਾਊਸਿੰਗ (ਸੁਪਰਅਨਿਊਏਸ਼ਨ ਨਾਲ ਘਰ ਖਰੀਦਣ ਦੀ ਛੋਟ) ਅਤੇ ਇਮੀਗ੍ਰੇਸ਼ਨ ’ਤੇ ਬੋਲ ਰਹੇ ਹਨ।

ਉਹਨਾਂ ਫਿਊਲ ਐਕਸਾਈਜ਼ ਨੂੰ ਅੱਧਾ ਕਰਨ (25 ਸੈਂਟ ਪ੍ਰਤੀ ਲੀਟਰ ਦੀ ਬੱਚਤ) ਅਤੇ ਮਾਨਸਿਕ ਸਿਹਤ ਸੈਸ਼ਨਾਂ ਨੂੰ 10 ਤੋਂ 20 ਤੱਕ ਵਧਾਉਣ ਦਾ ਐਲਾਨ ਵੀ ਕੀਤਾ ਹੈ। ਸੂਬਾ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੀਆਂ ਬਾਹਰੀ ਸੀਟਾਂ ’ਤੇ ਵੀ ਉਹਨਾਂ ਦੀ ਨਜ਼ਰ ਰਹੇਗੀ। ਤੀਜੀ ਵੱਡੀ ਧਿਰ ਗਰੀਨ ਪਾਰਟੀ ਨੇ 2022 ਵਿੱਚ 4 ਸੀਟਾਂ ਜਿੱਤੀਆਂ ਸਨ ਅਤੇ ਹੁਣ ਬ੍ਰਿਸਬੇਨ (ਹਲਕਾ ਮਾਰਟਨ), ਗ੍ਰਿਫਿਥ ਅਤੇ ਰਾਇਨ ਸੀਟਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਹ ਜਲਵਾਯੂ ਤਬਦੀਲੀ, ਸਸਤੀ ਹਾਊਸਿੰਗ, ਸਮਾਜਿਕ ਨਿਆਂ, ਸਹਿਤ ਅਤੇ ਸਿੱਖਿਆ ਨੂੰ ਸਮੇਂ ਦੀ ਮੰਗ ਕਹਿ ਰਹੇ ਹਨ। ਲੰਘੇ ਸਮੇਂ ‘ਚ ਗਰੀਨ ਨੇ ਲੋਕਾਂ ਲਈ ਕਫਾਇਤੀ ਜਨਤਕ ਘਰਾਂ ਦੀ ਉਸਾਰੀ ਵਾਸਤੇ ਲੇਬਰ ‘ਤੇ ਦਬਾਅ ਬਣਾ ਕੇ ਦੋ ਬਿਲੀਅਨ ਡਾਲਰ ਜਾਰੀ ਕਰਵਾਏ ਸਨ। ਗ੍ਰੀਨ ਦਾ ਮੰਨਣਾ ਹੈ ਕਿ ਸੁਪਰਅਨਿਊਏਸ਼ਨ ਨਾਲ ਘਰ ਖਰੀਦਣ ਨਾਲ ਘਰਾਂ ਦੀਆਂ ਕੀਮਤਾਂ ਅਸਮਾਨੀ ਛੂਹਣਗੀਆਂ। ਗ੍ਰੀਨਜ਼ ਦੀ ਨਜ਼ਰ ਮੈਲਬਾਰਨ ‘ਚ ਵਿਲਸ ਅਤੇ ਮੈਕਨਾਮਾਰਾ ਸੀਟਾਂ ’ਤੇ ਵੀ ਹੈ, ਜਿੱਥੇ ਉਹ ਲੇਬਰ ਨੂੰ ਸਿੱਧੀ ਚੁਣੌਤੀ ਦੇ ਸਕਦੇ ਹਨ। ਗੌਰਤਲਬ ਹੈ ਕਿ 2022 ਵਿੱਚ 10 ਆਜ਼ਾਦ ਉਮੀਦਵਾਰ ਵੀ ਜਿੱਤੇ ਸਨ।

ਇਸ ਵਾਰ ਵੀ ਉਹ ਕੋਐਲੀਸ਼ਨ ਦੀਆਂ ਸੀਟਾਂ ’ਤੇ ਨਿਸ਼ਾਨਾ ਲਗਾ ਰਹੇ ਹਨ। ਸਾਬਕਾ ਲੇਬਰ ਸੈਨੇਟਰ ਫਾਤਿਮਾ ਪੇਮੈਨ ਦੀ ‘ਆਸਟ੍ਰੇਲੀਆਜ਼ ਵੌਇਸ’ ਅਤੇ ਗੈਰਾਰਡ ਰੈਨਿਕ ਦੀ ‘ਪੀਪਲ ਫਸਟ ਪਾਰਟੀ’ ਵਰਗੀਆਂ ਨਵੀਆਂ ਪਾਰਟੀਆਂ ਵੀ ਮੈਦਾਨ ‘ਚ ਹਨ। ਸੈਂਟਰ ਅਲਾਇੰਸ ਅਤੇ ਕੈਟਰਜ਼ ਆਸਟ੍ਰੇਲੀਅਨ ਪਾਰਟੀ ਕੋਲ 1-1 ਸੀਟ ਹੈ। ਹੁਣ ਤਕ ਦੇ ਪੋਲਿੰਗ ਸਰਵੇਖਣਾਂ ਮੁਤਾਬਕ ਲਿਬਰਲ-ਨੈਸ਼ਨਲ ਗੱਠਜੋੜ ਦੀ ਹਲਕੀ ਜਿਹੀ ਬੜਤ ਹੈ, ਪਰ ਬਹੁਤੇ ਮਾਹਿਰ ਹੰਗ ਪਾਰਲੀਮੈਂਟ (ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣਾ) ਦੀ ਸੰਭਾਵਨਾ ਦੇਖ ਰਹੇ ਹਨ। ਲੇਬਰ ਨੂੰ ਸਿਰਫ਼ 2 ਸੀਟਾਂ ਗੁਆਉਣ ਨਾਲ ਬਹੁਮਤ ਖਤਮ ਹੋ ਸਕਦਾ ਹੈ, ਜਦਕਿ ਕੋਐਲੀਸ਼ਨ ਨੂੰ ਸਰਕਾਰ ਬਣਾਉਣ ਲਈ 19 ਸੀਟਾਂ ਦੀ ਲੋੜ ਹੈ। ਇਹ ਚੋਣ ਆਸਟ੍ਰੇਲੀਆ ਦੇ ਭਵਿੱਖ ਲਈ ਅਹਿਮ ਹੋਵੇਗੀ, ਜਿਸ ਵਿੱਚ ਜੀਵਨ ਖਰਚਾ, ਜਲਵਾਯੂ ਅਤੇ ਇਮੀਗ੍ਰੇਸ਼ਨ ਮੁੱਖ ਮੁੱਦੇ ਹੋਣਗੇ।