ਪਿੰਡ, ਪੰਜਾਬ ਦੀ ਚਿੱਠੀ (241)

ਛਾਂਟੇ ਹੋਏ, ਛੀਂਟਕੇ ਪੰਜਾਬੀ ਜਵਾਨੋ, ਚੜ੍ਹਦੀ ਕਲਾ ਹੋਵੇ। ਅਸੀਂ ਰਾਜ਼ੀ-ਹਾਂ, ਪ੍ਰਮਾਤਮਾ ਤੁਹਾਨੂੰ ਵੀ ਰਾਜ਼ੀ-ਖੁਸ਼ੀ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਕਈ ਸਾਲਾਂ ਮਗਰੋਂ ਮੋਪਾ ਛਾਂਟੀਆ ਆਪਣੇ ਪਿੰਡ ਆਇਆ ਹੈ ਮਿਲਣ। ਮੋਟਾ-ਤਾਜਾ ਤਾਂ ਉਵੇਂ ਹੀ ਹੈ ਪਰ ਉਮਰ ਦੇ ਹਿਸਾਬ ਨਾਲ ਬਲ-ਹਾਰ ਗਿਆ ਹੈ। ਬਦਲਦੇ ਸਮੇਂ ਦੇ ਰੰਗਾਂ ਨਾਲ ਉਸ ਦੇ ਕਬੀਲੇ ਨੇ ਵੀ ਕਸਬ ਬਦਲ ਲਿਆ ਹੈ। ਥਾਂ-ਥਾਂ ਤੁਰਨ ਦੀ ਥਾਂ ਉਸ ਨੇ ਭਾਈਚਾਰੇ ਨਾਲ ਹਰਿਆਣੇ ਦੇ ਕਿਸੇ ਪਿੰਡ `ਚ ਸਰਕਾਰੀ ਥਾਂ ਉੱਤੇ ਘਰ ਪਾ ਲਿਆ ਹੈ। ਬਲਦਾਂ ਦੀ ਥਾਂ ਕੈਂਟਰ ਲੈ ਭੇਡ-ਬੱਕਰੀਆਂ ਦਾ ਵਪਾਰ ਕਰਦਾ ਹੈ। ਉਸ ਦੇ ਪੋਤਰੇ ਪੜ੍ਹਦੇ ਹਨ ਅਤੇ ਤੱਕਲੇ-ਖੁਰਚਨਿਆਂ ਦੀ ਥਾਂ, ਖੇਤੀ ਸੰਦਾਂ ਦੀ ਵਰਕਸ਼ਾਪ ਬਣਾ ਲਈ ਹੈ। ਬਲਦਾਂ ਦੀ ਰਿਵਾਇਤੀ ਗੱਡੀ ਕਿਸੇ ਦੇ ਵਿਆਹ-ਸਟੂਡੀਓ ਦਾ ਸ਼ਿੰਗਾਰ ਬਣ ਗਈ ਹੈ। ਔਰਤਾਂ ਦਾ ਪਹਿਰਾਵਾ ਆਮ ਪੇਂਡੂ ਹੋ ਰਿਹਾ ਹੈ। ਆਉਣ-ਜਾਣ ਲਈ ਮੋਟਰਸਾਈਕਲ ਵਰਤਦੇ ਹਨ। ਉਸਨੂੰ, ਉਸ ਦਾ ਮੁੰਡਾ ਕੁਲਵੀਰ, ਆਪਣੀ ਕਾਰ ਉੱਤੇ ਠੰਡੇ ਉਰਫ ਠੋਲੂ ਬੇਲੀ ਦੇ ਘਰ ਛੱਡ ਕੇ ਗਿਆ ਹੈ। ਬਾਹਲੇ ਪੁਰਾਣੇ ਸਾਥੀ ਤਾਂ ਹੁਣ, ਚੋਲਾ ਛੱਡ ਗਏ ਹਨ। ਫੇਰ ਵੀ ਨਰੈਣਾ ਮਲਵਈ, ਘੁੱਕਾ ਬਾਹਰਲਾ ਅਤੇ ਨੀਲੂ ਢਾਣੀ ਵਾਲਾ ਜਿਉਂ ਬੈਠਦੇ ਹਨ, ਨੱਬਿਆਂ ਨੂੰ ਢੁੱਕੇ ਮੋਪੇ ਨਾਲ ਖੂਬ ਪਰਾਣੇ ਚਿੱਠੇ ਫਰੋਲ ਰਹੇ ਹਨ। ਲੰਘੇ ਵੇਲੇ, ਕਈ ਪਿੰਡਾਂ `ਚ ਤੁਰ ਫਿਰ ਕੇ ਮੋਪੇ ਦਾ ਭਾਈਚਾਰਾ, ਫੇਰ ਆਪਣੇ ਪਿੰਡ ਛੱਪੜ ਉੱਤੇ ਆ ਬਹੁੜਦਾ ਸੀ। ਆਪਣੇ ਪਿੰਡ ਨਾਲ ਉਸ ਦਾ ਖਾਸ ਮੋਹ ਹੋ ਗਿਆ ਸੀ। ਉਸਦੀ ਘਰ-ਵਾਲੀ ਘੰਮੋ, ਉਸਦੇ ਜਵਾਕ ਕਮਲੀ, ਸ਼ਮਲੀ ਅਤੇ ਕਾਲਾ ਪਿੰਡ ਨਾਲ ਘੁਲੇ-ਮਿਲੇ ਹਨ। ਉਨ੍ਹਾਂ ਦੀਆਂ, ਗੱਡੀਆਂ, ਪਸੂ, ਲੁਹਾਰਾਂ ਦਾ ਕੰਮ, ਉਨ੍ਹਾਂ ਦਾ ਰੋਜ਼ ਵਧੀਆ ਖਾਣ-ਪੀਣ, ਨਸ਼ਾ ਕਰਕੇ, ਉੱਚੀ-ਉੱਚੀ ਬੋਲਣਾਂ, ਲੜਨਾ, ਸਵੇਰ ਨੂੰ ਫੇਰ ਓਹੋ ਜਿਹਾ ਹੋ ਜਾਣਾ, ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹੀ ਬਣ ਗਿਆ ਸੀ। ਤਾਂਈਉਂ ਮੋਪਾ ਅੱਖਾਂ ਭਰ ਕੇ ਕਹਿੰਦਾ, “ਮੇਰੀ ਤਾਂ ਰੂਹ ਏਥੇ ਹੀ ਹੈ। ਸੋਚਿਆ ਮਰਨ ਤੋਂ ਪਹਿਲਾਂ ਇੱਕ ਵਾਰ ਮਿਲ ਜਾਂਵਾਂ, ਹਰਿਆਣੇ `ਚ ਸਰਕਾਰ ਨੇ ਜ਼ਮੀਨ ਅਲਾਟ ਕਰਤੀ, ਨਹੀਂ ਤਾਂ ਮੇਰਾ ਵੱਢਿਆ ਰੂਹ ਨਾ ਜਾਂਦਾ ਉੱਥੇ, ਵੱਸ ਚੱਲੇ ਤਾਂ ਮੈਂ ਉੱਡ ਕੇ ਆ ਜਾਵਾਂ ਹੁਣ ਵੀ।” ਸਾਰੇ ਉਸਦੀ ਗੱਲ ਸੁਣ ਕੇ ਫਿੱਸ ਪਏ।

ਹੋਰ, ਬਠਿੰਡੇ ਆਲਾ ਏਮਜ਼ ਹਸਪਤਾਲ, ਲੋਕਾਂ ਦੀ ਵਰਦਾਨ ਹੈ। ਲੋਕੀਂ, ਕਈ ਤਰ੍ਹਾਂ ਦੇ ਨਵੇਂ ਕਾਰੋਬਾਰਾਂ `ਚ ਲੱਗ ਰਹੇ ਹਨ। ਪ੍ਰਤਾਪ ਸਿੰਘ ਅਤੇ ਰਾਮ ਸਿੰਘ ਵਰਗੇ ਕਈ ਰੌਣਕਾਂ ਲਾ ਰਹੇ ਹਨ। ਪੰਜਾਬ ਸਰਕਾਰ ਦੇ ਬੱਜਟ ਨੂੰ ਘੋਖ ਰਹੇ ਹਾਂ। ਸੱਚ, ਹਰਗੁਣ ਕਿਆਂ ਨੇ, ਨਵਾਂ ਘਰ ਪਾ ਲਿਆ ਹੈ। ਸ਼੍ਰੋਮਣੀ ਕਮੇਟੀ ਇਜਲਾਸ ਵੱਲ, ਧਿਆਨ ਹੈ। ਕਿਸੇ ਸ਼ਾਇਰ ਦੀਆਂ ‘ਲਾਈਨਾਂ` ਤੁਹਾਡੇ ਫ਼ੋਨ ਆਂਗੂੰ ਹਨ। ‘ਪਿੰਡ ਨੂੰ ਸੁੱਖ-ਸੁਨੇਹਾ ਦੇਣਾ, ਫਿਕਰ ਕਰੇ ਨਾ ਮੁੜ ਆਵਾਂਗੇ।` ਚੰਗਾ, ਉੱਚੀਆਂ ਉਡਾਰੀਆਂ ਮਾਰੋ। ਮਿਲਦੇ ਹਾਂ, ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061