(ਹਰਜੀਤ ਲਸਾੜਾ, ਬ੍ਰਿਸਬੇਨ 22 ਅਗਸਤ) ਇੱਥੇ ਭੀਮ ਰਾਉ ਅੰਬੇਡਕਰ ਮਿਸ਼ਨ ਸੋਸਾਇਟੀ ਬ੍ਰਿਸਬੇਨ ਵੱਲੋਂ ਕੇਅਰ ਐਂਡ ਕੰਨਸਰਨ ਆਸਟ੍ਰੇਲੀਆ ਵਿਖੇ ਭਾਰਤ ਦਾ 78ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ਅਤੇ ਤਿਰੰਗਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ ਗਈ। ਇਸ ਮੌਕੇ ਮਾਸਟਰ ਭਗਵਾਨ ਸਿੰਘ ਨੇ ਸੁਤੰਤਰਤਾ ਦੀ ਵਧਾਈ ਦਿੰਦਿਆਂ ਦੇਸ਼ ਵਿੱਚ ਚੱਲਦੇ ਆਰਥਿਕ ਪਾੜੇ ‘ਤੇ ਚਿੰਤਾ ਪ੍ਰਗਟਾਈ। ਗਲੋਬਲ ਕਾਲਜ਼ ਤੋਂ ਬਲਵਿੰਦਰ ਸਿੰਘ ਮੋਰੋਂ ਨੇ ਸਿੱਖਿਆ ਨੂੰ ਹਰ ਤਰਾਂ ਦੀ ਗੁਲਾਮੀ ਦੀ ਕੁੰਜੀ ਦੱਸਿਆ। ਦਲਜੀਤ ਸਿੰਘ ਅਨੁਸਾਰ ਆਜ਼ਾਦੀ ਹਾਸਿਲ ਕਰਨ ਵਿਚ ਹਿੰਦੂ, ਮੁਸਲਿਮ ਤੇ ਸਿੱਖ ਭਾਈਚਾਰੇ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਤਵਿੰਦਰ ਟੀਨੂੰ ਨੇ ਦੇਸ਼ ‘ਚ ਨਾਬਰਾਬਰੀ ਨੂੰ ਦੇਸ਼ ਵਾਸੀਆਂ ਲਈ ਕੋਹੜ ਰੂਪੀ ਦੱਸਿਆ। ਗੀਤਕਾਰ ਰੱਤੂ ਰੰਧਾਵਾ ਦੀਆਂ ਇਨਕਲਾਬੀ ਕਵਿਤਾਵਾਂ ਨੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਗੁਰਦੀਪ ਜਗੇੜਾ, ਹਰਵਿੰਦਰ ਬਾਸੀ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਸਮੇਂ ਪੰਜਾਬ ਅਸੈਂਬਲੀ ਮੈਂਬਰ ਨਛੱਤਰ ਪਾਲ ਨੇ ਆਪਣੀ ਆਨਲਾਈਨ ਤਕਰੀਰ ‘ਚ ਦੱਸਿਆ ਕਿ ਉਹਨਾਂ ਡਾ. ਅੰਬੇਡਕਰ ਅਤੇ ਹੋਰ ਇਤਿਹਾਸਕਾਰਾਂ ਦੇ ਦਸਤਾਵੇਜ਼ ਸਕੱਤਰੇਤ ਲਾਇਬ੍ਰੇਰੀ ਨੂੰ ਸੌਂਪੇ ਹਨ। ਉਹਨਾਂ ਦੇਸ਼ ਲਈ ਕੁਰਬਾਨੀ ਦੇਣ ਵਾਲੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ, ਗੁਰਸੇਵਕ ਸਿੰਘ, ਤਾਜ ਰੱਤੂ, ਦਿਨੇਸ਼ ਬੇਗਮਪੁਰੀ, ਅਨਮੋਲ ਜਗੇੜਾ, ਗੁਰਨੂਰ ਜਗੇੜਾ ਆਦਿ ਵੀ ਮੌਜੂਦ ਸਨ।