ਖੋਜ ਕਾਰਜਾਂ ਲਈ ਲੱਖਾਂ ਡਾਲਰ ਦਾ ਬਣਿਆ ਖ਼ਤਰਾ

(ਹਰਜੀਤ ਲਸਾੜਾ, ਬ੍ਰਿਸਬੇਨ 24 ਮਾਰਚ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ‘ਅਮਰੀਕਾ ਪਹਿਲਾਂ’ ਨੀਤੀ ਤਹਿਤ ਸੱਤ ਆਸਟ੍ਰੇਲਿਆਈ ਯੂਨੀਵਰਸਿਟੀਆਂ ਦੀ ਫੰਡਿੰਗ ਵਿੱਚ ਵੱਡੀ ਕਟੌਤੀ ਕੀਤੀ ਹੈ ਜਿਸ ਨਾਲ ਲੱਖਾਂ ਡਾਲਰ ਦੀ ਸਾਂਝੀ ਖੋਜ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਆਸਟ੍ਰੇਲਿਆਈ ਅਕਾਦਮਿਕ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਉੱਠੀ ਹੈ। ਸਿੱਖਿਆ ਮੰਤਰੀ ਜੇਸਨ ਕਲੇਅਰ ਅਨੁਸਾਰ ਇਸ ‘ਸਿਆਸੀ ਦਖ਼ਲਅੰਦਾਜ਼ੀ’ ਕਾਰਨ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਟੈਕਨਾਲੋਜੀ ਸਿਡਨੀ, ਯੂਨੀਵਰਸਿਟੀ ਆਫ਼ ਐਨਐਸਡਬਲਯੂ, ਮੋਨਾਸ਼ ਯੂਨੀਵਰਸਿਟੀ, ਮੈਕਵੇਰੀ ਯੂਨੀਵਰਸਿਟੀ, ਡਾਰਵਿਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਲਈ ਅਮਰੀਕੀ ਸਰਕਾਰ ਵੱਲੋਂ ਫੰਡਿੰਗ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ।
ਇਸ ਕਟੌਤੀ ਨਾਲ ਲਗਭਗ 60 ਕਰੋੜ ਡਾਲਰ ਦੀ ਖੋਜ ਫੰਡਿੰਗ ’ਤੇ ਅਸਰ ਪੈ ਸਕਦਾ ਹੈ ਜੋ ਮੈਡੀਕਲ, ਰੱਖਿਆ, ਜਲਵਾਯੂ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਸਾਂਝੇ ਪ੍ਰੋਜੈਕਟਾਂ ਲਈ ਮਹੱਤਵਪੂਰਨ ਸੀ। ਆਸਟ੍ਰੇਲੀਆਈ ਸਰਕਾਰ ਨੇ ਇਸ ਫੈਸਲੇ ਨੂੰ ‘ਅਸਵੀਕਾਰਯੋਗ’ ਅਤੇ ‘ਅਣਉਚਿਤ’ ਕਿਹਾ ਹੈ। ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸ ਦੇ ਅਨੁਸਾਰ ਅਮਰੀਕਾ, ਆਸਟ੍ਰੇਲੀਆ ਦਾ ਸਭ ਤੋਂ ਵੱਡਾ ਖੋਜ ਭਾਈਵਾਲ ਰਿਹਾ ਹੈ ਅਤੇ 2024 ‘ਚ 386 ਮਿਲੀਅਨ ਡਾਲਰ ਖੋਜਾਂ ‘ਚ ਲਗਾਏ ਗਏ ਸਨ। ਅਕਾਦਮਿਕ ਮਾਹਿਰਾਂ ਅਨੁਸਾਰ ਇਹ ਕਦਮ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਵਿਗਿਆਨਕ ਸਹਿਯੋਗ ਨੂੰ ਨੁਕਸਾਨ ਪਹੁੰਚਾਏਗਾ, ਸਗੋਂ ਆਸਟ੍ਰੇਲੀਆ ਦੀ ਖੋਜ ਸਮਰੱਥਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰੇਗਾ। ਸਰਕਾਰ ਨੇ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਪਰ ਹਾਲੇ ਤੱਕ ਕੋਈ ਸਪੱਸ਼ਟ ਹੱਲ ਸਾਹਮਣੇ ਨਹੀਂ ਆਇਆ। ਇਹ ਵਿਵਾਦ ਹੁਣ ਅੰਤਰਰਾਸ਼ਟਰੀ ਸਿੱਖਿਆ ਅਤੇ ਖੋਜ ਦੇ ਭਵਿੱਖ ਬਾਰੇ ਨਵੀਂ ਬਹਿਸ ਛੇੜ ਸਕਦਾ ਹੈ।