-ਪਰਮਜੀਤ ਸਿੰਘ ਬਾਗੜੀਆ
ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ, ਕੁਦਰਤ ਨੂੰ ਇਬਾਦਤ ਦੀ ਨਿਆਈਂ ਵਡਿਆਉਣ ਵਾਲੇ ਪੰਜਾਬੀ ਦੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੇ 151ਵੇਂ ਜਨਮ ਦਿਨ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੁੱਲਾਂ ਦਾ ਮੇਲਾ ਲਗਾਇਆ ਗਿਆ ਜਿਸਦਾ ਮਕਸਦ ਕੁਦਰਤ ਦੀ ਸੂੰਦਰਤਾ ਪ੍ਰਦਰਸਿ਼ਤ ਕਰਨਾ ਅਤੇ ਨੌਜਵਾਨਾਂ ਵਿਚ ਫੁੱਲਾਂ ਪ੍ਰਤੀ ਸੁਹੱਪਣੀ ਖਿੱਚ ਪੈਦਾ ਕਰਨਾ ਸੀ। ਇਹ ਮੇਲਾ ਡਾ. ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਦੀ ਦੂਰ ਅੰਦੇਸ਼ੀ ਸੋਚ ਅਤੇ ਵਾਤਾਵਰਣ ਪ੍ਰਤੀ ਫਿਕਰਭਾਵ ਅਤੇ ਪ੍ਰੇਰਨਾਦਾਇਕ ਅਗਵਾਈ ਅਧੀਨ ਹਰ ਸਾਲ ਲਗਾਇਆ ਜਾਂਦਾ ਹੈ। ਇਸ ਵਾਰ ਵੀ ਇਸ ਮੇਲੇ ਵਿਚ ਫੁੱਲਾਂ-ਪੌਦਿਆਂ ਦੇ ਸ਼ੌਕੀਨਾਂ ਅਤੇ ਪ੍ਰਤੀਯੋਗੀਆਂ ਨੇ ਭਰਵੀਂ ਹਾਜਰੀ ਭਰੀ। ਦਰਸ਼ਕ ਦਿਨ ਭਰ ਭਾਂਤ-ਸੁਭਾਂਤੇ ਫੁੱਲਾਂ ਦੀ ਪਰਿਕਰਮਾ ਕਰਦੇ ਰਹੇ।
ਮੇਲੇ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਦੀ ਜਿੰਮੇਵਾਰੀ ਨਿਭਾਊਣ ਵਾਲੇ ਸ. ਗੁਰਵਿੰਦਰ ਸਿੰਘ ਲੈਂਡਸਕੇਪ ਅਫਸਰ ਨੇ ਦੱਸਿਆ ਕਿ ਫਲਾਵਰ ਅਤੇ ਪਲਾਂਟ ਸ਼ੋਅ ਦੋਵਾਂ ਦੇ ਵੱਖ ਵੱਖ ਵਰਗਾਂ ਅਧੀਨ 7-7 ਸ਼੍ਰੇਣੀਆਂ ਦੇ ਮੁਕਾਬਲਿਆਂ ਵਿਚ ਪਹਿਲਾਂ ਸਥਾਨ ਮੱਲ ਕੇ ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਜੇਤੂ ਰਿਹਾ ਜਦਕਿ ਅੰਮ੍ਰਿਤਸਰ ਦੇ ਪੁਨੀਤ ਕੁਮਾਰ ਨੇ ਸੱਤ ਅਤੇ ਦੋ ਵਰਗਾਂ ਵਿਚ ਪੁਜੀਸ਼ਨਾਂ ਹਾਸਲ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ, ਖਾਲਸਾ ਕਾਲਜ ਅੰਮ੍ਰਿਤਸਰ ਨੇ ਦੋ ਅਤੇ 8 ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਮੱਲਿਆ।
ਫੁੱਲਾਂ ਦੇ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. ਬਿਕਰਮਜੀਤ ਸਿੰਘ ਬਾਜਵਾ ਨੇ ਕੀਤੀ ਅਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੁੰ ਇਨਾਮ ਵੀ ਤਕਸੀਮ ਕੀਤੇ। ਭਾਈ ਵੀਰ ਸਿੰਘ ਫਲਾਵਰ ਪਲਾਂਟ ਸ਼ੋਅ ਤੇ ਰੰਗੋਲੀ ਮੁਕਾਬਲਿਆਂ ਦੇ ਇੰਚਾਰਜ ਮਿਸ ਸੁਨੈਨਾ ਨੇ ਇਸ ਵਾਰ ਦੇ ਮੁਕਾਬਲਿਆਂ ਵਿਚ ਬਹੁਤ ਸਾਰੀਆਂ ਸੰਸਥਾਵਾਂ ਦੀ ਅਤੇ ਵਿਆਕਤੀਗਤ ਪੱਧਰ ‘ਤੇ ਹੋਈ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਉਨਹਾ ਆਖਿਆ ਕਿ ਫੁੱਲਾਂ-ਪੌਦਿਆਂ ਦੇ ਇਸ ਮੁਕਾਬਲੇ ਨੇ ਪ੍ਰਤੀਯੋਗੀਆਂ ਅਤੇ ਦਰਸ਼ਕਾਂ ਵਿਚ ਕੁਦਰਤ ਪ੍ਰਤੀ ਜਾਗਰੂਕਤਾ ਵੀ ਪੈਦਾ ਕੀਤੀ ਹੈ। ਇਹ ਮੇਲਾ ਭਾਈ ਵੀਰ ਸਿੰਘ ਦੀ ਵਿਰਾਸਤ ਅਤੇ ਫੁੱਲਾਂ ਅਤੇ ਕੁਦਰਤ ਦੀ ਮਨਮੋਹਕ ਸ਼ਾਨ ਨੂੰ ਬਣਾਈ ਰੱਖਣ ਦੇ ਪ੍ਰਣ ਅਤੇ ਅਗਲੇ ਵਰ੍ਹੇ ਮੁੜ ਜੁੜਨ ਦੇ ਵਾਅਦੇ ਨਾਲ ਸਿਖਰ ਨੂੰ ਪੁੱਜਾ।