
ਬਲਵਿੰਦਰ ਸਿੰਘ ਭੁੱਲਰ
ਔਰੰਗਜੇਬ ਜਿਸਦਾ ਅਸਲ ਨਾਂ ਮੁਹੀ ਅਲ ਦੀਨ ਮੁਹੰਮਦ ਸੀ, ਭਾਰਤ ਦਾ ਇੱਕ ਸ਼ਕਤੀਸ਼ਾਲੀ ਮੁਗ਼ਲ ਬਾਦਸ਼ਾਹ ਹੋਇਆ ਹੈ, ਜੋ ਧਾਰਮਿਕ ਵਿਅਕਤੀ ਸੀ। ਆਪਣੇ ਮੁਸਲਮਾਨ ਧਰਮ ਨੂੰ ਵਧਾਉਣ ਅਤੇ ਮੁਗ਼ਲ ਸਾਮਰਾਜ ਵਿੱਚ ਵਾਧਾ ਕਰਨ ਲਈ ਉਸਨੇ ਜੰਗਾਂ ਕੀਤੀਆਂ ਅਤੇ ਦੂਜੇ ਧਰਮਾਂ ਦੇ ਲੋਕਾਂ ਤੇ ਬਹੁਤ ਅੱਤਿਆਚਾਰ ਵੀ ਕੀਤੇ। ਇਤਿਹਾਸ ਵਿੱਚ ਜਿਕਰ ਮਿਲਦਾ ਹੈ ਕਿ ਉਹ ਸਵਾ ਮਨ ਜਨੇਊ ਲਾਹ ਕੇ ਖਾਣਾ ਖਾਂਦਾ ਸੀ, ਭਾਵ ਕਿ ਬਹੁਤ ਵੱਡੀ ਗਿਣਤੀ ਵਿੱਚ ਹਿੰਦੂਆਂ ਸਿੱਖਾਂ ਨੂੰ ਕਤਲ ਕਰਵਾਉਂਦਾ ਸੀ। ਉਸਨੇ ਸਿੱਖ ਧਰਮ ਨਾਲ ਵੀ ਆਢਾ ਲਿਆ, ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਸਦੇ ਜੁਲਮ ਰੋਕਣ ਲਈ ਆਪਣਾ ਬਲੀਦਾਨ ਦੇਣਾ ਪਿਆ। ਉਸਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਾਜੀ ਖਾਲਸਾ ਫੌਜ ਨਾਲ ਉਸ ਦੀਆਂ ਲੜਾਈਆਂ ਹੋਈਆਂ। ਆਪਣੇ ਰਾਜ ਕਾਲ ਦੌਰਾਨ ਸੰਨ 1657 ਵਿੱਚ ਉਸ ਨੇ ਗੋਲਕੁੰਡਾ ਅਤੇ ਬੀਜਾਪੁਰ ਉੱਪਰ ਹਮਲੇ ਕੀਤੇ ਅਤੇ ਹਿੰਦੂ ਸੂਰਬੀਰ ਸ਼ਿਵਾ ਜੀ ਮਰਾਠਾ ਨਾਲ ਯੁੱਧ ਕੀਤਾ। ਇਸਤੋਂ ਬਾਅਦ ਉਸਨੇ ਦੱਖਣੀ ਭਾਰਤ ਵਿੱਚ ਔਰੰਗਾਬਾਦ ਵਿਖੇ ਆਪਣੀ ਰਿਹਾਇਸ਼ ਕਰ ਲਈ।
ਇਹ ਸੱਚਾਈ ਹੈ ਕਿ ਉਹ ਅੱਤਿਆਚਾਰੀ ਸਮਰਾਟ ਸੀ, ਪਰ ਪੱਕਾ ਮੁਸਲਮਾਨ ਤੇ ਤਾਕਤਵਰ ਬਾਦਸ਼ਾਹ ਸੀ। ਉਹਨਾਂ ਸਮਿਆਂ ਵਿੱਚ ਰਾਜਿਆਂ ਮਹਾਰਾਜਿਆਂ ਦਰਮਿਆਨ ਯੁੱਧ ਹੁੰਦੇ ਰਹਿੰਦੇ ਸਨ, ਜੋ ਇਤਿਹਾਸ ਦਾ ਰੂਪ ਧਾਰ ਚੁੱਕੇ ਹਨ। ਕਿਸੇ ਵੀ ਧਰਮ, ਜਾਤ ਨਾਲ ਸਬੰਧਤ ਮਹਾਰਾਜੇ, ਯੋਧੇ, ਫ਼ਕੀਰ ਇਤਿਹਾਸ ਦਾ ਹਿੱਸਾ ਬਣ ਜਾਂਦੇ ਹਨ, ਜੋ ਰਹਿੰਦੀ ਦੁਨੀਆਂ ਤੱਕ ਰਹੇਗਾ। ਔਰੰਗਜੇਬ ਵੀ ਇਤਿਹਾਸ ਦਾ ਹਿੱਸਾ ਹੈ, ਜਿਸਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸੰਨ 1707 ਵਿੱਚ ਉਸਦੀ ਦੱਖਣੀ ਭਾਰਤ ਵਿੱਚ ਹੀ ਮੌਤ ਹੋ ਗਈ ਤਾਂ ਉਸ ਨੂੰ ਮਹਾਂਰਾਸ਼ਟਰ ਦੇ ਸ਼ਹਿਰ ਔਰੰਗਾਬਰਾਦ ਨੇੜੇ ਖੁਲਦਾਵਾਦ ਦੇ ਸਥਾਨ ਤੇ ਸੂਫੀ ਸੰਤ ਸ਼ੇਖ ਬੁਰਹਾਨ ਉਦ ਦੀਨ ਗਰੀਬ ਦੀ ਦਰਗਾਹ ਨਜਦੀਕ ਦਫ਼ਨਾਇਆ ਗਿਆ। ਜਿੱਥੇ ਉਸਦੀ ਕਰੀਬ ਤਿੰਨ ਸੌ ਸਾਲ ਪੁਰਾਣੀ ਕਬਰ ਮੌਜੂਦ ਹੈ। ਮੌਤ ਤੋਂ ਕੁੱਝ ਸਮਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਸਵੀਕਾਰ ਕਰਦਿਆਂ ਉਸਨੇ ਖ਼ੁਦ ਹੀ ਕਿਹਾ ਸੀ ਕਿ ਉਸਦੀ ਕਬਰ ਕੱਚੀ ਰੱਖੀ ਜਾਵੇ ਅਤੇ ਨਜਦੀਕ ਕੋਈ ਦਰਖ਼ ਨਾ ਲਾਇਆ ਜਾਵੇ, ਕਿਉਂਕਿ ਮੈਂ ਕੀਤੇ ਗੁਨਾਹਾਂ ਸਦਕਾ ਛਾਂ ਮਾਣਨ ਦੇ ਯੋਗ ਨਹੀਂ ਅਤੇ ਮੇਰੀ ਕਬਰ ਵੇਖ ਕੇ ਲੋਕ ਸਬਕ ਲੈਣ। ਉਸਦੀ ਇੱਛਾ ਅਨੁਸਾਰ ਅੱਜ ਵੀ ਉਸਦੀ ਕਬਰ ਉੱਪਰ ਤੋਂ ਕੱਚੀ ਹੈ ਅਤੇ ਨੇੜੇ ਦਰਖ਼ਤ ਨਹੀਂ ਹੈ। ਉਸਦੀ ਕਬਰ ਨੂੰੰ ਵੇਖਣ ਲਈ ਮੁਸਲਮਾਨ ਲੋਕ ਆਪਣੇ ਧਰਮ ਨਾਲ ਸਬੰਧਤ ਸਮਰਾਟ ਹੋਣ ਕਰਕੇ ਪਹੁੰਚਦੇ ਹਨ, ਪਰ ਸਿੱਖ ਜਾਂ ਹਿੰਦੂ ਉਸਦੀ ਕਬਰ ਦੀ ਹਾਲਤ ਵੇਖਣ ਵੀ ਚਲੇ ਜਾਂਦੇ ਹਨ ਅਤੇ ਉਸਦੇ ਅੱਤਿਆਚਾਰਾਂ ਨੂੰ ਯਾਦ ਕਰਦੇ ਹਨ। ਉਸਨੂੰ ਚੰਗਾ ਕਹਿਣ ਵਾਲੇ ਹੋਣ ਜਾਂ ਮਾੜਾ ਕਹਿਣ ਵਾਲੇ, ਪਰ ਉਹ ਅਤੇ ਉਸਦੀ ਇਹ ਕਬਰ ਇਤਿਹਾਸ ਦਾ ਹਿੱਸਾ ਜਰੂਰ ਹਨ।
ਹੁਣ ਕਰੀਬ ਤਿੰਨ ਸੌ ਸਾਲਾਂ ਬਾਅਦ ਵਿਸਵ ਹਿੰਦੂ ਪ੍ਰੀਸ਼ਦ ਨੇ ਇਹ ਕਬਰ ਢਾਅ ਦੇਣ ਦਾ ਐਲਾਨ ਕਰ ਦਿੱਤਾ ਹੈ। ਉਸਦੇ ਆਗੂਆਂ ਦਾ ਕਹਿਣਾ ਹੈ ਕਿ ਉਸਦੇ ਅੱਤਿਆਚਾਰਾਂ ਨੂੰ ਮੁੱਖ ਰਖਦਿਆਂ ਔਰੰਗਜੇਬ ਦੀ ਕਬਰ ਅਤੇ ਔਰੰਗਜੇਬੀ ਮਾਨਸਿਕਤਾ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਭਾਰਤ ਧਰਮ ਨਿਰਪੱਖ ਦੇਸ਼ ਹੈ, ਇਸ ਵਿੱਚ ਹਰ ਧਰਮ ਦੇ ਆਗੂਆਂ ਰਾਜਿਆਂ ਦੀਆਂ ਯਾਦਗਾਰਾਂ ਮੌਜੂਦ ਹਨ, ਜਿਹਨਾਂ ਵਿੱਚ ਵਿਦੇਸ਼ੀ ਲੋਕਾਂ ਜਿਵੇਂ ਅੰਗਰੇਜਾਂ ਦੀਆਂ ਯਾਦਗਾਰਾਂ ਵੀ ਹਨ, ਜਿਹਨਾਂ ਭਾਰਤ ਨੂੰ ਲੁੱਟਿਆ ਕੁੱਟਿਆ ਅਤੇ ਗੁਲਾਮ ਬਣਾ ਕੇ ਰੱਖਿਆ। ਕੀ ਉਹਨਾਂ ਦੀਆਂ ਯਾਦਗਾਰਾਂ ਨੂੰ ਤਬਾਹ ਕੀਤਾ ਜਾਵੇਗਾ? ਅੱਜ ਔਰੰਗਜੇਬ ਦੀ ਕਬਰ ਨੂੰ ਢਾਉਣ ਦਾ ਮੁੱਦਾ ਕਿਉਂ ਕੌਮੀ ਮੁੱਦਾ ਬਣਾ ਦਿੱਤਾ ਗਿਆ ਹੈ। ਕੀ ਇਸ ਕਬਰ ਨੰੂ ਢਾਅ ਦੇਣ ਨਾਲ ਔਰੰਗਜੇਬ ਨੂੰ ਭੁਲਾ ਦਿੱਤਾ ਜਾ ਸਕੇਗਾ? ਇਸ ਸਵਾਲ ਦਾ ਜਵਾਬ ਨਾਂਹ ਵਿੱਚ ਹੀ ਹੋਵੇਗਾ, ਜਦੋਂ ਵੀ ਇਤਿਹਾਸ ਫਰੋਲਿਆ ਜਾਵੇਗਾ ਉਦੋਂ ਔਰੰਗਜੇਬ ਅਤੇ ਉਸਦੇ ਅੱਤਿਆਚਾਰਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ ਅਤੇ ਰਹਿਣਾ ਵੀ ਚਾਹੀਦਾ ਹੈ। ਅੱਜ ਵੀ ਜੇਕਰ ਸਰਕਾਰਾਂ ਲੋਕ ਹਿਤਾਂ ਨੂੰ ਕੁਚਲਣ ਵਾਲੀਆਂ ਕਾਰਵਾਈਆਂ ਕਰਨ ਤਾਂ ਔਰੰਗਜੇਬ ਦੇ ਦੌਰ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਉਸ ਮੁਗ਼ਲ ਸਮਰਾਟ ਦੇ ਖਾਤਮੇ ਦੀ ਉਦਾਹਰਣ ਦਿੱਤੀ ਜਾਂਦੀ ਹੈ।
ਇਹ ਹਿੰਦੂ ਵਿਸ਼ਵ ਪ੍ਰੀਸ਼ਦ ਨੂੰ ਪਤਾ ਹੈ ਕਿ ਇਤਿਹਾਸ ਖਤਮ ਨਹੀਂ ਕੀਤਾ ਜਾ ਸਕਦਾ, ਪਰ ਫੇਰ ਇਹ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ? ਇਸਦਾ ਸਿੱਧਾ ਅਰਥ ਹੈ ਕਿ ਅਜਿਹਾ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ, ਕਬਰਾਂ ਦੇ ਨਾਂ ਤੇ ਸਿਆਸਤ ਕੀਤੀ ਜਾ ਰਹੀ ਹੈ। ਹਿੰਦੂ ਵੋਟਾਂ ਪ੍ਰਾਪਤ ਕਰਨ ਲਈ ਮੁਸਲਮਾਨਾਂ ਵਿਰੁੱਧ ਲੋਕਾਂ ਦੇ ਜਜ਼ਬਾਤ ਭੜਕਾਏ ਜਾ ਰਹੇ ਹਨ, ਮੁਸਲਮਾਨਾਂ ਨੂੰ ਦੁਸ਼ਮਣ ਬਣਾ ਕੇ ਉਭਾਰਿਆ ਜਾ ਰਿਹਾ ਹੈ, ਉਹਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਕਬਰਾਂ ਰਾਸ਼ਟਰ ਲਈ ਕੋਈ ਖਤਰਾ ਨਹੀਂ ਹਨ, ਪਰ ਮਾਮਲਾ ਸੱਤਾ ਪ੍ਰਾਪਤੀ ਦਾ ਹੈ ਜਾਂ ਲੋਕਾਂ ਦਾ ਸਰਕਾਰਾਂ ਦੀ ਮਾੜੀ ਕਾਰਗੁਜਾਰੀ ਤੋਂ ਪਾਸਾ ਵੱਟਣ ਦੀ ਸਾਜਿਸ਼ ਕਹੀ ਜਾ ਸਕਦੀ ਹੈ। ਦੁਨੀਆਂ ਭਰ ਵਿੱਚ ਡਿਕਟੇਟਰਾਂ ਅੱਤਿਆਚਾਰੀ ਜ਼ਾਲਮਾਂ ਦੀਆਂ ਯਾਦਗਾਰਾਂ ਕਾਇਮ ਹਨ ਜਿਵੇਂ ਹਿਟਲਰ, ਮੋਸੀਲਿਨੀ, ਸੁਦਾਮ ਹੁਸੈਨ ਵਰਗਿਆਂ ਦੀਆਂ। ਕਬਰਾਂ ਢਾਉਣ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ।
ਮੁਸਲਮਾਨ ਸਮਰਾਟਾਂ ਦੇ ਨਾਵਾਂ ਵਾਲੇ ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਹਨ, ਸੜਕਾਂ ਤੇ ਇਮਾਰਤਾਂ ਦੇ ਨਾਂ ਬਦਲੇ ਜਾ ਰਹੇ ਹਨ, ਰੇਲਵੇ ਸਟੇਸ਼ਨਾਂ ਦੇ ਨਾਂ ਬਦਲੇ ਜਾ ਰਹੇ ਹਨ। ਹੁਣ ਕਬਰਾਂ ਢਾਉਣ ਦਾ ਰਾਹ ਫੜ ਲਿਆ ਹੈ। ਔਰੰਗਜੇਬ ਦੀ ਕਬਰ ਢਾਅ ਦੇਣ ਨਾਲ ਲੋਕਾਂ ਨੂੰ ਰੁਜਗਾਰ ਨਹੀਂ ਮਿਲੇਗਾ। ਗਰੀਬ ਲੋਕਾਂ ਨੂੰ ਦੋ ਡੰਗ ਦੀ ਰੋਟੀ ਜਾਂ ਰਹਿਣ ਨੂੰ ਮਕਾਨ ਨਹੀਂ ਮਿਲੇਗਾ। ਤਸ਼ੱਦਦ ਤੇ ਅੱਤਿਆਚਾਰ ਤੋਂ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲੇੇਗਾ। ਇਸ ਤਰਾਂ ਕਬਰਾਂ ਜਾਂ ਯਾਦਗਾਰਾਂ ਢਾਉਣ ਨਾਲ ਇਤਿਹਾਸ ਤਾਂ ਨਹੀਂ ਬਦਲਿਆ ਜਾ ਸਕਦਾ, ਪਰ ਦੋ ਧਰਮਾਂ ਵਿੱਚ ਦੁਸ਼ਮਣੀ ਪੈਦਾ ਕਰਨ ਦਾ ਆਧਾਰ ਜਰੂਰ ਬਣ ਜਾਵੇਗਾ। ਦੇਸ਼ ਵਿੱਚ ਸਾਂਤੀ ਅਤੇ ਧਰਮ ਨਿਰਪੱਖਤਾ ਅਤੇ ਏਕਤਾ ਤੇ ਅਖੰਡਤਾ ਨੂੰ ਮਜਬੂਤ ਕਰਨ ਦੀ ਜਰੂਰਤ ਹੈ, ਦੁਸ਼ਮਣੀ ਪੈਦਾ ਕਰਨ ਜਾਂ ਵੰਡੀਆਂ ਪਾਉਣ ਦੀ ਨਹੀਂ। ਇਸ ਲਈ ਅਜਿਹੀਆਂ ਸਾਜਿਸ਼ਾਂ ਨੂੰ ਸਰਕਾਰਾਂ ਵੱਲੋਂ ਸਖ਼ਤੀ ਨਾਲ ਦਬਾ ਦੇਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਮੋਬਾ: 098882 75913