ਧੁੰਦਲਕੇ ਵਾਲੀ ਸਾਸਰੀਕਾਲ ਸਾਰਿਆਂ ਨੂੰ ਜੀ। ਅਸੀਂ ਰਿਉੜੀਆਂ-ਪਕੌੜੀਆਂ ਵਿੱਚ ਮਸਤ ਹਾਂ। ਰੱਬ ਤੁਹਾਨੂੰ ਵੀ ਲੋਹੜੀ ਵਾਂਗੂੰ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਬਾਬਾ ਮੱਲੂ ਰਾਮ ‘ਪੰਡਤ ਜੀਸੈਂਚਰੀ ਨੂੰ ਅੱਪੜ ਗਏ ਹਨ। ਦਾੜ੍ਹੀ-ਪੱਗ ਵਾਲਾ ਬਾਬਾ ਨਾਂ ਤੋਂ ਹੀ ਮੱਲੂ ਸੀ ਵੇਖਣ ਵਾਲੇ ਨੂੰ ਉਹ ਮੱਲ ਸਿੰਹੁ ਲੱਗਦਾ। ਉਹ ਖੁਦ ਹੁੱਬ ਕੇ ਬਿਆਨਦਾ, “ਮੈਂ ਬਰਾੜ ਜੱਟਾਂ ਦਾ ਬਾਹਮਣ ਆਂ।" ਆਪਣੀ ਸੁਰਤੀ
ਚ ਪਹਿਲੀ ਵਾਰ ਮੈਂ ਉਸ ਨੂੰ ਉਂਗਲਾਂ ਨਾਲ ਵਾਲਾਂ ਦੀਆਂ ਅੜਕਾਂ ਕੱਢਦਿਆਂ ਬੜੀ ਕੜਕ ਆਵਾਜ਼ ਚ, ਮੜਕਦਿਆਂ ਵੇਖਿਆ। ਅਬਲੂ ਤੋਂ ਆ ਕੇ ਆਪਣੀ ਪੈਲੀ ਖਰੀਦ, ਖੁਦ ਖੇਤੀ ਕਰਨ ਵਾਲਾ ਬਾਸ਼ਿੰਦਾ ਸੀ। ਸੱਥ
ਚ ਵੱਡੇ ਸਰਪੰਚ ਦੇ ਸਾਹਮਣੇ ਘਰ ਹੋਣਾ ਉਸਨੂੰ ਸੋਨੇ ਉੱਤੇ ਕਰਾਹਾ ਸਾਬਤ ਹੋਇਆ। ਹੌਲੀ-ਹੌਲੀ ਖੇਤੀ ਤੋਂ ਵੱਧ ਉਸ ਦੀ ਪ੍ਰਸਿੱਧੀ ‘ਸਾਂਝਾ-ਪੰਚਾਇਤੀ ਬੰਦਾਵਜੋਂ ਹੋਈ ਪਰ ਮਸ਼ਹੂਰੀ ਹੱਥ-ਹਥੌਲੇ ਅਤੇ ਪੁੱਛਣਾ-ਦੱਸਣ ਕਰਕੇ। ਭਰਾਂਵੀਂ-ਵੰਡ, ਕੱਸੀ ਸੰਵਾਰਨ, ਰਾਹ ਕੱਢਣ, ਥਾਂ-ਮਿਣਨ, ਮੀਂਹ ਦੀ ਟੋਟ ਲਈ ਜੱਗ ਕਰਨ, ਟੂਰਨਾਮੈਂਟ ਕਰਨ, ਪਾਣੀ ਦਾ ਮਸਲਾ ਗੱਲ ਕੀ ਸੇਵਾ ਲਈ ਸਾਰਾ ਪਿੰਡ ਉਸਦੀ ਸਲਾਹ ਲੈਂਦਾ ਅਤੇ ਮੰਨਦਾ ਵੀ। ਘਰੇ ਉਹ ਜੰਤਰੀ ਵੇਖ ਕੇ ਘਰੇਲੂ-ਮੁਸ਼ਕਲਾਂ ਲਈ ਉਪਾਅ ਦੱਸਦਾ। ਉਸਦੀ ਵਿੱਦਿਆ ਬ੍ਰਾਹਮਣੀ ਸੀ, ਪਰ ਬੋਲੀ ਅਤੇ ਹੱਲ ਸਿੱਖੀ ਵਾਲੇ। ਲਵੇਰਾ ਦੁੱਧ ਨਾ ਦਿੰਦਾ, ਔਹਰ-ਸੌਹਰ, ਔਲਾਦ ਬਾਰੇ, ਦੰਪਤੀ-ਕਲੇਸ, ਕਮਾਈ
