ਪੁਸਤਕ ਸਮੀਖਿਆ ਦੀ ਅਨੂਠੀ ਸ਼ੈਲੀ:

ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ

ਰਵਿੰਦਰ ਸਿੰਘ ਸੋਢੀ
ਪੁਸਤਕ ਪੜਚੋਲ ਜਾਂ ਸਮੀਖਿਆ ਵੀ ਆਲੋਚਨਾ ਦੇ ਖੇਤਰ ਵਿਚ ਹੀ ਆਉਂਦੀ ਹੈ। ਜਿਵੇਂ ਹਿਸਾਬ, ਮਨੋਵਿਗਿਆਨ ਅਤੇ ਦਰਸ਼ਨ ਦੇ ਵਿਸ਼ਿਆਂ ਨੂੰ ਆਮ ਤੌਰ ਤੇ ਨੀਰਸ ਸਮਝਿਆ ਜਾਂਦਾ ਹੈ, ਉਸੇ ਤਰਾਂ ਆਲੋਚਨਾ ਦਾ ਖੇਤਰ ਵੀ ਆਮ ਪਾਠਕਾਂ ਦੀ ਪਕੜ ਤੋਂ ਬਾਹਰ ਹੀ ਰਹਿੰਦਾ ਹੈ। ਕੁਝ ਆਲੋਚਕਾਂ ਦੇ ਮੁਸ਼ਕਲ ਸ਼ਬਦਾਂ ਦੇ ਮੱਕੜ ਜਾਲ ਤੋਂ ਵੀ ਪਾਠਕ ਜਲਦੀ ਹੀ ਘਬਰਾ ਜਾਂਦਾ ਹੈ। ਇਸੇ ਲਈ ਆਲੋਚਨਾ ਦੀਆਂ ਪੁਸਤਕਾਂ ਇਕ ਖਾਸ ਵਰਗ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀਆਂ ਹਨ ਜਾਂ ਵਿਦਿਆਰਥੀ ਵਰਗ ਨੂੰ ਮਜ਼ਬੂਰੀ ਵਿਚ ਇਹਨਾਂ ਨੂੰ ਪੜ੍ਹਨ ਦਾ ਅੱਕ ਚੱਬਣਾ ਪੈਂਦਾ ਹੈ। ਪਰ ਪ੍ਰਸਿੱਧ ਚਿੰਤਕ ਹਰਮੀਤ ਸਿੰਘ ਅੱਟਵਾਲ ਵੱਲੋਂ ਸੰਪਾਦਿਤ ਪੁਸਤਕ ‘ਡਾ. ਗੁਰਦਿਆਲ ਸਿੰਘ ਰਾਏ ਦਾ ਸਮੀਖਿਆ ਸੰਸਾਰ’ ਪੁਸਤਕ ਪੜ੍ਹ ਕੇ ਮੇਰੇ ਉਪਰੋਕਤ ਵਿਚਾਰ ਵਿਚ ਕੁਝ ਤਬਦੀਲੀ ਆਈ ਹੈ।

ਇਸ ਪੁਸਤਕ ਵਿਚ ਸੰਪਾਦਕ ਨੇ ਡਾ. ਰਾਏ ਦੇ 13 ਲੇਖਾਂ ਨੂੰ ਸ਼ਾਮਿਲ ਕੀਤਾ ਹੈ। ਇਹਨਾਂ ਵਿਚੋਂ ਇਕ ਲੇਖ(ਬਹੁਤ ਹੀ ਸੰਖੇਪ) ਆਲੋਚਨਾ ਦੇ ਮਾਪ ਦੰਡਾ ਸਬੰਧੀ ਹੈ, ਸੱਤ ਲੇਖ ਕਵਿਤਾਵਾਂ ਦੀਆਂ ਪੁਸਤਕਾਂ ਦੀ ਪਰਖ-ਪੜਚੋਲ ਵਾਲੇ ਹਨ, ਦੋ ਲੇਖਾਂ ਵਿਚ ਵਾਰਤਕ ਦੀਆਂ ਪੁਸਤਕਾਂ ਨੂੰ ਆਲੋਚਨਾ ਦੀ ਕਸਵੱਟੀ ਤੇ ਪਰਖਿਆ ਗਿਆ ਹੈ ਅਤੇ ਤਿੰਨ ਆਲੋਚਨਾਤਮਕ ਲੇਖ ਕਹਾਣੀਆਂ ਬਾਰੇ ਹਨ।

ਇਸ ਤੋਂ ਪਹਿਲਾਂ ਕਿ ਵਿਚਾਰ ਅਧੀਨ ਪੁਸਤਕ ਤੇ ਚਰਚਾ ਕੀਤੀ ਜਾਵੇ, ਡਾ. ਰਾਏ ਸੰਬੰਧੀ ਦੋ-ਚਾਰ ਸਤਰਾਂ ਲਿਖਣੀਆਂ ਜ਼ਰੂਰੀ ਸਮਝਦਾ ਹਾਂ। ਉਹ ਭਾਵੇਂ ਲੰਮੇ ਸਮੇਂ ਤੋਂ ਬਰਤਾਨੀਆ ਰਹਿ ਰਹੇ ਹਨ, ਪਰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਦਾ ਪੱਲਾ ਉਹਨਾਂ ਨੇ ਘੁੱਟ ਕੇ ਫੜਿਆ ਹੋਇਆ ਹੈ। ਕਈ ਪੁਸਤਕਾਂ ਦੇ ਲੇਖਕ ਹਨ, ਕਈ ਸਾਂਝੀਆਂ ਪੁਸਤਕਾਂ ਵਿਚ ਵੀ ਹਾਜ਼ਰੀ ਲਵਾ ਚੁੱਕੇ ਹਨ ਅਤੇ ਸਭ ਤੋਂ ਵੱਧ ਉਹਨਾਂ ਵੱਲੋਂ ਚਲਾਈ ਜਾ ਰਹੀ ‘ਲਿਖਾਰੀ’ ਵੈਬਸਾਈਟ ਰਾਹੀਂ ਉਹ ਪੁਰਾਣੀਆਂ ਅਤੇ ਨਵੀਆਂ ਕਲਮਾਂ ਨੂੰ ਪਾਠਕਾਂ ਦੇ ਸਨਮੁੱਖ ਕਰਦੇ ਆ ਰਹੇ ਹਨ। ਉਹਨਾਂ ਦੇ ਅਜਿਹੇ ਉਸਾਰੂ ਉੱਦਮ ਸਦਕਾ ਉਹਨਾਂ ਨੂੰ ਕਈ ਮਾਨ-ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ। ਉਮਰ ਦੀਆਂ ਅੱਸੀ-ਪਚਾਸੀ ਬਹਾਰਾਂ ਨੂੰ ਮਾਣਨ ਵਾਲੇ ਮਿੱਠ ਬੋਲੜੇ ਅਤੇ ਆਪਣੇ ਤੋਂ ਉਮਰ ਵਿਚ ਛੋਟਿਆਂ ਨੂੰ ਵੀ ਆਦਰ-ਮਾਣ ਦੇਣ ਵਾਲੇ ਡਾ. ਗੁਰਦਿਆਲ ਸਿੰਘ ਰਾਏ ਆਪਣੀ ਢਿੱਲੀ-ਮਿੱਠੀ ਸਿਹਤ ਦੇ ਬਾਵਜੂਦ ਵੀ ਪੰਜਾਬੀ ਸਾਹਿਤ ਦੀ ਸੇਵਾ ਵੇਲੇ ਗੱਭਰੂਆਂ ਦੇ ਜੋਸ਼ ਨੂੰ ਵੀ ਮਾਤ ਪਾਉਂਦੇ ਹਨ।

