ਪਿੰਡ, ਪੰਜਾਬ ਦੀ ਚਿੱਠੀ (205)

ਸਤ ਸ਼੍ਰੀ ਅਕਾਲ ਜੀ, ਅਸੀਂ ਏਥੇ ਤਾਂ ਚੜ੍ਹਦੇ-ਲਹਿੰਦੇ ਵਾਂਗੂੰ ਹੀ ਹਾਂ। ਰੱਬ ਤੁਹਾਡੇ ਵੱਲੋਂ ਠੰਡੀ ਵਾਅ ਘੱਲੇ। ਅੱਗੇ ਸਮਾਚਾਰ ਇਹ ਹੈ ਕਿ ਦੇਬੇ ਬੱਕਰੀਆਂ ਵਾਲੇ ਦੇ ਛੋਟੇ ਮੁੰਡੇ ਨੇ ਅੱਡ ਘਰ ਪਾ ਲਿਆ ਹੈ। ਛੱਤ ਉੱਤੇ, ਸਾਰਿਆਂ ਨੂੰ ਬਣਦਾ-ਸਰਦਾ ਲੰਗਰ ਪਾਣੀ ਛਕਾਇਆ। ਕਹਿੰਦੇ ਐ ਬਈ ਰਾਤੀਂ ਖਾਸ-ਲਿਹਾਜੀਆਂ ਨੂੰ ਦਾਰੂ-ਸਿੱਕਾ ਵੀ ਚਲਾਇਆ। ਅਗਲੇ ਦਿਨ ਤੜਕੇ ਮੋੜ ਉੱਤੇ ਬੈਠੇ ਟੇਕੂੜੇ, ਗਾਮੀ ਅਤੇ ਹਰਸ਼ੀ ਨੇ ਗੁਰਦੇਵ ਸਿੰਘ ਉਰਫ ਦੇਬੂ ਨੂੰ ਯਾਦ ਕਰ ਲਿਆ। “ਲੈ ਬਈ ਮੇਰਾ ਹਾਣੀ ਸੀ ਦੇਵ, ਮੈਂ ਵੀ ਕਈ ਚਿਰ, ਉਹਦੇ ਨਾਲ ਬੱਕਰੀਆਂ ਚਰਾਈਆਂ। ਨ੍ਹੇਕੇ ਦੇ ਵਾੜੇ ਚ ਕੋਠੇ ਵਰਗਾ ਛੱਪਰ ਛੱਤ ਕੇ, ਉਹ ਬੱਕਰੀਆਂ ਨੂੰ ਤਾੜਦਾ। ਉਹਦੀ ਕੁੱਲ ਪੂੰਜੀ ਇਹ ਬੱਕਰੀਆਂ ਹੀ ਸਨ। ਇੱਕ ਡੱਬਾ ਕੁੱਤਾ ਪੱਕਾ ਸਾਥੀ। ਨ੍ਹੇਕੇ ਕੇ ਬੱਕਰੀਆਂ ਦੀਆਂ ਮੀਂਗਣਾਂ ਦੀ ਰੇਹ ਦੇ ਲਾਲਚਚ ਉਹਨੂੰ ਕਈ ਸਾਲ ਆਸਰਾ ਦੇਈ ਗਏ। ਮੈਂ, ਬੱਸ ਦਿਨ ਦਾ ਹੀ ਸਾਥੀ ਸੀ, ਰਾਤ ਨੂੰ ਘਰੇ ਆ ਪੈਂਦਾ।” ਟੇਕੂੜੇ ਨੇ ਵਿਥਿਆ ਸ਼ੁਰੂ ਕੀਤੀ। “ਕੇਰਾਂ ਗਰਮੀਆਂ ਚ ਕਹਿੰਦੇ ਸੀ ਰਿੱਛ ਅਰਗਾ ਕੋਈ ਜਾਨਵਰ ਭੈਅ ਦੇਣ ਲੱਗ ਗਿਆ ਸੀ?" ਗਾਮੀ ਨੇ ਪੁੱਛ ਕੀਤੀ। “ਉਹ ਤਾਂ ਜਲੌਅ ਬਣਾਇਆ ਸੀ ਕਿਸੇ ਨੇ ਜਨੌਰ ਚੱਕਣ ਲਈ। ਹੋਰ ਕਿਹੜੇ ਬਚੇ ਐ ਆਪਣੇ ਬਾਘ-ਬਿੱਲੇ। ਗਰਮੀਆਂਚ ਅਜੇਹੇ ਕਈ ਕਹਾਣੇ ਚੱਲਦੇ ਰਹਿੰਦੇ ਸੀ। ਸਾਡਾ ਬਚਾਅ ਰਿਹਾ। ਉਨ੍ਹਾਂ ਦਿਨਾਂ ਚ ਮੈਂ ਵੀ ਉੱਥੇ ਹੀ ਕੋਠੇ ਉੱਤੇ ਪੈਣ ਲੱਗ ਪਿਆ ਸੇਲਾ ਲੈ ਕੇ। ਇੱਕ ਕੁੱਤਾ ਹੋਰ ਰੱਖ ਲਿਆ।" “ਵੇਖ ਲੈ ਕਿਧਰੇ ਗਏ ਓਹ ਇੱਜੜਾਂ ਆਲੇ ਜ਼ਮਾਨੇ, ਸਮੇਂ ਦੀ ਚਾਲ ਐ।" ਹਰਸ਼ੀ ਨੇ ਬਦਲੇ ਸਮੇਂ ਦੇ ਰੰਗਾਂ ਨੂੰ ਵਾਚਿਆ। “ਹੌਲੀ-ਹੌਲੀ ਜ਼ਮੀਨ ਵਾਹਕ ਹੋ ਗੀ, ਖਾਲੀ ਸ਼ਾਮਲਾਟਾਂ, ਟਿੱਬੇ, ਵਾਹਣ, ਸਾਰੇ ਚੱਕੇ ਗਏ। ਅਸੀਂ ਖੁੱਲ੍ਹੇ ਵਾਹਣ ਗੇੜਾ ਕੱਢ, ਦੁਪੈਰੇ, ਕਿਸੇ ਦਰਖ਼ਤ ਥੱਲੇ ਬੈਠ ਜਾਂਦੇ, ਰੋਟੀ ਖਾਂਦੇ। ਕਾਲੇ ਹੋਏ ਪੀਪੇਚ ਖੁੱਲ੍ਹਾ ਤਾਜਾ ਦੁੱਧ ਪਾ ਚਾਹ ਬਣਾਉਂਦੇ। ਦਿਨ ਢਲੇ ਹੌਲੀ-ਹੌਲੀ, ਡੁਰ-ਡੁਰ ਕਰਦੇ, ਆ ਵਾੜੇ ਚ ਤਾੜਦੇ। ਤਿੰਨ-ਚਾਰ ਮਹੀਨਿਆਂ ਤੋਂ ਵਾਧੂ ਪਠੋਰੇ ਹੋ ਜਾਂਦੇ। ਸਾਲ ਤੋਂ ਉਂਨ ਲਾਹੁੰਦੇ। ਮੰਡੀ ਉੱਤੇ ਛੱਤਰੇ-ਭੇਡੂ ਵੇਚ ਰੌਣਕਾਂ ਲਾਂਉਂਦੇ। ਚਰਾਂਦ ਮੁੱਕੀ ਤੋਂ, ਇਸ ਕੰਮ ਨਾਲ ਈ ਦੇਬੂ ਵੀ ਮੁੱਕ ਗਿਆ। ਮੁੰਡਿਆਂ ਕੰਮ ਬਦਲ ਲੇ। ਚੱਲੋ, ਰੱਬ ਨੇ ਫੇਰ ਵੀ ਰੰਗ-ਭਾਗ ਲਾਤੇ।" ਉਬਾਸੀ ਲੈਂਦਾ ਟੇਕੂ ਗਰਮੀਚ ਵੀ ਠੰਡਾ ਹਉਕਾ ਲੈ ਗਿਆ।

ਹੋਰ, ਨਹਿਰਾਂ ਵਾਲੇ ਬਾਬੇ ਦੇ ਸੰਗਰਾਂਦ ਨੂੰ ਭੰਡਾਰਾ ਸੀ। ਖ਼ਬਰ ਹੈ ਕਿ ਅੰਮ੍ਰਿਤਸਰੀ ਆਚਾਰ ਵਿਦੇਸ਼ ਜਾਵੇਗਾ। ਗੁਰਪ੍ਰੀਤ ਨੇ ਪਿੰਡ ਦੀ ਕਹਾਣੀ, ਕਵਿਤਾ ਰਾਹੀਂ ਲਿਖੀ ਹੈ। ਸਰਕਾਰ, ਸੜਕਾਂ ਵਾਲੇ ਦਰਖ਼ਤ ਵੇਚ ਕੇ, ਵਣ-ਮਹਾਂ-ਉਤਸਵ ਮਨਾ ਰਹੀ ਹੈ। ਨੈਬ ਮਾਸਟਰ ਨੇ ਸੇਵਾ-ਮੁਕਤੀ ਦੀ ਪਾਰਟੀ ਦਿੱਤੀ ਹੈ। ਮੁੜਕਾ, ਬੀਮਾਰੀਆਂ ਨੂੰ ਘੱਟ ਕਰ ਰਿਹੈ। ਲੂਣੇ ਦੀ ਨੈਨੋ ਕਾਰ, ਡਮਕੀ ਵਾਂਗੂੰ ਰੁੜ ਗਈ। ਪਾਕੂ ਦਾ ਘਾਕੂ, ਥਾਂ-ਥਾਂ ਬੁਲਬੁਲੀਆਂ ਲੈਂਦਾ ਫਿਰਦੈ। ਧੀਰਾ ਬਰੂ ਅਜੇ ਕਾਇਮ ਹੈ। ਸੱਚ, ਮੀਂਹ ਲੁਕਣ-ਮੀਚੀ ਖੇਡ ਰਿਹੈ। ਚੰਗਾ, ਡਟੇ ਰਹੋ, ਰੱਬ ਭਲੀ ਕਰੂਗਾ। ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061