
ਲੈ ਬਈ, ਗੱਜਣਵਾਲੇ, ਮੋਠੂਓ, ਸਤ ਸ਼੍ਰੀ ਅਕਾਲ। ਪੰਜਾਬੀਆਂ ਨੂੰ ਸਾਲ ਭਰ ਚੋਂ ਸਭ ਤੋਂ ਜਿਆਦਾ ਧਿਆਨ ਕਣਕ ਉੱਤੇ ਹੁੰਦਾ ਹੈ। ਸੋਕਾ, ਡੋਬਾ, ਕੋਰਾ, ਝੱਖੜ, ਗੜੇ ਅਤੇ ਹੋਰ ਸੌ ਉਲਝਣਾਂ
ਚੋਂ ਲੰਘ, ਮਸਾਂ ਹੀ ਕਿਤੇ, ਸਾਲ ਭਰ ਦੇ ਦਾਣੇ, ਭੜੋਲੇ ਵਿੱਚ ਪੈਂਦੇ ਹਨ। ਪਹਿਲਾਂ ਠੰਡ ਅਤੇ ਹੁਣ ਲੂ-ਗਰਮੀ ਨੇ ਕੇਰਾਂ ਈ ਘੁਮਾ ਤੀਂਆਂ ਕੰਪੈਨਾਂ। ਸਾਰੀ ਮਸ਼ੀਨਰੀ ਦੇ ਜੋੜ-ਖੋਲ, ਗਰੀਸਾਂ ਦੇ, ਫੋਰਮੈਨ ਤਿਆਰੀ ਕਰੀ ਬੈਠੇ ਸਨ। ਹੱਲਾ ਕਰਨ ਆਂਗੂੰ ਜੁੱਟ ਪੇ। ਜਿੱਥੇ ਪੜ੍ਹੇ-ਲਿਖੇ ਅਤੇ ਸਰਦੇ ਲੋਕ ਠੰਡੇ ਕਮਰਿਆਂ
ਚੋਂ ਨਿਕਲ, ਠੰਡੀ ਕਾਰ ਚ ਵੜ, ਠੰਡੇ ਹਾਲ
ਚ ਦੁੱਖ-ਸੁੱਖ ਕਰਦੇ, ਖਾਂਦੇ-ਪੀਂਦੇ ਵੀ ਤ੍ਰਾਹੀ-ਤ੍ਰਾਹੀ ਕਰੀ ਜਾਂਦੇ ਐ, ਉੱਥੇ ਕਿਸਾਨ-ਮਜ਼ਦੂਰ ਏਸੇ, ਤਰਤਾਲੀ ਡਿਗਰੀ ਚ, ਜਵਾਕਾਂ ਨੂੰ ਨਾਲ ਲਾ, ਟੱਬਰ-ਟੀਰ ਦਾ ਸਾਲ-ਭਰ ਦਾ, ਅੰਨ-ਜਮ੍ਹਾਂ ਕਰਨ ਲਈ ਲਟੋ-ਪੀਂਘ ਹੋਏ ਪਏ ਐ। ਮੂੰਹ ਸਿਰ ਬੰਨ੍ਹ, ਕੰਡ-ਫੱਕ ਨਾਲ, ਦੋ-ਚਾਰ ਹੁੰਦਾ ਲਾਣਾ, ਕਣਕ ਵੱਢਣ, ਕੱਢਣ, ਸਿਲਾ ਚੁਗਣ, ਮੰਡੀ
ਚ ਸਿੱਟਣ, ਵੇਚਣ ਅਤੇ ਤੂੜੀ-ਤੰਦ ਸਾਂਭਣ ਲਈ ਦਿਨ-ਰਾਤ ਇੱਕ ਕਰੀ ਜਾਂਦੈ।
ਸਰਕਾਰੀ ਅਮਲਾ-ਫੈਲਾ ਵੀ ਘੁਕੀ ਜਾਂਦੈ। ਸਕੂਲੀ ਪੜ੍ਹਦੇ ਪਾੜੂ ਵੀ ਮਾਂ-ਬਾਪ ਨਾਲ ਤੌੜੇ-ਲੋਟਾਂ ਚੱਕੀ, ਸਦੇਹਾਂ ਹੀ ਖੇਤਾਂ ਵੱਲ ਚਾਲੇ ਪਾ ਦਿੰਦੇ ਐ। ਮੀਂਹ-ਹਨੇਰੀ ਦੀ ਬਿੜਕ ਲੈਂਦੇ, ਥੱਕੇ-ਟੁੱਟੇ ਜੀਅ-ਜੰਤ, ਇੱਕ-ਦੂਜੇ ਵੱਲ, ਵਾਰ-ਵਾਰ ਦੇਖਦੇ, ਫੇਰ ਜੁੱਟ ਪੈਂਦੇ ਹਨ। ਕਣਕ ਦਾ ਹੋਈਆ, ਚੰਗਾ ਐਤਕੀਂ, ਪੈਂਹਟ-ਅਠਾਹਟ ਮਣ ਨਿਕਲ ਰਹੀ ਹੈ, ਰਿਕਾਰਡ ਟੁੱਟਣ ਨਾਲ ਕਈਆਂ ਦੇ ਕਬੀਲਦਾਰੀ ਦੁੱਖ ਵੀ ਟੁੱਟਣਗੇ। ਖੇਤੀ ਵਾਲਿਆਂ ਦੀ ਸਰਕਾਰ ਨਾ ਸਹੀ, ਰੱਬ ਤਾਂ ਵੇਖਦਾ ਈ ਨਾ! ਕਈ ਰੇਲੂ ਅਰਗੇ ਵੇਹਲੜ ਵੀ, ਜਿਹੜੇ ਸਾਰਾ ਸਾਲ ਡੱਕਾ ਨੀਂ ਤੋੜਦੇ, ਆਵਦੇ ਪਾਂਜੀਏ ਭਾਈ ਮੇਲੂ ਨਾਲ ਦਾਤੀ ਚੁੱਕ ਗੇੜਾ ਦੇਈ ਜਾਂਦੇ ਐ। ਖਹਿਰਾ ਸਾਹਿਬ, ਮੇਲੂ ਨੂੰ ਪੰਜਵੇਂ ਹਿੱਸੇ ਉੱਤੇ ਜ਼ਮੀਨ ਦੇ ਕੇ ਪਹਿਲਾਂ, ਕਾਰਮਦਾ ਕਿ ਕਣਕ ਦਾਤੀ ਨਾਲ ਵੱਢ ਕੇ ਤੂੜੀ ਹੜੰਬੇ ਜਾਂ ਡਰੰਮੀ ਨਾਲ ਕੱਢਣੀਂ ਐ। ਲਵੇਰੀਆਂ ਦੇ ਪ੍ਰੇਮੀ ਖੁਸ਼ਵੰਤ ਖੈਹਰਾ ਦੱਸਦਾ ਹੁੰਦੈ, ਬਈ, “ਹੱਥ ਦੀ ਵਾਢੀ ਨਾਲ ਬਣੀ, ਤੂੜੀ ਨੂੰ ਪਸੂ ਚਾਅ ਨਾਲ ਖਾਂਦੇ ਐ। ਖੁਸ਼ ਹੋ ਕੇ ਪਸੂ ਦੁੱਧ ਵੱਧ ਦਿੰਦੇ ਐ। ਫਸਲ ਅਤੇ ਪਸੂਆਂ ਦੀ ਨਸਲ, ਨਾਲ ਹੀ ਕਿਸਾਨ-ਮਜਦੂਰ ਦੀ ਸਿਹਤ ਜੁੜੀ ਹੋਈ ਐ। ਚੰਗੀ ਮਿਹਨਤ ਅਤੇ ਖੁਰਾਕ ਕਰਕੇ ਹੀ ਨੱਬੇ ਸਾਲ ਵਾਲਾ ਖੰਗੂਰਾ ਮਾਰ ਸਕਦੈ।” ਆਪਣੇ ਵੇਲਿਆਂ ਚ, ਵਿੱਘਾ ਹਾੜ੍ਹੀ ਵੱਢਣ ਵਾਲਾ ਗੇਬੀ ਲੂਰ੍ਹੀਆਂ ਲੈਂਦਾ ਆਖਦਾ, “ਦੋ-ਦੋ ਕਿੱਲਿਆਂ ਆਲੇ ਵੀ ਕੰਪੈਨ ਤੋਂ ਵਢਾਈ ਜਾਂਦੇ ਐ, ਨਾ ਤੂੜੀ ਬਣੇ ਨਾ ਪੂਰੇ ਦਾਣੇ। ਐਨ੍ਹੀਂ ਕੁ ਤਾਂ ਮੈਂ ਚਾਰ-ਪੰਜ ਦਿਨ੍ਹਾਂ
ਚ ਕੱਲ੍ਹੇ ਨੇ ਈ ਚਾਅ
ਚ ਵੱਢ ਦੇਣੀਂ ਸੀ। ਸਾਡੇ ਵੇਲੇ ਅਸੀਂ ਵੀੜ੍ਹੀ ਕਰਕੇ ਮਹੀਨਾ-ਡੂਢ ਮਹੀਨਾ ਘਰੇ ਈ ਨੀਂ ਸੀ ਵੜਦੇ। ਲਾਂਗਾ, ਤੰਗਲੀਆਂ, ਸੈਂਡ, ਛੱਜਲੀਆਂ ਅਤੇ ਕੁੱਪਾਂ ਨਾਲ ਹੀ ਵਾਹ ਪੈਂਦਾ ਸੀ। ਚੱਲੋ ਭਾਈ ਜੇਹੀ ਕੋਕੋ ਓਹ ਜੇ ਜੋਕੋ?" ਸ਼ਾਮ ਲਾਲ ਵਪਾਰੀ ਦੀ ਗੱਲ ਠੀਕ ਹੈ, “ਏਸ ਸੋਨੇ ਰੰਗੇ ਅਨਾਜ ਤੋਂ, ਨੌਤੀ ਸੌ ਸ਼ੈਆਂ ਬਣਦੀਆਂ ਹਨ, ਜਿਨ੍ਹਾਂ ਨੇ ਕੋਤਰ ਸੌ ਜਨੌਰਾਂ, ਪੰਛੀਆਂ, ਵਾਪਾਰੀਆਂ, ਕਾਰਖਾਨੇਦਾਰਾਂ, ਟਰੱਕਾਂ ਵਾਲੇ, ਦੁਕਾਨਦਾਰਾਂ ਅਤੇ ਸਰਕਾਰਾਂ ਦਾ ਸਾਲ ਭਰ ਪਹੀਆ ਚੱਲਦਾ ਰੱਖਣਾ ਹੈ।" ਅੰਨ ਹੀ ਮੂਲ ਹੈ, ਜਿੰਦਗੀ ਦਾ ਆਧਾਰ ਹੈ, ਸ਼ਾਲਾ ਇਹ ਕਾਇਮ ਰਹੇ, ਸਾਰੀ ਦੁਨੀਆਂ
ਤੇ। ਆਮੀਨ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061