ਮੈਂ ਆਪ ਵੀ ਪੁਸਤਕ ਰੀਵਿਊ ਜਾਂ ਪੜਚੋਲ ਕਰਦਾ ਹਾਂ, ਇਸ ਲਈ ਪਤਾ ਹੈ ਕਿ ਕਿਸੇ ਵੀ ਪੁਸਤਕ ਸੰਬੰਧੀ ਕੁਝ ਵੀ ਲਿਖਿਆ ਸਮਾਂ ਪਾ ਕੇ ਪੁਰਾਣਾ ਹੋ ਜਾਂਦਾ ਹੈ, ਪਰ ਵਿਚਾਰ ਅਧੀਨ ਡਾ. ਰਾਏ ਦੀ ਪੁਸਤਕ ਪੜ੍ਹ ਕੇ ਮੇਰਾ ਇਹ ਵਿਚਾਰ ਬਦਲਿਆ ਹੈ। ਮੈਂ ਇਹ ਮਹਿਸੂਸ ਕੀਤਾ ਹੈ ਕਿ ਜੇ ਪੜਚੋਲ ਕਰਤਾ ਦੀ ਸ਼ੈਲੀ ਵਿਚ ਵਿਲੱਖਣਤਾ ਹੈ, ਉਹ ਪੁਸਤਕ ਦੇ ਉਸਾਰੂ ਪੱਖਾਂ ਦੇ ਨਾਲ-ਨਾਲ ਪੁਸਤਕ ਦੀਆਂ ਕਮਜ਼ੋਰੀਆਂ ਸੰਬੰਧੀ ਵੀ ਚਰਚਾ ਕਰਦਾ ਹੈ ਤਾਂ ਪੁਸਤਕ ਰੀਵਿਊ ਜਾਂ ਪੜਚੋਲ ਵੀ ਨਿਰਸੰਦੇਹ ਚਿਰ-ਜੀਵੀ ਹੋ ਸਕਦੀ ਹੈ।

