ਬਠਿੰਡਾ ਵਿੱਚ ਆਪ ਦੀ ਵਲੰਟੀਅਰ ਮੀਟਿੰਗ ਮੁਹਿੰਮ ਨੇ ਧਾਰਿਆ ਰੈਲੀ ਦਾ ਰੂਪ

ਬਠਿੰਡਾ 27 ਸਿਤੰਬਰ (ਬਲਵਿੰਦਰ ਸਿੰਘ ਭੁੱਲਰ) ਆਮ ਆਦਮੀ ਪਾਰਟੀ ਵੱਲੋ ਅਉਣ ਵਾਲੀਆਂ ਲੋਕ ਸਭਾ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਵਲੰਟੀਅਰਜ ਮੀਟਿੰਗ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੁਰਿੰਦਰ ਸਿੰਘ ਬਿੱਟੂ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਜਤਿੰਦਰ ਸਿੰਘ ਭੱਲਾ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਦੀ ਯੋਗ ਅਗਵਾਈ ਵਿੱਚ ਬਠਿੰਡਾ ਜਿਲ੍ਹੇ ਦੇ ਵਲੰਟੀਅਰਜ਼ ਨਾਲ ਮੀਟਿੰਗ ਕੀਤੀ ਗਈl ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਬੁੱਧ ਰਾਮ ਕਾਰਜਕਾਰੀ ਪ੍ਰਧਾਨ ਪੰਜਾਬ ਵਿਧਾਇਕ ਬੁਢਲਾਡਾ, ਜਗਦੀਪ ਸਿੰਘ ਕਾਕਾ ਬਰਾੜ (ਉਪ ਪ੍ਰਧਾਨ ਪੰਜਾਬ )ਵਿਧਾਇਕ ਸ਼੍ਰੀ ਮੁਕਤਸਰ ਸਾਹਿਬ, ਬਲਜਿੰਦਰ ਕੌਰ ਵਿਧਾਇਕ ਤਲਵੰਡੀ ਸਾਬੋ (ਚੀਫ਼ ਵਿੱਪ ਕੈਬਨਿਟ ਰੈਂਕ) ਸ਼ਮਿੰਦਰ ਸਿੰਘ ਖਿੰਡਾ ਸੂਬਾ ਸਕੱਤਰ ਪੰਜਾਬ, ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਹਿਰੀ, ਬਲਕਾਰ ਸਿੱਧੂ ਵਿਧਾਇਕ ਰਾਮਪੁਰਾ ਫੂਲ, ਜਗਸੀਰ ਸਿੰਘ ਵਿਧਾਇਕ ਭੁੱਚੋ, ਅਮਿਤ ਰਤਨ ਵਿਧਾਇਕ ਬਠਿੰਡਾ ਦਿਹਾਤੀ, ਰਕੇਸ਼ ਪੁਰੀ ਲੋਕ ਸਭਾ ਇੰਚਾਰਜ ਚੇਅਰਮੈਨ ਵਣ ਵਿਭਾਗ ਪੰਜਾਬ, ਨੀਲ ਗਰਗ ਚੇਅਰਮੈਨ ਮੱਧਮ ਇੰਡਸਟਰੀ ਪੰਜਾਬ, ਨਵਦੀਪ ਜੀਦਾ ਚੇਅਰਮੈਨ ਸ਼ੂਗਰਫੈੱਡ ਪੰਜਾਬ, ਅਨਿਲ ਠਾਕੁਰ ਚੇਅਰਮੈਨ ਟ੍ਰਾਂਸਪੋਰਟ ਵਿਭਾਗ ਪੰਜਾਬ, ਬਲਜਿੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਵਿੰਗ,ਅੰਮ੍ਰਿਤ ਅਗਰਵਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਬਠਿੰਡਾ, ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ, ਗੁਰਪ੍ਰੀਤ ਕੌਰ ਚੇਅਰਮੈਨ ਮਾਰਕੀਟ ਕਮੇਟੀ ਰਾਮਾ ਵਿਸ਼ੇਸ਼ ਤੌਰ ਤੇ ਪਹੁੰਚੇ।

ਇਸ ਮੀਟਿੰਗ ਵਿੱਚ ਜਤਿੰਦਰ ਸਿੰਘ ਭੱਲਾ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ( ਚੇਅਰਮੈਨ ਇੰਪਰੂਵ ਮੈਂਟ ਟਰੱਸਟ ਬਠਿੰਡਾ) ਅਤੇ ਸੁਰਿੰਦਰ ਸਿੰਘ ਬਿੱਟੂ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੇ ਆਏ ਹੋਏ ਮਹਿਮਾਨਾਂ ਅਤੇ ਵਲੰਟੀਅਰਜ ਦਾ ਸਵਾਗਤ ਕੀਤਾ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਪੰਜਾਬ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਿਰਵਿਘਨ ਚਲਦੇ ਰੱਖਣ ਲਈ ਨਿਯੁਕਤ ਕੀਤੇ ਗਏ ਨਵੇਂ ਪੰਜਾਬ ਕਾਰਜਕਾਰੀ ਪ੍ਰਧਾਨ ਪ੍ਰਿੰਸਿਪਲ ਬੁੱਧ ਰਾਮ ਅਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਵੀ ਦਿੱਤੀ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਬਠਿੰਡਾ ਜਿਲ੍ਹੇ ਲਈ ਨਵ ਨਿਯੁਕਤ ਕੀਤੇ ਜਿਲ੍ਹਾ ਯੋਜਨਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਪਾਰਟੀ ਵਲੰਟੀਅਰਜ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਨਿਰਦੇਸ਼ ਵੀ ਦਿੱਤੇ। ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦੇ ਕੰਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਉਡੇਢ ਸਾਲ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਹੋਏ ਆਪਣੇ ਬਹੁਤ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ। ਖ਼ੁਸ਼ਹਾਲ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਨੌਕਰੀਆਂ ਦਿੱਤੀਆ ਜਾ ਰਹੀਆਂ ਹਨ, ਰਿਸ਼ਵਤ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਹਰ ਰੋਜ਼ ਰਿਸ਼ਵਤ ਲੈਣ ਵਾਲ਼ੇ ਅਧਿਕਾਰੀਆਂ ਨੂੰ ਵਿਜੀਲੈਂਸ ਵੱਲੋਂ ਗਿਰਫ਼ਤਾਰ ਕੀਤਾ ਰਿਹਾ ਹੈ, ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ।

