ਜਦੋਂ ਅਸ਼ੀਰਵਾਦ ਲੈਣਾ ਪੁੱਠਾ ਪੈ ਚੱਲਿਆ ਸੀ।

ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਆਦਮੀ ਬਿਨਾਂ ਮਤਲਬ ਤੋਂ ਪੰਗਾ ਲੈ ਬੈਠਦਾ ਹੈ। ਪੰਜਾਬ ਪੁਲਿਸ ਅਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਫੀਲਡ ਪੋਸਟਿੰਗ ਆਮ ਤੌਰ ‘ਤੇ ਸਿਆਸੀ ਸਿਫਾਰਸ਼ ‘ਤੇ ਹੀ ਮਿਲਦੀ ਹੈ। ਐਸ.ਡੀ.ਐਮ, ਤਹਿਸੀਲਦਾਰ, ਡੀ.ਐਸ.ਪੀ. ਸਬ ਡਵੀਜ਼ਨ ਅਤੇ ਐਸ.ਐਚ.ਉ. ਆਦਿ ਸਬੰਧਿਤ ਐਮ.ਐਲ.ਏ. ਦੀ ਸਿਫਾਰਸ਼ ‘ਤੇ ਲੱਗਦੇ ਹਨ ਤੇ ਡੀ.ਸੀ. ਅਤੇ ਐਸ.ਐਸ.ਪੀ. ਲਗਾਉਣ ਦਾ ਅਧਿਕਾਰ ਮੁੱਖ ਮੰਤਰੀ ਆਪਣੇ ਕੋਲ ਰੱਖਦਾ ਹੈ। ਮੈਂ 1991 ਵਿੱਚ ਇੰਸਪੈਕਟਰ ਭਰਤੀ ਹੋਇਆ ਸੀ ਤੇ ਉਸ ਵੇਲੇ ਅੱਤਵਾਦ ਕਾਰਨ ਪੁਲਿਸ ਮਹਿਕਮੇ ਵਿੱਚ ਸਿਆਸੀ ਦਖਲਅੰਦਾਜ਼ੀ ਨਾਂਹ ਦੇ ਬਰਾਬਰ ਸੀ। ਪਰ ਜਦੋਂ ਮੈਂ ਡੀ.ਐਸ.ਪੀ. ਪ੍ਰਮੋਟ ਹੋਇਆ ਤਾਂ ਉਸ ਵੇਲੇ ਹਾਲਾਤ ਬਦਲ ਗਏ ਸਨ। 1997 ਵਿੱਚ ਅਕਾਲੀ ਸਰਕਾਰ ਬਣ ਗਈ ਸੀ ਤੇ ਸਾਰੀਆਂ ਪੋਸਟਿੰਗਾਂ ਅਜੋਕੇ ਸਮੇਂ ਵਾਂਗ ਸਿਆਸੀ ਸਿਫਾਰਸ਼ ਨਾਲ ਹੋਣ ਲੱਗ ਪਈਆਂ ਸਨ।

ਉਸ ਵੇਲੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਕਾਰ ਵਿੱਚ ਬਰਾਬਰ ਦੀ ਹੈਸੀਅਤ ਰੱਖਦੇ ਸਨ। ਸਾਡੇ ਰਿਸ਼ਤੇਦਾਰ ਸ. ਹਰਪਾਲ ਸਿੰਘ ਢਿੱਲੋਂ ਸਰਹੰਦ ਦੇ ਨਜ਼ਦੀਕ ਸੌਂਢਾ ਹੈੱਡ ਵਿਖੇ ਰਹਿੰਦੇ ਸਨ ਤੇ ਉਨ੍ਹਾਂ ਦੇ ਟੌਹੜਾ ਸਾਹਿਬ ਨਾਲ ਪਰਿਵਾਰਕ ਸਬੰਧ ਸਨ। ਟੌਹੜਾ ਸਾਹਿਬ ਬਾਰੇ ਇੱਕ ਗੱਲ ਦੱਸਣੀ ਬਣਦੀ ਹੈ ਕਿ ਉਹ ਪਬਲਿਕ ਨੂੰ ਲੀਡਰਾਂ ਵਾਲੇ ਲਾਰੇ ਨਹੀਂ ਸੀ ਲਾਉਂਦੇ ਹੁੰਦੇ। ਜੇ ਕੰਮ ਕਰਨਾ ਹੈ ਤਾਂ ਹਾਂ ਤੇ ਜੇ ਨਹੀਂ ਕਰਨਾ ਤਾਂ ਮੌਕੇ ‘ਤੇ ਹੀ ਨਾਂਹ ਕਰ ਦੇਂਦੇ ਸਨ। ਪ੍ਰਮੋਸ਼ਨ ਵੇਲੇ ਮੈਂ ਸੀ.