ਪੁਸਤਕ ਦਾ ਪਹਿਲਾ ਹੀ ਲੇਖ ‘ਆਲੋਚਨਾ ਦਾ ਕਾਰਜ ਖੇਤਰ’ ਭਾਵੇਂ ਬਹੁਤ ਹੀ ਸੰਖੇਪ ਹੈ, ਪਰ ਇਸ ਸੰਖੇਪਤਾ ਤੋਂ ਹੀ ਆਲੋਚਨਾ ਦੇ ਖੇਤਰ ਦੀ ਮੁਢਲੀ ਜਾਣਕਾਰੀ ਮਿਲ ਜਾਂਦੀ ਹੈ। ਲੇਖਕ ਦੀ ਵਿਦਵਤਾ ਇਸ ਗੱਲ ਤੋਂ ਝਲਕਦੀ ਹੈ ਕਿ ਉਸ ਨੇ ਆਲੋਚਨਾ ਸ਼ਬਦ ਦੀ ਉਤਪਤੀ ਵੱਲ ਇਸ਼ਾਰਾ ਕੀਤਾ ਹੈ ਅਤੇ ਇਸਦੇ ਨਾਲ ਹੀ ਮਨੁੱਖੀ ਸੁਭਾਅ ਦੇ ਬੁਨਿਆਦੀ ਪੱਖ ਦੀ ਗੱਲ ਕਰਦੇ ਲਿਖਿਆ ਹੈ ਕਿ ਕੋਈ ਵੀ ਆਪਣੇ ਬਾਰੇ ਨਾਂਹ-ਪੱਖੀ ਵਿਚਾਰ ਸੁਣਨਾ ਨਹੀਂ ਚਾਹੁੰਦਾ ਅਤੇ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਲੇਖਕ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀਆਂ ਲਿਖਤਾਂ ਵਿਚ ਕੁਝ ਘਾਟਾਂ ਰਹਿ ਹੀ ਜਾਂਦੀਆਂ ਹਨ। ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਆਲੋਚਕ ਉਹਨਾਂ ਖ਼ਾਮੀਆਂ ਨੂੰ ਉਜਾਗਰ ਕਰਨ ਲਈ “ਖੰਡ ਵਲੇਟਵੀਂ ਗੱਲ ਕਰਦਾ ਹੈ ਕਿ ਅੱਕ ਚਬਾਉਣਾ ਪਸੰਦ ਕਰਦਾ ਹੈ।” ਲੇਖਕ ਨੇ ਸਾਹਿਤਕ ਆਲੋਚਨਾ ਦੇ ਪੰਦਰਾਂ ਰੂਪਾਂ ਦਾ ਵੀ ਜ਼ਿਕਰ ਕੀਤਾ ਹੈ। ਡਾ. ਰਾਏ ਦਾ ਵਿਚਾਰ ਹੈ ਕਿ ਪੁਸਤਕਾਂ ਦੇ ਮੁੱਖ ਬੰਦ, ਰੀਵਿਊ ਅਤੇ ਪੁਸਤਕਾਂ ਉੱਤੇ ਲਿਖੇ ਵਿਸ਼ੇਸ਼ ਪਰਚੇ ਵੀ ਇਕ ਤਰਾਂ ਦੀ ਆਲੋਚਨਾ ਹੀ ਹੁੰਦੀ ਹੈ। ਉਹਨਾਂ ਅਨੁਸਾਰ “ਨਿਰਸੰਦੇਹ ਸਾਹਿਤ ਜੀਵਨ ਦੀ ਵਿਆਖਿਆ ਹੈ, ਪਰ ਆਲੋਚਨਾ ਸਿਰਫ ਆਲੋਚਨਾ ਹੀ ਨਹੀਂ, ਰਚਣਹਾਰ ਵੱਲੋਂ ਪ੍ਰਗਟਾਈ ਜੀਵਨ ਵਿਆਖਿਆ ਦੀ ਅਗਾਂਹ ਹੋਰ ਵਿਆਖਿਆ ਹੈ।” ਆਲੋਚਨਾ ਦੇ ਮਕਸਦ ਸੰਬੰਧੀ ਉਹ ਲਿਖਦੇ ਹਨ, “ਪਾਠਕੀ ਜੀਵਨ ਸੂਝ ਅਤੇ ਸੋਝੀ ਨੂੰ ਪਹਿਲਾਂ ਨਾਲੋਂ ਹੋਰ ਸਾਰਥਕ, ਹੋਰ ਸਜਗ, ਹੋਰ ਸੁਹਾਵਣਾ, ਹੋਰ ਸੱਚਾ, ਹੋਰ ਸੰਪੂਰਨ, ਹੋਰ ਸਫਲ, ਹੋਰ ਸਫਲ ਅਤੇ ਸਹਿਜ ਬਣਾਉਂਣਾ ਹੈ।” ਇਕ ਹੋਰ ਬਹੁਤ ਹੀ ਮਹੱਤਵਪੂਰਨ ਗੱਲ ਕਹੀ ਗਈ ਹੈ ਕਿ ‘ਆਲੋਚਨਾ ਕਦੇ ਵੀ ਰਚਨਾ ਦਾ ਪਠਨ ਨਹੀਂ ਬਣ ਸਕਦੀ, ਪਰ ਪੁਸਤਕ ਪੜ੍ਹਨ ਦੀ ਜਗਿਆਸਾ ਜਰੂਰ ਪੈਦਾ ਕਰੇ।’

