ਸਿਡਨੀ ਓਪੇਰਾ ਹਾਊਸ ਵਿਖੇ ਜਸ਼ਨਾਂ ਲਈ ਇਕੱਠੇ ਹੋਏ ਲੋਕ
(ਹਰਜੀਤ ਲਸਾੜਾ, ਬ੍ਰਿਸਬੇਨ 1 ਜਨਵਰੀ) ਨਵੇਂ ਵਰ੍ਹੇ 2025 ਦੀ ਆਮਦ ਮੌਕੇ ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਸ਼ਨ ਮਨਾਏ ਗਏ।
ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇ ਸਾਊਥ ਬੈਂਕ ਪਾਰਕਲੈਂਡਜ਼ ਅਤੇ ਬ੍ਰਿਸਬੇਨ ਨਦੀ ਦੇ ਕਿਨਾਰਿਆਂ ‘ਤੇ ਦੋ ਵੱਖ-ਵੱਖ ਸ਼ੋਆਂ ਵਿੱਚ 80,000 ਤੋਂ ਵੱਧ ਵਿਅਕਤੀਗਤ ਆਤਿਸ਼ਬਾਜ਼ੀਆਂ ਦੀ ਮੇਜ਼ਬਾਨੀ ਕੀਤੀ ਗਈ। ਇਸੇ ਤਰ੍ਹਾਂ ਗੋਲਡ ਕੋਸਟ, ਸਨਸ਼ਾਈਨ ਕੋਸਟ, ਰੈੱਡਕਲਿਫ, ਇਪਸਵਿਚ, ਟਾਊਨਸਵਿਲੇ, ਟੂਵੂਮਬਾ ਅਤੇ ਕੇਨਜ਼ ਆਦਿ ਸ਼ਹਿਰਾਂ ‘ਚ ਵੀ ਆਯੋਜਨ ਕੀਤੇ ਗਏ।
ਸੂਬਾ ਨਿਊ ਸਾਊਥ ਵੇਲਜ਼ ਵਿੱਚ ਹਜ਼ਾਰਾਂ ਲੋਕ ਸਿਡਨੀ ਹਾਰਬਰ ਵਿਖੇ ਆਤਿਸ਼ਬਾਜ਼ੀ ਦੇਖਣ ਲਈ ਸਵੇਰੇ ਤੋਂ ਉਡੀਕ ਕਰਦੇ ਵੇਖੇ ਗਏ। ਤਕਰੀਬਨ ਇੱਕ ਮਿਲੀਅਨ ਤੋਂ ਵੱਧ ਨੇ ਇਸ ਦਿਲਕਸ਼ ਨਜਾਰੇ ਨੂੰ ਦੇਖਿਆ। ਸੂਬਾ ਵਿਕਟੋਰੀਆ ਦੇ ਸ਼ਹਿਰ ਮੈਲਬਾਰਨ ਵਿੱਚ ਪ੍ਰਸਿੱਧ ਪਾਇਰੋਟੈਕਨੀਸ਼ੀਅਨ ਰਸਟੀ ਜੌਹਨਸਨ ਨੇ ਹਮੇਸ਼ਾ ਵਾਂਗ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਬੰਧਨ ਕੀਤਾ ਅਤੇ ਵਾਹਵਾ ਲੁੱਟੀ। ਸੂਬਾ ਤਸਮਾਨੀਆ ਦੇ ਹੋਬਾਰਟ ਅਤੇ ਲੌਂਸੈਸਟਨ ਸ਼ਹਿਰਾਂ ‘ਚ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਲਈ ਰਿਕਾਰਡ ਭੀੜ ਇਕੱਠੀ ਹੋਈ। ਰਾਜਧਾਨੀ ਕੈਨਬਰਾ ਵਿੱਚ ਹਜ਼ਾਰਾਂ ਦੀ ਗਿਣਤੀ ਨੇ ਕੈਨਬਰਾ ਝੀਲ ਦੇ ਆਲੇ-ਦੁਆਲੇ ਬਣੀਆਂ ਚਾਰ ਸੈਲੀਬ੍ਰੇਸ਼ਨ ਹੱਬਾਂ ਰੌਂਡ ਟੈਰੇਸ, ਕਾਮਨਵੈਲਥ ਪਲੇਸ, ਰੇਗਟਾ ਪੁਆਇੰਟ ਅਤੇ ਨੇਰੰਗ ਪੂਲ ‘ਤੇ ਲਾਈਵ ਸੰਗੀਤ, ਸਥਾਨਕ ਡੀਜੇ ਅਤੇ ਆਤਿਸ਼ਬਾਜ਼ੀ ਦਾ ਆਨੰਦ ਮਾਣਿਆ।
ਇੱਥੇ ਸਰਕਾਰ ਨੇ ਦੋਵਾਂ ਸ਼ੋਆਂ ਲਈ 138,000 ਹਜ਼ਾਰ ਡਾਲਰ ਦਾ ਖਰਚਾ ਕੀਤਾ। ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੇ 25,000 ਲੋਕਾਂ ਦੀ ਸਮਰੱਥਾ ਵਾਲੇ ਐਲਡਰ ਪਾਰਕ ਦੇ ਰਿਵਰਬੈਂਕ ‘ਤੇ ਲਾਈਵ ਸੰਗੀਤ ਅਤੇ ਦੋ ਵਾਰ ਆਤਿਸ਼ਬਾਜ਼ੀ ਕੀਤੀ ਗਈ। ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਐਲਿਜ਼ਾਬੈਥ ਕਵੇਅ ਅਤੇ ਬੈਰਕ ਸਕੁਏਅਰ ਵਿਖੇ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਇਸ ਵਾਰ ਮੌਸਮ ਦੀ ਖਰਾਬੀ ਦੇ ਚੱਲਦਿਆਂ ਡਾਰਵਿਨ ਵਾਟਰਫਰੰਟ ਦੇ ਆਯੋਜਨਾਂ ‘ਚ ਵਿਘਨ ਪਿਆ।