ਚ ਬਰਕਤ ਨਾ ਪੈਣੀ ਅਤੇ ਹੋਰ ਸੌ ਮਸਲਿਆਂ ਬਾਰੇ ਬੁੜੀਆਂ-ਬੰਦੇ ਉਸ ਕੋਲ ਆਏ ਰਹਿੰਦੇ। ਪਤਾਸੇ-ਲੱਡੂਆਂ ਦੇ ਪ੍ਰਸ਼ਾਦ ਦਾ ਹਿੱਸਾ ਉਹ, ਸੱਥ ਵਾਲੇ ਮੈਂਬਰਾਂ ਨੂੰ ਵੀ ਵੰਡ-ਛੱਡਦਾ। ਉਸਦੀ ਲਿਆਕਤ, ਇਮਾਨਦਾਰੀ, ਸੇਵਾ ਅਤੇ ਸਮਰਪਣ ਕਰਕੇ ਸਾਰੇ ਉਸਨੂੰ ਹੱਥ ਬੰਨ੍ਹਦੇ। ਉਸਦੀ ਨੇਕੀ ਕਰਕੇ ਹੀ ਉਸਦੇ ਮੁੰਡੇ ਸਲੱਗ ਨਿਕਲੇ। ਉਸਦੀ ਚਾਲਾਕੀ ਸਮਝੋ ਜਾਂ ਅਕਲਮੰਦੀ, ਵੋਟਾਂ ਚ ਉਹ ਕਦੇ ਨਾ ਖੜ੍ਹਾ ਹੋਇਆ, ਨਾ ਕਿਸੇ ਦੀ ਮੱਦਦ ਲਈ ਜਾਹਰ ਹੋਇਆ। ਮੱਦਦ ਲਈ ਆਏ ਹਰੇਕ ਉਮੀਦਵਾਰ ਨੂੰ ਖੰਘ ਦੀ ਦਵਾਈ ਵਾਂਗੂੰ ਇੱਕੋ ਬੋਤਲ ਵਿੱਚੋਂ ਹੀ ਖੁਰਾਕ ਦਿੰਦਾ। ਪੂਰੀ ਸਦੀ ਦਾ ਇਤਿਹਾਸ ਹੈ ਉਹ। ਹੋਰ, ਹੁਣ ਦਿਮਾਗਦਾਰ ਨਿੱਕੇ-ਨਿੱਕੇ ਬੱਚੇ, ਮਾਪਿਆਂ ਨੂੰ ਵੱਡੇ-ਵੱਡੇ ਦਬਕੇ ਮਾਰਦੇ ਹਨ। ਖਿੜਕੀਆਂ ਆਲੇ ਮਹੰਤ ਕਾਇਮ ਹਨ। ਗੋਨੀ, ਮੋਨੀ, ਧੋਨੀ, ਨੋਨੀ ਅਤੇ ਜੋਨੀ ਠੀਕ ਹਨ। ਪਿੰਡਾਂ ਆਲੇ ਹੁਣ ਰਾਜਸੀ ਗੱਲਾਂ ਬਾਹਲੀਆਂ ਕਰਦੇ ਹਨ। ਬੁੱਢੇ ਨਾਲੇ ਨੂੰ ਸਾਫ ਕਰਨ ਦੇ ਉਪਰਾਲੇ ਹਨ। ਪੱਗਾਂ, ਚੁੰਨੀਆਂ ਨਾਲ ਮੈਚਿੰਗ ਜੈਕਟਾਂ/ਕੋਟੀਆਂ ਦਾ ਰਿਵਾਜ ਵੱਧ ਰਿਹੈ। ਰੀਲਾਂ/ਸ਼ਾਰਟਸ/ਇੰਸਟਾਗ੍ਰਾਮ, ਮੈਸੇਜ ਅਤੇ ਫੇਸਬੁੱਕ ਭਾਰੂ ਹੈ। ਪ੍ਰਵਾਸ ਦੇ ਰਾਹ ਭਿੜਣ ਕਰਕੇ ਹੁਣ ਅਸੀਂ ਹੋਰ ਪਾਸੇ ਡਮਾਕ ਭਿੜਾ ਰਹੇ ਹਾਂ। ਲੋਹੜੀ ਲਈ ਨਵੇਂ-ਨਵੇਂ, ਖਾਣੇ-ਦਾਣੇ ਸਜ ਗਏ ਹਨ। ਫਰਜੀਆਂ, ਮਰਜੀਆਂ, ਦਰਜੀਆਂ ਅਤੇ ਕਰਜੀਆਂ ਦਾ ਬੋਲਬਾਲਾ ਹੈ। ਬਾਹਰੋਂ ਆ ਕੇ ਪੰਜਾਬੀ, ਉਦਾਸੇ ਘਰਾਂ ਨੂੰ ਚਮਕਾ ਰਹੇ ਹਨ। ਆਵਾਰਾ ਪਸ਼ੂ, ਨਸ਼ੇੜੀ ਅਤੇ ਖੋਹ-ਖਿੰਜ ਜਾਰੀ ਹੈ। ਸੱਚ, ਨਗਰ ਕੀਰਤਨ, ਸਜਣ ਵਾਲਾ ਹੈ। ਚੰਗਾ, ਖਿੱਚੀ ਆਓ ਕਮਾਈ, ਅਗਲੇ ਐਤਵਾਰ ਚਿੱਠੀ ਫੇਰ ਆਈ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061