ਪੁਸਤਕ ਵਿਚਲੇ ਲੇਖਾਂ ਨੂੰ ਪੜ੍ਹ ਕੇ ਇਕ ਗੱਲ ਸਪਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਸੁਹਿਰਦ ਆਲੋਚਕ ਨੇ ਵੱਖ-ਵੱਖ ਪੁਸਤਕਾਂ ‘ਤੇ ਚਰਚਾ ਕਰਦੇ ਹੋਏ ਆਪਣੀ ਕਲਾਤਮਕ ਸ਼ੈਲੀ ਨੂੰ ਬਰਕਰਾਰ ਰੱਖਿਆ ਹੈ। ਇਕ ਸ਼ਬਦ ਤੋਂ ਬਾਅਦ ਦੂਜਾ ਸ਼ਬਦ ਅਤੇ ਇਕ ਵਾਕ ਤੋਂ ਬਾਅਦ ਦੂਜਾ ਵਾਕ ਪੜ੍ਹਨ ਵਾਲੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਕੋਈ ਆਲੋਚਨਾਤਮਕ ਲੇਖ ਪੜ੍ਹ ਰਿਹਾ ਹੈ, ਬਲਕਿ ਉਹ ਤਾਂ ਕਹਾਣੀ, ਨਾਵਲ ਵਰਗੀ ਰਚਨਾ ਪੜ੍ਹ ਰਿਹਾ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਲੱਗਦਾ ਹੈ ਜਿਵੇਂ ਉਹ ਸਰੋਦੀ ਕਾਵਿ ਪੜ੍ਹ ਰਿਹਾ ਹੋਵੇ। ਹੇਠਲੀਆਂ ਕੁਝ ਉਦਾਹਰਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ:

ਪੰਦਰਾਂ ਮੁਰੱਬਿਆਂ ਵਾਲੀ ਖੇਤ ਨੂੰ ਭੱਤਾ ਲੈ ਕੇ ਜਾਣ ਵਾਲੀ ਜੱਟੀ ਹੁਣ ਹੀਥਰੋ ਦੇ ਅੰਤਰ-ਰਾਸ਼ਟਰੀ ਏਅਰ ਪੋਰਟ ਉੱਤੇ ਖੁਸ਼ੀ-ਖੁਸ਼ੀ ਏਅਰ-ਕੰਡੀਸ਼ਨਡ ਟੌਇਲਟਾਂ ਸਾਫ਼ ਕਰ ਰਹੀ ਹੈ ਅਤੇ ਮਟਕ-ਮਟਕ ਪੱਬ ਧਰਦੀ ਹੈ। (ਪੰਨਾ 41)

ਦੋ ਪੁੜਾਂ ਵਿਚ ਪਿਸ ਕੇ ਨਿਕਲੇ ਇਕ ਤੀਜੇ ਅਤੇ ਵੱਖਰੇ ਕਿਸਮ ਦੇ ਸਮਾਜਕ ਵਿਹਾਰ, ਚਲਨ ਅਤੇ ਨਵੀਂ ਸੋਚ ਦਾ ਜਨਮ ਅਤੇ ਪਸਾਰਾ ਵੀ ਸੁਭਾਵਿਕ ਹੈ।( ਪੰਨਾ 75)

ਲੁਕ ਛਿਪ ਕੇ ਗੁੜ ਖਾਣਾ ਲੋੜਦੇ ਹਨ, ਪਰ ਆਪਣੀ ਸੰਤਾਨ ਨੂੰ ਸ਼ਹਿਦ ਚੱਟਣ ਲਈ ਪ੍ਰੇਰਦੇ ਹਨ।(ਪੰਨਾ,94)

ਲੇਖਕ ਲਈ ਚਲਦੇ ਹੋਏ ਸਮੇਂ ਨੂੰ ਸ਼ਬਦਾਂ ਦੀ ਤਲੀ ‘ਤੇ ਸਮੇਟ ਕੇ, ਫੁੱਲਾਂ ਦੀ ਸੇਜ ਬਣਾ ਕੇ ਪੇਸ਼ ਕਰਨਾ ਇਕ ਤਪੱਸਿਆ ਦੀ ਮੰਗ ਕਰਦਾ ਹੈ, ਸੂਲਾਂ ਦੀਆਂ ਨੋਕਾਂ ਉੱਤੇ ਨੰਗੇ ਪੈਰ ਤੁਰਨਾ ਅਤੇ ਜ਼ਹਿਰ-ਭਿਜੀ ਸੂਈ-ਗਧੋਈ ਨਾਲ ਅੱਲੇ ਜ਼ਖ਼ਮਾਂ ਨੂੰ ਕੁਰੇਦ ਕੇ ਛੇੜਨਾ-ਫਰੋਲਣਾ ਸੌਖਾ ਨਹੀਂ ਹੁੰਦਾ।(ਪੰਨਾ 112)

ਕਈ ਲੇਖਾਂ ਵਿਚ ਆਲੋਚਕ ਨੇ ਸੰਬੰਧਿਤ ਪੁਸਤਕ ਦੀਆਂ ਖ਼ਾਮੀਆਂ ਬਾਰੇ ਅਜਿਹੇ ਢੰਗ ਨਾਲ ਟਿੱਪਣੀ ਕੀਤੀ ਹੈ ਕਿ ਲੇਖਕ ਨੂੰ ਬੜੇ ਸਹਿਜ ਨਾਲ ਉਸਦੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਹੈ। ਮਸਲਨ ਰਣਜੀਤ ਸਿੰਘ ਰਾਣਾ ਦੀ ਪੁਸਤਕ ‘ਤੇ ਚਰਚਾ ਕਰਦੇ ਹੋਏ ਲਿਖਿਆ ਹੈ ਕਿ ਕਿਸੇ ਦੂਜੀ ਕਿਤਾਬ ਵਿਚੋਂ ਵੀ ਕੁਝ ਕਵਿਤਾਵਾਂ ਦਾ ਦੁਹਰਾ ਕੀਤਾ ਹੈ, ਜਿਸ ਤੋਂ ਸੰਕੋਚ ਕਰਨਾ ਚਾਹੀਦਾ ਸੀ ਅਤੇ ਸ਼ਬਦ ਜੋੜਾਂ ਦੀਆਂ ਗਲਤੀਆਂ, ਉਰਦੂ ਦੇ ਅਪ੍ਰਚਲਿਤ ਸ਼ਬਦਾਂ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਹੈ।

ਕਈ ਪੁਸਤਕਾਂ ਦੇ ਮੁੱਖ ਬੰਦਾਂ ਦੀ ਵੀ ਚਰਚਾ ਕੀਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਡਾ. ਰਾਏ ਪੂਰੀ ਪੁਸਤਕ ਪੜ੍ਹਨ ਉਪਰੰਤ ਹੀ ਪੁਸਤਕ ਸੰਬੰਧੀ ਕੁਝ ਲਿਖਦੇ ਹਨ। ਕਈ ਥਾਂਵਾਂ ਤੇ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਉਲੇਖ ਵੀ ਕੀਤਾ ਹੈ।

ਉਹਨਾਂ ਨੇ ਕਈ ਪੁਸਤਕਾਂ ‘ਤੇ ਚਰਚਾ ਕਰਦੇ ਹੋਏ ਪੁਸਤਕ ਦੀ ਜਾਣਕਾਰੀ ਇਸ ਢੰਗ ਨਾਲ ਦਿੱਤੀ ਹੈ ਕਿ ਪਾਠਕ ਦਾ ਦਿਲ ਵਿਚਾਰ ਅਧੀਨ ਪੁਸਤਕ ਨੂੰ ਪੜ੍ਹਨ ਲਈ ਬਿਹਬਲ ਹੋ ਉੱਠਦਾ ਹੈ। ਇਸਦੀ ਸਭ ਤੋਂ ਵੱਧੀਆਂ ਉਦਾਹਰਣ ਹੈ ਪਿਆਰਾ ਸਿੰਘ ਪਦਮ ਦੀ ਪੁਸਤਕ ‘ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ’।

