ਰਾਜ ਸਰਕਾਰ ਸਥਿਤੀ ਨਹੀਂ ਸੰਭਾਲ ਸਕਦੀ ਤਾਂ ਸੱਤ੍ਹਾਂ ਤੋਂ ਲਾਂਭੇ ਹੋ ਜਾਵੇ

ਬਠਿੰਡਾ, 20 ਮਾਰਚ, ਬਲਵਿੰਦਰ ਸਿੰਘ ਭੁੱਲਰ
ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਦੀ ਪੁਲਸੀਆਂ ਵੱਲੋਂ ਕੀਤੀ ਕੁੱਟਮਾਰ ਛੋਟੀ ਘਟਨਾ ਨਹੀਂ, ਇਹ ਜਿੱਥੇ ਦੇਸ਼ ਦੀ ਰਾਖੀ ਕਰਨ ਵਾਲਿਆਂ ਦੇ ਹਿਰਦਿਆਂ ਨੂੰ ਸੱਟ ਮਾਰਦੀ ਹੈ ਉੱਥੇ ਪੰਜਾਬ ਦੇ ਆਉਣ ਵਾਲੇ ਦਿਨਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮਾਮਲੇ ਦੀ ਹਾਈਕੋਰਟ ਦੇ ਜੱਜ ਪਾਸੋਂ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਡਿਸਮਿਸ ਕਰਕੇ ਪੀੜ੍ਹਤਾਂ ਨੂੰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ।
ਕਾ: ਸੇਖੋਂ ਨੇ ਕਿਹਾ ਕਿ ਇੱਕ ਫੌਜੀ ਅਫ਼ਸਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਅੰਗਦ ਸਿੰਘ ਦੀ ਬਾਰਾਂ ਸ਼ਰਾਬੀ ਪੁਲਸੀਆਂ ਵੱਲੋਂ ਗੁੰਡਾਗਰਦੀ ਕਰਦਿਆਂ ਕੁੱਟਮਾਰ ਕੀਤੀ ਗਈ ਅਤੇ ਝੂਠਾ ਮੁਕਾਬਲਾ ਬਣਾ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਗੁੰਡਾਗਰਦੀ ਦੇ ਪੱਖ ਵਿੱਚ ਭੁਗਤਦਿਆਂ ਦੋਵਾਂ ਵੱਲੋਂ ਹੋਇਆ ਝਗੜਾ ਕਰਾਰ ਦਿੱਤਾ ਅਤੇ ਕਰਨਲ ਉੱਪਰ ਸ਼ਰਾਬ ਪੀਤੀ ਹੋਣ ਦਾ ਦੋਸ਼ ਲਾਇਆ, ਜਦ ਕਿ ਹਸਪਤਾਲ ਦੀ ਰਿਪੋਰਟ ਵਿੱਚ ਸ਼ਰਾਬ ਨਾ ਪੀਤੀ ਹੋਣ ਦੀ ਰਿਪੋਰਟ ਆਈ। ਪੁਲਿਸ ਅਧਿਕਾਰੀਆਂ ਵੱਲੋਂ ਪੀੜ੍ਹਤ ਪਰਿਵਾਰ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਗਿਆ। ਕਮਿਉਨਿਸਟ ਆਗੂ ਨੇ ਕਿਹਾ ਕਿ ਇਸ ਗੁੰਡਾਗਰਦੀ ਕਾਰਨ ਭਾਰਤੀ ਫੌਜ ਦਾ ਮਨੋਬਲ ਡਿਗਦਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਫੌਜ ਦੇ ਅਕਸ਼ ਤੇ ਸੱਟ ਵੱਜਦੀ ਹੈ।
ਸੂਬਾ ਸਕੱਤਰ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਨਾਲ ਸਬੰਧਤ ਪੁਲਿਸ ਵਾਲਿਆਂ ਨੂੰ ਮੁਅੱਤਲ ਕਰਕੇ ਅੱਖਾਂ ਪੂੰਝਣ ਦੀ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਮੁਅੱਤਲ ਕੋਈ ਸਜ਼ਾ ਨਹੀਂ ਮੰਨੀ ਜਾ ਸਕਦੀ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਹਾਈਕੋਰਟ ਦੇ ਜੱਜ ਪਾਸੋਂ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਦੋਸ਼ੀਆਂ ਦੀ ਮੱਦਦ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਵੀ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਰਾਜ ਦੀ ਭਗਵੰਤ ਮਾਨ ਸਰਕਾਰ ਫੌਜੀ ਜਵਾਨਾਂ ਤੇ ਸਹੀਦਾਂ ਦਾ ਸਤਿਕਾਰ ਕਰਨ ਦਾ ਦਾਅਵਾ ਕਰਦੀ ਰਹੀ ਹੈ, ਪਰ ਸੂਬੇ ਵਿੱਚ ਵਾਪਰੀ ਇਸ ਘਟਨਾ ਤੋਂ ਸਪਸ਼ਟ ਹੋ ਗਿਆ ਹੈ ਕਿ ਸਰਕਾਰ ਜੋ ਕਹਿੰਦੀ ਹੈ ਉਹ ਕਰਦੀ ਨਹੀਂ। ਸੂਬਾ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਹੈ ਜੋ ਝੂਠੇ ਮੁਕਾਬਲਿਆਂ ਦੇ ਰਸਤੇ ਤੁਰ ਰਹੀ ਹੈ। ਇਹ ਘਟਨਾਵਾਂ ਰਾਜ ਦੇ ਆਉਣ ਵਾਲੇ ਦਿਨਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ, ਜਿਸ ਨਾਲ ਹਾਲਾਤ ਵਿਗੜ ਜਾਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਰਾਜ ਦੀ ਸਥਿਤੀ ਸੰਭਾਲਣ ਤੋਂ ਅਸਮਰੱਥ ਹੈ ਤਾਂ ਉਸਨੂੰ ਸੱਤ੍ਹਾ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।