ਸਿੱਖਸ ਆਫ ਅਮੈਰਿਕਾ ਨੇ ਕੀਤਾ ਮੁਸਲਿਮ ਭਾਈਚਾਰੇ ਲਈ ਖਾਸ ਉਪਰਾਲਾ

ਰੋਜ਼ਾ ਖੁੱਲਣ ’ਤੇ ਕੀਤਾ ਸਭਨਾਂ ਲਈ ਵਿਸ਼ੇਸ਼ ਇਫ਼ਤਾਰੀ ਦਾ ਪ੍ਰਬੰਧ

ਵਾਸ਼ਿੰਗਟਨ, 25 ਮਾਰਚ (ਰਾਜ ਗੋਗਨਾ )- ਸਿੱਖਸ ਆਫ ਅਮੈਰਿਕਾ, ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਭਾਵੇਂ ਦੁਨੀਆਂ ਭਰ ਵਿਚ ਸਿੱਖ ਭਾਈਚਾਰੇ ਦੀ ਚੜਦੀ ਕਲਾ ਲਈ ਕਾਰਜ ਕਰਦੀ ਰਹਿੰਦੀ ਹੈ। ਪਰ ਗੁਰੂ ਸਾਹਿਬ ਦੇ ਸੰਦੇਸ਼ ਅਨੁਸਾਰ ਸਰਬੱਤ ਦੇ ਭਲੇ ਦੇ ਸਿਧਾਂਤਾਂ ਉੱਤੇ ਚੱਲਦਿਆਂ ਕਈ ਅਜਿਹੇ ਕਾਰਜ ਵੀ ਕਰਦੀ ਹੈ। ਜਿਸ ਨਾਲ ਸਿੱਖ ਭਾਈਚਾਰੇ ਨੂੰ ਮਾਣ ਹੁੰਦਾ ਹੈ। ਬੀਤੇ ਦਿਨ ਸਿੱਖਸ ਆਫ ਅਮੈਰਿਕਾ ਵਲੋਂ ਲੁਧਿਆਣਾ ਪੰਜਾਬ ਦੇ ਪਿੰਡ ਖਾਲੀ ਕਲਾਂ ਵਿਚ ਹਜ਼ਰਤ ਫਾਤਿਮਾ ਮਸਜ਼ਿਦ ’ਚ ਰੋਜ਼ਾ ਰੱਖਣ ਵਾਲੇ ਮੁਸਲਿਮ ਭਾਈਚਾਰੇ ਲਈ ਇਫ਼ਤਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਬੱਚੇ, ਨੌਜਵਾਨ, ਬੀਬੀਆਂ ਅਤੇ ਬਜ਼ੁਰਗ ਮੁਸਲਮਾਨ ਸ਼ਾਮਿਲ ਸਨ।

ਇਸ ਇਫ਼ਤਾਰੀ ਵਿਚ ਬਹੁਤ ਹੀ ਲਜ਼ੀਜ਼ ਪਕਵਾਨ ਸ਼ਾਮਿਲ ਕੀਤੇ ਗਏ। ਇਸ ਵਿਲੱਖਣ ਉੱਦਮ ਲਈ ਮੁਸਲਿਮ ਭਾਈਚਾਰੇ ਵਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਅਤੇ ਹਰ ਪਾਸੇ ਸੰਸਥਾ ਦੇ ਇਸ ਭਾਈਚਾਰਕ ਸਾਂਝ ਦਾ ਸੰਦੇਸ਼ ਦੇਣ ਵਾਲੇ ਉਪਰਾਲੇ ਦੀ ਚਰਚਾ ਹੈ।