“ਪੰਜਾਬੀਆਂ ਦਾ ਪਰੰਪਰਾਗਤ ਵਿਸ਼ਵਾਸ, ਧਰਮ, ਵਿਆਹ ਸੰਸਕਾਰ, ਵਿਆਹ ਸੰਸਕਾਰ ਵੇਲੇ ਦੀਆਂ ਵੱਖ-ਵੱਖ ਰੀਤਾਂ-ਰਿਵਾਜਾਂ, ਪੰਜਾਬੀਆਂ ਦਾ ਪਹਿਰਾਵਾ ਸਜਣ-ਸੰਵਰਨ ਦੀ ਤਾਂਘ, ਹਾਰ-ਸ਼ਿੰਗਾਰ, ਗਹਿਣੇ-ਗੱਟੇ ਲੋਕ ਗੀਤ, ਮੇਲੇ ਆਦਿ ਹਨ। ਪਰ ਸਭਿਆਚਾਰ ਖੜੋਤ ਵਾਲਾ ਨਹੀਂ ਹੁੰਦਾ ਸਗੋਂ ਗਤੀਸ਼ੀਲ ਹੁੰਦਾ ਹੈ। ( ਪੰਨਾ 85)

ਡਾ. ਰਾਏ ਨੇ ਕਵਿਤਾ, ਕਹਾਣੀ ਅਤੇ ਵਾਰਤਕ ਰੂਪਾਂ ਵਾਲੀਆਂ ਪੁਸਤਕਾਂ ਦੀ ਪੜਚੋਲ ਇਕੋ ਜਿਹੀ ਪ੍ਰਵੀਣਤਾ ਨਾਲ ਕੀਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਰੀਆਂ ਹੀ ਸਾਹਿਤਕ ਵਿਧਾਵਾਂ ਦੀ ਜਾਣਕਾਰੀ ਰੱਖਦੇ ਹਨ।

ਪੁਸਤਕਾਂ ਦੀ ਪੜਚੋਲ ਸਮੇਂ ਉਹਨਾਂ ਨੇ ਬੜੇ ਢੁੱਕਵੇਂ ਸ਼ਬਦਾਂ ਵਿਚ ਪੁਸਤਕਾਂ ਦਾ ਨਿਚੋੜ ਪੇਸ਼ ਕੀਤਾ ਹੈ। ਓਂਕਾਰਪ੍ਰੀਤ ਸਿੰਘ ਦੀ ਪੁਸਤਕ ‘ਵਿਚਾਰ ਦੇ ਵਿਹੜੇ ‘ਚ: ਮਿੱਪਲ ਦੀ ਕੈਨਵਸ’ ਬਾਰੇ ਉਹਨਾਂ ਦੀ ਟਿੱਪਣੀ ਹੈ,”ਮਿੱਪਲ ਦੇ ਕੈਨਵਸ ਰਾਹੀਂ ਉਸ ਨੇ ਬੀਤੇ ਨੂੰ ਭੁਲਾਉਣ, ਨਵੇਂ ਨੂੰ ਅਪਣਾਉਣ ਅਤੇ ਅੱਜ ਵਿਚ ਜੀਨ ਲਈ ‘ਆਪਣੀ ਤੜਪ’ ਨੂੰ ‘ਸਮੂੰਹ ਦਾ ਅਹਿਸਾਸ’ ਬਣਾਉਣ ਵੱਲ ਕਦਮ ਚੁੱਕਿਆ ਹੈ।” (ਪੰਨਾ 75)

ਬਲਵਿੰਦਰ ਮਥਾਰੂ ਦੀ ਪੁਸਤਕ ‘ਸੁਰ-ਸਾਂਝ’ ਦੀ ਟਿੱਪਣੀ ਵੀ ਧਿਆਨ ਖਿੱਚਦੀ ਹੈ, “ਉਸਦੀ ਛੰਦ ਰਹਿਤ ਕਵਿਤਾ ਵਿਚ ਰਿਦਮ ਹੈ, ਸੁੰਦਰਤਾ ਹੈ, ਨਗੀਨੇ ਵਰਗੇ ਸ਼ਬਦ ਹਨ, ਬਿੰਬ ਹਨ, ਸੋਚ ਦੀ ਗੰਭੀਰਤਾ ਵਾਲਾ ਚਿੰਤਨ ਹੈ, ਵਿਚਾਰਾਂ ਤੇ ਅਹਿਸਾਸਾਂ ਦੀ ਸ਼ਿਦਤ ਹੈ ਅਤੇ ਨਵੇਕਲੀ ਛਾਪ ਵਾਲੀ ਸ਼ੈਲੀ ਹੈ।“ (ਪੰਨਾ 17)

