ਜਦੋਂ ਥਾਣੇਦਾਰ ਨੇ ਐਸ.ਐਸ.ਪੀ. ਨੂੰ ਧਮਕੜੇ ਪਾਇਆ।

ਸਰਕਾਰੀ ਮਹਿਕਮਿਆਂ ਵਿੱਚ ਕਈ ਅਜਿਹੇ ਸੜੀਅਲ ਅਫਸਰ ਪਾਏ ਜਾਂਦੇ ਹਨ ਜੋ ਆਪਣੇ ਘਟੀਆ ਵਿਹਾਰ ਕਾਰਨ ਅੱਕੇ ਸੜੇ ਅਧੀਨ ਮੁਲਾਜ਼ਮਾਂ ਤੋਂ ਵਾਰ ਵਾਰ ਬੇਇੱਜ਼ਤੀ ਕਰਵਾਉਂਦੇ ਹਨ। ਮਾਝੇ ਦੇ ਇੱਕ ਰਾਜਨੀਤਕ ਪਰਿਵਾਰ ਨਾਲ ਸਬੰਧਿਤ ਇੱਕ ਅਫਸਰ ਤਾਂ ਕਈ ਵਾਰ ਸਿਪਾਹੀਆਂ ਤੱਕ ਤੋਂ ਕੁੱਟ ਖਾ ਚੁੱਕਾ ਹੈ। ਕੁਝ ਸਾਲ ਪਹਿਲਾਂ ਉਹ ਮਾਲਵੇ ਦੇ ਇੱਕ ਜਿਲ੍ਹੇ ਦਾ ਐਸ.ਐਸ.ਪੀ. ਸੀ ਤਾਂ ਉਸ ਦੀ ਇੱਕ ਵੀਡੀਉ ਬਹੁਤ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੀ ਗਰਲ ਫਰੈਂਡ ਦੇ ਸਾਬਕਾ ਪ੍ਰੇਮੀ ਨੂੰ ਗੰਦੀਆਂ ਗਾਲ੍ਹਾਂ ਕੱਢ ਰਿਹਾ ਸੀ। ਦੋ ਚਾਰ ਮਿੰਟ ਤਾਂ ਉਹ ਬੰਦਾ ਉਸ ਦੀ ਬਕਵਾਸ ਸੁਣਦਾ ਰਿਹਾ ਤੇ ਸਰ ਸਰ ਕਰਦਾ ਰਿਹਾ, ਪਰ ਜਦੋਂ ਪਾਣੀ ਸਿਰ ਤੋਂ ਗੁਜ਼ਰ ਗਿਆ ਤਾਂ ਫਿਰ ਉਸ ਨੇ ਵੀ ਅੱਗੋਂ ਉਸ ਨੂੰ ਚੋਂਦੀਆਂ ਚੋਂਦੀਆਂ ਗਾਲ੍ਹਾਂ ਕੱਢ ਦਿੱਤੀਆਂ ਸਨ। ਅੱਤਵਾਦ ਸਮੇਂ ਪਟਿਆਲੇ ਰੇਂਜ਼ ਦੇ ਇੱਕ ਜਿਲ੍ਹੇ ਦਾ ਐਸ.ਐਸ.ਪੀ. ਬਹੁਤ ਹੀ ਕੁਰੱਖਤ ਕਿਸਮ ਦਾ ਇਨਸਾਨ ਸੀ। ਉਸ ਨੇ ਤਾਂ ਇੱਕ ਥਾਣੇ ਦੀ ਰਾਤਰੀ ਚੈੱਕਿੰਗ ਕਰਦੇ ਸਮੇਂ ਡਿਊਟੀ ਅਫਸਰ ਨੂੰ ਲੰਮੇ ਪਾ ਕੇ ਪਟੇ ਮਾਰ ਦਿੱਤੇ ਸਨ ਜਿਹੜਾ ਵਿਚਾਰਾ ਉਸ ਦੇ ਆਉਣ ਵਕਤ ਦੋ ਚਾਰ ਮਿੰਟ ਲਈ ਵਾਸ਼ਰੂਮ ਗਿਆ ਹੋਇਆ ਸੀ। ਤਰਨ ਸਿੰਘ (ਨਾਮ ਬਦਲਿਆ ਹੋਇਆ) ਨਾਮਕ ਇੱਕ ਸਬ ਇੰਸਪੈਕਟਰ ਉਸ ਥਾਣੇ ਦਾ ਐਸ.ਐਚ.ਸੀ ਜੋ ਬਹੁਤ ਹੀ ਦਲੇਰ ਕਿਸਮ ਦਾ ਇਨਸਾਨ ਸੀ । ਉਸ ਕੋਲੋਂ ਇਹ ਧੱਕਾ ਬਰਦਾਸ਼ਤ ਨਾ ਹੋਇਆ ਤੇ ਉਸ ਨੇ ਐਸ.ਐਸ.ਪੀ. ਦੀ ਕਰਤੂਤ ਬਾਰੇ ਰੋਜ਼ਨਾਮਚੇ ਵਿੱਚ ਰਪਟ (ਰਿਪੋਰਟ) ਦਰਜ਼ ਕਰ ਦਿੱਤੀ।

ਜਦੋਂ ਐਸ.ਐਸ.ਪੀ. ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਨੂੰ ਆਪਣੇ ਦਫਤਰ ਪੇਸ਼ੀ ਲਈ ਬੁਲਾ ਲਿਆ। ਉਥੇ ਦੋਵਾਂ ਵਿੱਚ ਵਾਦ ਵਿਵਾਦ ਹੋ ਗਿਆ ਤਾਂ ਐਸ.ਐਸ.ਪੀ. ਨੇ ਤਰਨ ਸਿੰਘ ਨੂੰ ਗਾਲ੍ਹ ਕੱਢ ਦਿੱਤੀ। ਤਰਨ ਸਿੰਘ ਨੇ ਜਵਾਬ ਦਿੱਤਾ ਕਿ ਸਰ ਜੋ ਵਿਭਾਗੀ ਕਾਰਵਾਈ ਮੇਰੇ ਖਿਲਾਫ ਕਰਨੀ ਹੈ ਕਰ ਦਿਉ, ਪਰ ਤੁਸੀਂ ਮੈਨੂੰ ਗਾਲ੍ਹ ਨਹੀਂ ਕੱਢ ਸਕਦੇ। ਜੇ ਹੁਣ ਗਾਲ੍ਹ ਕੱਢੀ ਤਾਂ ਠੀਕ ਨਹੀਂ ਹੋਵੇਗਾ। ਆਪਣੇ ਸਾਹਮਣੇ ਪਹਿਲੀ ਵਾਰ ਕਿਸੇ ਅਧੀਨ ਅਫਸਰ ਨੂੰ ਬੋਲਦਾ ਵੇਖ ਕੇ ਐਸ.ਐਸ.ਪੀ. ਅੱਗ ਬਬੂਲਾ ਹੋ ਗਿਆ ਤੇ ਉਸ ਨੇ ਕੁਰਸੀ ਤੋਂ ਉੱਠ ਕੇ ਤਰਨ ਸਿੰਘ ਦਾ ਗਲਮਾ ਫੜ੍ਹ ਲਿਆ। ਇਸ ਤੋਂ ਪਹਿਲਾਂ ਕਿ ਐਸ.ਐਸ.ਪੀ. ਦੇ ਗੰਨਮੈਨ ਕੁਝ ਸਮਝਦੇ, ਤਰਨ ਸਿੰਘ ਨੇ ਵੀ ਐਸ.ਐਸ.ਪੀ. ਨੂੰ ਗਲੋਂ ਫੜ੍ਹ ਲਿਆ। ਮੌਕੇ ‘ਤੇ ਮੌਜੂਦ ਕੁਝ ਅਫਸਰਾਂ ਨੇ ਵਿੱਚ ਵਿਚਾਲਾ ਕਰ ਕੇ ਦੋਵਾਂ ਨੂੰ ਅਲੱਗ ਕੀਤਾ। ਇਸ ਕਿਸਮ ਦੀਆਂ ਉਦਾਹਰਣਾਂ ਪੰਜਾਬ ਪੁਲਿਸ ਵਿੱਚ ਬਹੁਤ ਮਿਲਦੀਆਂ ਹਨ। ਮੇਰਾ ਇੱਕ ਬੈਚਮੇਟ ਜੈਵਿਜੇ ਸਿੰਘ ਹੈ (ਨਾਮ ਬਦਲਿਆ ਹੋਇਆ) ਜੋ ਬਹੁਤ ਹੀ ਹਾਜ਼ਰ ਜਵਾਬ ਹੈ। ਉਸ ਨੂੰ ਕੋਈ ਮਜ਼ਾਕ ਕਰ ਦੇਵੇ ਤਾਂ ਪੰਜ ਮਿੰਟਾਂ ਵਿੱਚ ਉਸ ਦੇ ਅਗਲੇ ਪਿਛਲੇ ਪੋਤੜੇ ਫੋਲ ਦਿੰਦਾ ਹੈ। ਕਈ ਸਾਲ ਪਹਿਲਾਂ ਉਹ ਮਾਝੇ ਦੇ ਇੱਕ ਜਿਲ੍ਹੇ ਵਿੱਚ ਚੌਂਕੀ ਇੰਚਾਰਜ ਲੱਗਾ ਹੋਇਆ ਸੀ। ਉਸ ਜਿਲ੍ਹੇ ਦਾ ਐਸ.ਐਸ.ਪੀ. ਐਸਾ ਹੰਕਾਰਿਆ ਹੋਇਆ ਇਨਸਾਨ ਸੀ ਜੋ ਸਮਝਦਾ ਸੀ ਕਿ ਸ਼ਾਇਦ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਨਹੀਂ, ਬਲਕਿ ਨਾਸਾ ਦਾ ਪੇਪਰ ਪਾਸ ਕਰ ਕੇ ਭਰਤੀ ਹੋਇਆ ਹੈ। ਵੈਸੇ ਵੀ ਜੋ ਵਿਅਕਤੀ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ, ਉਹ ਆਮ ਤੌਰ ‘ਤੇ ਮਹਾਂ ਮੂਰਖ ਹੀ ਹੁੰਦਾ ਹੈ। ਉਸ ਦੀ ਸਭ ਤੋਂ ਵੱਡੀ ਭੈੜ ਇਹ ਸੀ ਕਿ ਨਾ ਤਾਂ ਉਹ ਵਾਹ ਲੱਗਦੀ ਕਿਸੇ ਦਫਤਰੀ ਕਾਗਜ਼ ‘ਤੇ ਦਸਤਖਤ ਕਰਦਾ ਸੀ ਤੇ ਨਾ ਹੀ ਕਿਸੇ ਬਦਲੀ ਅਧੀਨ ਮੁਲਾਜ਼ਮ ਨੂੰ ਰਿਲੀਵ ਕਰਦਾ ਸੀ। ਜੈਵਿਜੇ ਦੀ ਬਦਲੀ ਡੀ.ਜੀ.ਪੀ. ਦਫਤਰ ਵੱਲੋਂ ਉਸ ਦੇ ਗ੍ਰਹਿ ਜਿਲ੍ਹੇ ਦੀ ਹੋ ਚੁੱਕੀ ਸੀ ਪਰ ਐਸ.ਐਸ.ਪੀ. ਉਨ੍ਹਾਂ ਆਰਡਰਾਂ ‘ਤੇ ਕਾਲੀਆ ਨਾਗ ਬਣ ਕੇ ਬੈਠਾ ਹੋਇਆ ਸੀ।

ਇੱਕ ਦਿਨ ਉਸ ਨੇ ਆਪਣੇ ਰੀਡਰ ਰਾਹੀਂ ਜੈਵਿਜੇ ਨੂੰ ਫੋਨ ਕਰਵਾਇਆ ਕਿ ਤੁਹਾਨੂੰ ਫਲਾਣਾ ਬੰਦਾ ਮਿਲੇਗਾ, ਉਸ ਦਾ ਕੰਮ ਕਰ ਦੇਣਾ ਕਿਉਂਕਿ ਇਹ ਮੁੱਖ ਮੰਤਰੀ ਦਾ ਹੁਕਮ ਹੈ। ਜੈਵਿਜੇ ਡਿਊਟੀਆਂ ਆਦਿ ਵਿੱਚ ਉਲਝਿਆ ਰਿਹਾ ਤੇ ਉਸ ਕੰਮ ਬਾਰੇ ਭੁੱਲ ਭੁਲਾ ਗਿਆ। ਜਦੋਂ ਕਈ ਦਿਨ ਉਸ ਸਿਫਾਰਸ਼ੀ ਬੰਦੇ ਦਾ ਕੰਮ ਨਾ ਹੋਇਆ ਤਾਂ ਉਸ ਨੇ ਜਾ ਕੇ ਮੁੱਖ ਮੰਤਰੀ ਨੂੰ ਉਂਗਲ ਲਗਾ ਦਿੱਤੀ ਕਿ ਐਸ.ਐਸ.ਪੀ. ਨੇ ਤੁਹਾਡੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ। ਮੁੱਖ ਮੰਤਰੀ ਨੇ ਐਸ.ਐਸ.ਪੀ ਦੀ ਲਾਹ ਪਾਹ ਕੀਤੀ ਤਾਂ ਸੜ ਬਲ ਕੇ ਉਸ ਨੇ ਜੈਵਿਜੇ ਦੀ ਵਿਭਾਗੀ ਪੜਤਾਲ ਖੋਲ੍ਹ ਦਿੱਤੀ। ਪਰ ਉਹ ਗਲਤੀ ਕਰ ਗਿਆ ਤੇ ਵਿਭਾਗੀ ਪੜਤਾਲ ਖੋਲ੍ਹਣ ਵਾਲੇ ਆਰਡਰ ਵਿੱਚ ਲਿਖ ਬੈਠਾ ਕਿ ਤੁਹਾਨੂੰ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਫਲਾਣਾ ਕੰਮ ਕਰਨ ਲਈ ਕਿਹਾ ਗਿਆ ਸੀ ਜੋ ਤੁਸੀਂ ਨਹੀਂ ਕੀਤਾ। ਜਿਲ੍ਹੇ ਦੇ ਹੈੱਡ ਕਲਰਕ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਰਡਰ ਵਿੱਚ ਮੁੱਖ ਮੰਤਰੀ ਦਾ ਵਰਨਣ ਨਹੀ ਕੀਤਾ ਜਾ ਸਕਦਾ, ਜੇ ਤੁਸੀਂ ਇਸ ਥਾਣੇਦਾਰ ਨੂੰ ਟੰਗਣਾ ਹੈ ਤਾਂ ਇਹ ਕੰਮ ਕਿਸੇ ਹੋਰ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਪਰ ਸਵੈ ਘੋਸ਼ਿਤ ਸਰਵ ਸ਼ਰੇਸ਼ਠ ਐਸ.ਐਸ.ਪੀ. ਨੇ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਦਬਕੇ ਮਾਰ ਕੇ ਦਫਤਰ ਤੋਂ ਬਾਹਰ ਕੱਢ ਦਿੱਤਾ। ਐਸ.ਐਸ.ਪੀ. ਨੇ ਉਹ ਵਿਭਾਗੀ ਪੜਤਾਲ ਆਪਣੇ ਇੱਕ ਖਾਸਮ ਖਾਸ ਡੀ.ਐਸ.ਪੀ. ਨੂੰ ਮਾਰਕ ਕਰ ਦਿੱਤੀ ਤੇ ਕਿਹਾ ਕਿ ਇਸ ਥਾਣੇਦਾਰ ਦੀ ਅਜਿਹੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਇਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕੇ।

ਡੀ.ਐਸ.ਪੀ. ਨੇ ਕਿਹਾ ਕਿ ਜ਼ਨਾਬ ਤੁਸੀਂ ਪ੍ਰਵਾਹ ਹੀ ਨਾ ਕਰੋ, ਵੇਖਿਉ ਮੈਂ ਕਿਸ ਤਰਾਂ ਥਾਣੇਦਾਰ ਨੂੰ ਮਿੱਟੀ ਵਿੱਚ ਰੋਲਦਾ ਹਾਂ। ਪੰਜਾਬ ਪੁਲਿਸ ਵਿੱਚ ਵਿਭਾਗੀ ਪੜਤਾਲ (ਡਿਪਾਰਟਮੈਂਟਲ ਇਨਕੁਆਰੀ) ਸਖਤ ਰੂਲਾਂ ਅਨੁਸਾਰ ਚੱਲਦੀ ਹੈ। ਕਿਸੇ ਨੂੰ ਠੋਕਣਾ ਹੋਵੇ ਤਾਂ ਵੀ ਉਸ ਨੂੰ ਆਪਣੀ ਲਿਖਤੀ ਸਫਾਈ ਦੇਣ ਦਾ ਪੂਰਾ ਮੌਕਾ ਦੇਣਾ ਪੈਂਦਾ ਹੈ ਨਹੀਂ ਤਾਂ ਦੋਸ਼ੀ ਹਾਈ ਕੋਰਟ ਵਿੱਚ ਰਿੱਟ ਕਰ ਦਿੰਦਾ ਹੈ। ਜਦੋਂ ਜੈਵਿਜੇ ਨੂੰ ਦੋਸ਼ ਪੱਤਰ ਮਿਲਿਆ ਤਾਂ ਉਸ ਨੇ ਆਪਣੇ ਜਵਾਬ ਵਿੱਚ ਲਿਖ ਦਿੱਤਾ ਕਿ ਉਹ ਮੁੱਖ ਮੰਤਰੀ ਨੂੰ ਬਤੌਰ ਗਵਾਹ ਪੇਸ਼ ਕਰਨਾ ਚਾਹੁੰਦਾ ਹੈ। ਇਹ ਵੇਖ ਕੇ ਡੀ.ਐਸ.ਪੀ. ਦੀ ਸਿੱਟੀ ਪਿੱਟੀ ਗੁੰਮ ਹੋ ਗਈ। ਉਸ ਨੇ ਜੈਵਿਜੇ ਨੂੰ ਬੁਲਾ ਕੇ ਕਿਹਾ ਕਿ ਇਹ ਨਹੀਂ ਹੋ ਸਕਦਾ। ਜੈਵਿਜੇ ਨੇ ਜਵਾਬ ਦਿੱਤਾ ਕਿ ਪੁਲਿਸ ਰੂਲ ਦੇ ਮੁਤਾਬਕ ਉਹ ਇਸ ਦਾ ਹੱਕਦਾਰ ਹੈ ਤੇ ਉਹ ਮੁੱਖ ਮੰਤਰੀ ਦੇ ਆਉਣ ਜਾਣ ਦਾ ਕਿਰਾਇਆ ਦੇਣ ਲਈ ਵੀ ਤਿਆਰ ਹੈ। ਉਹ ਮੁੱਖ ਮੰਤਰੀ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ ਉਸ ਨੇ ਐਸ.ਐਸ.ਪੀ. ਨੂੰ ਹੁਕਮ ਦਿੱਤਾ ਸੀ ਜਾਂ ਨਹੀਂ? ਡੀ.ਐਸ.ਪੀ. ਫਟਾਫਟ ਫਾਈਲ ਕੱਛੇ ਮਾਰ ਕੇ ਐਸ.ਐਸ.ਪੀ. ਕੋਲ ਜਾ ਪਹੁੰਚਿਆ ਤੇ ਕਿਹਾ ਕਿ ਜ਼ਨਾਬ ਤੁਸੀਂ ਗਲਤ ਬੰਦੇ ਨਾਲ ਪੰਗਾ ਲੈ ਲਿਆ ਹੈ। ਉਹ ਤਾਂ ਮੁੱਖ ਮੰਤਰੀ ਨੂੰ ਗਵਾਹ ਰੱਖਣ ਬਾਰੇ ਕਹਿ ਰਿਹਾ ਹੈ।

ਇਹ ਸੁਣ ਕੇ ਐਸ.ਐਸ.ਪੀ. ਨੂੰ ਆਪਣੀ ਕੁਰਸੀ ਹਿੱਲਦੀ ਦਿਸਣ ਲੱਗ ਪਈ। ਉਸ ਨੇ ਜੈਵਿਜੇ ਨੂੰ ਆਪਣੇ ਦਫਤਰ ਬੁਲਾ ਕੇ ਲੋਲੋ ਪੱਪੋ ਕੀਤੀ ਤੇ ਨਾਲੇ ਚਾਹ ਪਿਆਈ। ਉਸੇ ਵੇਲੇ ਉਸ ਦੀ ਵਿਭਾਗੀ ਪੜਤਾਲ ਫਾਈਲ ਕਰ ਕੇ ਉਸ ਨੂੰ ਰਿਲੀਵ ਵੀ ਕਰ ਦਿੱਤਾ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062