ਆਈ.ਏ. ਇੰਚਾਰਜ ਸਰਹਿੰਦ ਸੀ ਤੇ ਮੈਂ ਸੋਚਿਆ ਕਿ ਟੌਹੜਾ ਸਾਹਿਬ ਤੋਂ ਪੋਸਟਿੰਗ ਵਾਸਤੇ ਸਿਫਾਰਸ਼ ਕਰਵਾ ਲੈਂਦੇ ਹਾਂ। ਸ. ਹਰਪਾਲ ਸਿੰਘ ਦੀ ਇੱਕ ਕੋਠੀ ਹਿਮਾਚਲ ਪ੍ਰਦੇਸ਼ ਵਿੱਚ ਬਹੁਤ ਹੀ ਰਮਣੀਕ ਸਥਾਨ ਬੜੋਗ (ਨਜ਼ਦੀਕ ਸੋਲਨ) ਵਿਖੇ ਸੀ ਜਿੱਥੇ ਉਹ ਗਰਮੀਆਂ ਗੁਜ਼ਾਰਦੇ ਹੁੰਦੇ ਸਨ। ਉਹ ਕਿਸੇ ਤਰਾਂ ਹਿਮਾਚਲ ਦੇ ਵਸਨੀਕ ਬਣ ਗਏ ਸਨ ਕਿਉਂਕਿ ਉਸ ਵੇਲੇ ਕੋਈ ਵੀ ਗੈਰ ਹਿਮਾਚਲੀ ਉਥੇ ਜਾਇਦਾਦ ਨਹੀਂ ਸੀ ਖਰੀਦ ਸਕਦਾ। ਉਨ੍ਹਾਂ ਨੇ ਟੌਹੜਾ ਸਾਹਿਬ ਨੂੰ ਵੀ ਉਥੇ ਆਪਣੇ ਨਾਮ ‘ਤੇ ਰਿਹਾਇਸ਼ ਖਰੀਦ ਕੇ ਦਿੱਤੀ ਹੋਈ ਸੀ। ਉਸ ਵੇਲੇ ਗਰਮੀਆਂ ਸਨ ਤੇ ਸ. ਹਰਪਾਲ ਸਿੰਘ ਬੜੋਗ ਵਿਖੇ ਸਨ।

ਮੈਂ ਉਨ੍ਹਾਂ ਦੇ ਬੇਟੇ ਗੁਰਦਮਨ ਸਿੰਘ ਨਾਲ ਗੱਲ ਕੀਤੀ ਤਾਂ ਉਹ ਬੋਲਿਆ ਕਿ ਤੇਰੀ ਕਿਸਮਤ ਤੇਜ਼ ਲੱਗਦੀ ਹੈ, ਟੌਹੜਾ ਸਾਹਿਬ ਵੀ ਦੋ ਦਿਨ ਲਈ ਬੜੋਗ ਗਏ ਹੋਏ ਹਨ। ਅਸੀਂ ਉਸੇ ਵੇਲੇ ਗੱਡੀ ਬੜੋਗ ਨੂੰ ਖਿੱਚ ਦਿੱਤੀ ਤੇ ਸ਼ਾਮ ਤੱਕ ਉਥੇ ਪਹੁੰਚ ਗਏ। ਕੁਦਰਤੀ ਸ.ਹਰਪਾਲ ਸਿੰਘ ਤੇ ਟੌਹੜਾ ਸਾਹਿਬ ਇਕੱਠੇ ਸੈਰ ਕਰ ਰਹੇ ਹਨ। ਗੁਰਦਮਨ ਮੈਨੂੰ ਕਹਿਣ ਲੱਗਾ ਕਿ ਤੂੰ ਵੀ ਚੱਲ ਕੇ ਟੌਹੜਾ ਸਾਹਿਬ ਦੇ ਗੋਡੀਂ ਹੱਥ ਲਗਾ ਲੈ। ਮੈਂ ਉਸ ਨੂੰ ਕਿਹਾ ਕਿ ਮੈਂ ਸ਼ੇਵ ਕਰਾਈ ਹੋਈ ਹੈ ਤੇ ਟੌਹੜਾ ਸਾਹਿਬ ਇਸ ਗੱਲ ਨੂੰ ਬਹੁਤ ਬੁਰਾ ਸਮਝਦੇ ਹਨ ਜੇ ਕਿਸੇ ਸਿੱਖ ਨੇ ਇਹ ਕੰਮ ਕੀਤਾ ਹੋਵੇ। ਗੁਰਦਮਨ ਨੇ ਮੈਨੂੰ ਬਹੁਤ ਮਜ਼ਬੂਰ ਕੀਤਾ ਪਰ ਮੈਂ ਨਾ ਮੰਨਿਆਂ। ਹਾਰ ਕੇ ਉਹ ਇਕੱਲਾ ਹੀ ਚਲਾ ਗਿਆ ਤੇ ਟੌਹੜਾ ਸਾਹਿਬ ਨੂੰ ਸਲਾਮ ਦੁਆ ਕੀਤੀ। ਮੇਰੇ ਬਾਰੇ ਗੱਲ ਪਹਿਲਾਂ ਹੀ ਹੋ ਚੁੱਕੀ ਸੀ ਸੋ ਉਨ੍ਹਾਂ ਨੇ ਮੇਰੇ ਨਾਮ ਨੰਬਰ ਵਾਲੀ ਪਰਚੀ ਗੁਰਦਮਨ ਤੋਂ ਫੜ੍ਹ ਲਈ। ਇਸ ਤੋਂ ਬਾਅਦ ਉਹ ਸੈਰ ਕਰਨ ਲੱਗ ਪਏ ਤੇ ਅਸੀਂ ਵਾਪਸੀ ਲਈ ਚੱਲ ਪਏ। ਮੇਰਾ ਮਨ ਘਾਊਂ ਮਾਊਂ ਹੋ ਰਿਹਾ ਸੀ ਕਿ ਪਤਾ ਨਹੀਂ ਕੰਮ ਹੋਵੇਗਾ ਕਿ ਨਹੀਂ ਕਿਉਂਕਿ ਲੀਡਰ ਤਾਂ ਕਿਸੇ ਦਾ ਕੰਮ 10 15 ਗੇੜੇ ਮਰਵਾਉਣ ਤੋਂ ਬਗੈਰ ਕਰਦੇ ਹੀ ਨਹੀਂ। ਜਦੋਂ ਮੈਂ ਆਪਣੀ ਇਹ ਸ਼ੰਕਾ ਗੁਰਦਮਨ ਨਾਲ ਸਾਂਝੀ ਕੀਤੀ ਤਾਂ ਉਸ ਨੇ ਹੱਸ ਕੇ ਕਿਹਾ ਕਿ ਤੂੰ ਟੌਹੜਾ ਸਾਹਿਬ ਨੂੰ ਨਹੀਂ ਜਾਣਦਾ, ਜੇ ਕੰਮ ਨਾ ਕਰਨਾ ਹੁੰਦਾ ਤਾਂ ਉਨ੍ਹਾਂ ਨੇ ਪਰਚੀ ਫੜ੍ਹਨੀ ਹੀ ਨਹੀਂ ਸੀ।

ਵਾਕਿਆ ਹੀ ਉਸ ਦੀ ਗੱਲ ਸੋਲਾਂ ਆਨੇ ਸਹੀ ਸਾਬਤ ਹੋਈ ਤੇ ਅਗਲੇ ਦਿਨ 11 ਵਜੇ ਮੇਰੇ ਡੀ.ਐਸ.ਪੀ ਸਬ ਡਵੀਜ਼ਨ ਪਾਇਲ ਦੇ ਆਰਡਰ ਹੋ ਗਏ। ਸ. ਸਾਧੂ ਸਿੰਘ ਘੁਡਾਣੀ (ਹੁਣ ਸਵਰਗਵਾਸੀ) ਉਸ ਵੇਲੇ ਪਾਇਲ ਤੋਂ ਐਮ.ਐਲ.ਏ. ਸਨ ਤੇ ਵਾਕਿਆ ਹੀ ਸਾਧੂ ਸੁਭਾਅ, ਇਮਾਨਦਾਰ ਅਤੇ ਕੱਟੜ ਟਕਸਾਲੀ ਅਕਾਲੀ ਸਨ। ਭਾਵੇਂ ਕਿ ਮੇਰੀ ਪੋਸਟਿੰਗ ਵੇਲੇ ਉਨ੍ਹਾਂ ਤੋਂ ਪੁੱਛਿਆ ਨਹੀਂ ਸੀ ਗਿਆ, ਪਰ ਉਨ੍ਹਾਂ ਨਾਲ ਮੇਰੇ ਬਹੁਤ ਚੰਗੇ ਸਬੰਧ ਬਣ ਗਏ ਤੇ ਨੌਕਰੀ ਬਿਨਾਂ ਕਿਸੇ ਵਾਦ ਵਿਵਾਦ ਤੋਂ ਚੱਲਣ ਲੱਗ ਪਈ। ਡੇਢ ਕੁ ਮਹੀਨੇ ਬਾਅਦ ਗੁਰਦਮਨ ਦਾ ਫੋਨ ਆਇਆ ਕਿ ਕਿਸੇ ਦਿਨ ਜਾ ਕੇ ਟੌਹੜਾ ਸਾਹਿਬ ਦਾ ਧੰਨਵਾਦ ਕਰ ਆਈਏ। ਮੈਂ ਉਨ੍ਹਾਂ ਨੂੰ ਬਹੁਤ ਸਮਝਾਇਆ ਕਿ ਮਾਮਲਾ ਪੁੱਠਾ ਪੈ ਸਕਦਾ ਹੈ, ਚੁੱਪ ਰਹਿਣ ਵਿੱਚ ਹੀ ਭਲਾਈ ਹੈ। ਪਰ ਉਹ ਨਾ ਮੰਨਿਆਂ ਤੇ ਇੱਕ ਦਿਨ ਅਸੀਂ ਟੌਹੜੇ ਪਿੰਡ ਵੱਲ ਚੱਲ ਪਏ। ਟੌਹੜਾ ਸਾਹਿਬ ਦਾ ਇੱਕ ਅਸੂਲ ਸੀ ਕਿ ਉਹ ਗਰਮੀਆਂ ਵਿੱਚ ਪੰਜ ਵਜੇ ਤੇ ਸਰਦੀਆਂ ਵਿੱਚ 6 7 ਵਜੇ ਤਿਆਰ ਬਰਤਿਆਰ ਹੋ ਕੇ ਬੈਠਕ ਵਿੱਚ ਬੈਠ ਜਾਂਦੇ ਸਨ ਲੋਕਾਂ ਨੂੰ ਮਿਲਣਾ ਗਿਲਣਾ ਸ਼ੁਰੂ ਕਰ ਦਿੰਦੇ ਸਨ। ਮੈਂ ਰਸਤੇ ਵਿੱਚ ਗੁਰਦਮਨ ਨੂੰ ਸਮਝਾ ਦਿੱਤਾ ਕਿ ਜੇ ਟੌਹੜਾ ਸਾਹਿਬ ਨੇ ਕੁਝ ਕਿੰਤੂ ਪ੍ਰੰਤੂ ਕੀਤਾ ਤਾਂ ਕਹਿ ਦਿਉ ਕਿ ਇਹ ਭਲਵਾਨ ਹੈ ਜਿਸ ਕਾਰਨ ਸ਼ੇਵ ਕੀਤੀ ਹੋਈ ਹੈ। ਗੁਰਦਮਨ ਨੇ ਹੱਸ ਕੇ ਗੱਲ ਟਾਲ ਦਿੱਤੀ।

ਅਸੀਂ ਸਾਢੇ ਕੁ ਪੰਜ ਵਜੇ ਟੌਹੜਾ ਸਾਹਿਬ ਦੇ ਘਰ ਪਹੁੰਚ ਗਏ। ਟੌਹੜਾ ਸਾਹਿਬ ਦੇ ਗੰਨਮੈਨ ਅਤੇ ਡਰਾਈਵਰ ਗੁਰਦਮਨ ਨੂੰ ਜਾਣਦੇ ਸਨ ਜਿਸ ਕਾਰਨ ਅਸੀਂ ਭੀੜ ਨੂੰ ਚੀਰਦੇ ਹੋਏ ਪੰਜ ਕੁ ਮਿੰਟਾਂ ਵਿੱਚ ਹੀ ਟੌਹੜਾ ਸਾਹਿਬ ਕੋਲ ਪਹੁੰਚ ਗਏ ਤੇ ਉਨ੍ਹਾਂ ਦੇ ਗੋਡੀਂ ਹੱਥ ਲਗਾ ਕੇ ਖੜੇ ਹੋ ਗਏ। ਗੁਰਦਮਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਜਿਹੜੇ ਡੀ.ਐਸ.ਪੀ. ਬਲਰਾਜ ਸਿੰਘ ਦੀ ਪੋਸਟਿੰਗ ਕਰਵਾਈ ਸੀ, ਉਹ ਅਸ਼ੀਰਵਾਦ ਲੈਣ ਲਈ ਆਇਆ ਹੈ। ਮੈਂ ਉਨ੍ਹਾਂ ਦੇ ਸਾਹਮਣੇ ਖੜਾ ਸੀ ਪਰ ਉਨ੍ਹਾਂ ਨੇ ਮੈਨੂੰ ਨਾ ਗੌਲਿਆ ਤੇ ਗੁਰਦਮਨ ਨੂੰ ਕਿਹਾ ਕਿ ਬਲਰਾਜ ਸਿੰਘ ਨੂੰ ਬੁਲਾ ਲਵੋ। ਗੁਰਦਮਨ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਹੀ ਬਲਰਾਜ ਸਿੰਘ ਹੈ। ਟੌਹੜਾ ਸਾਹਿਬ ਦੇ ਮੱਥੇ ‘ਤੇ ਵੱਟ ਪੈ ਗਏ ਤੇ ਸੱਜਾ ਹੱਥ ਜੋ ਉਨ੍ਹਾਂ ਨੇ ਅਸ਼ੀਰਵਾਦ ਦੇਣ ਲਈ ਚੁੱਕਿਆ ਸੀ, ਥੱਲੇ ਕਰ ਲਿਆ। ਉਨ੍ਹਾਂ ਨੇ ਸਿੰਘ ਸ਼ਬਦ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਬਲਰਾਜ ਸਿੰਘ ਕਿਵੇਂ ਹੋ ਸਕਦਾ ਹੈ? ਇਸ ਦੀ ਤਾਂ ਸ਼ਕਲ ਹੀ ਤੁਰਕਾਂ ਵਰਗੀ ਹੈ।

ਇਹ ਸੁਣ ਕੇ ਮੈਨੂੰ ਤੇ ਗੁਰਦਮਨ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਸ ਨੇ ਬਹੁਤ ਮੁਸ਼ਕਿਲ ਨਾਲ ਮੌਕਾ ਸੰਭਾਲਿਆ ਤੇ ਕਹਿ ਦਿੱਤਾ ਕਿ ਇਹ ਭਲਵਾਨ ਹੈ ਜਿਸ ਕਾਰਨ ਸ਼ੇਵ ਕਰਵਾਈ ਹੋਈ ਹੈ। ਟੌਹੜਾ ਸਾਹਿਬ ਨੇ ਦੁਬਾਰਾ ਸਾਡੇ ਵੱਲ ਵੇਖਿਆ ਵੀ ਨਾ ਤੇ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਜਦੋਂ ਇਹ ਸਿੰਘ ਬਣ ਗਿਆ ਉਦੋਂ ਅਸ਼ੀਰਵਾਦ ਦੇ ਦੇਵਾਂਗੇ। ਅਸੀਂ ਦੋਵੇਂ ਏ.ਸੀ. ਕਮਰੇ ਵਿੱਚੋਂ ਮੁੜਕੋ ਮੜ੍ਹਕੀ ਹੋਏ ਬਾਹਰ ਨਿਕਲੇ। ਗੁਰਦਮਨ ਨੇ ਮੈਨੂੰ ਕਿਹਾ ਕਿ ਜੇ ਤੂੰ ਬਚਣਾ ਹੈ ਤਾਂ ਇੱਕ ਮਹੀਨੇ ਦੇ ਅੰਦਰ ਦਾੜ੍ਹੀ ਰੱਖ ਲੈ ਤੇ ਪਗੜੀ ਬੰਨ੍ਹ ਲੈ। ਪਰ ਕੁਦਰਤੀ ਥੋੜ੍ਹੇ ਹੀ ਸਮੇਂ ਬਾਅਦ ਟੌਹੜਾ ਸਾਹਿਬ ਅਤੇ ਬਾਦਲ ਸਾਹਿਬ ਵਿੱਚ ਜਬਰਦਸਤ ਸਿਆਸੀ ਵਿਵਾਦ ਪੈਦਾ ਹੋ ਗਿਆ ਤੇ ਟੌਹੜਾ ਸਾਹਿਬ ਨੇ ਪਾਰਟੀ ਛੱਡ ਦਿੱਤੀ। ਇਸ ਨੂੰ ਮੌਕਾਪ੍ਰਸਤੀ ਹੀ ਕਿਹਾ ਜਾ ਸਕਦਾ ਹੈ ਕਿ ਮੈਂ ਦੋਬਾਰਾ ਉਨ੍ਹਾਂ ਕੋਲੋਂ ਅਸ਼ੀਰਵਾਦ ਲੈਣ ਲਈ ਨਹੀਂ ਗਿਆ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062