ਡਾ. ਰਾਏ ਅਸਲ ਵਿਚ ਸ਼ਬਦਾਂ ਦੇ ਜਾਦੂਗਰ ਹਨ। ਕਿਸੇ ਲੇਖਕ ਦੀ ਜਾਣ ਪਹਿਚਾਣ ਸਮੇਂ ਉਹ ਸ਼ਬਦੀ ਚਿੱਤਰ ਪੇਸ਼ ਕਰ ਦਿੰਦੇ ਹਨ। ਹਰਭਜਨ ਸਿੰਘ ਬੈਂਸ ਸੰਬੰਧੀ ਉਹ ਲਿਖਦੇ ਹਨ, “ਬੋਲੀਆਂ ਦਾ ਮਾਹਰ, ਹੀਰ ਦਾ ਗਵਈਆ, ਬਾਂਸਰੀ ਦੀਆਂ ਸੁਰਾਂ ਨਾਲ ਦਿਲ ਨੂੰ ਧੂਹ ਪਾਉਣ ਵਾਲਾ, ਸੰਗੀਤ ਕਲਾ ਦਾ ਮਾਹਰ, ਸੰਵੇਦਨਸ਼ੀਲ, ਚਿੰਤਕ ਅਤੇ ਗੰਭੀਰ ਸੁਭਾ ਵਾਲਾ ਵੀਚਾਰਵਾਨ।“ (ਪੰਨਾ 61)

ਹੁਣ ਕੁਝ ਸ਼ਬਦ ਇਸ ਪੁਸਤਕ ਦੇ ਸੰਪਾਦਕ ਹਰਮੀਤ ਸਿੰਘ ਅੱਟਵਾਲ ਸੰਬੰਧੀ। ਉਹਨਾਂ ਨੇ ਆਪਣੀ ਸੰਪਾਦਕੀ ਵਿਚ ਡਾ. ਰਾਏ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਪੁਸਤਕ ਵਿਚ ਦਿੱਤੇ ਲੇਖਾਂ ਬਾਰੇ ਵੀ ਚਰਚਾ ਕੀਤੀ ਹੈ। ਅਟਵਾਲ ਸਾਹਿਬ ਇਸ ਲਈ ਵਧਾਈ ਦੇ ਹੱਕਦਾਰ ਹਨ ਕਿ ਉਹਨਾਂ ਨੇ ਇਕ ਵਧੀਆ ਪੁਸਤਕ ਦਾ ਸੰਪਾਦਨ ਕਰਕੇ ਪੰਜਾਬੀ ਦੀਆਂ ਸਾਹਿਤਕ ਪੁਸਤਕਾਂ ਦੀ ਪੜਚੋਲ ਕਰਨ ਵਾਲੇ ਜਾਂ ਰੀਵਿਊ ਲਿਖਣ ਵਾਲਿਆਂ ਦੀ ਰਹਿਨੁਮਾਈ ਲਈ ਇਕ ਵਧੀਆ ਪੁਸਤਕ ਤਿਆਰ ਕੀਤੀ ਹੈ। ਇਹ ਪੁਸਤਕ ਉਹਨਾਂ ਸਭ ਲਈ ਰਾਹ ਦਸੇਰਾ ਬਣ ਸਕਦੀ ਹੈ ਜੋ ਪੁਸਤਕ ਪੜਚੋਲ ਵਿਧਾ ਵਿਚ ਨਾਮਣਾ ਖੱਟਣਾ ਚਾਹੁੰਦੇ ਹਨ।

ਐਵਿਸ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦਾ ਮੁੱਲ 350 ਰੁਪਏ ਹੈ।

ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