ਉਹਨਾਂ ਨੇ ਪੰਜਾਬ ਦੇ ਰਾਜਪਾਲ ਅਤੇ ਭਾਜਪਾ ਦੀ ਸੈਂਟਰ ਸਰਕਾਰ ਉਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਸੈਂਟਰ ਸਰਕਾਰ ਦੀ ਸਹਿ ਉੱਤੇ ਪੰਜਾਬ ਦੇ ਰਾਜਪਾਲ ਵਾਲੋਂ ਲੋਕਾਂ ਦੁਆਰਾ ਚੁਣੀ ਹੋਈ ਪੰਜਾਬ ਸਰਕਾਰ ਦੇ ਕੰਮਾਂ ਵਿੱਚ ਜਾਣਬੁੱਝ ਕੇ ਅੜਿਕਾ ਲਗਾਇਆ ਜਾਂਦਾ ਹੈ ਕਿਉਂਕਿ ਭਾਜਪਾ ਸਰਕਾਰ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਘਬਰਾਈ ਹੋਈ ਹੈ। ਉਹਨਾਂ ਕਿਹਾ ਕਿ ਜਿਹੜੇ ਰਾਜਾਂ ਵਿੱਚ ਭਾਜਪਾ ਜਾਂ ਉਹਨਾਂ ਦੇ ਭਾਈਵਾਲਾਂ ਦੀ ਅਗਵਾਈ ਵਿੱਚ ਸਰਕਾਰ ਚੱਲ ਰਹੀ ਹੈ ਉਹਨਾਂ ਰਾਜਾਂ ਦੇ ਰਾਜਪਾਲ ਉਹਨਾਂ ਸਰਕਾਰਾਂ ਦੇ ਕੰਮਾਂ ਵਿੱਚ ਦਖਲ ਨਹੀਂ ਕਰਦੇ ਪਰ ਜਿਹੜੇ ਰਾਜਾਂ ਵਿੱਚ ਆਪ ਦੀ ਸਰਕਾਰ ਹੈ, ਉਹਨਾਂ ਰਾਜਾਂ ਦੇ ਰਾਜਪਾਲ ਸਰਕਾਰ ਦੇ ਕੰਮਾਂ ਵਿੱਚ ਜਾਣਬੁੱਝ ਕੇ ਦਖਲ ਦੇ ਰਹੇ ਹਨ। ਉਹਨਾਂ ਨੇ ਕਿਹਾ ਕਿ ਰਾਜਪਾਲ ਦਾ ਕੰਮ ਸੈਂਟਰ ਅਤੇ ਰਾਜ ਸਰਕਾਰ ਵਿੱਚ ਇੱਕ ਕੜੀ ਦਾ ਕੰਮ ਕਰਨਾ ਹੈ ਨਾ ਕਿ ਸਰਕਾਰ ਦੇ ਕੰਮਾਂ ਵਿੱਚ ਅੜਚਨਾਂ ਪੈਦਾ ਕਰਨਾ।

ਇਸ ਮੌਕੇ ਤੇ ਪ੍ਰੋ. ਬਲਜਿੰਦਰ ਕੌਰ ਤੇ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ 70 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਸਾਲ ਵਿੱਚ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਨਿਯੁਕਤੀ ਪੱਤਰ ਮਿਲਣੇ ਸ਼ੁਰੂ ਹੋ ਗਏ। ਪਹਿਲੇ ਸਾਲ ਹੀ ਆਮ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਅਉਣ ਲੱਗ ਪਏ। ਉਹਨਾਂ ਨੇ ਕਿਹਾ ਕਿ ਅੱਜ ਤੱਕ ਕਦੇ ਸੁਣਿਆ ਸੀ ਕਿ ਆਮ ਘਰਾਂ ਦੇ ਧੀਆਂ ਪੁੱਤਰ ਮਾਰਕਿਟ ਕਮੇਟੀ ਜਾਂ ਪੰਜਾਬ ਅਦਾਰਿਆਂ ਦੇ ਚੇਅਰਮੈਨ ਬਣੇ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਮ ਘਰਾਂ ਦੇ ਧੀਆਂ ਪੁੱਤਰਾਂ ਨੂੰ ਚੇਅਰਮੈਨ ਲਾਇਆ ਗਿਆ ਹੈl ਉਹਨਾਂ ਨੇ ਕਿਹਾ ਕਿ ਹੁਣ ਆਮ ਘਰਾਂ ਦੇ ਬੱਚਿਆਂ ਨੂੰ ਐਮਿਨੇਂਸ ਸਕੂਲਾਂ ਵਿੱਚ ਉੱਚ ਪੱਧਰੀ ਵਿੱਦਿਆ ਹਾਸਲ ਹੋਵੇਗੀ ਅਤੇ ਮੁਹੱਲਾ ਕਲਿਨਿਕਾ ਵਿੱਚ ਹਰ ਕੋਈ ਆਪਣਾ ਇਲਾਜ਼ ਅਤੇ ਟੈਸਟ ਮੁਫ਼ਤ ਕਰਵਾ ਸਕੇਗਾ।